(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਨਾਨੀ ਜੀ ਨੇ ਗੱਲ ਆਰੰਭ ਕੀਤੀ, 'ਇਹ ਗੱਲ ਮੈਂ ਆਪਣੇ ਨਾਨਾ ਜੀ ਕੋਲੋਂ ਸੁਣੀ ਸੀ। ਬਜ਼ੁਰਗ ਲੋਕ ਇਹ ਕਹਿੰਦੇ ਆਏ ਨੇ ਕਿ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਦੁਨੀਆ 'ਤੇ ਪਾਣੀ ਹੀ ਪੈਦਾ ਕੀਤਾ ਸੀ। ਫਿਰ ਉਸ ਪਾਣੀ ਵਿਚ ਇਕ ਬੀਜ ਸੁੱਟਿਆ ਸੀ।'
'ਬੀਜ? ਉਹ ਕਿਉਂ ਨਾਨੀ ਜੀ?' ਸਿਮਰਨ ਨੇ ਸੁਆਲ ਕੀਤਾ।
'ਹਾਂ ਬੀਜ...।' ਨਾਨੀ ਜੀ ਸੁਆਲ ਦਾ ਉੱਤਰ ਦੇਣ ਲੱਗੇ, ' ਰਾਮਾਇਣ ਵਿਚ ਲਿਖਿਆ ਮਿਲਦਾ ਏ ਕਿ ਦੁਨੀਆ ਦੇ ਪੈਦਾ ਹੋਣ ਤੋਂ ਪਹਿਲਾਂ ਸਾਰੇ ਪਾਸੇ ਪਾਣੀ ਹੀ ਪਾਣੀ ਸੀ। ਜਦੋਂ ਧਰਤੀ ਦੀ ਉਤਪਤੀ ਹੋਈ, ਉਸ ਸਮੇਂ ਦੇ ਕਈ ਦੇਵਤਿਆਂ ਦਾ ਵੀ ਜ਼ਿਕਰ ਆਉਂਦਾ ਏ ਜਿਨ੍ਹਾਂ ਦਾ ਧਰਤੀ ਨਾਲ ਸੰਬੰਧ ਰਿਹਾ ਹੈ।..... ਇਹ ਧਰਤੀ ਸਾਢੇ ਚਾਰ ਅਰਬ ਸਾਲ ਪਹਿਲਾਂ ਹੋਂਦ ਵਿਚ ਆਈ ਸੀ। 'ਧਰਤੀ' ਜਾਂ 'ਪ੍ਰਿਥਵੀ' ਦਾ ਮਤਲਬ ਹੁੰਦਾ ਹੈ 'ਫੈਲੀ ਹੋਈ'। ਇਸ ਧਰਤੀ ਉਪਰ ਬ੍ਰਹਮਾ ਦੇ ਆਪਣੇ ਪੁੱਤਰਾਂ ਅਤੇ ਰਿਸ਼ੀਆਂ-ਮੁਨੀਆਂ ਦੇ ਨਾਲ ਨਾਲ ਕੁੱਲ ਸ੍ਰਿਸ਼ਟੀ ਦਾ ਜਨਮ ਹੋਇਆ। ਨਾਲੇ ਤੂੰ ਹਰਨਾਖ਼ਸ਼ ਦੈਂਤ ਦਾ ਨਾਂ ਤਾਂ ਸੁਣਿਆ ਈ ਹੋਏਗਾ?'
