ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵਲੋਂ ਤਿਆਰ ਕੀਤੀ ਚਿੱਤਰਕਾਰੀ ਪੁਸਤਕ 'ਵਿਸਾਖੀ ਦੀ ਰੂਹ-ਸੋਨ ਸੁਨਹਿਰੀ ਖੇਤ ਕਣਕ ਦੇ' ਪੰਜਾਬ ਦੇ ਖੇਤਾਂ ਦੀ ਖੂਬਸੂਰਤੀ ਅਤੇ ਵਿਸਾਖੀ ਦੇ ਜੀਵੰਤ ਜਜ਼ਬੇ ਨੂੰ ਇਕ ਵਿਲੱਖਣ ਢੰਗ ਨਾਲ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਦਰਸਾਏ ਗਏ ਦ੍ਰਿਸ਼ ਨਾ ਸਿਰਫ਼ ਸਾਡੇ ਖੇਤੀਬਾੜੀ ਵਿਰਸੇ ਨੂੰ ਉਜਾਗਰ ਕਰਦੇ ਹਨ, ਸਗੋਂ ਇਹ ਸਾਨੂੰ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੰਦੇ ਹਨ। ਇਹ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਵਿਸਾਖੀ ਦੇ ਪਾਵਨ ਅਵਸਰ ਨੂੰ ਸਮਰਪਿਤ ਕੀਤੀ ਗਈ ਹੈ। ਇਸ ਕਿਤਾਬ ਵਿਚ ਕਣਕ ਦੀਆਂ ਉਨ੍ਹਾਂ ਕਿਸਮਾਂ ਨੂੰ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ, ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ਨੂੰ ਅੰਨ ਪੱਖੋਂ ਅਮੀਰ ਕੀਤਾ।
ਵਿਸਾਖੀ ਦੇ ਰੰਗਾਂ ਨਾਲ ਰੰਗਿਆ ਇਕ ਸੁਹਾਵੀ ਸਵੇਰ ਦਾ ਦ੍ਰਿਸ਼, ਜਿਥੇ ਸੋਨੇ ਵਰਗੇ ਲਹਿਰਾਉਂਦੇ ਕਣਕ ਦੇ ਖੇਤ ਪੰਜਾਬ ਦੀ ਰੂਹ ਨੂੰ ਬਿਆਨ ਕਰਦੇ ਹਨ, ਇਹੀ ਅਹਿਸਾਸ ਉਸ ਵੇਲੇ ਜੀਵੰਤ ਹੋ ਗਿਆ ਜਦੋਂ ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਕਿਤਾਬ 'ਵਿਸਾਖੀ ਦੀ ਰੂਹ-ਸੋਨ ਸੁਨਹਿਰੀ ਖੇਤ ਕਣਕ ਦੇ' ਦਾ ਲੋਕ ਅਰਪਣ ਕੀਤਾ। ਇਹ ਕਿਤਾਬ ਕੇਵਲ ਇਕ ਸਾਧਾਰਨ ਪ੍ਰਕਾਸ਼ਨ ਨਹੀਂ, ਸਗੋਂ ਪੰਜਾਬ ਦੀ ਖੇਤੀਬਾੜੀ ਵਿਰਾਸਤ, ਸੰਸਕ੍ਰਿਤੀ ਅਤੇ ਕਿਸਾਨੀ ਜੀਵਨ ਦੇ ਸੁੰਦਰ ਮਿਲਾਪ ਦੀ ਇਕ ਜੀਵੰਤ ਕਹਾਣੀ ਹੈ।
ਹਰਪ੍ਰੀਤ ਸੰਧੂ ਨੇ ਸਿਰਫ਼ ਲਿਖਣ ਤੱਕ ਹੀ ਆਪਣੀ ਭੂਮਿਕਾ ਸੀਮਤ ਨਹੀਂ ਰੱਖੀ, ਬਲਕਿ ਆਪਣੇ ਕੈਮਰੇ ਰਾਹੀਂ ਪੰਜਾਬ ਦੇ ਹਰੇਕ ਕੋਨੇ ਵਿਚ ਜਾ ਕੇ ਕਣਕ ਦੇ ਖੇਤਾਂ ਦੀਆਂ ਵਿਲੱਖਣ ਤਸਵੀਰਾਂ ਕੈਮਰੇ 'ਚ ਕੈਦ ਕੀਤੀਆਂ। ਇਹ ਤਸਵੀਰਾਂ ਨਾ ਕੇਵਲ ਕੁਦਰਤੀ ਸੁੰਦਰਤਾ ਨੂੰ ਦਰਸਾਉਂਦੀਆਂ ਹਨ, ਸਗੋਂ ਉਹ ਵਿਗਿਆਨਕ ਪ੍ਰਾਪਤੀਆਂ ਨੂੰ ਵੀ ਉਜਾਗਰ ਕਰਦੀਆਂ ਹਨ। ਇਸ ਤਰ੍ਹਾਂ ਇਹ ਕਿਤਾਬ ਵਿਗਿਆਨ ਅਤੇ ਪਰੰਪਰਾ ਦੇ ਸੁੰਦਰ ਮਿਲਾਪ ਦੀ ਮਿਸਾਲ ਬਣਦੀ ਹੈ।
