ਇਕੀਵੀਂ ਸਦੀ ਦੇ ਤੀਜੇ ਦਹਾਕੇ ਤੱਕ ਆਉਂਦੇ-ਆਉਂਦੇ ਵਿਗਿਆਨ ਨੇ ਖੇਡਾਂ ਦੇ ਹਰ ਪਹਿਲੂ ਨੂੰ ਬਦਲ ਕੇ ਰੱਖ ਦਿੱਤੈੈ। ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਖੇਡ ਮਹਾਕੁੰਭ, ਭਾਵ ਫੀਫਾ ਫੁੱਟਬਾਲ ਵਿਸ਼ਵ ਕੱਪ 2026 ਵਿਚ ਇਸ ਵਾਰ ਇਕ ਅਜਿਹਾ ਇਤਿਹਾਸਕ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਦੀ ਕੁਝ ਸਾਲ ਪਹਿਲਾਂ ਤੱਕ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਵਿਚ 11 ਜੂਨ, 2026 ਤੋਂ ਸ਼ੁਰੂ ਹੋ ਕੇ 19 ਜੁਲਾਈ ਤੱਕ ਹੋਣ ਜਾ ਰਹੇ ਇਸ ਮੈਗਾ ਟੂਰਨਾਮੈਂਟ ਵਿਚ ਇਸ ਵਾਰ ਸਿਰਫ਼ ਖਿਡਾਰੀਆਂ ਦੀ ਫਿਟਨੈੱਸ ਹੀ ਨਹੀਂ, ਸਗੋਂ ਮੈਦਾਨ 'ਤੇ ਦੌੜਨ ਵਾਲੀ ਫੁੱਟਬਾਲ ਦੀ ਬੈਟਰੀ ਲਾਈਫ ਵੀ ਮਹੱਤਵਪੂਰਨ ਹੋਵੇਗੀ। ਇਸ ਵਿਸ਼ਵ ਕੱਪ ਦੀ ਅਧਿਕਾਰਤ ਗੇਂਦ ਟ੍ਰਾਇੰਡਾ ਨੂੰ ਖੇਡ ਵਿਗਿਆਨੀ ਇਤਿਹਾਸ ਦੀ ਸਭ ਤੋਂ ਉੱਨਤ ਅਤੇ ਸਮਾਰਟ ਗੇਂਦ ਵਜੋਂ ਮੈਦਾਨ ਵਿਚ ਉਤਾਰਨ ਲਈ ਤਿਆਰ ਹਨ।
ਫੀਫਾ ਵਿਸ਼ਵ ਫੁੱਟਬਾਲ ਕੱਪ 2026 ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਇਸ ਅਧਿਕਾਰਤ ਗੇਂਦ ਦਾ ਨਾਂਅ ਟ੍ਰਾਇੰਡਾ ਰੱਖਿਆ ਗਿਆ ਹੈ। ਇਹ ਨਾਂਅ ਤਿੰਨ ਮੇਜ਼ਬਾਨ ਦੇਸ਼ਾਂ ਦੀ ਏਕਤਾ ਅਤੇ ਫੁੱਟਬਾਲ ਦੇ ਤਿੰਨ ਮੁੱਖ ਪਹਿਲੂਆਂ ਗਤੀ, ਸ਼ੁੱਧਤਾ ਅਤੇ ਤਕਨੀਕ ਨੂੰ ਦਰਸਾਉਂਦਾ ਹੈ। ਇਹ ਗੇਂਦ ਦੇਖਣ ਵਿਚ ਜਿੰਨੀ ਆਕਰਸ਼ਕ ਹੈ, ਇਸ ਦੇ ਅੰਦਰੂਨੀ ਹਿੱਸੇ ਓਨੇ ਹੀ ਰਹੱਸਮਈ ਅਤੇ ਤਕਨੀਕ ਨਾਲ ਭਰਪੂਰ ਹਨ। ਇਸ ਗੇਂਦ ਦੀ ਸਭ ਤੋਂ ਵੱਡੀ ਅਤੇ ਹੈਰਾਨੀਜਨਕ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਰੀਚਾਰਜੇਬਲ ਗੇਂਦ ਹੈ। ਜਿਵੇਂ ਅਸੀਂ ਆਪਣੇ ਮੋਬਾਈਲ ਫੋਨ, ਸਮਾਰਟਵਾਚ ਜਾਂ ਲੈਪਟਾਪ ਨੂੰ ਵਰਤਣ ਤੋਂ ਪਹਿਲਾਂ ਚਾਰਜ ਕਰਦੇ ਹਾਂ, ਠੀਕ ਉਵੇਂ ਹੀ ਹਰ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਟ੍ਰਾਇੰਡਾ ਗੇੇਂਦ ਨੂੰ ਚਾਰਜਿੰਗ ਪੁਆਇੰਟ 'ਤੇ ਰੱਖ ਕੇ ਪੂਰੀ ਤਰ੍ਹਾਂ ਚਾਰਜ ਕੀਤਾ ਜਾਵੇਗਾ। ਇਸ ਦੇ ਅੰਦਰ ਲਗਾਈ ਗਈ ਬੈਟਰੀ ਇਕ ਵਾਰ ਫੁੱਲ ਚਾਰਜ ਹੋਣ 'ਤੇ ਲਗਭਗ 6 ਘੰਟੇ ਤੱਕ ਨਿਰੰਤਰ ਕੰਮ ਕਰ ਸਕਦੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਮੈਚ ਨਿਰਧਾਰਿਤ 90 ਮਿੰਟਾਂ ਤੋਂ ਬਾਅਦ ਵਾਧੂ/ਐਕਸਟਰਾ ਟਾਈਮ ਜਾਂ ਪੈਨਲਟੀ ਸ਼ੂਟ-ਆਊਟ ਤੱਕ ਵੀ ਖਿੱਚਿਆ ਜਾਂਦਾ ਹੈ, ਤਾਂ ਵੀ ਗੇਂਦ ਦੀ ਬੈਟਰੀ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਸਾਥ ਦੇਵੇਗੀ।
ਮਸ਼ਹੂਰ ਖੇਡ ਉਤਪਾਦ ਨਿਰਮਾਤਾ ਇਕ ਕੰਪਨੀ ਏਡੀਡਾਸ ਵਲੋਂ ਵਿਕਸਿਤ ਕੀਤੀ ਗਈ ਇਸ ਗੇਂਦ ਦੇ ਬਿਲਕੁਲ ਕੇਂਦਰ ਵਿਚ ਇਕ ਬਹੁਤ ਹੀ ਹਲਕਾ ਅਤੇ ਬਾਰੀਕ ਹਾਈਟੈਕ ਸੈਂਸਰ ਲਾਇਆ ਗਿਆ ਹੈ। ਇਸ ਸੈਂਸਰ ਚਿੱਪ ਦਾ ਕੁੱਲ ਵਜ਼ਨ ਮਹਿਜ਼ 14 ਗ੍ਰਾਮ ਹੈ। ਪਰ ਇਸ ਛੋਟੇ ਜਿਹੇ ਸੈਂਸਰ ਦੀ ਕਾਰਜਕੁਸ਼ਲਤਾ ਬੇਮਿਸਾਲ ਹੈ। ਇਹ ਹਰ ਇਕ ਸੈਕਿੰਡ ਵਿਚ 500 ਵਾਰ (500 ਐਚ ਜ਼ੈਡ) ਡਾਟਾ ਰਿਕਾਰਡ ਕਰਨ ਦੇ ਸਮਰੱਥ ਹੈ। ਜਦੋਂ ਕੋਈ ਖਿਡਾਰੀ ਇਸ ਗੇਂਦ ਨੂੰ ਪਾਸ ਦਿੰਦਾ ਹੈ, ਜ਼ੋਰਦਾਰ ਕਿੱਕ ਮਾਰਦਾ ਹੈ, ਹੈੱਡਰ ਕਰਦਾ ਹੈ ਜਾਂ ਗੋਲਕੀਪਰ ਇਸ ਨੂੰ ਹਵਾ ਵਿਚ ਡਾਈਵ ਮਾਰ ਕੇ ਫੜਦਾ ਹੈ, ਤਾਂ ਉਸੇ ਪਲ ਗੇਂਦ ਦੀ ਸਪੀਡ, ਉਸ ਦੀ ਘੁੰਮਣ ਦੀ ਦਿਸ਼ਾ ਅਤੇ ਹਵਾ ਵਿਚ ਉਸ ਦੇ ਮਾਰਗ ਦਾ ਸਾਰਾ ਡਾਟਾ ਕੰਪਿਊਟਰ ਪ੍ਰਣਾਲੀ ਵਿਚ ਦਰਜ ਹੋ ਜਾਂਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਸੈਂਸਰ ਨੂੰ ਗੇਂਦ ਦੇ ਅੰਦਰ ਇਕ ਵਿਸ਼ੇਸ਼ ਸਸਪੈਂਸ਼ਨ ਸਿਸਟਮ ਰਾਹੀਂ ਇਸ ਤਰ੍ਹਾਂ ਸੰਤੁਲਿਤ ਕੀਤਾ ਗਿਆ ਹੈ ਕਿ ਖਿਡਾਰੀਆਂ ਨੂੰ ਖੇਡਦੇ ਸਮੇਂ ਗੇਂਦ ਦੇ ਵਜ਼ਨ ਜਾਂ ਉਛਾਲ ਵਿਚ ਰਵਾਇਤੀ ਫੁੱਟਬਾਲ ਨਾਲੋਂ ਰੱਤੀ ਭਰ ਵੀ ਫਰਕ ਮਹਿਸੂਸ ਨਹੀਂ ਹੁੰਦਾ।
ਸਟੇਡੀਅਮ ਦੇ ਕੈਮਰਿਆਂ ਨਾਲ ਜੁਗਲਬੰਦੀ ਅਤੇ ਵੀਡੀਓ ਅਸਿਸਟੈਂਟ ਰੈਫਰੀ (ਵਾਰ) ਨੂੰ ਕੰਮ ਕਰਨ ਲਈ ਟ੍ਰਾਇੰਡਾ ਗੇਂਦ ਇਕੱਲੀ ਮਦਦ ਹੀ ਨਹੀਂ ਦੇਵੇਗੀ, ਸਗੋਂ ਇਹ ਸਟੇਡੀਅਮ ਦੀ ਛੱਤ ਅਤੇ ਆਲੇ-ਦੁਆਲੇ ਲਗਾਏ ਜਾਣ ਵਾਲੇ 12 ਵਿਸ਼ੇਸ਼ ਹਾਈ-ਸਪੀਡ ਟਰੈਕਿੰਗ ਕੈਮਰਿਆਂ ਨਾਲ ਵੀ ਸਿੱਧੀ ਜੁੜੇੇੇਗੀ। ਇਹ ਕੈਮਰੇ ਖਿਡਾਰੀਆਂ ਦੇ ਸਰੀਰ ਦੇ ਉਨੱਤੀ ਵੱਖ-ਵੱਖ ਪੁਆਇੰਟਸ ਨੂੰ ਇਕ ਸੈਕਿੰਡ ਵਿਚ 50 ਵਾਰ ਟਰੈਕ ਕਰਨਗੇੇ।
ਜਦੋਂ ਗੇਂਦ ਦਾ 500 ਐਚ. ਜ਼ੈਡ. ਡਾਟਾ ਅਤੇ ਕੈਮਰਿਆਂ ਦਾ ਵੀਡੀਓ ਡਾਟਾ ਆਪਸ ਵਿਚ ਮਿਲਣਗੇੇ , ਤਾਂ ਇਹ ਖੇਡ ਦੇ ਸਭ ਤੋਂ ਵਿਵਾਦਪੂਰਨ ਫੈਸਲਿਆਂ ਨੂੰ ਪਲ ਭਰ ਵਿਚ ਸੁਲਝਾ ਦੇਣਗੇ। ਫੁੱਟਬਾਲ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਆਫਸਾਈਡ ਜਾਂ ਗੋਲ-ਲਾਈਨ ਦੇ ਫੈਸਲਿਆਂ ਕਰਕੇ ਵੱਡੀਆਂ-ਵੱਡੀਆਂ ਟੀਮਾਂ ਵਿਸ਼ਵ ਕੱਪ ਵਰਗੇ ਟੂਰਨਾਮੈਂਟਾਂ ਵਿਚੋਂ ਬਾਹਰ ਹੋ ਜਾਂਦੀਆਂ ਹਨ ਅਤੇ ਰੈਫਰੀ ਦੇ ਇਕ ਗ਼ਲਤ ਫ਼ੈਸਲੇ 'ਤੇ ਹੰਗਾਮਾ ਹੋ ਜਾਂਦੈੈ। ਪਰ ਇਸ ਵਾਰ ਇਹ ਸਮਾਰਟ ਗੇਂਦ ਲਾਈਵ ਡਾਟਾ ਸਿੱਧਾ ਵੀਡੀਓ ਅਸਿਸਟੈਂਟ ਰੈਫਰੀ ਦੇ ਕੰਪਿਊਟਰ ਮੋਨੀਟਰ 'ਤੇ ਭੇਜੇਗੀ। ਇਸ ਨਾਲ ਰੈਫਰੀ ਨੂੰ ਇਹ ਪਤਾ ਲਗਾਉਣ ਵਿਚ ਸਿਰਫ਼ ਕੁਝ ਸੈਕਿੰਡ ਲੱਗਣਗੇ ਕਿ ਗੇਂਦ ਖਿਡਾਰੀ ਦੇ ਪੈਰ ਨੂੰ ਕਿੰਨੇ ਮਾਈਕਰੋ ਸੈਕੰਡ 'ਤੇ ਛੂਹ ਕੇ ਨਿਕਲੀ ਸੀ ਅਤੇ ਉਸ ਵੇਲੇ ਦੂਜਾ ਖਿਡਾਰੀ ਆਫਸਾਈਡ ਪੁਜ਼ੀਸ਼ਨ ਵਿਚ ਸੀ ਜਾਂ ਨਹੀਂ।
ਹਾਲਾਂਕਿ ਫੁੱਟਬਾਲ ਵਿਚ ਤਕਨੀਕ ਦੀ ਵਰਤੋਂ ਪਿਛਲੇ ਕੁਝ ਸਾਲਾਂ ਤੋਂ ਹੌਲੀ-ਹੌਲੀ ਵਧੀ ਹੈ। ਕਤਰ ਵਿਸ਼ਵ ਕੱਪ 2022 ਅਤੇ ਯੂਰੋ ਕੱਪ ਵਿਚ ਵੀ ਸੈਂਸਰ ਵਾਲੀਆਂ ਗੇਂਦਾਂ ਦਾ ਮੁਢਲਾ ਰੂਪ ਦੇਖਣ ਨੂੰ ਮਿਲਿਆ ਸੀ, ਪਰ 2026 ਵਿਸ਼ਵ ਕੱਪ ਵਿਚ ਵਰਤੀ ਜਾਣ ਵਾਲੀ ਟ੍ਰਾਇੰਡਾ ਗੇਂਦ ਦੀ ਤਕਨੀਕ ਉਨ੍ਹਾਂ ਨਾਲੋਂ ਕਈ ਗੁਣਾ ਵਧੇਰੇ ਆਧੁਨਿਕ ਅਤੇ ਅਪਗ੍ਰੇਡਡ ਹੈ। ਪੁਰਾਣੀਆਂ ਗੇਂਦਾਂ ਦੇ ਮੁਕਾਬਲੇ ਇਸ ਦੇ ਸੈਂਸਰ ਦੀ ਸ਼ੁੱਧਤਾ ਨੂੰ ਹੋਰ ਬਿਹਤਰ ਕੀਤਾ ਗਿਆ ਹੈ ਅਤੇ ਬੈਟਰੀ ਦੀ ਸਮਰੱਥਾ ਨੂੰ ਵਧਾਇਆ ਗਿਆ ਹੈ, ਤਾਂ ਜੋ ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਵੱਖ-ਵੱਖ ਮੌਸਮ ਅਤੇ ਤਾਪਮਾਨ ਵਿਚ ਵੀ ਇਹ ਬਿਨਾਂ ਕਿਸੇ ਤਕਨੀਕੀ ਖ਼ਰਾਬੀ ਦੇ ਕੰਮ ਕਰ ਸਕੇ।
