02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮੁਹਾਲੀ ਅਟੈਚੀ ਮਰਡਰ ਕੇਸ ਸਿਆਸੀ ਪਿਛੋਕੜ ਵਾਲੀ ਸੀਰਤ ਕੌਰ ਨੂੰ ਪਤੀ ਏਕਮ ਸਿੰਘ ਢਿੱਲੋਂ ਦੀ ਹੱਤਿਆ ਦੇ ਮਾਮਲੇ ’ਚ ਸੁਣਾਈ ਉਮਰ ਕੈਦ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 04-07-2026
Aਐੱਸ. ਏ. ਐੱਸ. ਨਗਰ, 3 ਜੁਲਾਈ (ਕਪਿਲ ਵਧਵਾ)-ਸਾਲ 2017 ਦੇ ਬਹੁਚਰਚਿੱਤ ‘ਮੁਹਾਲੀ ਅਟੈਚੀ ਮਰਡਰ ਕੇਸ’ ਵਿਚ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ 9 ਸਾਲਾਂ ਬਾਅਦ ਮ੍ਰਿਤਕ ਏਕਮ ਸਿੰਘ ਢਿੱਲੋਂ ਦੀ ਪਤਨੀ ਸੀਰਤ ਕੌਰ (ਇਕ ਸਿਆਸੀ ਆਗੂ ਦੀ ਭਤੀਜੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੀਰਤ ਕੌਰ ਨੂੰ ਆਈ. ਪੀ. ਸੀ. ਦੀ ਧਾਰਾ 302 ਤਹਿਤ ਉਮਰ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ, ਧਾਰਾ 201 ਤਹਿਤ 3 ਸਾਲਾਂ ਦੀ ਸਖ਼ਤ ਕੈਦ ਤੇ 20 ਹਜ਼ਾਰ ਰੁ. ਜੁਰਮਾਨਾ ਅਤੇ ਅਸਲ੍ਹਾ ਐਕਟ ਦੀ ਧਾਰਾ 25 ਤਹਿਤ 3 ਸਾਲਾਂ ਦੀ ਸਖ਼ਤ ਕੈਦ ਤੇ 20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਾਮਲੇ ਵਿਚ ਸ਼ਿਕਾਇਤਕਰਤਾ ਪੱਖ ਦੀ ਨੁਮਾਇੰਦਗੀ ਐਡਵੋਕੇਟ ਤਰਮਿੰਦਰ ਸਿੰਘ, ਪੂਜਾ ਮਲਹੋਤਰਾ ਅਤੇ ਮਨਪ੍ਰੀਤ ਸਿੰਘ ਕਲੇਰ ਨੇ ਕੀਤੀ। ਜ਼ਿਕਰਯੋਗ ਹੈ ਕਿ ਇਹ ਮਾਮਲਾ 19 ਮਾਰਚ 2017 ਨੂੰ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਦੀ ਸ਼ਿਕਾਇਤ ‘ਤੇ ਥਾਣਾ ਮਟੌਰ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੂੰ ਆਟੋ ਚਾਲਕ ਤੁੱਲ ਬਹਾਦੁਰ ਤੋਂ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਨੇ ਉਸ ਦੀ ਮਦਦ ਨਾਲ ਇਕ ਸ਼ੱਕੀ ਭਾਰੀ ਅਟੈਚੀ ਬੀ. ਐੱਮ. ਡਬਲਿਊ. ਕਾਰ ਵਿਚ ਰਖਵਾਈ ਸੀ। ਬਾਅਦ ਵਿਚ ਉਸ ਮਹਿਲਾ ਦੀ ਪਛਾਣ ਸੀਰਤ ਕੌਰ ਵਜੋਂ ਹੋਈ ਸੀ। ਇਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਕਾਰ ਦੀ ਪਿਛਲੀ ਸੀਟ ‘ਤੇ ਪਈ ਅਟੈਚੀ ‘ਚੋਂ ਸੀਰਤ ਦੇ ਪਤੀ ਏਕਮ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਕੀਤੀ ਸੀ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਗੋਲੀ ਲੱਗਣਾ ਦੱਸਿਆ ਗਿਆ ਸੀ।
