ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਿਰਾਸ਼ਾ ਤੋਂ ਚੜ੍ਹਦੀ ਕਲਾ ਵੱਲ

Ad Position 21
No active advertisement
ਅਜੀਤ ਡੈਸਕ 14-06-2026

ਜੰਗਲ ਦੇ ਵਿਰਾਨ ਇਲਾਕੇ ਵਿਚ ਹਾਲੋ-ਬੇਹਾਲ ਤੇ ਨਿਰਾਸ਼ ਬੈਠੇ ਰਾਜੇ 'ਤੇ ਜਦੋਂ ਉਸ ਵਿਚਾਰਕ ਯਾਤਰੀ ਦੀ ਨਜ਼ਰ ਪਈ ਤਾਂ ਉਸ ਕੋਲ ਆ ਕੇ ਰਾਜੇ ਨੂੰ ਪੁੱਛਿਆ, 'ਤੇਰੇ ਚਿਹਰੇ ਦਾ ਨੂਰ ਕਿੱਧਰ ਗਵਾਚ ਗਿਆ ਹੈ? ਜੀਵਨ ਵਿਚ ਇੰਨੀ ਨਿਰਾਸ਼ਾ ਕਿਉਂ ਹੈ? ਰਾਜੇ ਨੇ ਜਵਾਬ ਦਿੱਤਾ ਕਿ ਮੈਂ ਇਕ ਛੋਟੇ ਜਿਹੇ ਰਾਜ ਦਾ ਰਾਜਾ ਹਾਂ ਪਰ ਗਵਾਂਢੀ ਰਾਜੇ ਤੋਂ ਹਾਰ ਕੇ, ਜਾਨ ਬਚਾ ਕੇ ਇੱਥੇ ਦਿਨ ਕੱਟ ਰਿਹਾ ਹਾਂ | ਮੇਰਾ ਸਭ ਕੁਝ ਬਰਬਾਦ ਹੋ ਗਿਆ ਹੈ | ਜੀਵਨ ਵਿਚ ਹਨੇਰੇ ਤੋਂ ਸਿਵਾ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ | ਕਈ ਦਿਨਾਂ ਦਾ ਭੁੱਖਾ ਪਿਆਸਾ ਹਾਂ | ਹਾਲੋਂ-ਬੇਹਾਲ ਹੋ ਗਿਆ ਹਾਂ, ਸੋਚਦਾ ਹਾਂ ਕਿ 'ਇਸ ਤੋਂ ਚੰਗਾ ਸੀ ਮੈਂ ਜੰਗ ਵਿਚ ਲੜਦਾ-ਲੜਦਾ ਮਾਰਿਆ ਜਾਂਦਾ ਪਰ ਸਮੇਂ ਦਾ ਚੱਕਰ ਮੈਨੂੰ ਇਧਰ ਇਸ ਜੰਗਲ ਵਿਚ ਲੈ ਆਇਆ, ਇਸ ਹਾਲ ਵਿਚ |'
'ਨਿਰਾਸ਼ ਨਾ ਹੋ, ਤੇਰੇ ਕੋਲ ਜੋ ਜੀਵਨ ਹੈ, ਇਹ ਬੜੀ ਕੀਮਤੀ ਸ਼ੈਅ ਆ | ਇਸ ਜੀਵਨ ਨਾਲ ਵਕਤ ਦੇ ਪੰਨਿਆਂ 'ਤੇ ਨਵੀਂ ਇਬਾਰਤ ਲਿਖੀ ਜਾ ਸਕਦੀ ਹੈ | ਉੱਠ ਤੇ ਮੇਰੇ ਨਾਲ ਆ |' ਵਿਚਾਰਕ ਬੋਲਿਆ |
