(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਇਕ ਦਿਨ ਸਿਮਰਨ ਨੇ ਨਾਨੀ ਜੀ ਨੂੰ ਪੁੱਛਿਆ, 'ਨਾਨੀ ਅੰਮਾ, ਇਕ ਗੱਲ ਦੱਸੋ, ਤੁਸੀਂ ਪਾਣੀ ਬਾਰੇ ਇੰਨਾ ਕੁਝ ਕਿਵੇਂ ਜਾਣਦੇ ਹੋ?'
ਨਾਨੀ ਜੀ ਕਹਿਣ ਲੱਗੇ, 'ਜਦੋਂ ਮੈਂ ਆਪਣੇ ਪਿੰਡ ਦਸਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਮੈਂ ਵਿਗਿਆਨ ਦਾ ਵਿਸ਼ਾ ਲਿਆ ਹੋਇਆ ਸੀ। ਸਾਡੇ ਸਾਇੰਸ ਅਧਿਆਪਕ ਜੀ ਦੀਆਂ ਦੱਸੀਆਂ ਗੱਲਾਂ ਮੈਨੂੰ ਅਜੇ ਵੀ ਮੇਰੇ ਚੇਤੇ ਵਿਚ ਵਸੀਆਂ ਹੋਈਆਂ ਨੇ। ਮੈਨੂੰ ਅਜੇ ਵੀ ਯਾਦ ਏ, ਉਹ ਲੈਬ ਵਿਚ ਸਾਨੂੰ ਤਜਰਬੇ ਵੀ ਕਰਵਾਉਂਦੇ ਹੁੰਦੇ ਸਨ।'
ਨਾਨੀ ਜੀ ਕੁਝ ਸੋਚਣ ਲੱਗ ਪਏ।
'ਕੀ ਸੋਚ ਰਹੇ ਓ ਨਾਨੀ ਜੀ?' ਸਿਮਰਨ ਨੇ ਪੁੱਛਿਆ।
'ਹਾਂ..।' ਜਿਵੇਂ ਨਾਨੀ ਜੀ ਨੂੰ ਇਕਦਮ ਕੁਝ ਯਾਦ ਆ ਗਿਆ ਹੋਵੇ। ਉਹ ਕਹਿਣ ਲੱਗੇ, 'ਹਾਂ, ਮੈਂ ਤੈਨੂੰ ਦੱਸਣਾ ਚਾਹ ਰਹੀ ਸਾਂ ਕਿ ਪਾਣੀ ਹਾਈਡ੍ਰੋਜਨ ਅਤੇ ਆਕਸੀਨ ਗੈਸਾਂ ਤੋਂ ਮਿਲ ਕੇ ਬਣਿਆ ਹੋਇਆ ਏ। ਸਾਡੀ ਪ੍ਰਿਥਵੀ ਉੱਪਰ ਇਹ ਪਾਣੀ ਤਿੰਨ ਕਿਸਮਾਂ ਵਿਚ ਮਿਲਦਾ ਏ। ਦੱਸ ਸਕਦੈਂ ਕਿ ਇਹ ਕਿਹੜੀਆਂ ਤਿੰਨ ਕਿਸਮਾਂ ਨੇ?'
ਸਿਮਰਨ ਸੋਚਣ ਲੱਗ ਪਿਆ।
ਫਿਰ ਕਹਿਣ ਲੱਗਾ, 'ਇਕ ਤਾਂ ਜਿਹੜਾ ਪਾਣੀ ਅਸੀਂ ਪੀਂਦੇ ਹਾਂ, ਉਹ। ਆਰ.ਓ. ਵਾਲਾ, ਟੂਟੀਆਂ ਵਾਲਾ, ਘੜੇ ਵਾਲਾ, ਫਰਿੱਜ ਵਾਲਾ..ਸਮੁੰਦਰ-ਨਦੀਆਂ ਵਿਚ ਵਗਣ ਵਾਲਾ ਪਾਣੀ...।'
ਨਾਨੀ ਜੀ ਕਹਿਣ ਲੱਗੇ, 'ਇਹ ਸਭ ਠੀਕ ਐ ਪਰ ਤੂੰ ਇਹ ਦੱਸ ਕਿ ਇਸ ਪਾਣੀ ਦੀ ਕਿਸਮ ਕਿਹੜੀ ਏ?'
ਸਿਮਰਨ ਦੀ ਘੁੰਡੀ ਅੜ ਗਈ। ਕੁਝ ਦੇਰ ਬਾਦ ਕਹਿਣ ਲੱਗਾ, ਨਾਨੀ ਜੀ, ਤੁਸੀਂ ਹੀ ਦੱਸੋ ਪਲੀਜ਼...। ਮੈਨੂੰ ਨਹੀਂ ਪਤਾ।'
ਚਾਣਚੱਕ ਦਰਵਾਜ਼ੇ ਦੀ ਘੰਟੀ ਵੱਜੀ।
ਦੋਧੀ ਆਇਆ ਸੀ।
ਸਿਮਰਨ ਤੇਜ਼ ਤੇਜ਼ ਕਦਮੀਂ ਗਿਆ। ਰਸੋਈ ਵਿਚੋਂ ਪਤੀਲਾ ਚੁੱਕਿਆ ਤੇ ਨਾਨੀ ਜੀ ਦੇ ਕਹੇ ਅਨੁਸਾਰ ਦੋ ਕਿਲੋ ਦੁੱਧ ਪਵਾ ਲਿਆਇਆ।
ਤਦ ਤਕ ਨਾਨੀ ਜੀ ਵੀ ਰਸੋਈ ਵਿਚ ਆ ਚੁੱਕੇ ਸਨ। ਨਾਨੀ ਜੀ ਨੇ ਦੁੱਧ ਪੁਣ ਕੇ ਗੈਸੀ ਚੁੱਲ੍ਹੇ 'ਤੇ ਰੱਖ ਦਿੱਤਾ। ਫਿਰ ਗੈਸ ਸਿੰਮ ਕਰਕੇ ਕਮਰੇ ਵਿਚ ਆ ਗਏ ਤੇ ਕਹਿਣ ਲੱਗੇ, 'ਦੁੱਧ ਉਬਾਲਣ ਲਈ ਰੱਖਿਆ ਹੋਇਐ, ਯਾਦ ਕਰਵਾ ਦਈਂ। ਦੇਖੀਂ ਕਿਤੇ ਉਬਲ ਨਾ ਜਾਵੇ। ਤੇਰੇ ਨਾਨਾ ਜੀ ਨੇ ਆਪਾਂ ਨੂੰ ਝਿੜਕਣੈ...।'
ਸਿਮਰਨ ਬੋਲਿਆ, 'ਨਾਨੀ ਜੀ, ਪਹਿਲਾਂ ਮੈਂ ਦੁੱਧ ਉਬਾਲ ਹੀ ਦਿੰਦਾ ਹਾਂ। ਕਿਤੇ ਆਪਾਂ ਪਾਣੀ ਦੀ ਕਹਾਣੀ ਵਿਚ ਹੀ ਮਗਨ ਹੋ ਕੇ ਭੁੱਲ ਹੀ ਨਾ ਜਾਈਏ ਕਿ ਦੁੱਧ ਗੈਸੀ ਚੁੱਲ੍ਹੇ ਤੇ ਉਬਲਣਾ ਰੱਖਿਆ ਹੋਇਆ ਏ।'
ਨਾਨੀ ਜੀ ਗੈਸ ਕੋਲ੍ਹ ਖੜ੍ਹ ਕੇ ਹੀ ਦੁੱਧ ਉਬਾਲਣ ਲੱਗੇ। ਨਾਲ ਹੀ ਆਪਣੀ ਕਹਾਣੀ ਜਾਰੀ ਵੀ ਰੱਖੀ। ਬੋਲੇ, 'ਹਾਂ, ਮੈਂ ਪੁੱਛ ਰਹੀ ਸੀ ਕਿ ਪਾਣੀ ਦੀਆਂ ਤਿੰਨ ਕਿਸਮਾਂ ਕਿਹੜੀਆਂ ਨੇ?'
ਸਿਮਰਨ ਦੀ ਉਤਸੁਕਤਾ ਫਿਰ ਜਾਗ ਪਈ। ਨਾਨੀ ਜੀ ਬੋਲੇ, 'ਇਕ ਕਿਸਮ ਪਾਣੀ ਦਾ ਤਰਲ ਰੂਪ ਹੁੰਦੈ ਜਿਸ ਦੀ ਤੂੰ ਗੱਲ ਕਰ ਰਿਹਾ ਸੀ। ਜਿਹੜਾ ਆਪਾਂ ਪੀਂਦੇ ਹਾਂ। ਦੂਜਾ ਰੂਪ ਹੈ ਠੋਸ ਜਾਣੀ ਸਖ਼ਤ ਰੂਪ, ਜੋ ਗਲੇਸ਼ੀਅਰਾਂ ਦੀ ਸ਼ਕਲ ਵਿਚ ਹੁੰਦਾ ਏ। ਤੇ ਤੀਜਾ ਦੱਸਾਂ?' ਨਾਨੀ ਜੀ ਨੇ ਪੁੱਛਿਆ?
'ਦੱਸੋ..।' ਸਿਮਰਨ ਨੇ ਇਕਦਮ ਕਿਹਾ।
ਨਾਨੀ ਜੀ ਮੁਸਕਰਾ ਕੇ ਉਸ ਨੂੰ ਪੁੱਛਣ ਲੱਗੇ, 'ਪਰ ਤੂੰ ਮੈਨੂੰ ਇਹ ਤਾਂ ਪੁੱਛਿਆ ਈ ਨਹੀਂ ਕਿ ਗਲੇਸ਼ੀਅਰ ਕਹਿੰਦੇ ਕਿਸ ਨੂੰ ਨੇ?'
'ਗਲੇਸ਼ੀਅਰ ਕੀ ਹੁੰਦੈ?'
ਨਾਨੀ ਜੀ ਬੋਲੇ, 'ਗਲੇਸ਼ੀਅਰ ਸੰਘਣੀ ਬਰਫ਼ ਦੇ ਆਕਾਰ ਦੇ ਅਜਿਹੇ ਪਿੰਡ ਨੂੰ ਕਿਹਾ ਜਾਂਦਾ ਏ ਜਿੱਥੇ ਲਗਾਤਾਰ ਕਈ ਕਈ ਦਹਾਕੇ ਬਰਫ਼ ਡਿਗਦੀ ਰਹਿੰਦੀ ਏ। ਉਥੇ ਇਕ ਪੁੰਜ ਜਾਂ ਪਿੰਡ ਰੂਪ ਧਾਰਨ ਕਰ ਲੈਂਦਾ ਏ। ਕਈ ਵਾਰ ਬਰਫ਼ ਦਾ ਇਹ ਪਿੰਡ, ਜਿਸ ਨੂੰ ਇਕ ਵੱਡਾ ਢੇਰ ਵੀ ਕਹਿ ਸਕਦੇ ਹਾਂ, ਹੌਲੀ ਹੌਲੀ ਇੰਨਾ ਵੱਡਾ ਰੂਪ ਧਾਰ ਲੈਂਦਾ ਏ ਕਿ ਆਪਣੇ ਹੀ ਵਿਸ਼ਾਲ ਬੋਝ ਕਾਰਨ ਆਸੇ ਪਾਸੇ ਖਿਸਕਦਾ ਤੇ ਫ਼ੈਲਦਾ ਰਹਿੰਦਾ ਏ।'
'ਬਰਫ਼ ਦਾ ਵੱਡਾ ਸਾਰਾ ਪਿੰਡ?' ਸਿਮਰਨ ਹੈਰਾਨ ਹੋਇਆ।
'ਹਾਂ, ਬਰਫ਼ ਦਾ ਪਿੰਡ। ਹੋਰ ਸੌਖੇ ਢੰਗ ਨਾਲ ਇਹ ਸਮਝ ਲੈੈ ਕਿ ਜਮ੍ਹਾਂ ਹੋਈ ਬਰਫ਼ ਗੁਰੂਤਾ-ਸ਼ਕਤੀ ਕਾਰਨ ਹੌਲੀ ਹੌਲੀ ਹੇਠਾਂ ਖਿਸਕਦੀ ਜਾਂਦੀ ਏ। ਗੁਰੂਤਾ ਦਾ ਮਤਲਬ ਹੁੰਦੈ ਧਰਤੀ ਦੀ ਖਿੱਚ। ਇਉਂ ਇਹ ਬਰਫ਼ ਹੇਠਾਂ ਤੇ ਆਸੇ ਵੱਲ ਫੈਲਦੀ ਜਾਂਦੀ ਏ। ਆਪਣੀ ਧਰਤੀ ਦਾ 10 ਫ਼ੀਸਦੀ ਹਿੱਸਾ ਇਨ੍ਹਾਂ ਗਲੇਸ਼ੀਅਰਾਂ ਨੇ ਹੀ ਘੇਰਿਆ ਹੋਇਆ ਏ। ਧਰਤੀ ਉਪਰ ਇਹ ਗਲੇਸ਼ੀਅਰ ਲੱਖਾਂ ਸਾਲ ਪੁਰਾਣੇ ਨੇ ਜੋ ਤੇਜ਼ ਗਰਮੀ ਜਾਂ ਤਪਸ਼ ਨਾਲ ਹੌਲੀ ਹੌਲੀ ਪਿਘਲਦੇ ਹੋਏ ਦਰਿਆਵਾਂ-ਸਮੁੰਦਰਾਂ ਵਿਚ ਜਾ ਮਿਲਦੇ ਨੇ।' (ਚਲਦਾ)
-ਮੋਬਾਈਲ : 9814423703