ਕਿਤਾਬ ਵਿਚ ਵਿਸਾਖੀ ਦੇ ਤਿਉਹਾਰ ਨਾਲ ਜੁੜੀ ਆਤਮਿਕਤਾ ਅਤੇ ਖ਼ੁਸ਼ਹਾਲੀ ਦਾ ਅਹਿਸਾਸ ਵੀ ਬੜੀ ਸੁੰਦਰਤਾ ਨਾਲ ਦਰਸਾਇਆ ਗਿਆ ਹੈ। ਕਣਕ ਦੀ ਕਟਾਈ ਦਾ ਸਮਾਂ ਪੰਜਾਬ ਦੇ ਲੋਕਾਂ ਲਈ ਸਿਰਫ਼ ਖੇਤੀਬਾੜੀ ਦੀ ਇਕ ਪ੍ਰਕਿਰਿਆ ਹੀ ਨਹੀਂ, ਸਗੋਂ ਖੁਸ਼ੀ, ਮਿਹਨਤ ਅਤੇ ਰੱਬੀ ਕਿਰਪਾ ਦੀ ਪ੍ਰਤੀਕ ਹੈ। ਸਮਾਗਮ ਦੌਰਾਨ ਗੁਰਬਾਣੀ ਕੀਰਤਨ ਦੀ ਧੁਨ ਨੇ ਮਾਹੌਲ ਨੂੰ ਹੋਰ ਵੀ ਆਧਿਆਤਮਿਕ ਬਣਾ ਦਿੱਤਾ, ਜਿਸ ਨਾਲ ਇਹ ਲਮਹੇ ਹੋਰ ਵੀ ਯਾਦਗਾਰ ਬਣ ਗਏ।
ਇਹ ਕਿਤਾਬ ਪੰਜਾਬ ਦੇ ਖੇਤਾਂ ਦੀ ਖੂਬਸੂਰਤੀ ਨੂੰ ਦੁਨੀਆ ਸਾਹਮਣੇ ਰੱਖਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਆਪਣੀਆਂ ਕਦਰਾਂ-ਕੀਮਤਾਂ ਤੇ ਆਪਣੇ ਮੂਲ ਨਾਲ ਜੋੜਨ ਦਾ ਵੀ ਇਕ ਮਹੱਤਵਪੂਰਨ ਯਤਨ ਹੈ। ਇਹ ਕੋਸ਼ਿਸ਼ ਸੱਚਮੁੱਚ ਕਾਬਲ-ਏ-ਤਾਰੀਫ਼ ਹੈ, ਜੋ ਪੰਜਾਬ ਦੀ ਧਰਤੀ ਅਤੇ ਉਸ ਦੀ ਖੇਤੀਬਾੜੀ ਵਿਰਾਸਤ ਨੂੰ ਇਕ ਨਵੀਂ ਪਹਿਚਾਣ ਦੇ ਰਹੀ ਹੈ। ਇਸ ਕਿਤਾਬ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੇ ਹਨ, ਉਹ ਪ੍ਰੇਰਕ ਸੰਦੇਸ਼ ਜੋ ਮਾਣਯੋਗ ਹਸਤੀਆਂ ਵਲੋਂ ਦਿੱਤੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ਿਮ ਕੁਮਾਰ ਘੋਸ਼, ਭਾਰਤ ਦੇ ਚੋਣ ਕਮਿਸ਼ਨਰ ਸ. ਸੁਖਬੀਰ ਸਿੰਘ ਸੰਧੂ ਅਤੇ ਪਦਮ ਭੂਸ਼ਨ ਸ. ਸਰਦਾਰਾ ਸਿੰਘ ਜੌਹਲ ਸ਼ਾਮਿਲ ਸਨ। ਮਾਣਯੋਗ ਰਾਜਪਾਲ ਪੰਜਾਬ ਨੇ ਇਸ ਕਿਤਾਬ ਨੂੰ ਵਿਲੱਖਣ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਲਗਭਗ 66 ਕਿਸਮਾਂ ਦੀ ਕਣਕ ਨੂੰ ਉਜਾਗਰ ਕੀਤਾ ਗਿਆ ਹੈ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਇਹ ਕਿਤਾਬ ਪੰਜਾਬ ਦੇ ਕਿਸਾਨਾਂ ਲਈ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਮੂਲ ਨਾਲ ਜੋੜਨ ਲਈ ਇਕ ਮਹੱਤਵਪੂਰਨ ਸਾਧਨ ਸਾਬਤ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਦੀ ਇਸ ਮਹੱਤਵਪੂਰਨ ਰਚਨਾ ਲਈ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਕਿਤਾਬ ਯੂਨੀਵਰਸਿਟੀ, ਇਸ ਦੇ ਵਿਦਿਆਰਥੀਆਂ ਅਤੇ ਖੇਤੀਬਾੜੀ ਖੇਤਰ ਲਈ ਇਕ ਮਹੱਤਵਪੂਰਨ ਯੋਗਦਾਨ ਹੈ।
ਵਿਸਾਖੀ ਦੀ ਰੂਹ-ਸੋਨ ਸੁਨਹਿਰੀ ਖੇਤ ਕਣਕ ਦੇ
ਅਜੀਤ ਡੈਸਕ
03-05-2026