ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੈਰ ਕਦੇ ਨਹੀਂ ਭੁੱਲਣੇ ਚਾਹੀਦੇ

Ad Position 21
No active advertisement
ਅਜੀਤ ਡੈਸਕ 03-05-2026

ਕੁਝ ਲੋਕ ਬੇਗਾਨੇ ਹੁੰਦੇ ਨੇ,
ਕੁਝ ਗ਼ੈਰ ਨਹੀਂ ਹੁੰਦੇ,
ਕੁਝ ਆਪਣੇ ਹੀ ਆਪਣਿਆਂ ਦੀ,
ਮੰਗਦੇ ਖੈਰ ਨਹੀਂ ਹੁੰਦੇ।
ਨਾ ਕਰ ਮਾਣ ਪੈਰਾਂ 'ਤੇ,
ਜੇ ਰੱਬ ਨੇ ਪੈਰ ਦਿੱਤੇ,
ਸਫਰ ਤਾਂ ਉਹ ਵੀ ਕਰ ਲੈਂਦੇ ਨੇ,
ਜਿਨ੍ਹਾਂ ਦੇ ਪਰ ਨਹੀਂ ਹੁੰਦੇ...।
ਇਕ ਵਾਰ ਮੋਰ ਤੇ ਗੁਟਾਰ ਵਿਚ ਵਾਰਤਾਲਾਪ ਹੋ ਰਹੀ ਸੀ ਤਾਂ ਮੋਰ ਆਪਣੇ ਪੈਰਾਂ ਨੂੰ ਦੇਖ ਕੇ ਗਿਲਾ ਕਰਦਿਆਂ ਕਹਿਣ ਲੱਗਾ ਕਿ ਰੱਬ ਨੇ ਪਤਾ ਨਹੀਂ ਮੇਰੇ ਨਾਲ ਕੇਹਾ ਵੈਰ ਕਮਾਇਆ ਹੈ ਕਿ ਮੈਨੂੰ ਐਨੀ ਸੋਹਣੀ ਕਲਗੀ ਦੇ ਕੇ, ਐਨੇ ਸੋਹਣੇ ਖੰਭ ਦੇ ਕੇ, ਭੱਦੇ ਜਿਹੇ ਪੈਰ ਲਗਾ ਦਿੱਤੇ ਨੇ। ਮੈਨੂੰ ਇਨ੍ਹਾਂ ਨੂੰ ਦੇਖ ਕੇ ਨਮੋਸ਼ੀ ਹੁੰਦੀ ਹੈ। ਗੁਟਾਰ ਨੇ ਕਿਹਾ ਕਿ ਵੀਰੇ ਮੈਂ ਤਾਂ ਤੇਰੇ ਤੋਂ ਬਹੁਤ ਛੋਟੀ ਹਾਂ, ਮੇਰੇ ਤਾਂ ਖੰਭ ਤੇ ਪੈਰ ਵੀ ਬਹੁਤ ਛੋਟੇ ਨੇ, ਤੂੰ ਜਦ ਝੂਮਦਾ ਹੈਂ, ਗਾਉਂਦਾ ਹੈਂ, ਨੱਚਦਾ ਹੈਂ, ਪੈਲਾਂ ਪਾਉਂਦਾ ਐਂ ਤਾਂ ਹਰ ਪੰਛੀ ਮੋਰ ਹੋਣਾ ਲੋਚਦਾ ਹੈ ਕਿ ਕਾਸ਼ ਸਾਡੇ ਵੀ ਖੰਭ ਐਨੇ ਵਿਸ਼ਾਲ ਹੁੰਦੇ। ਅਸੀਂ ਤਾਂ ਬਾਰਿਸ਼ ਦਾ ਨਜ਼ਾਰਾ ਨਹੀਂ ਲੈ ਸਕਦੇ, ਖੰਭ ਗਿੱਲੇ ਹੋ ਜਾਣ ਤਾਂ ਉੱਡ ਨਹੀਂ ਸਕਦੇ ਪਰ ਤੂੰ ਤਾਂ ਬਾਰਿਸ਼ ਦਾ ਖੂਬ ਆਨੰਦ ਲੈਂਦਾ ਹੈਂ। ਤੂੰ ਏਦਾਂ ਨਾ ਸੋਚਿਆ ਕਰ। ਕੁਦਰਤ ਦੀ ਰਚਨਾ 'ਤੇ ਸ਼ੱਕ ਕਦੀ ਨਹੀਂ ਕਰੀਦਾ। ਉਸ ਨੇ ਸਭ ਨੂੰ ਅਲੱਗ ਬਣਾਇਆ ਹੈ, ਕੁਝ ਨਾ ਕੁਝ ਸੋਹਣਾ ਤੇ ਕੁਝ ਨਾ ਕੁਝ ਊਣਾ। ਤੇਰੇ ਭੱਦੇ ਪੈਰਾਂ ਕਰਕੇ ਹੀ ਤੂੰ ਬਾਰਿਸ਼ ਦਾ ਆਨੰਦ ਲੈਂਦਾ ਹੈਂ, ਜੇ ਪੈਰ ਵੀ ਸੋਹਣੇ ਹੁੰਦੇ ਤਾਂ ਤੂੰ ਗੰਦੇ ਹੋਣ ਦੇ ਡਰ ਤੋਂ ਕਦੀ ਪੈਲਾਂ ਨਹੀਂ ਸੀ ਪਾਉਣੀਆਂ। ਤੇਰੇ ਲਈ ਇਹ ਭੱਦੇ ਪੈਰ ਸ਼ਰਾਪ ਨਹੀਂ ਵਰਦਾਨ ਹਨ। ਇਹ ਗੱਲ ਦਾ ਸੰਕੇਤ ਹੈ ਕਿ ਆਪਣੇ ਵਜੂਦ ਤੇ ਹਸਤੀ ਦੀ ਬੁਨਿਆਦ ਤੇ ਜ਼ਮੀਨੀ ਹਕੀਕਤ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਇਹ ਪੈਰ ਸਾਡੇ ਨਾਲ ਸਫਰ ਕਰਦੇ ਹਨ, ਸਾਨੂੰ ਕਈ ਪੈਂਡੇ ਤੈਅ ਕਰਵਾਉਂਦੇ ਹਨ। ਇਹ ਸਾਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਇਹ ਸਾਡੀ ਗ਼ਰੀਬੀ ਦੀ ਹਾਲਤ, ਸਾਡੇ ਫਾਕਿਆਂ, ਸਾਡੇ ਸੰਘਰਸ਼ ਦੀ ਯਾਦ ਹੁੰਦੇ ਹਨ ਜੋ ਸਾਨੂੰ ਹਰ ਪਲ ਇਹ ਸਮਝਾਉਂਦੇ ਹਨ ਕਿ ਕਿਥੋਂ ਤੂੰ ਚੱਲਿਆ ਸੀ, ਅੱਜ ਕਿਸ ਮੁਕਾਮ 'ਤੇ ਪੁਹੰਚ ਗਿਆ ਐਂ? ਤੇਰੀ ਸਫਲਤਾ ਨਾਲ ਤੇਰਾ ਸਮਾਜਿਕ ਰੁਤਬਾ ਵਧਣ ਦੇ ਨਾਲ ਤੇਰੀ ਇਨਸਾਨੀਅਤ ਤੇ ਦਰਿਆਦਿਲੀ ਦਾ ਕੱਦ ਛੋਟਾ ਨਹੀਂ ਹੋਣਾ ਚਾਹੀਦਾ, ਔਕਾਤ ਤੇ ਹਕੀਕਤ ਦੋਵੇਂ ਹੀ ਹਰ ਪਲ ਸਦੀਵੀ ਚੇਤਿਆਂ 'ਚ ਰਹਿਣੇ ਚਾਹੀਦੇ ਹਨ। ਇਹ ਤੁਰਦਿਆਂ ਅੱਗੇ-ਪਿੱਛੇ ਹੁੰਦਿਆਂ ਸਾਨੂੰ ਇਹ ਸਮਝਾਉਂਦੇ ਹਨ ਕਿ ਤੁਰਨਾ ਤੂੰ ਹੈਂ, ਵਕਤ ਦਾ ਹੇਰ-ਫੇਰ ਸਦਾ ਇਕੋ ਜਿਹਾ ਨਹੀਂ ਰਹਿੰਦਾ। ਇਹ ਪੈਰ ਤੈਨੂੰ ਹੌਸਲੇ ਵਿਚ ਰਹਿਣ ਦਾ ਸੁਨੇਹਾ ਦਿੰਦੇ ਹਨ। ਤੈਨੂੰ ਹੰਕਾਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਨਿਰੰਤਰ ਕਰਦੇ ਹਨ। ਕਿਉਂਕਿ ਤੇਰੀ ਹਸਤੀ ਤੇ ਮਨ ਦੀ ਤਰੰਨੁਮ ਜਿਹੋ-ਜਿਹੀ ਹੋਵੇਗੀ, ਤੇਰੇ ਪੈਰਾਂ ਦੀ ਚਾਲ-ਢਾਲ ਵੀ ਉਹੋ ਜਿਹੀ ਹੂ-ਬਹੂ ਹੋਵੇਗੀ। ਜੇ ਤੂੰ ਢਹਿੰਦੀ ਕਲਾ ਵਾਲਾ ਹੋਵੇਂਗਾ ਤਾਂ ਇਹ ਪੈਰ ਥੱਕੇ-ਥੱਕੇ ਹੋਏ ਮਹਿਸੂਸ ਕਰਨਗੇ ਪਰ ਜੇ ਤੇਰਾ ਮਨ ਸੁਚਾਰੂ ਬਿਰਤੀ ਵਾਲਾ ਹੋਵੇਗਾ ਤਾਂ ਇਹ ਪੈਰ ਖੰਭਾਂ ਦੀ ਨਿਆਈਂ ਉੱਡਣਗੇ। ਜਿੰਨੀ ਤੂੰ ਉਡਾਰੀ ਭਰਨਾ ਚਾਹੇ, ਇਹ ਤੇਰਾ ਦਮ ਭਰਦੇ ਰਹਿਣਗੇ ਤਾ ਉਮਰ ਤੱਕ। ਤੁਰਦੇ ਪੈਰਾਂ ਨੂੰ ਕਿਸਮਤ ਆਪ ਮੂਹਰੇ ਹੋ ਕੇ ਟੱਕਰਦੀ ਹੈ:
'ਪੀੜ ਤੋਂ ਪ੍ਰਾਪਤੀ ਤੱਕ ਦਾ ਸਫਰ,
ਸਿਰਫ਼ ਪੈਰਾਂ ਨੂੰ ਯਾਦ ਰਹਿੰਦਾ ਹੈ।'
ਸਿਕੰਦਰ ਦੁਨੀਆ ਦਾ ਬਾਦਸ਼ਾਹ ਸੰਸਾਰ ਆਪਣੇ ਕਦਮਾਂ ਦੇ ਨਾਲ ਮਾਪਦਾ ਹੋਇਆ ਕਈ ਮੀਲਾਂ, ਪੈਂਡਾਂ, ਪਹਾੜੀ ਰਸਤੇ ਪੈਦਲ ਹੀ ਸਫਰ ਕਰਦਾ ਗਿਆ ਤੇ ਜਿੱਤਾਂ ਉਹਦੀਆਂ ਪੈੜਾਂ ਦੇ ਨਿਸ਼ਾਨ ਬਣ ਕੇ ਇਤਿਹਾਸ ਵਿਚ ਦਰਜ ਹਨ। ਸਿਕੰਦਰ ਕੇਵਲ ਇਕ ਹੀ ਸਿਕੰਦਰ ਹੋ ਨਿਬੜਿਆ। ਉਸ ਦੇ ਪਿਤਾ ਨੇ ਕਹਿ ਦਿੱਤਾ ਸੀ ਕਿ ਮੇਰਾ ਰਾਜ ਤੇਰੇ ਲਈ ਬਹੁਤ ਛੋਟਾ ਹੈ, ਤੂੰ ਆਪਣੇ ਹਿੱਸੇ ਦੀਆਂ ਧਰਤੀਆਂ ਆਪੇ ਲੱਭ।
ਸਿਧਾਰਥ ਨਿਰਵਾਣ ਦੀ ਪ੍ਰਾਪਤੀ ਲਈ ਘਰੋਂ ਪੈਦਲ ਹੀ ਤੁਰਿਆ ਤੇ ਸਿਧਾਰਥ ਤੋਂ ਬੁੱਧ ਹੋ ਗਿਆ। ਰਾਮ 14 ਸਾਲਾਂ ਦੇ ਬਨਵਾਸ ਵਿਚ ਪੈਦਲ ਹੀ ਜੰਗਲਾਂ ਦੇ ਪੰਧ ਮੁਕਾਉਂਦੇ ਹੋਏ ਭਗਵਾਨ ਰਾਮ ਹੋ ਕੇ ਅਯੁੱਧਿਆ ਪਰਤੇ। ਮਾਛੀਵਾੜੇ ਦੇ ਜੰਗਲਾਂ ਵਿਚ ਸ੍ਰੀ ਗੁੂਰ ਗੋਬਿੰਦ ਸਿੰਘ ਜੀ ਨੰਗੇ ਪੈਰੀਂ ਵਾਟ ਮੁਕਾਉਂਦੇ ਆਪਣੇ ਮੁਰੀਦ ਨੂੰ ਮਿੱਤਰ ਕੇ ਸੰਬੋਧਨ ਕਰਦੇ।
ਸਾਡਾ ਬਾਬਾ ਨਾਨਕ ਸੁਲਤਾਨਪੁਰ ਲੋਧੀ ਤੋਂ ਸਾਰੀ ਲੁਕਾਈ ਨੂੰ ਦੂਰ-ਦੁਰੇਡੇ ਦੇਸ਼ਾਂ 'ਤੇ ਧਰਤੀਆਂ ਤੇ ਸੱਚ ਦਾ ਸੁਨੇਹਾ ਦੇਣ ਲਈ ਕਈ ਹਜ਼ਾਰਾਂ-ਮੀਲਾਂ ਪੈਂਡਾ ਆਪਣੇ ਸਾਥੀ ਭਾਈ ਮਰਦਾਨੇ ਨਾਲ ਪੈਦਲ ਹੀ ਤੈਅ ਕਰ ਗਿਆ ਤੇ ਆਪਣੇ ਨਾਲ ਕੋਈ ਵੀ ਸ਼ੈਅ ਨਾ ਰੱਖੀ। ਉਸ ਨੇ ਖੁਦ ਆਪਣੇ ਕਦਮੀਂ ਲੋਕਾਂ ਤੱਕ 'ਖੁਦਾਇ' ਦਾ ਸੁਨੇਹਾ ਪਹੁੰਚਾਇਆ। ੴ ਇਕ ਅਕਾਲ ਪੁਰਖ ਦੀ ਜੋਤ ਨਾਲ ਜੋੜਿਆ। ਉਸ ਦੇ ਪੈਰ ਕਦੀ ਨਾ ਥੱਕੇ ਨਾ ਅੱਕੇ। ਬਾਣਾ ਉਤਾਰ ਉਹ ਖੇਤਾਂ ਵਿਚ ਖੁਦ ਕੰਮ ਕਰਦਾ, ਕਿਰਤ ਦਾ ਪਾਠ ਪੜ੍ਹਾਉਂਦਾ, ਉਹ ਕੁੱਲ ਲੁਕਾਈ ਦਾ ਰਹਿਬਰ ਹੋ ਨਿਬੜਿਆ। ਉਹ ਥਾਂ, ਉਹ ਧਰਤੀਆਂ ਪੂਜਾ ਸਥਲ ਬਣ ਗਈਆਂ। ਇਸੇ ਬਾਰੇ ਗੁਰਬਾਣੀ ਵਿਚ ਵੀ ਦਰਜ ਹੈ:
ਜਿਥੇ ਬਾਬਾ ਪੈਰੁ ਧਰੈ ਪੂਜਾ ਆਸਣੁ ਥਾਪਣਿ ਸੋਆ...।
ਪੈਰ ਮੁਸ਼ੱਕਤ ਦਾ ਪ੍ਰਤੀਕ ਹਨ। ਸੋ ਇਹ ਸਹੀ ਦਿਸ਼ਾ ਵਿਚ ਤੁਰਦੇ ਹੀ ਸੋਹਣੇ ਲੱਗਦੇ ਹਨ। ਭਟਕਿਆਂ ਹੋਇਆਂ ਨੂੰ ਕਦੀ ਵੀ ਮੰਜ਼ਿਲ ਨਹੀਂ ਮਿਲਦੀ। ਇਨ੍ਹਾਂ ਕਦਮਾਂ ਦੇ ਤੁਸੀਂ ਜੇਕਰ ਮਾਲਕ ਹੋ ਤਾਂ ਇਨ੍ਹਾਂ ਵੱਲ ਜ਼ਰੂਰ ਦੇਖੋ, ਨੀਵੀਂ ਧੌਣ ਨਿਮਰਤਾ ਲਿਆਉਂਦੀ ਹੈ ਕਿ ਇਨ੍ਹਾਂ ਵੱਲ ਦੇਖ ਕੇ ਚੱਲ। ਇਨਸਾਨ ਨੂੰ ਇਨਸਾਨ ਸਮਝ। ਮਿੱਟੀ ਨਾਲ ਭਾਵੇਂ ਮਿੱਟੀ ਕਰ, ਭਾਵੇਂ ਕੰਡਿਆਂ 'ਤੇ ਚੱਲ, ਭਾਵੇਂ ਮਾਰੂਥਲ ਦੀ ਲੋਅ ਝੱਲ। ਪਰ ਸਾਡੀ ਸੁਚੱਜੀ ਵਰਤੋਂ ਕਰ। ਸਾਡੀ ਕਦਰ ਪਾ, ਭਾਈ ਮਿੱਤਰਾ ਅਸੀਂ ਤੇਰੇ ਚਾਲਕ ਹਾਂ।
ਦੁਨੀਆ ਦੇ ਧਨੀ ਆਦਮੀ ਬਿਲਗੇਟਸ ਨੇ ਇਕ ਵਾਰ ਇਕ ਰੈਸਟੋਰੈਂਟ ਦੇ ਵੇਟਰ ਨੂੰ ਟਿੱਪ ਵਿਚ ਕੇਵਲ 100 ਰੁਪਏ ਦਿੱਤੇ (ਭਾਰਤੀ ਕਰੰਸੀ ਅਨੁਸਾਰ) ਤਾਂ ਵੇਟਰ ਨੇ ਕਿਹਾ ਕਿ ਜੀ ਤੁਹਾਡੀ ਬੇਟੀ ਤਾਂ ਸਾਨੂੰ 500 ਰੁਪਏ ਟਿੱਪ ਦੇ ਕੇ ਗਈ ਸੀ ਤਾਂ ਬਿਲਗੇਟਸ ਨੇ ਕਿਹਾ ਕਿ 'ਉਸ ਨੇ ਇਕ ਅਮੀਰ ਪਿਤਾ ਦੇਖਿਆ ਹੈ, ਪਰ ਉਸ ਦਾ ਪਿਤਾ ਇਕ ਗ਼ਰੀਬ ਪਿਤਾ ਦੀ ਔਲਾਦ ਹੈ।' ਸੋ ਮੈਂ ਆਪਣੇ ਪੈਰ ਤੇ ਔਕਾਤ ਕਦੀ ਨਹੀਂ ਭੁੱਲ ਸਕਦਾ। ਇਹ ਘਟਨਾ ਸਾਨੂੰ ਆਪਣੇ ਪੈਰ ਨਹੀਂ ਭੁੱਲਣੇ ਚਾਹੀਦੇ, ਦਾ ਬੋਧ ਕਰਾਉਂਦੀ ਹੈ। ਇਸੇ ਹੀ ਸੰਦਰਭ ਵਿਚ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਹਨ:
ਮੈਂ ਟੁਰਦਾ ਨਹੀਂ ਹਾਂ ਰਾਹਾਂ 'ਤੇ,
ਮੈਂ ਟੁਰਦਾ ਹਾਂ ਤਾਂ ਰਾਹ ਬਣਦੇ
ਜੁਗਾਂ ਜੁਗਾਂ ਤੋਂ ਕਾਫ਼ਲੇ,
ਇਸ ਸੱਚ ਦੇ ਗਵਾਹ ਬਣਦੇ...।

-ਮੋਬਾਈਲ : 79739-80928

Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਐਕਸੀਲੈਂਟ ਐਵਾਰਡ ਨ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਫ਼ੂਕਿਆ ਪੁਤਲਾ-ਰਛਪਾਲ ਸਿੰਘ ਸੋਸਣ
Ad Position 24
No active advertisement