ਇਹ ਇਕ ਪ੍ਰਮਾਣਿਤ ਤੱਥ ਹੈ ਕਿ ਦੁੱਧ, ਦੁਨੀਆ ਦੇ ਹਰੇਕ ਮੁਲਕ ਵਿਚ ਮਿਲਣ ਵਾਲਾ ਭੋਜਨ ਹੈ ਤੇ ਇਕ ਚੰਗੀ ਤੇ ਪੌਸ਼ਟਿਕ ਖ਼ੁਰਾਕ ਵੀ ਹੈ। ਇਸ ਦੀ ਲੋੜ ਮਨੁੱਖ ਨੂੰ ਜਨਮ ਤੋਂ ਲੈ ਕੇ ਜੀਵਨ ਦੀ ਅੰਤਿਮ ਅਵਸਥਾ ਬੁਢਾਪੇ ਤੱਕ ਵੀ ਪੈਂਦੀ ਹੈ। ਸ਼ਾਕਾਹਾਰੀਆਂ ਸਮੇਤ ਅਨੇਕਾਂ ਮਾਸਾਹਾਰੀ ਜੀਵਾਂ ਵਿਚ ਵੀ ਬੱਚਿਆਂ ਦੀ ਮੁਢਲੀ ਖ਼ੁਰਾਕ ਦੁੱਧ ਹੀ ਹੈ।
ਸੱਭਿਆਚਾਰ ਦੇ ਪੱਖ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਆਮ ਭਾਰਤੀ ਘਰਾਂ ਵਿਚ ਰੋਜ਼ਾਨਾ ਹੀ ਦੁੱਧ ਜਾਂ ਫਿਰ ਦੁੱਧ ਤੋਂ ਬਣੀ ਚਾਹ ਜਾਂ ਲੱਸੀ ਪੀਣ ਦੀ ਆਦਤ ਹੈ। ਪ੍ਰਾਹੁਣਾਚਾਰੀ ਵਿਚ ਤਾਂ ਚਾਹ ਜਾਂ 'ਦੁੱਧ-ਪੱਤੀ' ਦਾ ਵਿਸ਼ੇਸ਼ ਸਥਾਨ ਹੈ। ਹਰੇਕ ਘਰ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਦੁੱਧ ਪੀਣ ਦੀ ਆਦਤ ਬਣਾਉਣ 'ਤੇ ਅਕਸਰ ਹੀ ਜ਼ੋਰ ਦਿੱਤਾ ਜਾਂਦਾ ਹੈ ਕਿਉਂਕਿ ਬੱਚਿਆਂ ਅਤੇ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਹਿਤ ਲੋੜੀਂਦੇ ਕਈ ਜ਼ਰੂਰੀ ਖ਼ੁਰਾਕੀ ਤੱਤ ਇਸ ਵਿਚ ਮੌਜੂਦ ਹਨ। ਹੱਡੀਆਂ ਦੀ ਮਜ਼ਬੂਤੀ ਲਈ ਦੁੱਧ ਨੂੰ ਕਾਫੀ ਲਾਹੇਵੰਦਾ ਮੰਨਿਆ ਜਾਂਦਾ ਹੈ। ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਦਹੀਂ, ਪਨੀਰ, ਖੋਇਆ ਅਤੇ ਲੱਸੀ ਆਦਿ ਤਾਂ ਹਰੇਕ ਭਾਰਤੀ ਪਰਿਵਾਰ ਦੇ ਖਾਣ-ਪੀਣ ਦਾ ਅਹਿਮ ਅੰਗ ਹਨ। ਇਸ ਤੋਂ ਇਲਾਵਾ ਮਾਂ ਦੇ ਦੁੱਧ ਸੰਬੰਧੀ ਸੱਭਿਆਚਾਰਕ ਅਤੇ ਵਿਗਿਆਨਕ ਪੱਖ ਦੱਸਦਾ ਹੈ ਕਿ ਮਾਂ ਦੇ ਦੁੱਧ ਦਾ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਵੱਡਾ ਯੋਗਦਾਨ ਹੁੰਦਾ ਹੈ। ਕਈ ਵਾਰ ਤਾਂ ਕਿਸੇ ਨੂੰ ਲਲਕਾਰਨ ਹਿਤ 'ਜੇ ਮਾਂ ਦਾ ਦੁੱਧ ਪੀਤਾ ਈ ਤਾਂ ਮੇਰਾ ਮੁਕਾਬਲਾ ਕਰ' ਜਿਹੇ ਵਾਕ ਬੋਲ ਦਿੱਤੇ ਜਾਂਦੇ ਹਨ। ਜੰਗ 'ਤੇ ਜਾਂਦੇ ਪੁੱਤ ਨੂੰ ਮਾਂਵਾਂ 'ਦੁੱਧ ਦੀ ਲਾਜ' ਰੱਖਣ ਦਾ ਵਾਸਤਾ ਵੀ ਪਾਉਂਦੀਆਂ ਹਨ। ਸਹੁਰੇ ਘਰ ਰਹਿੰਦੀ ਆਪਣੀ ਭੈਣ ਨੂੰ ਮਿਲਣ ਹਿਤ ਆਏ ਵੀਰ ਨੂੰ ਪੀਣ ਲਈ ਦੁੱਧ ਪੇਸ਼ ਕਰਦਿਆਂ ਭੈਣ ਆਖ਼ਦੀ ਹੈ, 'ਵੀਰਾ ਤੈਨੂੰ ਦੁੱਧ ਦਾ ਛੰਨਾ, ਤੇਰੇ ਬੋਤੇ ਨੂੰ ਗੁਆਰੇ ਦੀਆਂ ਫ਼ਲੀਆਂ'। ਧਾਰਮਿਕ ਪੱਖ ਤੋਂ ਵੀ ਦੁੱਧ ਨੂੰ ਪਵਿੱਤਰ ਮੰਨਿਆ ਜਾਂਦਾ ਹੈ।
ਦੁੱਧ ਦੀ ਬਣਤਰ ਘੋਖਣ 'ਤੇ ਪਤਾ ਲਗਦਾ ਹੈ ਕਿ ਇਸ ਵਿਚ ਔਸਤਨ 87 ਫ਼ੀਸਦੀ ਦੇ ਕਰੀਬ ਪਾਣੀ ਤੇ ਬਾਕੀ 3.9 ਪ੍ਰਤੀਸ਼ਤ ਫੈਟ ਭਾਵ ਚਰਬੀ, 4.9 ਫ਼ੀਸਦੀ ਲੈਕਟੋਜ਼ ਅਤੇ 0.7 ਫ਼ੀਸਦੀ ਖਣਿਜ ਅਤੇ ਪ੍ਰੋਟੀਨ ਆਦਿ ਸ਼ਾਮਿਲ ਹੁੰਦੇ ਹਨ। ਦੁੱਧ ਦੀ ਪੈਦਾਵਾਰ ਅਤੇ ਖਪਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੋਵਾਂ ਖੇਤਰਾਂ ਵਿਚ ਭਾਰਤ, ਦੁਨੀਆ ਵਿਚ ਸਭ ਤੋਂ ਪਹਿਲਾ ਦਰਜਾ ਰੱਖਦਾ ਹੈ ਤੇ ਇਸ ਤੋਂ ਬਾਅਦ ਯਰੂਪੀਅਨ ਯੂਨੀਅਨ, ਅਮਰੀਕਾ, ਚੀਨ ਅਤੇ ਰੂਸ ਦਾ ਨਾਂਅ ਆਉਂਦਾ ਹੈ। ਵਿਸ਼ਵ ਪੱਧਰ 'ਤੇ ਸਾਲ 2024 ਵਿਚ ਸੰਸਾਰ ਪੱਧਰ 'ਤੇ ਦੁੱਧ ਦੀ ਪੈਦਾਵਾਰ 98.2 ਕਰੋੜ ਟਨ ਦੇ ਕਰੀਬ ਸੀ ਜਿਸ ਵਿੱਚੋਂ ਭਾਰਤ ਦਾ ਹਿੱਸਾ 24 ਕਰੋੜ ਟਨ ਦੇ ਕਰੀਬ ਸੀ। ਇਸੇ ਤਰ੍ਹਾਂ ਬੀਤੇ ਵਰ੍ਹੇ ਵਿਚ ਭਾਵ ਸੰਨ 2025 ਵਿਚ ਵਿਸ਼ਵ ਪੱਧਰ 'ਤੇ ਦੁੱਧ ਦਾ ਉਤਪਾਦਨ 99.27 ਕਰੋੜ ਟਨ ਸੀ ਤੇ ਇਸ ਵਿਚ ਭਾਰਤ ਦਾ ਯੋਗਦਾਨ 25.1 ਕਰੋੜ ਟਨ ਦੇ ਕਰੀਬ ਸੀ। ਤੇ ਭਾਰਤ ਮੁੜ ਤੋਂ 'ਨੰਬਰ ਵੰਨ' ਸੀੇ। ਗ਼ੌਰਤਲਬ ਹੈ ਕਿ ਭਾਰਤ ਨੇ ਇਹ ਦਰਜਾ ਸੰਨ 1998 ਤੋਂ ਬਰਕਰਾਰ ਰੱਖਿਆ ਹੋਇਆ ਹੈ।
ਜੀਵਨ ਵਿਚ ਦੁੱਧ ਦੀ ਮਹੱਤਤਾ ਦੇ ਮੱਦੇਨਜ਼ਰ ਦੁਨੀਆ ਭਰ ਵਿਚ 1 ਜੂਨ ਦੇ ਦਿਨ ਨੂੰ 'ਵਿਸ਼ਵ ਦੁੱਧ ਦਿਵਸ' ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੁੱਧ ਦੇ ਲਾਭਾਂ ਸੰਬੰਧੀ ਵਿਸਥਾਰ ਨਾਲ ਚਰਚਾ ਕਰਦੇ ਸੈਮੀਨਾਰ, ਵੈਬੀਨਾਰ, ਪਸ਼ੂ ਧਨ ਮੇਲੇ ਤੇ ਹੋਰ ਪ੍ਰੋਗਰਾਮ ਸੰਸਾਰ ਭਰ ਵਿਚ ਕਰਵਾਏ ਜਾਂਦੇ ਹਨ। ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਸੰਨ 2001 ਵਿਚ ਸੰਯੁਕਤ ਰਾਸ਼ਟਰ ਸੰਘ ਦੀ ਜਥੇਬੰਦੀ 'ਫ਼ੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ' ਦੇ ਯਤਨਾਂ ਸਦਕਾ ਕੀਤੀ ਗਈ ਸੀ। ਇਸ ਕੌਮਾਂਤਰੀ ਦਿਵਸ ਲਈ 1 ਜੂਨ ਦਾ ਹੀ ਦਿਹਾੜਾ ਚੁਣਨ ਦਾ ਮੁੱਖ ਕਾਰਨ ਇਹ ਵੀ ਸੀ ਕਿ ਦੁਨੀਆ ਦੇ ਬਹੁਤੇ ਮੁਲਕਾਂ ਵਿਚ ਵੱਖ-ਵੱਖ ਕਾਰਨਾਂ ਕਰਕੇ ਇਹ ਦਿਵਸ 1 ਜੂਨ ਨੂੰ ਹੀ ਮਨਾਇਆ ਜਾਂਦਾ ਸੀ।
ਇਹ ਵੀ ਸੱਚ ਹੈ ਕਿ ਮਨੁੱਖ ਲਈ ਦੁੱਧ ਕੇਵਲ ਇਕ ਸੰਤੁਲਿਤ ਖ਼ੁਰਾਕ ਹੀ ਨਹੀਂ ਹੈ ਸਗੋਂ ਇਹ ਰੋਜ਼ੀ ਰੋਟੀ ਦਾ ਵੀ ਇਕ ਵੱਡਾ ਸਾਧਨ ਹੈ। ਦੁਨੀਆ ਭਰ ਵਿਚ 60 ਕਰੋੜ ਤੋਂ 1 ਅਰਬ ਤੱਕ ਲੋਕਾਂ ਦੀ ਰੋਜ਼ੀ-ਰੋਟੀ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਵਿੱਕਰੀ 'ਤੇ ਨਿਰਭਰ ਕਰਦੀ ਹੈ ਜਦੋਂ ਕਿ ਇਨ੍ਹਾਂ ਦੁੱਧ-ਪਦਾਰਥਾਂ ਦਾ ਉਪਭੋਗ 600 ਕਰੋੜ ਲੋਕਾਂ ਵਲੋਂ ਹਰ ਰੋਜ਼ ਕੀਤਾ ਜਾਂਦਾ ਹੈ। ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਸੰਨ 1950-51 ਵਿਚ 5.56 ਕਰੋੜ ਟਨ ਦੁੱਧ ਦਾ ਉਤਪਾਦਨ ਹੁੰਦਾ ਸੀ ਜੋ ਕਿ ਸਾਲ 2024-25 ਵਿਚ 485 ਗ੍ਰਾਮ ਤੱਕ ਪੁੱਜ ਗਿਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਇਸ ਦੌਰਾਨ ਵਿਸ਼ਵ ਪੱਧਰ 'ਤੇ ਹਰੇਕ ਵਿਅਕਤੀ ਲਈ ਦੁੱਧ ਦੀ ਉਪਲਬਧਤਾ ਕੇਵਲ 322 ਗ੍ਰਾਮ ਪ੍ਰਤੀ ਦਿਨ ਸੀ।