ਇਸ ਤਕਨੀਕ ਦਾ ਫਾਇਦਾ ਸਿਰਫ਼ ਰੈਫਰੀ ਜਾਂ ਖਿਡਾਰੀਆਂ ਨੂੰ ਹੀ ਨਹੀਂ, ਸਗੋਂ ਟੀ.ਵੀ. ਅਤੇ ਸਟੇਡੀਅਮ ਵਿਚ ਬੈਠੇ ਕਰੋੜਾਂ ਫੁੱਟਬਾਲ ਪ੍ਰਸ਼ੰਸਕਾਂ ਨੂੰ ਵੀ ਹੋਵੇਗਾ। ਟੀ.ਵੀ. ਚੈਨਲ ਇਸ ਲਾਈਵ ਡਾਟਾ ਦੀ ਵਰਤੋਂ ਕਰਕੇ ਮੈਚ ਦੇ ਦੌਰਾਨ ਹੀ ਸਕ੍ਰੀਨ 'ਤੇ ਸ਼ਾਨਦਾਰ 3-ਡੀ ਗ੍ਰਾਫਿਕਸ ਦਿਖਾ ਸਕਣਗੇ। ਭਾਵ ਜਿਵੇਂ ਹੀ ਕ੍ਰਿਸਟਿਆਨੋ ਰੋਨਾਲਡੋ ਜਾਂ ਲਿਓਨਲ ਮੈਸੀ ਵਰਗਾ ਕੋਈ ਦਿੱਗਜ ਖਿਡਾਰੀ ਗੋਲ ਕਰੇਗਾ, ਤਾਂ ਸਕ੍ਰੀਨ 'ਤੇ ਤੁਰੰਤ ਦਿਖਾਈ ਦੇਵੇਗਾ ਕਿ ਗੇਂਦ ਦੀ ਰਫ਼ਤਾਰ ਕਿੰਨੇ ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਗੇਂਦ ਨੇ ਹਵਾ ਵਿਚ ਕਿੰਨੇ ਚੱਕਰ ਕੱਟੇ। ਇਹ ਲਾਈਵ ਵਿਸ਼ਲੇਸ਼ਣ ਖੇਡ ਨੂੰ ਦੇਖਣ ਦੇ ਰੋਮਾਂਚ ਨੂੰ ਦੁੱਗਣਾ ਕਰ ਦੇਵੇਗਾ।
ਟ੍ਰਾਇੰਡਾ ਗੇਂਦ ਦਾ ਮੈਦਾਨ ਵਿਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਭਵਿੱਖ ਵਿਚ ਖੇਡਾਂ ਪੂਰੀ ਤਰ੍ਹਾਂ ਡਾਟਾ-ਡਰਿਵਨ ਹੋਣ ਜਾ ਰਹੀਆਂ ਹਨ। ਪਰ ਕੁਝ ਖੇਡ ਪ੍ਰੇਮੀ ਇਹ ਮੰਨਦੇ ਨੇ ਕਿ ਤਕਨੀਕ ਦੇ ਬਹੁਤ ਜ਼ਿਆਦਾ ਦਖਲ ਨਾਲ ਖੇਡ ਦਾ ਕੁਦਰਤੀ ਰੋਮਾਂਚ ਘਟਦਾ ਹੈ, ਉੱਥੇ ਹੀ ਦੂਜੇ ਪਾਸੇ ਇਹ ਸਚਾਈ ਹੈ ਕਿ ਇਹ ਤਕਨੀਕ ਖੇਡ ਨੂੰ ਪਾਰਦਰਸ਼ੀ, ਨਿਰਪੱਖ ਅਤੇ ਵਿਵਾਦਾਂ ਤੋਂ ਮੁਕਤ ਬਣਾਉਂਦੀ ਐ। ਫੀਫਾ ਵਿਸ਼ਵ ਕੱਪ 2026 ਵਿਚ ਟ੍ਰਾਇੰਡਾ ਗੇਂਦ ਫੁੱਟਬਾਲ ਜਗਤ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ, ਜੋ ਇਹ ਤੈਅ ਕਰੇਗੀ ਕਿ ਹੁਣ ਜਿੱਤ-ਹਾਰ ਦਾ ਫੈਸਲਾ ਸਿਰਫ਼ ਇਨਸਾਨੀ ਅੱਖਾਂ ਦੇ ਭੁਲੇਖੇ 'ਤੇ ਨਹੀਂ, ਸਗੋਂ ਡਿਜੀਟਲ ਸ਼ੁੱਧਤਾ ਦੇ ਆਧਾਰ 'ਤੇ ਹੋਵੇਗਾ।
-ਮੋਬਾਈਲ : 9417665241