ਰਾਜਾ ਉੱਠ ਕੇ ਉਸ ਵਿਚਾਰਕ ਦੇ ਨਾਲ ਤੁਰ ਪਿਆ | ਕੁਝ ਫਾਸਲੇ 'ਤੇ ਜਾ ਕੇ ਉਹ ਰੁਕ ਗਏ | ਇੱਥੇ ਪਿਛਲੀਆਂ ਗਰਮੀਆਂ ਦੌਰਾਨ ਇਕ ਵੱਡਾ ਬਿਰਖ ਹਨੇਰੀ ਨਾਲ ਡਿੱਗ ਕੇ ਸੁੱਕ ਗਿਆ ਸੀ | ਪਰ ਇਹ ਮੁੱਢ ਵਾਲੇ ਪਾਸਿਓ ਦੁਬਾਰਾ ਫੁੱਟ ਆਇਆ ਸੀ | ਵਿਚਾਰਕ ਨੇ ਰਾਜੇ ਨੂੰ ਕਿਹਾ, 'ਇਸ ਬਿਰਖ ਨੂੰ ਗਹੁ ਨਾਲ ਦੇਖ, ਸਮੇਂ ਦੇ ਝੱਖੜ ਨੇ ਇਸ ਨੂੰ ਮੁੱਢੋਂ ਉਖਾੜ ਦਿੱਤਾ ਸੀ, ਪਰ ਇਸ ਵਿਚ ਦੁਬਾਰਾ ਫੁੱਟਣ ਦੀ ਹਿੰਮਤ ਨੇ ਇਸ ਨੂੰ ਦੁਬਾਰਾ ਜੀਵਨ ਦਿੱਤਾ ਹੈ | ਜਿਨ੍ਹਾਂ ਅੰਦਰ ਡਿੱਗ ਕੇ ਉੱਠਣ ਤੇ ਸੁੱਕ ਕੇ ਫੁੱਟਣ ਦਾ ਜਜ਼ਬਾ ਹੋਵੇ ਉਹ ਸਮੇਂ ਦੇ ਝੱਖੜਾਂ ਦੀ ਪ੍ਰਵਾਹ ਨਹੀਂ ਕਰਦੇ |'
ਵਿਚਾਰਕ ਦੇ ਸ਼ਬਦਾਂ ਨਾਲ ਰਾਜੇ ਅੰਦਰ ਆਸ਼ਾ ਦੀ ਕਿਰਨ ਜਾਗੀ, ਹਿੰਮਤ ਨੇ ਕਰਵਟ ਲਈ | ਉਹ ਭੇਸ ਬਦਲ ਕੇ ਆਪਣੇ ਲੋਕਾਂ ਵਿਚ ਗਿਆ, ਲੋਕਾਂ ਨੂੰ ਇਕੱਠਾ ਕੀਤਾ ਦੋ ਸਾਲ ਦੀ ਜੱਦੋ-ਜਹਿਦ ਤੋਂ ਮਗਰੋਂ ਉਸ ਨੇ ਦੁਬਾਰਾ ਆਪਣਾ ਗਵਾਚਾ ਰਾਜ ਭਾਗ ਸਥਾਪਤ ਕਰ ਲਿਆ | ਰਾਜੇ ਨੂੰ ਜਦੋਂ ਕਦੇ ਉਸ ਦੇ ਮੰਤਰੀ ਪੁੱਛਦੇ ਕਿ ਇਹ ਕਿ੍ਸ਼ਮਾ ਤੁਸੀਂ ਕਿਵੇਂ ਕੀਤਾ? ਤਾਂ ਉਹ ਜਵਾਬ ਦਿੰਦਾ ਇਕ ਵਿਚਾਰਕ ਤੇ ਇਕ ਜੜ੍ਹੋਂ ਉੱਖੜੇ ਪਰ ਦੁਬਾਰਾ ਫੁੱਟ ਰਹੇ ਬਿਰਖ ਤੋਂ ਮੈਨੂੰ ਇਹ ਸਭ ਕੁਝ ਕਰਨ ਦਾ ਹੁਨਰ ਮਿਲਿਆ |
ਜੀਵਨ ਦਾ ਹੁਨਰ ਇਕ ਆਲ੍ਹਣਾ ਬਣਾ ਰਹੀ ਚਿੜੀ ਤੋਂ ਵੀ ਸਿੱਖਿਆ ਜਾ ਸਕਦਾ ਹੈ | ਹਰ ਤਰ੍ਹਾਂ ਦੀ ਹਾਰ ਥੋੜ੍ਹੇ ਸਮੇਂ ਲਈ ਇਕ ਪੜਾਅ ਹੁੰਦੀ ਹੈ, ਹਰ ਮਨੁੱਖ ਨੂੰ ਇਸ ਤੋਂ ਅਗਾਂਹ ਤੁਰਨ ਦੀ ਲੋੜ ਹੁੰਦੀ ਹੈ |
