* ਵਿਸ਼ਵਾਸ ਵਿਚ ਉਹ ਅਦਭੁੱਤ ਸ਼ਕਤੀ ਹੈ ਜੋ ਅਸੰਭਵ ਨੂੰ ਵੀ ਸੰਭਵ ਕਰ ਦਿੰਦੀ ਹੈ।
* ਵਿਸ਼ਵਾਸ ਜ਼ਿੰਦਗੀ ਦਾ ਆਧਾਰ ਹੈ , ਵਿਸ਼ਵਾਸ ਤੋਂ ਸੱਖਣਾ ਮਨੁੱਖੀ ਜੀਵਨ ਨਿਰਾ ਨੀਰਸ ਹੁੰਦਾ ਹੈ।
* ਜਦ ਮਨ ਵਿਚ ਵਿਸ਼ਵਾਸ ਹੋਵੇ ਤੇ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਿਲ ਬਹੁਤੀ ਦੂਰ ਨਹੀਂ ਹੁੰਦੀ।
* ਨੇਕ ਨੀਅਤ ਨਾਲ ਪ੍ਰਗਟ ਕੀਤਾ ਗਿਆ ਵਿਸ਼ਵਾਸ ਪੀੜ੍ਹੀਆਂ ਤੋਂ ਚੱਲੀ ਆ ਰਹੀ ਕੁੜੱਤਣ ਨੂੰ ਪਲ ਭਰ ਵਿਚ ਖਤਮ ਕਰ ਦਿੰਦਾ ਹੈ।
* ਜਿਸ ਨੇ ਵਿਸ਼ਵਾਸ ਦਾ ਦੀਵਾ ਜਗਾ ਲਿਆ, ਉਸ ਦਾ ਜੀਵਨ ਹਨੇਰੇ ਤੋਂ ਚਾਨਣਮਈ ਹੋ ਜਾਂਦਾ ਹੈ।
* ਵਿਸ਼ਵਾਸ ਨਾਲ ਹੀ ਸਾਰੇ ਰਿਸ਼ਤੇ ਨਾਤੇ ਬੱਝੇ ਹੋਏ ਹਨ, ਅਵਿਸ਼ਵਾਸ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ।
* ਇਕ ਬੱਚੇ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਉਸ ਦੇ ਮਾਤਾ-ਪਿਤਾ ਦੇ ਹੁੰਦਿਆਂ ਉਸ ਨੂੰ ਕੋਈ ਦੁੱਖ-ਤਕਲੀਫ਼ ਨਹੀਂ ਆ ਸਕਦੀ।
* ਵਿਸ਼ਵਾਸ ਸਭ ਡਰ-ਭੈਅ ਅਤੇ ਚਿੰਤਾ ਤੋਂ ਮੁਕਤ ਹੁੰਦਾ ਹੈ।
* ਜਦ ਵਿਸ਼ਵਾਸ ਪੱਕਾ ਹੋਵੇ ਉਦੋਂ ਸਮੁੰਦਰ ਵਿਚ ਰਾਹ, ਅੰਬਰ ਵਿਚ ਖੰਭ ਤੇ ਅਗਨ ਵੀ ਸੀਤ ਹੋ ਜਾਂਦੀ ਹੈ।
* ਵਿਸ਼ਵਾਸ ਉਹ ਦਵਾਈ ਹੈ, ਜਿਸ ਦਾ ਸੇਵਨ ਕਰਨ ਵਾਲਾ ਵਿਅਕਤੀ ਸਦਾ ਹੀ ਚੜ੍ਹਦੀਕਲਾ ਵਿਚ ਰਹਿੰਦਾ ਹੈ।
* ਵਿਸ਼ਵਾਸ ਦੇ ਰਾਹ ਤੁਰ ਕੇ ਹੀ ਮਹਾਨ ਖੋਜਾਂ ਦਾ ਜਨਮ ਹੋਇਆ ਹੈ, ਪਹੀਏ ਦੀ ਕਾਢ ਇਸੇ ਵਿਸ਼ਵਾਸ ਉੱਪਰ ਨਿਰਭਰ ਸੀ।
* ਕਈ ਵਾਰੀ ਕਿਸੇ ਗ਼ਲਤ ਆਦਮੀ 'ਤੇ ਕੀਤਾ ਹੋਇਆ ਵਿਸ਼ਵਾਸ ਪੁਸ਼ਤਾਂ ਦਾ ਵਿਨਾਸ਼ ਕਰ ਦਿੰਦਾ ਹੈ।
* ਮਿੱਥੇ ਹੋਏ ਨਿਸ਼ਾਨੇ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ-ਆਪ ਉੱਪਰ ਪੂਰਨ ਵਿਸ਼ਵਾਸ ਰੱਖਣਾ ਹੀ ਹਾਰ ਨੂੰ ਜਿੱਤ ਵਿਚ ਬਦਲਣਾ ਹੈ।
* ਵਿਸ਼ਵਾਸ ਕੋਈ ਬਾਹਰੀ ਵਸਤੂ ਨਹੀਂ ਹੈ, ਸਗੋਂ ਇਹ ਸਾਕਾਰਾਤਮਿਕ ਸੋਚ ਦਾ ਹੀ ਇਕ ਰੂਪ ਹੈ ਜੋ ਮਨੁੱਖ ਨੂੰ ਅੱਗੇ ਵਧਣ ਲਈ ਬਲ ਤੇ ਉਸਾਰੂ ਉਤੇਜਨਾ ਪ੍ਰਦਾਨ ਕਰਦਾ ਹੈ।
* ਵਿਸ਼ਵਾਸ ਦਾ ਪੱਲਾ ਫੜ ਨਿਰਬਲ ਵੀ ਸ਼ਾਸਕ ਬਣ ਜਾਂਦਾ ਹੈ, ਬਸ ਉਸਦਾ ਵਿਸ਼ਵਾਸ ਸਹੀ ਤੇ ਨਿਰਪੱਖ ਹੋਵੇ ਤੇ ਉਸ ਲਈ ਕੀਤਾ ਗਿਆ ਕਾਰਜ ਨਿਰਸਵਾਰਥ ਹੋਵੇ।
-ਪਿੰਡ ਬੀਜਾ, ਤਹਿ. ਖੰਨਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 99884-66885