ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਦਲਦਾ ਦੌਰ ਬਦਲਦੀਆਂ ਕਦਰਾਂ ਕੀਮਤਾਂ

Ad Position 21
No active advertisement
ਅਜੀਤ ਡੈਸਕ 03-05-2026

ਸਮਾਂ ਇਕ ਅਜਿਹਾ ਦਰਿਆ ਹੈ ਜੋ ਨਿਰੰਤਰ ਵਹਿੰਦਾ ਰਹਿੰਦਾ ਹੈਅਤੇ ਆਪਣੇ ਵਹਾਅ ਨਾਲ ਮਨੁੱਖੀ ਸਮਾਜ ਦੀ ਨੁਹਾਰ ਬਦਲਦਾ ਹੈ।ਜਦੋਂ ਅਸੀਂ ਪੁਰਾਣੇ ਅਤੇ ਅਜੋਕੇ ਦੌਰ ਦੇ ਦ੍ਰਿਸ਼ਾਂ ਦੀ ਗੱਲ ਕਰੀਏ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਸਿਰਫ ਸਮਾਂ ਹੀ ਨਹੀਂ ਬਲਕਿ ਆਪਣੀਆਂ ਕਦਰਾਂ-ਕੀਮਤਾਂ ਨੂੰ ਪਿੱਛੇ ਛੱਡ ਆਏ ਹਾਂ। ਉਨ੍ਹਾਂ ਸਮਿਆਂ ਦੀਆਂ ਗੱਲਾਂ ਸਿਰਫ਼ ਯਾਦਾਂ ਦੇ ਪੰਨੇ ਹੀ ਨਹੀਂ, ਸਾਡੀ ਰੂਹ ਦਾ ਉਹ ਹਿੱਸਾ ਹਨ ਜਿਸ ਨੂੰ ਸਮਾਂ ਚਾਹੇ ਕਿੰਨਾ ਵੀ ਬਦਲ ਜਾਵੇ, ਕਦੇ ਮਿਟਾ ਨਹੀਂ ਸਕਦਾ।ਕਦੇ-ਕਦੇ ਜਦੋਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਯਾਦ ਕਰੀਏ ਤਾਂ ਅਕਸਰ ਉਹ ਕਹਿੰਦੇ ਸਨ ਕਿ ਸਾਡਾ ਸਮਾਂ ਤਾਂ ਕੁਝ ਹੋਰ ਹੀ ਸੀ, ਅਜਿਹਾ ਕਿ ਹੁਣ ਮੁੜ ਕੇਨਹੀਂ ਆਉਣਾ।ਓਦੋਂ ਲੋਕਾਂ ਦੀਆਂ ਕਮਾਈਆਂ ਘੱਟ ਪਰ ਦਿਲ ਖੁੱਲ੍ਹੇ ਹੁੰਦੇ ਸੀ ਅਤੇ ਰਿਸ਼ਤੇ ਬਣਾਉਟੀ ਨਹੀਂ ਸਗੋਂ ਅਸਲੀ ਹੁੰਦੇ ਸੀ।ਬਜ਼ੁਰਗਾਂ ਦੇ ਇਸ ਕਥਨ ਪਿੱਛੇ ਲੁਕਿਆ ਸੱਚ ਬਹੁਤ ਡੂੰਘਾ ਅਤੇ ਭਾਵੁਕ ਹੈ।