ਜਿਨ੍ਹਾਂ ਦੇ ਜ਼ਿਹਨ ਵਿਚ ਐਡੀਸਨ ਵਾਂਗ ਦੁਨੀਆ ਦੀਆਂ ਰਾਤਾਂ ਨੂੰ ਰੌਸ਼ਨ ਕਰਨ ਦਾ ਅਹਿਦ ਹੋਵੇ ਉਹ ਹਜ਼ਾਰ ਵਾਰ ਵੀ ਫੇਲ਼ ਕਿਉਂ ਨਾ ਹੋ ਜਾਣ ਇਕ ਦਿਨ ਸਫ਼ਲਤਾ ਉਨ੍ਹਾਂ ਦੇ ਕਦਮਾਂ ਵਿਚ ਹੁੰਦੀ ਹੈ | ਜੀਵਨ ਦੇ ਕਿਸੇ ਪੜਾਅ 'ਤੇ ਆ ਕੇ ਨਿਰਾਸ਼ ਹੋ ਜਾਣਾ ਮਾਨਵ ਸੁਭਾਅ ਦੀ ਆਮ ਫਿਤਰਤ ਹੈ ਪਰ ਸਾਨੂੰ ਕਿਸੇ ਵੀ ਸੂਰਤ ਵਿਚ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ |
ਬਿਹਾਰ ਦੇ ਗਹਿਲੌਰ ਪਿੰਡ ਦੇ ਇਕ ਗਰੀਬ ਮਜ਼ਦੂਰ ਦਸ਼ਰਥ ਮਾਂਝੀ ਦੀ ਪਤਨੀ ਫਗੁਨੀਆ ਦੇਵੀ ਦੀ ਮੌਤ ਇਸ ਕਰਕੇ ਹੋ ਗਈ ਕਿ ਉਸ ਨੂੰ ਹਸਪਤਾਲ ਲੈ ਕੇ ਜਾਣ ਲਈ ਪਹਾੜ ਦੇ ਉੱਤੋਂ ਦੀ ਹੋ ਕੇ ਕਈ ਕਿਲੋਮੀਟਰਾਂ ਦਾ ਰਸਤਾ ਤੈਅ ਕਰਕੇ ਸ਼ਹਿਰ ਜਾਣਾ ਪੈਂਦਾ ਸੀ | ਉਸ ਦਿਨ ਦਸ਼ਰਥ ਮਾਂਝੀ ਨੇ ਇਹ ਫ਼ੈਸਲਾ ਕੀਤਾ ਕਿ ਉਹ ਪਹਾੜ ਨਾਲ ਮੱਥਾ ਲਾਵੇਗਾ ਤੇ ਪਿੰਡ ਤੋਂ ਇਕ ਸਿੱਧਾ ਰਸਤਾ ਕੱਢਣ ਲਈ ਜਦੋ-ਜਹਿਦ ਕਰੇਗਾ | ਉਸ ਨੇ ਆਪਣੇ ਛੈਣੀ ਹਥੌੜੇ ਨਾਲ 22 ਸਾਲ ਲਾ ਕੇ, ਪਹਾੜ ਨੂੰ ਆਪਣੇ ਪੈਰਾਂ ਵਿਚ ਝੁਕਾ ਲਿਆ | ਉਸ ਨੇ ਤਕਰੀਬਨ 100 ਫੁੱਟ ਉੱਚੀ ਵਿਸ਼ਾਲ ਚੱਟਾਨ ਨੂੰ ਕੱਟ ਕੇ, ਇਸ ਦੇ ਵਿਚਦੀ 9 ਮੀਟਰ ਚੌੜਾ ਰਾਹ ਕੱਢ ਕੇ, ਦੁਨੀਆ ਨੂੰ ਇਹ ਦੱਸ ਦਿੱਤਾ ਕਿ ਜੇਕਰ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ | ਇਹ ਬੰਦਾ ਪੂਰੀ ਦੁਨੀਆ ਵਿਚ 'ਦਾ ਮਾਊਾਟੇਨ ਮੈਨ' ਪਰਬਤ ਪੁਰਸ਼ ਦੇ ਨਾਂਅ ਨਾਲ ਮਸ਼ਹੂਰ ਹੋਇਆ |
ਹਰ ਬੰਦੇ ਦੇ ਅੰਦਰ ਇਹ ਸੰਭਾਵਨਾ ਮੌਜੂਦ ਹੈ ਕਿ ਉਹ ਹਰ ਅਸੰਭਵ ਹਾਲਾਤ ਨੂੰ ਸੰਭਵ ਬਣਾ ਸਕਦਾ ਹੈ |
