ਸੰਗਰੂਰ, 25 ਜੂਨ (ਅਮਨਦੀਪ ਸਿੰਘ ਬਿੱਟਾ) - ਪਾਵਰਕਾਮ ਐਂਡ ਟਰਾਂਸਕੌ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੇ ਸੂਬਾ ਆਗੂ ਬਲਿਹਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਦੇ ਨੋਡਲ ਕਰਮਚਾਰੀ, ਸੀ.ਆਰ.ਸੀ ,ਮੀਟਰ ਲੈਬ ਅਤੇ ਸਟੋਰ ਕਰਮਚਾਰੀ ਪਿਛਲੇ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਹਨ | ਸਰਕਾਰ ਅਤੇ ਮੈਨੇਜਮੈਂਟ ਬਿਜਲੀ ਕਰਮਚਾਰੀਆਂ ਨਾਲ ਮਹਿਕਮੇ ’ਚ ਲੈਣ ਸਬੰਧੀ ਟਾਲ ਮਟੋਲ ਕਰ ਰਹੀ ਹੈ ਅਤੇ ਵਾਅਦੇ ਪੂਰੇ ਨਹੀਂ ਕਰ ਰਹੀ ਅਤੇ ਅੱਗੇ ਸਮਾਂ ਦੇ ਕੇ ਸਮਾਂ ਟਪਾ ਰਹੀ ਹੈ | ਜਿਸ ਦੇ ਰੋਸ ਵਜੋਂ ਪੰਜਾਬ ਭਰ ਦੇ ਸਰਕਲ ਦਫਤਰਾਂ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤੇ ਗਏ | ਜਿਸ ਦੇ ਅੰਤਰਗਤ ਅੱਜ ਸਰਕਲ ਦੱਫਤਰ ਸੰਗਰੂਰ ਵਿਖੇ ਬਿਜਲੀ ਬੋਰਡ ਦੇ ਆਉਟਸੋਰਸ ਕੰਪਿਊਟਰ ਓਪਰੇਟਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨੋਡਲ ਕਰਮਚਾਰੀ , ਸੀ.ਆਰ.ਸੀ ,ਮੀਟਰ ਲੈਬ ਅਤੇ ਸਟੋਰ ਦੇ ਸਾਥੀ ਮੌਜੂਦ ਰਹੇ | ਸੀ.ਐਚ. ਬੀ ਸਾਥੀਆਂ ਵਲੋਂ ਇਹਨਾਂ ਮੁਲਜ਼ਮਾਂ ਦਾ ਸਮਰਥਨ ਕੀਤਾ ਗਿਆ ਅਤੇ ਉਹਨਾਂ ਵਲੋਂ ਕਿਹਾ ਗਿਆ ਕਿ ਜੇਕਰ ਇਹਨਾਂ ਕੰਪਿਊਟਰ ਓਪਰੇਟਰਾਂ ਦੇ ਮਸਲੇ ਜਲਦੀ ਹੱਲ ਨਾ ਕੀਤੇ ਤਾਂ ਅਸੀਂ ਵੀ ਇਨ੍ਹਾਂ ਦੇ ਸਮਰਥਨ ਵਿਚ ਪੂਰੇ ਪੰਜਾਬ ’ਚ ਕੰਮ ਬੰਦ ਕਰ ਕੇ ਹੜਤਾਲ ’ਤੇ ਬੈਠਾਂਗੇ | ਇਸ ਮੌਕੇ ਰਾਜਬੀਰ ਸਿੰਘ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਭਰਤ ਮਦਾਨ,ਉਪਿੰਦਰ ਸ਼ਰਮਾ, ਰਮਨ ਸ਼ਰਮਾ, ਆਦਿ ਮੁਲਾਜ਼ਮ ਮੌਜੂਦ ਰਹੇ।