ਸੱਚ ਕਿਹਾ ਜਾਂਦਾ ਹੈ ਕਿ ਉਹ ਸਮਾਂ ਬਹੁਤ ਚੰਗਾ ਸੀ ਜਦੋਂ ਰਿਸ਼ਤੇ ਸੱਚਮੁੱਚ ਰੂਹਾਂ ਦੇ ਮੇਲ ਹੁੰਦੇ ਸਨ।ਉਹ ਰਿਸ਼ਤੇ ਸਿਰਫ ਖੂਨ ਦੇ ਹੀ ਨਹੀਂ ਸਗੋਂ ਭਰੋਸੇ ਦੀ ਮਜ਼ਬੂਤ ਨੀਂਹ'ਤੇ ਖੜ੍ਹੇ ਹੁੰਦੇ ਸਨ ਜਿਨ੍ਹਾਂ ਦਾ ਟੁੱਟਣਾ ਏਨਾ ਸੌਖਾ ਨਹੀਂ ਸੀ।ਸਾਂਝੇ ਪਰਿਵਾਰਾਂ ਦੀ ਨਿੱਘ, ਭਾਈਚਾਰਕ ਸਾਂਝ ਅਤੇ ਹਰ ਦੁੱਖ-ਸੁੱਖ ਵਿਚ ਇਕ-ਦੂਜੇ ਦਾ ਸਾਥ ਦੇਣਾ, ਇਹ ਸਭ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਸੀ।ਦਾਦਾ-ਦਾਦੀ, ਚਾਚੇ-ਤਾਏ ਤੇ ਉਨ੍ਹਾਂ ਦੇ ਪਰਿਵਾਰ ਇਕ ਛੱਤ ਹੇਠਾਂ ਬਹੁਤ ਪਿਆਰ ਨਾਲ ਰਹਿੰਦੇ ਸਨ ਅਤੇ ਇਸ ਮਾਹੌਲ ਨੇ ਲੋਕਾਂ ਨੂੰ ਮਾਨਸਿਕ ਤੌਰ'ਤੇ ਸੰਤੁਸ਼ਟ ਅਤੇ ਸੁਰੱਖਿਅਤ ਰੱਖਿਆ ਸੀ।ਇਹ ਸਭ ਤਾਂ ਹੀ ਮੁਮਕਿਨ ਸੀ ਕਿਉਂਕਿ ਲੋਕਾਂ ਦੀਆਂ ਲੋੜਾਂ ਸੀਮਤ ਸਨ ਅਤੇ ਪਿਆਰ ਬੇਸ਼ੁਮਾਰ ਸੀ।ਰਿਸ਼ਤੇਦਾਰਾਂ ਤੋਂ ਪਹਿਲਾਂ ਹਰ ਦੁੱਖ-ਸੁੱਖ'ਚ ਗੁਆਂਢੀ ਪਹੁੰਚ ਜਾਂਦੇ ਸਨਕਿਉਂਕਿ ਉਨ੍ਹਾਂ ਨੂੰ ਵੀ ਪਰਿਵਾਰ ਹੀ ਮੰਨਿਆ ਜਾਂਦਾ ਸੀ।ਇਹ ਸਾਡਾ ਸੱਭਿਆਚਾਰ ਸੀ ਜੋ ਹੁਣ ਗੁਆਚਦਾ ਜਾਪਦਾ ਹੈ।
ਅੱਜ ਸੱਭਿਆਚਾਰ ਦੀ ਪਰਿਭਾਸ਼ਾ ਨੂੰ ਆਧੁਨਿਕ ਯੁੱਗ ਨੇ ਵਿਅਕਤੀਵਾਦ ਦਾ ਨਾਂਅ ਦੇ ਦਿੱਤਾ ਹੈ ਜਿਸ ਨੇ ਸਾਨੂੰ'ਮੈਂ'ਦੇ ਘੇਰੇ ਵਿਚ ਸੀਮਤ ਕਰ ਦਿੱਤਾ ਹੈ।ਹਰੇਕ ਇਨਸਾਨ, ਚਾਹੇ ਉਹ ਛੋਟਾ ਬੱਚਾ ਹੋਵੇ ਜਾਂ ਸਿਆਣਾ, ਸਭ ਨੂੰ ਇਕੱਲੇ ਰਹਿਣਾ ਜ਼ਿਆਦਾ ਚੰਗਾ ਲਗਦਾ ਹੈਜਿਸ ਨਾਲ ਸਾਂਝੇ ਪਰਿਵਾਰਾਂ ਨੇ ਛੋਟੇ ਪਰਿਵਾਰਾਂ ਦਾ ਰੂਪ ਧਾਰ ਲਿਆ ਹੈ।ਸੱਭਿਆਚਾਰ ਦਾ ਮਤਲਬ ਹੁਣ ਬਹੁਤ ਸਾਰੇ ਲੋਕਾਂ ਲਈ ਸਿਰਫ ਫੈਸ਼ਨ ਅਤੇ ਸੋਸ਼ਲ ਮੀਡੀਆ'ਤੇ'ਟਰੈਂਡ'ਬਣ ਕੇ ਰਹਿ ਗਿਆ ਹੈ।ਆਧੁਨਿਕਤਾ ਅਤੇ ਪੱਛਮੀ ਪ੍ਰਭਾਵਾਂ ਦੀ ਦੌੜ ਨੇ ਸਾਨੂੰ ਪਦਾਰਥਵਾਦ ਵੱਲ ਧੱਕ ਦਿੱਤਾ ਹੈ ਜਿਸ ਨਾਲ ਮਨੁੱਖੀ ਰਿਸ਼ਤੇ ਹੁਣ'ਡਿਜੀਟਲ'ਹੋ ਗਏ ਹਨ।ਫੋਨ'ਤੇ ਅਸੀਂ ਹਜ਼ਾਰਾਂ ਫੇਸਬੁੱਕ ਜਾਂ ਇੰਸਟਾਗ੍ਰਾਮ ਫਰੈਂਡਸ ਬਣਾਉਂਦੇ ਹਾਂ ਪਰ ਅਸਲ ਜ਼ਿੰਦਗੀ ਵਿਚ ਸਾਡੇ ਕੋਲ ਇਕ ਵੀ ਦੋਸਤ ਨਹੀਂ।ਤਕਨਾਲੋਜੀ ਨੇ ਭੂਗੋਲਿਕ ਦੂਰੀ ਤਾਂ ਮਿਟਾ ਦਿੱਤੀ ਪਰੰਤੂ ਮਾਨਸਿਕ ਦੂਰੀ ਕਈ ਗੁਣਾ ਵਧਾ ਦਿੱਤੀ ਹੈ।ਅਸੀਂ ਹੁਣ ਪੁਰਾਣੀਆਂ ਇਮਾਰਤਾਂ ਢਾਹ ਕੇ ਨਵੀਆਂ ਉਸਾਰ ਲਈਆਂ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਅਤੇ ਵਿਰਾਸਤ ਨੂੰ ਵੀ ਅਣਜਾਣੇ ਵਿਚ ਮਿਟਾ ਦਿੱਤਾ। ਨਵੀਆਂ ਇਮਾਰਤਾਂ ਕਦੇ ਵੀ ਪੁਰਾਣੀਆਂ ਇਮਾਰਤਾਂ ਦੀ ਬਣਤਰ, ਕਲਾ ਤੇ ਉਨ੍ਹਾਂ ਨਾਲ ਜੁੜੀਆਂ ਭਾਵਨਾਵਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਪੁਰਾਣੇ ਸਮੇਂ ਦੇ ਲੋਕ ਭਾਵੇਂ ਘੱਟ ਪੜ੍ਹੇ-ਲਿਖੇ ਹੁੰਦੇ ਸਨ ਪਰ ਜ਼ਿੰਦਗੀ ਦੀਆਂ ਬਾਰੀਕੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ।ਉਨ੍ਹਾਂ ਵਿਚ ਸਬਰ ਅਤੇ ਸੰਤੋਖ ਸੀ ਪਰ ਅੱਜ ਦੇ ਤਾਂ ਬੱਚੇ ਵੀ ਮਾਤਾ-ਪਿਤਾ ਦੀ ਇਕ ਝਿੜਕ ਨਹੀਂ ਸਹਿੰਦੇ।ਇਸ ਤੋਂ ਪਤਾ ਲਗਦਾ ਹੈ ਕਿ ਅੱਜ ਅਸੀਂ ਜਿੰਨੀ ਮਰਜ਼ੀ ਸਿੱਖਿਆ ਪ੍ਰਾਪਤ ਕਰ ਲਈ ਪਰ ਫਿਰ ਵੀ ਅਸੀਂ ਸਬਰ ਅਤੇ ਸ਼ਾਂਤੀ ਗੁਆ ਚੁੱਕੇ ਹਾਂ।ਸੋਸ਼ਲ ਮੀਡੀਆ 'ਤੇ ਖੁਸ਼ਹਾਲ ਜ਼ਿੰਦਗੀ ਦਿਖਾਉਣ ਦੀ ਦੌੜ ਵਿਚ ਅਸੀਂ ਜ਼ਿੰਦਗੀ ਦੀ ਅਸਲ ਖੁਸ਼ੀ ਤੋਂ ਵਾਂਝੇ ਰਹਿ ਗਏ ਹਾਂ।ਅਸੀਂ ਅਕਸਰ ਦੂਜਿਆਂ ਦੀ ਜ਼ਿੰਦਗੀ ਨਾਲ ਆਪਣੀ ਤੁਲਨਾ ਕਰਦੇ ਹਾਂ ਜਿਸ ਨਾਲ ਸਾਡੀ ਮਾਨਸਿਕ ਸ਼ਾਂਤੀ ਖ਼ਤਮ ਹੋ ਜਾਂਦੀ ਹੈ।