ਜੇਕਰ ਭਾਰਤ ਦੇ ਛੇ ਮੁੱਖ ਦੁੱਧ ਉਤਪਾਦਕ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਸਭ ਤੋਂ ਪਹਿਲਾ ਨਾਂਅ ਉੱਤਰ ਪ੍ਰਦੇਸ਼ ਦਾ ਆਉਂਦਾ ਹੈ। ਇਸ ਤੋਂ ਬਾਅਦ ਦਰਜਾ-ਬ-ਦਰਜਾ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ ਅਤੇ ਪੰਜਾਬ ਆਦਿ ਰਾਜਾਂ ਦੇ ਨਾਂਅ ਸ਼ਾਮਿਲ ਕੀਤੇ ਜਾਂਦੇ ਹਨ। ਸੰਨ 2024-25 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਕੁੱਲ ਦੁੱਧ ਉਤਪਾਦਨ ਵਿੱਚ ਸਭ ਤੋਂ ਵੱਧ 16 ਫ਼ੀਸਦੀ ਹਿੱਸਾ ੳੁੱਤਰ ਪ੍ਰਦੇਸ਼ ਵਲੋਂ ਪਾਇਆ ਗਿਆ ਸੀ ਜਦੋਂ ਕਿ ਪੰਜਾਬ ਦਾ ਯੋਗਦਾਨ ਸੱਤ ਤੋਂ ਅੱਠ ਫ਼ੀਸਦੀ ਦੇ ਕਰੀਬ ਪਾਇਆ ਗਿਆ ਸੀ। ਦੁੱਧ-ਪਦਾਰਥਾਂ ਦੇ ਨਿਰਯਾਤ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਅਮਰੀਕਾ, ਬੰਗਲਾਦੇਸ਼, ਅਫ਼ਗਾਨਿਸਤਾਨ, ਮਲੇਸ਼ੀਆ, ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਆਦਿ ਸਣੇ ਵਿਦੇਸ਼ੀ ਮੁਲਕਾਂ ਨੂੰ ਭਾਰਤ ਨੇ ਸਾਲ 2024-25 ਦੌਰਾਨ 1, 13, 350 ਮੀਟ੍ਰਿਕ ਟਨ ਦੁੱਧ ਉਤਪਾਦ ਨਿਰਯਾਤ ਕੀਤੇ ਸਨ ਜਿਨ੍ਹਾਂ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 49.286 ਕਰੋੜ ਡਾਲਰ ਬਣਦੀ ਸੀ।