ਸੀ. ਸੀ. ਟੀ. ਵੀ. ਤੇ ਵਿਗਿਆਨਕ ਸਬੂਤ ਬਣੇ ਅਹਿਮ ਕੜੀ : ਮੁਕੱਦਮੇ ਦੌਰਾਨ ਪੇਸ਼ ਕੀਤੀ ਗਈ ਸੀ. ਸੀ. ਟੀ. ਵੀ. ਫੁਟੇਜ਼ ਵਿਚ ਸੀਰਤ ਕੌਰ ਨੂੰ ਘਰ ਦੀ ਪਹਿਲੀ ਮੰਜ਼ਿਲ ਤੋਂ ਉਹੀ ਵੱਡੀ ਅਟੈਚੀ ਘਸੀਟਦੇ ਹੋਏ ਹੇਠਾਂ ਲਿਆਉਂਦੇ, ਉਸ ਨੂੰ ਧੱਕਾ ਦੇ ਕੇ ਪੌੜੀਆਂ ਤੋਂ ਹੇਠਾਂ ਸੁੱਟਦੇ ਅਤੇ ਬਾਅਦ ਵਿਚ ਬੀ. ਐੱਮ. ਡਬਲਿਊ. ਕਾਰ ਤੱਕ ਲੈ ਜਾਂਦੇ ਹੋਏ ਦੇਖਿਆ ਗਿਆ ਸੀ। ਫੁਟੇਜ਼ ਵਿਚ ਉਸ ਨੂੰ ਪੌੜੀਆਂ ਸਾਫ਼ ਕਰਦੇ ਅਤੇ ਖ਼ੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕਰਦੇ ਹੋਏ ਵੀ ਦੇਖਿਆ ਗਿਆ ਸੀ। ਜਾਂਚ ਦੌਰਾਨ ਘਰ ‘ਚੋਂ 7.65 ਐਮ. ਐਮ. ਦੀ ਪਿਸਤੌਲ, ਜਿੰਦਾ ਕਾਰਤੂਸ, ਖਾਲੀ ਖੋਲ, ਫਾਇਰ ਕੀਤੀ ਗੋਲੀ, ਖ਼ੂਨ ਨਾਲ ਲਿਬੜੇ ਨਮੂਨੇ ਅਤੇ ਹੋਰ ਫੋਰੈਂਸਿਕ ਸਬੂਤ ਵੀ ਬਰਾਮਦ ਹੋਏ ਸਨ।

ਨਾਬਾਲਗ ਪੁੱਤਰ ਦੀ ਗਵਾਹੀ ਰਹੀ ਮਹੱਤਵਪੂਰਨ : ਇਸਤਗਾਸਾ ਪੱਖ ਵਲੋਂ ਪੇਸ਼ 36 ਗਵਾਹਾਂ ‘ਚੋਂ ਇਕ ਮ੍ਰਿਤਕ ਅਤੇ ਦੋਸ਼ੀ ਦੇ ਨਾਬਾਲਗ ਪੁੱਤਰ ਨੇ ਅਦਾਲਤ ਵਿਚ ਬਿਆਨ ਦਿੱਤਾ ਸੀ ਕਿ ਉਸ ਦੇ ਮਾਤਾ-ਪਿਤਾ ਵਿਚਕਾਰ ਨਿਮਰਤਦੀਪ ਸਿੰਘ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਘਟਨਾ ਵਾਲੀ ਰਾਤ ਉਸ ਨੇ ਗੋਲੀ ਚੱਲਣ ਦੀ ਆਵਾਜ਼ ਅਤੇ ਕੁਝ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਸਨ। ਉਸ ਨੇ ਇਹ ਵੀ ਦੱਸਿਆ ਕਿ ਉਹ ਵੱਖਰੇ ਕਮਰੇ ‘ਚ ਸੀ ਅਤੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ।
ਅਦਾਲਤ ਦੀ ਟਿੱਪਣੀ : ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਦੋਸ਼ੀ ਦਾ ਘਟਨਾ ਤੋਂ ਬਾਅਦ ਦਾ ਵਰਤਾਓ ਕੁਦਰਤੀ ਨਹੀਂ ਸੀ। ਉਹ ਆਪਣੇ ਹੱਕ ਵਿਚ ਕੋਈ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਦੇ ਸਕੀ। ਉਲਟ ਉਸ ਨੇ ਖ਼ੂਨ ਦੇ ਨਿਸ਼ਾਨ ਸਾਫ਼ ਕਰਨ, ਸਬੂਤ ਮਿਟਾਉਣ ਅਤੇ ਘਟਨਾ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਤੀ ਸਬੂਤਾਂ, ਸੀ. ਸੀ. ਟੀ. ਵੀ. ਫੁਟੇਜ਼, ਫੋਰੈਂਸਿਕ ਰਿਪੋਰਟਾਂ ਅਤੇ ਗਵਾਹਾਂ ਦੀਆਂ ਗਵਾਹੀਆਂ ਦੀ ਲਗਾਤਾਰ ਕੜੀ ਦੇ ਆਧਾਰ ‘ਤੇ ਅਦਾਲਤ ਨੇ ਸੀਰਤ ਕੌਰ ਨੂੰ ਕਤਲ, ਸਬੂਤ ਮਿਟਾਉਣ ਅਤੇ ਆਰਮਜ਼ ਐਕਟ ਦੇ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੀ. ਸੀ. ਪੀ-ਸੀ. ਜੀ. ਸੀ. ਲਾਂਡਰਾਂ ਨੂੰ ਪੀ. ਵੀ. ਪੀ. ਆਈ. ਅਧੀਨ ਏ. ਡੀ. ਆਰ. ਨਿਗਰਾਨੀ ਕੇਂਦਰ ਵਜੋਂ ਮਿਲੀ ਪ੍ਰਵਾਨਗੀ ਅਗਲੀ ਖ਼ਬਰ ਸਵੱਛ ਤੇ ਹਰਿਆਲਾ ਵਿਦਿਆਲਾ ਰੈਕਿੰਗ ’ਚ ਚਿਤਕਾਰਾ ਸਕੂਲ ਨੇ ਉੱਤਰੀ ਰਾਜਾਂ ’ਚ ਮੱਲਿਆ ਪਹਿਲਾ ਸਥਾਨ
Ad Position 24
No active advertisement