ਸਿਮਰਨ ਬੋਲਿਆ, 'ਹਾਂ ਹਾਂ ਨਾਨੀ ਜੀ, ਸਾਡੀ ਪਾਠ-ਪੁਸਤਕ ਵਿਚ ਉਸ ਬਾਰੇ ਇਕ ਪਾਠ ਵੀ ਹੈ ਜਿਸ ਵਿਚ ਉਹ ਆਪਣੇ ਪੁੱਤਰ ਪ੍ਰਹਿਲਾਦ ਭਗਤ ਉਪਰ ਇਸ ਕਰਕੇ ਜ਼ੁਲਮ ਕਰਦਾ ਏ ਕਿਉਂਕਿ ਪ੍ਰਹਿਲਾਦ ਵਿਸ਼ਣੂੰ ਦੇਵਤਾ ਦੀ ਭਗਤੀ ਕਰਦਾ ਹੁੰਦਾ ਸੀ। ਉਸ ਨੂੰ ਵਿਸ਼ਣੂੰ ਦੇਵਤਾ ਨੇ ਹੀ ਨਰ ਸਿੰਘ ਮਤਲਬ ਅੱਧਾ ਨਰ ਤੇ ਅੱਧਾ ਸ਼ੇਰ ਬਣ ਕੇ ਮਾਰਿਆ ਸੀ।'
'ਹਾਂ, ਅਸਲ ਵਿਚ ਉਹ ਇਕ ਦੈਂਤ ਸੀ। ਧਰਤੀ ਨੂੰ ਡੂੰਘੇ ਸਮੁੰਦਰ ਵਿਚ ਲਿਜਾਣ ਵਾਲਾ ਇਹੀ ਸੀ।'
ਗੱਲਾਂ ਕਰਦਿਆਂ ਨਾਨੀ ਜੀ ਨੂੰ ਕੁਝ ਥਕਾਵਟ ਹੋਣ ਲੱਗ ਪਈ ਸੀ। ਹੁਣ ਉਹ ਘਰ ਦੇ ਕੰਮ-ਕਾਜ ਕਰਨ ਲੱਗ ਪਏ।
ਸਿਮਰਨ ਮੋਬਾਈਲ ਤੇ ਕਿਸੇ ਦੋਸਤ ਨਾਲ ਗੱਲ ਕਰਨ ਲੱਗਾ।
ਤਦੇ ਕਮਰੇ ਵਿਚ ਬੈਠੇ ਨਾਨਾ ਜੀ ਦੀ ਨਾਨੀ ਜੀ ਨੂੰ ਆਵਾਜ਼ ਸੁਣਾਈ ਦਿੱਤੀ, 'ਪਾਣੀ ਦਾ ਗਿਲਾਸ ਦੇਣਾ ਜੀ...।'
ਨਾਨੀ ਜੀ ਨਾਨਾ ਜੀ ਨੂੰ ਕੁਝ ਮਜ਼ਾਕ ਵਿਚ ਕਹਿਣ ਲੱਗੇ, 'ਮੈਂ ਦੁੱਧ ਗਰਮ ਕਰ ਰਹੀ ਹਾਂ। ਉਬਲ ਨਾ ਜਾਵੇ ਕਿਤੇ। ਤੁਸੀਂ ਹੀ ਆ ਜਾਓ ਰਸੋਈ ਵਿਚ। ਥੋੜ੍ਹੀ ਖ਼ੁਦ ਖੇਚਲ ਕਰ ਲਓ...। ਪਾਣੀ ਪੀ ਲਉ ਆ ਕੇ...।'
ਨਾਨਾ ਜੀ ਦਾ ਆਲਸ ਜਾਗ ਪਿਆ। ਕਹਿਣ ਲੱਗੇ, 'ਚਲੋ ਕੋਈ ਨਾ ਦੁੱਧ ਦਾ ਗਿਲਾਸ ਹੀ ਲੈ ਆਵੋ..।'
'ਦੇਖਿਓ, ਪਿਆਸੇ ਰਹਿ ਲੈਣਾ ਪਰ ਸਰੀਰ ਨੂੰ ਕਸ਼ਟ ਨਾ ਦੇ ਦਿਉ ਕਿਤੇ ਉੱਠ ਕੇ....।' ਨਾਨੀ ਜੀ ਦੀ ਫਿਰ ਵਿਅੰਗ ਭਰੀ ਆਵਾਜ਼ ਫਿਰ ਆਈ।