ਇਸ ਬਦਲਾਅ ਦਾ ਅਸਰ ਸਾਡੇ ਸੱਭਿਆਚਾਰਕ ਸਮਾਗਮਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ।ਸਾਡੇ ਰੀਤੀ ਰਿਵਾਜ ਜੋ ਕਈ ਪੀੜ੍ਹੀਆਂ ਤੋਂ ਸਾਡੇ ਵਿਰਸੇ ਦੀ ਨਿਸ਼ਾਨੀ ਸਨ, ਹੁਣ ਉਹ ਆਧੁਨਿਕਤਾ ਦੀ ਭੇਟ ਚੜ੍ਹ ਰਹੇ ਹਨ।ਵਿਆਹ-ਸ਼ਾਦੀਆਂ ਜੋ ਪਹਿਲੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੁੰਦੀਆਂ ਸਨ, ਉਹ ਕੇਵਲ ਮਹਿੰਗੇ'ਈਵੈਂਟ'ਬਣ ਕੇ ਰਹਿ ਗਈਆਂ ਹਨ।ਔਰਤਾਂ ਇਕੱਠੀਆਂ ਹੋ ਕੇ ਰਵਾਇਤੀ'ਘੋੜੀਆਂ'ਅਤੇ'ਸੁਹਾਗ'ਵਰਗੇ ਪੰਜਾਬੀ ਵਿਆਹਾਂ ਦੀ ਰੂਹ ਅਖਵਾਏ ਜਾਂਦੇ ਲੋਕ-ਗੀਤ ਗਾਉਂਦੀਆਂ ਸਨ।ਉਹ ਰੌਣਕਾਂ, ਅਨੰਦ ਅਤੇ ਆਪਣਾਪਨ ਅੱਜ ਕੱਲ੍ਹ ਦੇ'ਡੀ.ਜੇ.'ਕਿੱਥੋਂ ਲਿਆਉਣਗੇ?ਡੀ.ਜੇ. ਦੀਆਂ ਧਮਾਲਾਂ ਵਿਚ ਉਹ ਵਿਰਸੇ ਦੀ ਰੂਹ ਅਤੇ ਭਾਵਨਾਤਮਿਕ ਗਹਿਰਾਈ ਕਿਤੇ ਮੌਜੂਦ ਨਹੀਂ, ਜੋ ਰਵਾਇਤੀ ਗੀਤਾਂ ਵਿਚ ਹੁੰਦੀ ਸੀ।ਵਿਆਹ ਦਾ ਮਤਲਬ ਦੋ ਪਰਿਵਾਰਾਂ ਦੇ ਮੇਲ ਨੂੰ ਛੱਡ, ਸਮਾਜਿਕ ਪ੍ਰਦਰਸ਼ਨ (ਸ਼ੋਅ ਆਫ਼) ਬਣ ਕੇ ਰਹਿ ਗਿਆ ਹੈ, ਜਿਥੇ ਪੈਸੇ ਦੀ ਨੁਮਾਇਸ਼ ਜ਼ਿਆਦਾ ਹੁੰਦੀ ਹੈ।ਪਰਮੈਰਿਜ ਪੈਲੇਸਾਂ ਦੀ ਚਮਕ ਵਿਚ ਪਿੰਡਾਂ ਦੇ ਦੇਸੀ ਵਿਆਹਾਂ ਵਾਲੀ ਸਾਂਝ ਗੁਆਚ ਗਈ ਹੈ।ਜਿਹੜੇ ਲੋਕ ਬਹੁਤ ਖਰਚਾ ਨਹੀਂ ਕਰ ਸਕਦੇ, ਉਹ ਸਮਾਜਿਕ ਦਬਾਅ ਹੇਠ ਆ ਕੇ ਕਰਜ਼ਾ ਗੱਲ ਪਾ ਲੈਂਦੇ ਹਨ।
ਇਸ ਬਦਲਾਅ ਨੂੰ ਨਾ ਤਾਂ ਪੂਰੀ ਤਰ੍ਹਾਂ ਨਕਾਰਿਆ ਜਾ ਸਕਦਾ ਹੈ ਅਤੇ ਨਾ ਹੀ ਅਪਣਾਇਆ ਜਾ ਸਕਦਾ ਹੈ।ਇਸ ਲਈ ਜ਼ਰੂਰੀ ਹੈ ਕਿ ਅਸੀਂ ਅੱਖਾਂ ਮੀਚ ਇਸ ਤੇਜ਼ ਰਫਤਾਰ ਵਿਚ ਸੰਭਲ ਕੇ ਚਲੀਏ।