ਸ਼ਾਕਾਹਾਰੀ ਲੋਕਾਂ ਲਈ ਦੁੱਧ ਅਤੇ ਦੁੱਧ ਉਤਪਾਦ ਹੀ ਸਰਬੋਤਮ ਖ਼ੁਰਾਕ ਮੰਨੇ ਜਾਂਦੇ ਰਹੇ ਹਨ ਪਰ ਬਦਲਦੇ ਸਮੇਂ ਅਤੇ ਬਦਲਦੀ ਦੁਨੀਆ ਵਿਚ ਦੁੱਧ ਉਤਪਾਦਾਂ ਨੂੰ ਭੰਡਣ ਅਤੇ ਘੱਟ ਵਰਤਣ ਦਾ ਪ੍ਰਚਾਰ ਚੱਲ ਪਿਆ ਹੈ। ਬਦਲਦੀ ਜੀਵਨ ਸ਼ੈਲੀ ਵਿਚ ਹੁਣ ਬੈਠ ਕੇ ਕੀਤੇ ਜਾਣ ਵਾਲੇ ਕੰਮਾਂ ਅਤੇ ਕੰਮ ਦੇ ਕੁੱਲ ਘੰਟਿਆਂ ਵਿਚ ਵਾਧਾ ਹੋਇਆ ਹੈ ਜਿਸ ਕਰਕੇ ਲੋਕ ਹੁਣ ਪਹਿਲਾਂ ਦੀ ਬਨਿਸਪਤ ਜ਼ਿਆਦਾ ਘਿਓ, ਪਨੀਰ, ਮੱਖਣ ਆਦਿ ਖਾਣ ਤੋਂ ਕਤਰਾਉਣ ਲੱਗ ਪਏ ਹਨ। ਦਿਲ ਦੇ ਰੋਗਾਂ ਅਤੇ ਖ਼ਾਸ ਕਰਕੇ ਦਿਲ ਨੂੰ ਜਾਣ ਵਾਲੀਆਂ ਨਾੜਾਂ ਵਿਚ ਚਰਬੀ ਦਾ ਜੰਮ ਜਾਣਾ ਅਤੇ ਉਪਰੰਤ ਡਾਕਟਰਾਂ ਦੀ ਰਾਇ ਦੁੱਧ ਉਤਪਾਦਾਂ ਦੀ ਵਰਤੋਂ ਘਟਾਉਣ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰ ਰਹੇ ਹਨ। ਵਿਆਹਾਂ ਅਤੇ ਹੋਰ ਸਮਾਜਿਕ ਸਮਾਗਮਾਂ ਵਿਚ ਨਕਲੀ ਪਨੀਰ ਵਰਤਾਏ ਜਾਣ ਦੇ ਖ਼ਦਸ਼ਿਆਂ ਨੂੰ ਲੈ ਕੇ ਆਮ ਲੋਕਾਂ ਨੇ ਹੁਣ ਵਿਆਹਾਂ-ਸ਼ਾਦੀਆਂ, ਪਾਰਟੀਆਂ ਅਤੇ ਹੋਟਲਾਂ ਜਾਂ ਢਾਬਿਆਂ ਆਦਿ ਵਿਚ ਪਨੀਰ ਪਕੌੜੇ ਜਾਂ ਪਨੀਰ ਦੀ ਸਬਜ਼ੀ ਖਾਣ ਤੋਂ ਗੁਰੇਜ਼ ਕਰਨਾ ਸ਼ੁਰੂ ਦਿੱਤਾ ਹੈ। ਉਂਜ ਰਾਤ ਨੂੰ ਸੌਣ ਸਮੇਂ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ, ਇਸ ਬਾਰੇ ਵੱਖ-ਵੱਖ ਆਯੁਰਵੇਦ ਮਾਹਿਰਾਂ ਜਾਂ ਹੋਰ ਸਿਹਤ ਮਾਹਿਰਾਂ ਦੀ ਰਾਇ ਵੱਖੋ-ਵੱਖਰੀ ਹੈ।
ਬਹੁਤ ਹੀ ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਦੁੱਧ ਉਤਪਾਦਨ ਦੇ ਵਧੀਆ ਅੰਕੜੇ ਮੌਜੂਦ ਹੋਣ ਦੇ ਬਾਵਜੂਦ ਵਧਦੇ ਸ਼ਹਿਰੀਕਰਨ ਅਤੇ ਤੇਜ਼ੀ ਨਾਲ ਵਧਦੀ ਵਸੋਂ ਦੀ ਬਨਿਸਪਤ ਦੁਧਾਰੂ ਪਸ਼ੂਆਂ ਦੀ ਗਿਣਤੀ ਵਿਚ ਲੋੜੀਂਦਾ ਵਾਧਾ ਨਾ ਹੋਣ ਕਰਕੇ ਇਥੇ ਨਕਲੀ ਜਾਂ ਮਿਲਾਵਟੀ 'ਚਿੱਟੇ ਦੁੱਧ' ਦਾ 'ਕਾਲਾ ਕਾਰੋਬਾਰ' ਵੱਡੇ ਪੱਧਰ 'ਤੇ ਚੱਲ ਰਿਹਾ ਹੈ ਤੇ ਵੱਡੇ-ਵੱਡੇ ਬਰਾਂਡਾਂ ਵਲੋਂ ਵੀ ਸ਼ੁੱਧ ਦੁੱਧ ਜਾਂ ਦੇਸੀ ਘਿਓ ਦੇ ਨਾਂਅ 'ਤੇ ਮਿਲਾਵਟੀ ਦੁੱਧ ਪਦਾਰਥ ਵੇਚੇ ਜਾ ਰਹੇ ਹਨ। ਇਥੇ ਸਰਕਾਰੀ ਤੰਤਰ ਵਿਚ ਖ਼ਾਮੀਆਂ ਦਾ ਫ਼ਾਇਦਾ ਕੁਝ ਲੋਭੀ ਵਪਾਰੀ ਉਠਾਉਂਦੇ ਹਨ ਤੇ ਲੋਕਾਂ ਦੀ ਤੇ ਖ਼ਾਸ ਕਰਕੇ ਨਿੱਕੇ ਬੱਚਿਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰਦਿਆਂ ਹੋਇਆਂ ਨਕਲੀ ਦੁੱਧ, ਖੋਇਆ, ਪਨੀਰ ਜਾਂ ਮਠਿਆਈਆਂ ਬਣਾਉਂਦੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਟਨਾਂ ਦੇ ਹਿਸਾਬ ਨਾਲ ਨਕਲੀ ਦੁੱਧ, ਨਕਲੀ ਪਨੀਰ, ਨਕਲੀ ਖੋਇਆ ਜਾਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮਠਿਆਈਆਂ ਦਾ ਫੜੇ ਜਾਣਾ ਇਹ ਸਾਬਿਤ ਕਰਦਾ ਹੈ ਕਿ ਇਥੇ ਦੁੱਧ ਦੇ ਮਾਮਲੇ ਵਿਚ 'ਸਭ ਅੱਛਾ' ਨਹੀਂ ਹੈ। ਤਿਉਹਾਰਾਂ ਦੇ ਦਿਨਾਂ ਵਿਚ ਚੌਕੰਨਾ ਹੋ ਕੇ ਛਾਪੇਮਾਰੀ ਕਰਨ ਵਾਲਾ ਸਿਹਤ ਵਿਭਾਗ ਆਮ ਦਿਨਾਂ ਵਿਚ ਅਵੇਸਲਾ ਹੋ ਜਾਂਦਾ ਹੈ ਤੇ ਟੈਂਕਰਾਂ ਦੇ ਟੈਂਕਰ ਨਕਲੀ ਦੁੱਧ ਤੇ ਟਰੱਕਾਂ ਦੇ ਟਰੱਕ ਨਕਲੀ ਦੁੱਧ ਪਦਾਰਥ ਇਕ ਰਾਜ ਤੋਂ ਦੂਜੇ ਰਾਜਾਂ ਵਿਚ ਚਲੇ ਜਾਂਦੇ ਹਨ। ਕਮਾਉਣ ਵਾਲੇ ਕਰੋੜਾਂ ਰੁਪਏ ਕਮਾ ਜਾਂਦੇ ਹਨ ਤੇ ਕਰੋੜਾਂ ਮਾਸੂਮ ਲੋਕਾਂ ਦੀ ਸਿਹਤ ਦਾ ਸੱਤਿਆਨਾਸ ਕਰ ਜਾਂਦੇ ਹਨ। ਲੋਕਾਂ ਵਿਚ ਜਾਗਰੂਕਤਾ ਹੀ ਇਸ ਸਮੱਸਿਆ ਦਾ ਇਕ-ਮਾਤਰ ਹੱਲ ਹੈ ਕਿਉਂਕਿ ਜਿਸ ਦਿਨ ਲੋਕ ਆਪਣੀਆਂ ਤੇ ਆਪਣੇ ਪਿਆਰਿਆਂ ਦੀਆਂ ਜਾਨਾਂ ਦੀ ਪਰਵਾਹ ਕਰਦੇ ਹੋਏ ਨਕਲੀ ਦੁੱਧ ਤੇ ਦੁੱਧ ਪਦਾਰਥ ਉਤਪਾਦਕਾਂ ਖ਼ਿਲਾਫ਼ ਮੁਹਿੰਮ ਛੇੜਨਗੇ ਉਦੋਂ ਪੁਲੀਸ ਤੇ ਸਿਵਲ ਪ੍ਰਸ਼ਾਸਨ 'ਕਾਲੀਆਂ ਭੇਡਾਂ' ਖ਼ਿਲਾਫ਼ ਸਖ਼ਤ ਕਾਰਵਾਈ ਲਈ ਮਜਬੂਰ ਹੋ ਜਾਏਗਾ।
-410, ਚੰਦਰ ਨਗਰ, ਬਟਾਲਾ (ਜ਼ਿਲ੍ਹਾ ਗੁਰਦਾਸਪੁਰ)।
ਮੋਬਾ: 97816-46008