ਇੰਨੇ ਨੂੰ ਸਿਮਰਨ ਰਸੋਈ ਵਿਚ ਆ ਗਿਆ। ਉਸ ਨੇ ਆਰ.ਓ. ਦੀ ਟੂਟੀ ਵਿਚੋਂ ਪਾਣੀ ਦਾ ਗਿਲਾਸ ਭਰਿਆ ਤੇ ਨਾਨਾ ਜੀ ਨੂੰ ਦੇ ਆਇਆ। ਹਾਸਾ-ਮਜ਼ਾਕ ਕਰਦੇ ਨਾਨੀ ਜੀ ਨਾਨਾ ਜੀ ਨੂੰ ਦੂਜੇ ਕਮਰੇ ਵਿਚ ਦੁੱਧ ਦੇ ਆਏ। ਫਿਰ ਆਪਣੇ ਤੇ ਸਿਮਰਨ ਲਈ ਵੀ ਦੁੱਧ ਲੈ ਆਏ।
ਅਗਲਾ ਦਿਨ ਆ ਗਿਆ।
ਘਰੇਲੂ ਕੰਮ-ਕਾਰ ਤੋਂ ਕੁਝ ਵਿਹਲ ਮਿਲੀ ਤਾਂ ਨਾਨੀ ਜੀ ਨੇ ਚੱਲ ਰਹੀ ਗੱਲਬਾਤ ਦੀ ਪਿਛਲੀ ਤੰਦ ਛੇੜ ਲਈ, 'ਹਾਂ, ਤੂੰ ਪੁੱਛ ਰਿਹਾ ਸੀ ਨਾ ਕਿ ਇਹ ਪਾਣੀ ਕਿੱਥੋਂ ਆਇਆ ਏ?' ਦੁੱਧ ਪੀਂਦੇ ਹੋਏ ਨਾਨੀ ਜੀ ਨੇ ਗੱਲ ਤੋਰ ਲਈ, 'ਸਾਡੀ ਸ੍ਰਿਸ਼ਟੀ ਦੇ ਪੰਜ ਤੱਤ ਨੇ। ਇਨ੍ਹਾਂ ਤੱਤਾਂ ਵਿਚੋਂ ਇਕ ਜ਼ਰੂਰੀ ਤੱਤ ਏ ਪਾਣੀ। ਪਾਣੀ ਪਾਰਦਰਸ਼ੀ ਹੁੰਦੈ। ਜਾਣੀ ਇਸ ਦੇ ਆਰ-ਪਾਰ ਵੇਖਿਆ ਜਾ ਸਕਦੈ। ਕਈ ਵਾਰੀ ਤੂੰ ਵੇਖਿਆ ਹੋਣੈ, ਧਾਰਮਿਕ ਸਥਾਨਾਂ ਦੇ ਸਰੋਵਰਾਂ ਜਾਂ ਨਦੀਆਂ ਵਿਚ ਸ਼ਰਧਾਲੂਆਂ ਵੱਲੋਂ ਸੁੱਟੇ ਸਿੱਕੇ ਤਲ ਉਪਰ ਪਏ ਨਜ਼ਰ ਆਉਂਦੇ ਨੇ। ਪਾਣੀ ਦਾ ਭੌਤਿਕ ਗੁਣ ਇਹ ਏ ਹੈ ਕਿ ਇਹ ਤਰਲ ਹੋਣ ਕਰਕੇ ਅਸਥਿਰ ਰਹਿੰਦੈ। ਜਾਣੀ ਆਸੇ-ਪਾਸੇ ਜਾਂ ਅੱਗੇ ਨੂੰ ਫੈਲਦਾ ਜਾਂ ਵਗਦਾ ਰਹਿੰਦਾ ਏ।'
ਸਿਮਰਨ ਨੇ ਸਵਾਲ ਕੀਤਾ, 'ਪਰ ਨਾਨੀ ਜੀ, ਬਰਫ਼ ਵੀ ਤਾਂ ਪਾਣੀ ਈ ਹੁੰਦੀ ਏ। ਜਿਹੜੀ ਬਰਫ਼ ਪਹਾੜਾਂ ਉਪਰ ਜੰਮੀ ਹੁੰਦੀ ਏ, ਉਹ ਆਸੇ-ਪਾਸੇ ਪਾਣੀ ਬਣ ਕੇ ਕਿਉਂ ਨਹੀਂ ਫੈਲਦੀ?'
