ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਆਮ ਆਦਮੀ ਪਾਰਟੀ ਦੇ ਕੌਮੀਂ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਵਿਚ ਹੋਏ ਚੰਦਾ ਚੋਰੀ ਮਾਮਲੇ ਨੂੰ ਲੈ ਕੇ ਇਕ ਵਾਰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਗੋਆ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੁਹਾਡੇ ਤੋਂ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਰਾਮ ਮੰਦਰ ਦੇ ਤਾਕਤਵਰ ਚੰਦਾ ਚੋਰਾਂ ਨੂੰ ਕਿਉਂ ਬਚਾ ਰਹੇ ਹੋ? ਰਾਮ ਮੰਦਰ ਵਿਚ ਕਰੋੜਾਂ ਦਾ ਜ਼ਮੀਨ ਘੁਟਾਲਾ, ਨਿਰਮਾਣ ’ਚ 40 ਫ਼ੀਸਦੀ ਕਮਿਸ਼ਨਖੋਰੀ ਅਤੇ ਚੜ੍ਹਾਵਾ ਚੋਰੀ ਹੋ ਗਿਆ। ਪ੍ਰਧਾਨ ਮੰਤਰੀ ਨੂੰ ਇਸ ਦਾ ਕਿਵੇਂ ਪਤਾ ਨਹੀਂ ਲੱਗਿਆ? ਉਨ੍ਹਾਂ ਨੇ ਹੀ ਰਾਮ ਮੰਦਰ ਟਰੱਸਟ ਬਣਾਇਆ ਹੈ। ਹੁਣ ਜਦੋਂ ਘੁਟਾਲਾ ਸਾਹਮਣੇ ਆਇਆ ਹੈ, ਤਾਂ ਉਹ ਉਨ੍ਹਾਂ ਨੂੰ ਬਚਾਉਣ ’ਚ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦਿੱਤੇ ਅਸਤੀਫੇ, ਗ੍ਰਿਫਤਾਰੀਆਂ, ਐਸ.ਆਈ.ਟੀ ਅਤੇ ਐਫ.ਆਈ.ਆਰ ਸਭ ਫਰਜ਼ੀ ਹਨ। ਇਹ ਸਿਰਫ਼ ਲੋਕਾਂ ਨੂੰ ਦਿਖਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੋਰੀ ਹੁਣੇ ਸ਼ੁਰੂ ਨਹੀਂ ਹੋਈ, ਬਲਕਿ 2021 ਤੋਂ ਸ਼ੁਰੂ ਹੋਈ ਸੀ, ਜਦੋਂ ਉੱਥੇ ਜ਼ਮੀਨਾਂ ਦਾ ਬਹੁਤ ਵੱਡਾ ਘੁਟਾਲਾ ਹੋਇਆ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ 40 ਦਿਨਾਂ ਵਿਚ 70 ਵਾਰ ਚੋਰੀ ਹੋਣ ਦੇ ਸਬੂਤ ਸਾਹਮਣੇ ਆਏ ਹਨ। ਪੂਰੇ ਦੇਸ਼ ਵਿਚ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਹ ਲੋਕ ਕੁਝ ਨਹੀਂ ਕਰਨ ਵਾਲੇ।