ਤਕਨਾਲੋਜੀ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਕੇ ਇਕ ਵਰਦਾਨ ਦਾ ਕੰਮ ਕੀਤਾ ਹੈ, ਹੁਣ ਜ਼ਰੂਰਤ ਇਹ ਹੈ ਕਿ ਅਸੀਂ ਇਸ ਦੀ ਸਾਵਧਾਨੀ ਨਾਲ ਵਰਤੋਂ ਕਰੀਏ ਤਾਂ ਜੋ ਇਹ ਸਰਾਪ ਨਾ ਬਣੇ।ਸਾਨੂੰ ਆਪਣੇ ਸੱਭਿਆਚਾਰਕ ਮੁੱਲਾਂ ਅਤੇ ਕਦਰਾਂ-ਕੀਮਤਾਂ ਨੂੰ ਨਹੀਂ ਭੁੱਲਣਾ ਚਾਹੀਦਾ।ਪੁਰਾਣੇ ਸਮੇਂ ਵਰਗੇ ਰਿਸ਼ਤਿਆਂ ਦੀ ਨਿੱਘ, ਆਪਸੀ ਭਰੋਸਾ ਅਤੇ ਮਾਨਸਿਕ ਸਥਿਰਤਾ ਨੂੰ ਮੁੜ ਅਪਣਾਉਣ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ-ਨਾਲ ਇਹ ਵੀ ਯਾਦ ਰੱਖਣਾ ਪਵੇਗਾ ਕਿ ਸੱਭਿਆਚਾਰ ਦਾ ਮਤਲਬ ਸਿਰਫ਼ ਰਸਮਾਂ ਨਹੀਂ, ਸਗੋਂ ਜੀਵਨ ਜਿਊਣ ਦੀ ਕਲਾ ਹੈ।ਸਾਨੂੰ ਆਪਣੇ ਬੱਚਿਆਂ ਨੂੰ ਸਕਰੀਨ'ਤੇ ਦੁਨੀਆ ਦਿਖਾਉਣ ਦੀ ਜਗ੍ਹਾ, ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਰਾਹੀਂ ਰਿਸ਼ਤਿਆਂ ਦੀ ਮਹੱਤਤਾ ਸਿਖਾਉਣੀ ਚਾਹੀਦੀ ਹੈ ਅਤੇ ਇਸਦੇ ਨਾਲ-ਨਾਲ ਤੇਜ਼ੀ ਤੋਂ ਚੰਗਾ ਠਹਿਰਾਓ ਨਾਲ ਜ਼ਿੰਦਗੀ ਜਿਊਣ ਨੂੰ ਅਹਿਮੀਅਤ ਦੇਣੀ ਪਵੇਗੀ।ਸਾਡੀ ਅਮੀਰੀ ਕੇਵਲ ਬੈਂਕ ਬੈਲੈਂਸ ਜਾਂ ਫੋਨ ਦੇ ਸੰਪਰਕਾਂ ਵਿਚ ਹੀ ਨਹੀਂ ਸਗੋਂ ਆਪਸੀ ਪਿਆਰ ਅਤੇ ਵਿਰਸੇ ਦੀ ਸੰਭਾਲ ਵਿਚ ਹੈ।

-ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋਬਾਈਲ : 94179-67293

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦੀ ਰੂਹ-ਸੋਨ ਸੁਨਹਿਰੀ ਖੇਤ ਕਣਕ ਦੇ ਅਗਲੀ ਖ਼ਬਰ ਭਾਰਤੀ ਜਮਹੂਰੀਅਤ ਦਾ ਸਫ਼ਰ
Ad Position 24
No active advertisement