ਨਾਨੀ ਜੀ ਨੇ ਕਿਹਾ, 'ਤੂੰ ਬੜਾ ਵਧੀਆ ਸਵਾਲ ਕੀਤੈ ਸਿੰਮੂ। ਇਹਦੇ ਬਾਰੇ ਵੀ ਦੱਸਦੀ ਹਾਂ। ਜਦੋਂ ਸੂਰਜ ਦੀ ਅਤਿਅੰਤ ਗਰਮੀ ਪੈਂਦੀ ਏ ਤਾਂ ਦਰਿਆਵਾਂ, ਸਮੁੰਦਰਾਂ, ਝੀਲਾਂ, ਨਦੀਆਂ-ਨਾਲਿਆਂ ਵਿਚੋਂ ਪਾਣੀ ਭਾਫ਼ ਬਣਨ ਲਗਦਾ ਏ। ਇਹ ਪਾਣੀ ਭਾਫ਼ ਦੇ ਰੂਪ ਵਿਚ ਹਵਾ ਵਿਚ ਰਲ ਜਾਂਦਾ ਏ ਜੋ ਨਿੱਕੇ-ਵੱਡੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ ਏ।'
ਸਿਮਰਨ ਬੋਲਿਆ, 'ਪਰ ਨਾਨੀ ਮੰਮਾ, ਕਈ ਵਾਰੀ ਬੱਦਲ ਬਿਨਾਂ ਵਰ੍ਹੇ ਵੀ ਤਾਂ ਅੱਗੇ ਨਿਕਲ ਜਾਂਦੇ ਨੇ। ਕਿਸੇ ਕਿਸੇ ਇਲਾਕੇ ਵਿਚ ਮੀਂਹ ਹੀ ਨਹੀਂ ਪੈਂਦਾ।'
'ਹਾਂ।' ਨਾਨੀ ਜੀ ਨੇ ਗੱਲ ਜਾਰੀ ਰੱਖੀ, 'ਤੇਰੀ ਗੱਲ ਠੀਕ ਏ ਸਿੰਮੂ। ਕਈ ਵਾਰੀ ਲੰਮਾ-ਲੰਮਾ ਸਮਾਂ ਮੀਂਹ ਹੀ ਨਹੀਂ ਸਨ ਪੈਂਦੇ। ਜਿਵੇਂ ਤੁਸੀਂ ਵੀ ਕਈ ਵਾਰੀ ਗਾਉਂਦੇ ਹੁੰਦੇ ਓ ਨਾ, ਅਸੀਂ ਵੀ ਗਲੀਆਂ ਵਿਚ ਅਸਮਾਨ ਵੱਲ ਵੇਖਦੇ ਹੋਏ ਗਾਉਂਦੇ ਹੁੰਦੇ ਸਾਂ:
'ਕਾਲੀਆਂ ਇੱਟਾਂ ਕਾਲੇ ਰੋੜ।
ਮੀਂਹ ਬਰਸਾ ਦੇ ਜ਼ੋਰੋ ਜ਼ੋਰ।
ਤੇ ਜਾਂ ਫਿਰ
'ਰੱਬਾ ਰੱਬਾ ਮੀਂਹ ਬਰਸਾ।
ਸਾਡੀ ਕੋਠੀ ਦਾਣੇ ਪਾ।'
ਪਰ ਮੀਂਹ ਫੇਰ ਵੀ ਨਾ ਪੈਂਦਾ। ਪਿੰਡਾਂ ਦੇ ਲੋਕ ਮਿੱਠੇ ਚੌਲ ਬਣਾ ਕੇ ਸਾਰੇ ਪਿੰਡ ਨੂੰ ਖੁਆਉਂਦੇ। ਮੀਂਹ ਲਈ ਅਰਦਾਸਾਂ ਕਰਦੇ। ਇਸ ਨੂੰ 'ਜੱਗ ਕਰਨਾ' ਕਿਹਾ ਜਾਂਦਾ ਸੀ। ਨਿੱਕੇ ਹੁੰਦੇ ਅਸੀਂ ਗੁੱਡੇ ਗੁੱਡੀ ਦੀ ਖੇਡ ਖੇਡਦੇ।'
'ਗੁੱਡੇ ਗੁੱਡੀ ਦੀ ਖੇਡ' ਕੀ ਹੁੰਦੀ ਸੀ ਨਾਨੀ ਜੀ?' ਸਿਮਰਨ ਨੇ ਸਵਾਲ ਕੀਤਾ। (ਚਲਦਾ)
-ਮੋਬਾਈਲ : 9814423703