ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੁੜ ਚੇਤੇ ਆਈਆਂ ਨਾਨਕੇ ਪਿੰਡ ਦੀਆਂ ਯਾਦਾਂ <br/>

Ad Position 21
No active advertisement
ਅਜੀਤ ਡੈਸਕ 14-06-2026

ਸਮੇਂ ਦੇ ਨਾਲ ਹੀ ਮਨੁੱਖੀ ਜੀਵਨ ਦੇ ਤੌਰ-ਤਰੀਕੇ ਬਦਲ ਜਾਂਦੇ ਹਨ ਅਤੇ ਜੀਵਨ ਦੀ ਸ਼ੈਲੀ ਵਿਚ ਬਦਲਾਅ ਆ ਜਾਂਦਾ ਹੈ | ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੇ ਪੂਰੇ ਵਿਸ਼ਵ ਨੂੰ ਇਕ ਪਿੰਡ ਬਣਾ ਕੇ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਦੂਰੀਆਂ ਘੱਟ ਗਈਆਂ ਤੇ ਹੁਣ ਰਿਸ਼ਤੇਦਾਰੀਆਂ ਵਿਚ ਜਾ ਕੇ ਰਾਤ ਰਹਿਣ ਦੀ ਬਜਾਏ ਇਕ ਦੋ ਘੰਟੇ ਵਿਚ ਖ਼ਬਰਸਾਰ ਲੈ ਕੇ ਵਾਪਸ ਆਉਣ ਦਾ ਰਿਵਾਜ ਪੈ ਗਿਆ | ਪੰਜਾਬੀ ਸੱਭਿਆਚਾਰ ਵਿਚ ਨਾਨਕਿਆਂ ਦੇ ਰਿਸ਼ਤੇ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ, ਕਿਉਂਤਿਕ ਦੋਹਤਿਆਂ ਦੀ ਨਾਨਕੇ ਘਰ ਵਿਚ ਪੂਰੀ ਖ਼ਾਤਰਦਾਰੀ ਕੀਤੀ ਜਾਂਦੀ ਹੈ | 20ਵੀਂ ਸਦੀ ਦੇ ਸਮੇਂ ਨੂੰ ਜੇਕਰ ਚੇਤਿਆਂ ਵਿਚ ਲਿਆਈਏ ਤਾਂ ਉਸ ਸਮੇਂ ਦਾ ਦੌਰ ਬਹੁਤ ਹੀ ਸਾਦਗੀ ਵਾਲਾ ਅਤੇ ਪਿਆਰ ਹੁੰਦਾ ਸੀ | ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਤੋਂ ਬਾਅਦ ਨਾਨਕੇ ਜਾਣ ਦਾ ਬੜਾ ਚਾਅ ਹੁੰਦਾ ਸੀ | 1983 ਵਿਚ ਅੱਠਵੀਂ ਦਾ ਇਮਤਿਹਾਨ ਦੇ ਦਿੱਤਾ ਤੇ ਅੱਠਵੀਂ ਦਾ ਨਤੀਜਾ ਕਾਫੀ ਪਛੜ ਕੇ ਆਉਂਦਾ ਸੀ | ਪੇਪਰ ਖ਼ਤਮ ਹੋਣ 'ਤੇ ਹੀ ਮੈਂ ਨਾਨਕੇ ਜਾਣ ਦੀ ਜ਼ਿੱਦ ਫੜ੍ਹ ਲਈ | ਮੇਰੇ ਨਾਨਕੇ ਪਿੰਡ ਤੋਂ 7 ਕੋਹ ਦੀ ਦੂਰੀ 'ਤੇ ਧੌਲ ਖੁਰਦ ਵਿਖੇ ਸਨ | ਜ਼ਿਆਦਾ ਜਿੱਦ ਕਰਨ 'ਤੇ ਮਾਂ ਤੁਰ ਕੇ ਹੀ ਨਾਨਕਿਆਂ ਨੂੰ ਲੈ ਕੇ ਚੱਲ ਪਈ | ਰਸਤੇ ਵਿਚ ਇਕ ਦੋ ਥਾਵਾਂ 'ਤੇ ਰੁਕ ਕੇ ਦਮ ਲਿਆ | ਮਾਂ ਨੇ ਮੈਨੂੰ ਛੱਡ ਦਿੱਤਾ ਤੇ ਆਪ ਮਾਮਾ ਜੀ ਨਾਲ ਸਾਈਕਲ 'ਤੇ ਪਿੰਡ ਵਾਪਿਸ ਆ ਗਈ | ਮੇਰੇ ਨਾਨਕੇ ਘਰ ਰਾਤ ਦੀ ਰੋਟੀ ਵੀ ਦਿਨ ਛਿਪਣ ਤੋਂ ਪਹਿਲਾਂ-ਪਹਿਲਾਂ ਖਾਣ ਦਾ ਰਿਵਾਜ ਸੀ | ਮਾਮੀ ਨੇ ਕੋਲ ਬਿਠਾ ਕੇ ਰੋਟੀ ਖਵਾਉਣੀ ਤੇ ਨਾਲ ਪੀਣ ਨੂੰ ਲੱਸੀ ਮਿਲਣੀ, ਜੋ ਬੜੇ ਚਾਵਾਂ ਨਾਲ ਪੀਣੀ | ਜਦੋਂ ਨਾਨਕੇ ਪਿੰਡ ਪਹੁੰਚਣਾ ਤਾਂ ਝੱਟ ਪਤਾ ਲੱਗ ਜਾਂਦਾ ਕਿ ਬਾਬਿਆਂ ਦਾ ਦੋਹਤਾ ਆ ਗਿਆ, ਕਿਉਂਕਿ ਉਸ ਸਮੇਂ ਨਵੇਂ-ਨਵੇਂ ਸਾਈਕਲ ਚਲਾਉਣਾ ਸਿੱਖੇ ਸੀ ਤੇ ਸਾਰਾ ਦਿਨ ਪਿੰਡ ਦੀਆਂ ਗਲੀਆਂ ਦੇ ਸਾਰਾ ਦਿਨ ਚੱਕਰ ਲਗਾਉਣੇ | ਉਸ ਸਮੇਂ ਸਾਈਕਲ ਚਲਾਉਣ ਦਾ ਚਾਅ ਅੱਜ ਦੇ ਸਮੇਂ ਵਿਚ ਕਾਰ ਨਾਲੋਂ ਵੀ ਜ਼ਿਆਦਾ ਹੁੰਦਾ ਸੀ | ਪਿੰਡ ਵਿਚਲੀਆਂ ਦੁਕਾਨਾਂ ਦਾ ਪਹਿਲਾਂ ਹੀ ਪਤਾ ਹੁੰਦਾ ਸੀ 'ਕਦੇ ਕੋਈ ਚੀਜ਼ ਖਰੀਦਣ ਚਲੇ ਜਾਣਾ' ਜਦੋਂ ਦੁਕਾਨਦਾਰ ਨੇ ਪੁੱਛਣਾ ਕਿ ਕਾਕਾ ਕਿਨ੍ਹਾਂ ਦੇ ਆਇਆਂ ਹੋਇਆਂ ਤਾਂ ਨਾਨਾ ਭਗਤ ਸਿੰਘ ਦਾ ਨਾਂਅ ਲੈਣ 'ਤੇ ਦੁਕਾਨਦਾਰ ਨੇ ਝੱਟ ਸਮਝ ਜਾਣਾ ਤੇ ਕਹਿਣਾ ਅੱਛਾ ਭਾਈ ਤੂੰ ਤਾਂ ਭਾਈ ਬਾਬਿਆਂ ਦਾ ਦੋਹਤਾ ਹੈਂ ਤੇ ਸੁਗਾਤ ਦੇ ਰੂਪ ਵਿਚ ਵੱਡਾ ਰੂੰਘਾ ਮੁਫਤ ਵਿਚ ਖਾਣ ਨੂੰ ਮਿਲ ਜਾਣਾ | ਸ਼ਾਮ ਦੇ ਸਮੇਂ ਜਦੋਂ ਮਾਮੀਆਂ ਵਿਚੋਂ ਕਿਸੇ ਨੇ ਡੇਰੇ ਜੋਤ ਲਗਾਉਣ ਜਾਣਾ ਤਾਂ ਨਾਲ ਤੁਰ ਪੈਣਾ ਤੇ ਮਾਮੀਆਂ ਮੇਰੀ ਜਾਣ-ਪਛਾਣ ਬੀਬੀ ਦਾ ਮੁੰਡਾ ਕਹਿ ਕੇ ਕਰਵਾਉਂਦੀਆਂ ਸਨ | ਮੇਰੀਆਂ ਮਾਮੀਆਂ ਮੇਰੀ ਮਾਂ ਨੂੰ ਭਰਜਾਈ ਕਦੇ ਨਹੀਂ ਸਨ ਕਹਿੰਦੀਆਂ, ਬੀਬੀ ਕਹਿਣ ਦਾ ਕਾਰਨ ਪੱਕਾ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਭਰਾਵਾਂ ਵਿਚੋਂ ਸਭ ਤੋਂ ਵੱਡੀ ਹੋਣ ਕਰਕੇ ਸਤਿਕਾਰ ਵਜੋਂ ਕਹਿੰਦੀਆਂ ਸਨ | ਮਾਤਾ ਦੀਆਂ ਹਮਉਮਰ ਔਰਤਾਂ ਜ਼ਰੂਰ ਬੀਬੀ ਦਾ ਛੋਟਾ ਨਾਂਅ ਦੇਬੋ ਲੈਂਦੀਆਂ ਸਨ ਤੇ ਮੈਨੂੰ ਦੇਬੋ ਦਾ ਮੁੰਡਾ ਕਹਿ ਕੇ ਪਿਆਰ ਦਿੰਦੀਆਂ | ਉਂਝ ਮੇਰੀ ਮਾਂ ਦਾ ਪੱਕਾ ਨਾਂਅ ਗੁਰਦੇਵ ਕੌਰ ਸੀ | ਉਸ ਸਮੇਂ ਨਾਨਕੇ ਪਰਿਵਾਰ ਵਿਚ ਜਿਹੜੀਆਂ ਚੀਜ਼ਾਂ ਖਾਣ-ਪੀਣ ਲਈ ਬਣਾਈਆਂ ਜਾਂਦੀਆਂ, ਉਹ ਬਹੁਤ ਸੁਆਦੀ ਹੁੰਦੀਆਂ ਸਨ | ਜੁਲਾਈ ਦੇ ਮਹੀਨੇ ਵਿਚ ਲਗਾਤਾਰ ਬਾਰਿਸ਼ ਸ਼ੁਰੂ ਹੋ ਜਾਣੀ ਤਾਂ ਮਾਮੀਆਂ ਨੇ ਮਾਲ ਪੂੜੇ ਤੇ ਖੀਰ ਬਣਾ ਕੇ ਖਾਣ ਨੂੰ ਦੇਣਾ | ਘਰ ਦੇ ਬਾਹਰ ਵਿਹੜੇ ਵਿਚ ਜਾਮਣ ਦਾ ਦਰੱਖਤ ਸੀ ਤੇ ਜਾਮਣ ਖਾਣ ਲਈ ਦਰੱਖਤ 'ਤੇ ਚੜ੍ਹ ਜਾਣਾ ਤੇ ਮਾਮਿਆਂ ਨੇ ਮਿੰਨਤਾਂ ਕਰਕੇ ਹੇਠਾਂ ਉਤਾਰਨਾ ਕਿ ਟਾਹਣਾ ਟੁੱਟ ਕੇ ਦੋਹਤੇ ਦੇ ਸੱਟ ਫੇਟ ਨਾ ਲੱਗ ਜਾਵੇ | ਨਾਨਾ ਭਗਤ ਸਿੰਘ ਫ਼ੌਜ ਵਿਚੋਂ ਸੇਵਾ ਮੁਕਤ ਹੋਏ ਸਨ ਤੇ ਉਨ੍ਹਾਂ ਨੂੰ ਨੇੜਲੇ ਸ਼ਹਿਰ ਮਲੌਦ ਤੋਂ ਪੈਨਸ਼ਨ ਮਿਲਦੀ ਸੀ, ਜਿਸ ਦਿਨ ਪਤਾ ਲੱਗ ਜਾਣਾ ਕਿ ਨਾਨਾ ਜੀ ਮਲੌਦ ਨੂੰ ਗਏ ਹੋਏ ਹਨ ਤਾਂ ਘਰ ਵਾਪਸੀ ਤੱਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨੀ ਤੇ ਉਨ੍ਹਾਂ ਵੀ ਹਰ ਵਾਰ ਬੱਚਿਆਂ ਦੇ ਖਾਣ ਲਈ ਜ਼ਰੂਰ ਕੁਝ ਲੈ ਕੇ ਆਉਣਾ | ਮੈਂ ਤੇ ਨਾਨਕੇ ਪਰਿਵਾਰ ਦੇ ਹਮਉਮਰ ਬੱਚਿਆਂ ਨੇ ਲਿਆਂਦਾ ਬਦਾਣਾ ਚਾੲੀਂ ਚਾਈਾ ਖਾਣਾ | ਦਿਨ ਢਲਦੇ ਹੀ ਨਾਨੀ ਨੇ ਧਾਰ ਚੋਂਦੇ-ਚੋਂਦੇ ਤਾਜ਼ਾ ਦੁੱਧ ਦੇ ਗਲਾਸ ਭਰ ਦੇਣੇ | ਜਦੋਂ ਵਾਪਸ ਪਿੰਡ ਜਾਣ ਦਾ ਸਮਾਂ ਆਉਣਾ ਤਾਂ ਮਨ ਉਦਾਸ ਹੋ ਜਾਣਾ | ਨਾਨਕੇ ਘਰ ਕੀਤੀਆਂ ਖਰਮਸਤੀਆਂ ਤੇ ਉਥੋਂ ਮਿਲਦੇ ਪਿਆਰ ਨੂੰ ਛੱਡ ਕੇ ਵਾਪਸ ਆਉਣਾ ਬੜਾ ਔਖਾ ਲਗਦਾ ਸੀ | ਮੇਰੀ ਮਾਂ ਨੇ ਜਲਦੀ ਫਿਰ ਆਉਣ ਦੇ ਲਾਰੇ ਲਾ ਕੇ ਮਸਾਂ ਲਿਆਉਣਾ | ਪ੍ਰੰਤੂ ਫਿਰ ਸਮੇਂ ਨੇ ਅਜਿਹੀ ਰਫ਼ਤਾਰ ਫੜੀ ਕਿ ਪਹਿਲਾਂ ਉਚੇਰੀ ਪੜ੍ਹਾਈ ਦੇ ਚੱਕਰਵਿਊ ਉਲਝ ਕੇ ਵੱਡਿਆਂ ਸ਼ਹਿਰਾਂ ਦੇ ਵਸ ਪੈ ਗਏ ਤੇ ਫਿਰ ਸਰਕਾਰੀ ਨੌਕਰੀ ਮਿਲ ਗਈ ਤੇ ਨਾਲੋ-ਨਾਲ ਗ੍ਰਹਿਸਤੀ ਜੀਵਨ ਚੱਲ ਪਿਆ | ਬੱਚਿਆਂ ਦੇ ਜਨਮ ਲੈਣ 'ਤੇ ਉਨ੍ਹਾਂ ਦੀ ਪੜ੍ਹਾਈ ਵਿਚ ਉਲਝ ਗਏ ਤੇ ਮਾਤਾ-ਪਿਤਾ ਬੁਢਾਪੇ ਵਾਲੀ ਅਵਸਥਾ ਵਿਚ ਆ ਗਏ | ਜਦੋਂ ਕਦੇ ਮਾਤਾ ਨੂੰ ਮਿਲਾਉਣ ਨਾਨਕੇ ਆਉਣਾ ਤਾਂ ਨਾਨਕੇ ਘਰ ਤੇ ਸਾਕ ਸਬੰਧੀਆਂ ਨੂੰ ਮਿਲ ਕੇ ਇਕ ਦੋ ਘੰਟੇ ਬਾਦ ਵਾਪਸ ਪਿੰਡ ਪਹੁੰਚ ਜਾਣਾ | ਸਰਕਾਰੀ ਨੌਕਰੀ ਕਰਦੇ ਅਚਾਨਕ ਤਰੱਕੀ ਵਾਲੀ ਲਿਸਟ ਵਿਚ ਮੇਰਾ ਵੀ ਨਾਂਅ ਸ਼ਾਮਿਲ ਹੋ ਗਿਆ, ਪ੍ਰੰਤੂ ਤਰੱਕੀ ਉਪਰੰਤ ਜੋ ਨਵਾਂ ਸਟੇਸ਼ਨ ਮਿਲਿਆ ਉਹ ਘਰ ਤੋਂ ਦੂਰ ਸੀ | ਫਿਰ ਯੱਕੋ-ਤੱਕੀ ਵਿਚ 3-4 ਮਹੀਨੇ ਲੰਘ ਗਏ ਤੇ ਨਵੇਂ ਸਕੂਲ ਜੁਆਇਨ ਨਾ ਕੀਤਾ | ਕਿਸੇ ਦੋਸਤ ਦੀ ਮਿਹਰਬਾਨੀ ਸਦਕਾ ਨਾਨਕਿਆਂ ਤੋਂ ਕੇਵਲ 2 ਕਿਲੋਮੀਟਰ ਦੂਰ ਸਕੂਲ ਦਾ ਸਟੇਸ਼ਨ ਮਿਲ ਗਿਆ | ਜਦੋਂ ਕਲਾਸਾਂ ਵਿਚ ਗਿਆ ਤਾਂ ਵਿਦਿਆਰਥੀਆਂ ਦੇ ਥਹੁ-ਪਤਾ ਪੁੱਛਣ 'ਤੇ ਕਾਫੀ ਬੱਚੇ ਨਾਨਕੇ ਪਿੰਡ ਤੋਂ ਪੜ੍ਹਨ ਆਉਣ ਦਾ ਪਤਾ ਲੱਗਾ | ਵਿਦਿਆਰਥੀਆਂ ਤੋਂ ਆਨੀਂ ਬਹਾਨੀਂ ਨਾਨਕੇ ਪਿੰਡ ਦੇ ਡੇਰੇ, ਬਾਹਰਲੇ ਡੇਰੇ ਦਾ ਹਾਲ-ਚਾਲ ਪੁੱਛਣਾ ਤੇ ਜੋਤ ਲਗਾਉਣ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ, ਕਿਉਂਕਿ ਅਜਿਹਾ ਕਰਕੇ ਰੂਹ ਨੂੰ ਸਕੂਨ ਮਿਲਦਾ ਸੀ | ਸਮਾਂ ਆਪਣੀ ਤੋਰ ਤੁਰਦਾ ਗਿਆ ਤਾਂ ਸਿੱਖਿਆ ਵਿਭਾਗ ਵਲੋਂ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਸੰਬੰਧੀ ਘਰ-ਘਰ ਜਾ ਕੇ ਮੁਹਿੰਮ ਚਲਾਉਣ ਦਾ ਹੁਕਮ ਆਇਆ ਤਾਂ ਸਾਡੇ ਸਕੂਲ ਮੁਖੀ ਨੇ ਵੀ ਟੀਮਾਂ ਬਣਾ ਦਿੱਤੀਆਂ | ਮੈਨੂੰ ਸਕੂਲ ਵਲੋਂ ਦੋਵਾਂ ਹੀ ਟੀਮਾਂ ਵਿਚ ਸ਼ਾਮਿਲ ਕਰ ਦਿੱਤਾ ਗਿਆ | ਇਸੇ ਮੁਹਿੰਮ ਤਹਿਤ ਆਪਣੇ ਅਧਿਆਪਕ ਸਾਥੀ ਨਾਲ ਨਾਨਕੇ ਪਿੰਡ ਪੁੱਜਾ ਤਾਂ 33 ਸਾਲਾਂ ਬਾਦ ਬਚਪਨ ਦੀਆਂ ਯਾਦਾਂ ਚੇਤੇ ਆ ਗਈਆਂ | ਉਸ ਖਾਲੀ ਥਾਂ ਨੂੰ ਵੇਖਿਆ ਜਿਥੇ ਬਚਪਨ ਵਿਚ ਆਂਢ-ਗੁਆਂਢ ਦੇ ਬੱਚੇ ਇਕੱਠੇ ਹੋ ਕੇ ਖੇਡਦੇ ਸੀ, ਪ੍ਰੰਤੂ ਹੁਣ ਉਸ ਥਾਂ 'ਤੇ ਮਾਲਕ ਵਲੋਂ ਇਮਾਰਤ ਉਸਾਰੀ ਕੀਤੀ ਜਾ ਚੁੱਕੀ ਸੀ, ਉਹ ਡੇਰਾ ਵੇਖਿਆ, ਜਿਥੇ ਨਾਨਕਾ ਪਰਿਵਾਰ ਦੇ ਮੈਂਬਰਾਂ ਨਾਲ ਹਰ ਰੋਜ਼ ਸ਼ਾਮ ਦੇ ਸਮੇਂ ਜੋਤ ਲਗਾਉਣ ਜਾਂਦੇ ਸੀ, ਉਹ ਸਾਇਕਲ ਠੀਕ ਕਰਨ ਵਾਲੀ ਦੁਕਾਨ ਵਾਲੀ ਥਾਂ ਵੇਖੀ, ਜਿਥੇ ਆਏ ਦਿਨ ਸਾਇਕਲ ਵਿਚ ਵਿਗਾੜ ਪਾ ਕੇ ਠੀਕ ਕਰਵਾਉਣ ਤੁਰੇ ਰਹਿੰਦੇ ਸੀ | ਗਲੀਆਂ ਵਿਚ ਤੁਰ ਕੇ ਮਨ ਨੂੰ ਬਹੁਤ ਸਕੂਨ ਮਿਲ ਰਿਹਾ ਸੀ ਤੇ ਕਈ ਚਿਹਰਿਆਂ ਨੇ ਪਛਾਣ ਕੇ ਪਹਿਲਾਂ ਵਰਗਾ ਪਿਆਰ ਦਿੱਤਾ ਤੇ ਘਰ ਜਾਣ ਲਈ ਕਹਿੰਦੇ ਰਹੇ ਪ੍ਰੰਤੂ ਸਕੂਲ ਦੀ ਛੁੱਟੀ ਦਾ ਸਮਾਂ ਹੋ ਚੁੱਕਾ ਸੀ ਤੇ ਆਪਣੇ ਅਧਿਆਪਕ ਸਾਥੀ ਨਾਲ ਸਕੂਲ ਨੂੰ ਚੱਲ ਪਿਆ | ਨਾਨਕਿਆਂ ਦੇ ਪਿੰਡ ਦੀਆਂ ਗਲੀਆਂ ਵਿਚ ਤੁਰ-ਫਿਰ ਕੇ ਵਾਪਿਸ ਮੁੜਦਾ ਹੋਇਆ ਸੋਚ ਰਿਹਾ ਸਾਂ ਕਿ ਜੇ ਮਾਂ ਅੱਜ ਜਿਊਾਦੀ ਹੁੰਦੀ ਤਾਂ ਉਸ ਨੂੰ ਨਾਨਕਿਆਂ ਦਾ ਹਾਲ ਸੁਣਾਉਂਦਾ |

-ਪੱਤਰ ਪ੍ਰੇਰਕ ਪਾਇਲ
ਮੋਬਾਈਲ : 9872801150

Ad Position 22
No active advertisement
ਪਿਛਲੀ ਖ਼ਬਰ ਅਮਰ ਵੇਲ - ਇਕ ਜਾਦੂਈ ਪੌਦਾ <br/> ਅਗਲੀ ਖ਼ਬਰ ਨਿਰਾਸ਼ਾ ਤੋਂ ਚੜ੍ਹਦੀ ਕਲਾ ਵੱਲ
Ad Position 24
No active advertisement