ਜੀਵਨ ਦੀਆਂ ਸਭ ਤਰ੍ਹਾਂ ਦੀਆ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਹਰਾਇਆ ਜਾ ਸਕਦਾ ਹੈ ਪਰ ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਅੰਦਰ ਚੜ੍ਹਦੀ ਕਲਾ ਦਾ ਸੰਕਲਪ ਅਤੇ ਹਿੰਮਤ ਦਾ ਜਜ਼ਬਾ ਹੋਵੇ |
ਪਹਾੜਾਂ ਦੀਆਂ ਕੁੰਦਰਾਂ ਵਿਚ ਵਸਦੇ ਇਕ ਕਬੀਲੇ 'ਤੇ ਇਕ ਵਾਰ ਆਫਤਾਂ ਦੇ ਪਹਾੜ ਟੁੱਟ ਪਏ | ਸਖ਼ਤ ਗਰਮੀ ਦੌਰਾਨ ਪਹਿਲਾਂ ਸੋਕਾ ਪਿਆ, ਫਿਰ ਖੁਸ਼ਕ ਹਨੇਰੀ ਤੇ ਝੱਖੜਾਂ ਨਾਲ ਆਸ-ਪਾਸ ਰੁੱਖਾਂ ਤੇ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ | ਕੁਦਰਤ ਜਿਵੇਂ ਇਸ ਕਬੀਲੇ ਦੇ ਹੌਸਲੇ ਨੂੰ ਪਰਖ ਰਹੀ ਸੀ | ਫਿਰ ਇਕ ਦਿਨ ਅਚਾਨਕ ਭੁਚਾਲ ਆਇਆ, ਜਿਸ ਵਿਚ ਦੱਬ ਕੇ ਬਹੁਤ ਸਾਰੇ ਜੀਅ ਮਰ ਗਏ | ਬਾਕੀ ਰਹਿ ਗਏ ਲੋਕ ਭੁੱਖੇ ਪਿਆਸੇ, ਗਮ ਉਦਾਸੀ ਤੇ ਨਿਰਾਸ਼ਾ ਦੀਆਂ ਖਾਈਆਂ ਵਿਚ ਲਹਿ ਗਏ | ਜੀਵਨ ਬੇਰਸ ਹੋ ਗਿਆ, ਹਰ ਪਾਸੇ ਵਿਰਾਨੀ ਛਾ ਗਈ | ਜਿਵੇਂ ਸਾਰੇ ਹੀ ਜ਼ਿੰਦਗੀ ਦੀ ਜੰਗ ਹਾਰ ਗਏ ਹੋਣ | ਫਿਰ ਇਕ ਦਿਨ ਕਬੀਲੇ ਦੇ ਇਕ ਬਜ਼ੁਰਗ ਨੇ ਇਨ੍ਹਾਂ ਸਾਰਿਆਂ ਬੱਚੇ, ਬੁੱਢੇ, ਜਵਾਨਾਂ ਅਤੇ ਔਰਤਾਂ ਨੂੰ ਇਕੱਠਾ ਕੀਤਾ | ਉਹਦੇ ਝੁਰੜੀਆ ਵਾਲੇ ਚਿਹਰੇ 'ਤੇ ਵੀ ਇਕ ਇਲਾਹੀ ਨੂਰ ਸੀ | ਆਪਣੇ ਕੰਬਦੇ ਬੁੱਢੇ ਹੱਥਾਂ ਨੂੰ ਉਸ ਅਸਮਾਨ ਵੱਲ ਕਰਕੇ ਕਿਹਾ, 'ਮੈਂ ਆਪਣੇ ਜੀਵਨ ਵਿਚ ਬਹੁਤ ਤੂਫ਼ਾਨ ਵੇਖੇ ਹਨ | ਦੁੱਖਾਂ ਭਰੀਆਂ ਹਨੇਰੀਆਂ ਰਾਤਾਂ ਵੀ ਮੈਂ ਦੇਖੀਆਂ ਪਰ ਮੈਂ ਦੇਖਿਆ ਇਨ੍ਹਾਂ ਮਗਰੋਂ ਮੁੜ ਸੂਰਜ ਚੜਿ੍ਹਆ ਹੈ | ਸਮਾਂ ