ਸਵੇਰ ਦੀ ਸਭਾ ਸਕੂਲ ਦੇ ਦਿਨ ਦੀ ਇਕ ਮਹੱਤਵਪੂਰਨ ਸ਼ੁਰੂਆਤ ਹੈ। ਇਹ ਉਹ ਸ਼ੀਸ਼ਾ ਹੈ ਜਿਸ ਵਿਚ ਸਕੂਲ ਦੇ ਦਿਨ ਭਰ ਦਾ ਅਕਸ ਵੇਖਿਆ ਜਾ ਸਕਦਾ ਹੈ। ਅਲੱਗ-ਅਲੱਗ ਜਮਾਤਾਂ ਦੇ ਵਿਦਿਆਰਥੀ ਸਵੇਰ ਸਮੇਂ ਇਕ ਜਗਾ 'ਤੇ ਇਕੱਠੇ ਹੁੰਦੇ ਹਨ, ਜਿੱਥੇ ਉਹ ਇਕ-ਦੂਜੇ ਨੂੰ ਜਾਣਦੇ ਹਨ, ਸਮਝਦੇ ਹਨ ਤੇ ਆਪਸ ਵਿਚ ਤਾਲਮੇਲ ਬਿਠਾਉਂਦੇ ਹਨ। ਇਸ ਨਾਲ ਉਨ੍ਹਾਂ ਵਿਚ ਏਕਤਾ ਦਾ ਭਾਵ ਪੈਦਾ ਹੁੰਦਾ ਹੈ।
ਇਕ ਵਧੀਆ ਵਕਤਾ ਬਣਨ ਦਾ ਆਰੰਭ ਸਵੇਰ ਦੀ ਸਭਾ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ-ਪਹਿਲ ਵਿਦਿਆਰਥੀ ਸਭ ਦੇ ਸਾਹਮਣੇ ਥੋੜ੍ਹੇ ਸ਼ਬਦਾਂ ਨਾਲ ਬੋਲਣ ਦੀ ਸ਼ੂਰੁਆਤ ਕਰਦਾ ਹੈ ਜਿਵੇਂ ਕਿ 'ਅੱਜ ਦਾ ਵਿਚਾਰ' ਬੋਲਣਾ। ਹੌਲੀ-ਹੌਲੀ ਉਸਦੀ ਝਿਜਕ ਦੂਰ ਹੁੰਦੀ ਹੈ ਤੇ ਲਗਾਤਾਰ ਅਭਿਆਸ ਨਾਲ ਉਹ ਭਵਿੱਖ ਵਿਚ ਇਕ ਵਧੀਆ ਬੁਲਾਰਾ ਬਣਕੇ ਉੱਭਰਦਾ ਹੈ। ਸਵੇਰ ਦੀ ਸਭਾ ਵਿਦਿਆਰਥੀਆਂ ਵਿਚ ਸਵੈ-ਵਿਸ਼ਵਾਸ ਜਗਾਉਂਦੀ ਹੈ, ਉਨ੍ਹਾਂ ਦੀ ਸੋਚ ਨੂੰ ਮੋੜਾ ਦਿੰਦੀ ਹੈ। ਪ੍ਰਾਰਥਨਾ, ਸ਼ਬਦ ਕੀਰਤਨ, ਖ਼ਬਰਾਂ, ਵਿਚਾਰ ਆਦਿ ਸਭਾ ਵਿਚ ਪੇਸ਼ ਕੀਤੇ ਜਾਂਦੇ ਹਨ ਜੋ ਕਿ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਜੋੜਨ ਵਿਚ ਸਹਾਈ ਹੁੰਦੇ ਹਨ। ਵਿਦਿਆਰਥੀਆਂ ਨਾਲ ਕੋਈ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਸਵੇਰ ਦੀ ਸਭਾ ਸਭ ਤੋਂ ਉਪਯੋਗੀ ਸਾਧਨ ਹੈ। ਇਸ ਨਾਲ ਸ਼ਕਤੀ ਵੀ ਬਚਦੀ ਹੈ ਤੇ ਸਮਾਂ ਵੀ।
ਕਿਹਾ ਜਾਂਦਾ ਹੈ "he schoo& }s a sma&& wor&d and the wor&d }s a b}{ schoo& ਅਰਥਾਤ ਸਕੂਲ ਇਕ ਛੋਟੀ ਦੁਨੀਆ ਹੈ ਅਤੇ ਦੁਨੀਆ ਇਕ ਵੱਡਾ ਸਕੂਲ। ਅਸਲ ਜੀਵਨ ਦੇ ਤੌਰ-ਤਰੀਕੇ ਅਸੀਂ ਸਕੂਲ ਤੋਂ ਹੀ ਸਿੱਖਦੇ ਹਾਂ, ਖਾਸ ਕਰਕੇ ਸਵੇਰ ਦੀ ਸਭਾ ਮੌਕੇ। ਇਕ ਦੂਸਰੇ ਨੂੰ ਜਾਣਨਾ, ਉਨ੍ਹਾਂ ਨਾਲ ਵਿਚਰਨਾ ਇਹ ਸਵੇਰ ਦੀ ਸਭਾ ਮੌਕੇ ਹੀ ਸੰਭਵ ਹੈ।
ਇਸ ਲਈ ਜ਼ਰੂਰੀ ਹੈ ਕਿ ਸਵੇਰ ਦੀ ਸਭਾ ਨੂੰ ਦਿਲਚਸਪ ਤੇ ਸਮੇਂ ਦਾ ਹਾਣੀ ਬਣਾਇਆ ਜਾਵੇ। ਇਹ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੀ ਦਿਸ਼ਾਂ ਵਿਚ ਕੰਮ ਕਰਦੀ ਪ੍ਰਤੀਤ ਹੋਵੇ। ਵੱਖ-ਵੱਖ ਤਰਾਂ੍ਹ ਦੀਆਂ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਕਿ ਵਿਦਿਆਰਥੀ ਬੋਰੀਅਤ ਮਹਿਸੂਸ ਨਾ ਕਰਨ। ਹਰ ਰੋਜ਼ ਉਨ੍ਹਾਂ ਦੀ ਜਾਣਕਾਰੀ ਵਿਚ ਵਾਧਾ ਹੋਵੇ ਤੇ ਕੁਝ ਨਵਾਂ ਸਿੱਖਣ ਨੂੰ ਮਿਲੇ। ਕੋਸ਼ਿਸ਼ ਰਹੇ ਕਿ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਿਆ ਜਾਵੇ।
-ਪ੍ਰਿੰਸੀਪਲ ਗੁਰੁ ਹਰਿਗੋਬਿੰਦ ਪਬਲਿਕ ਸਕੂਲ ਦੱਧਾਹੂਰ, ਲੁਧਿਆਣਾ।
ਮੋਬਾਈਲ : 94630-9047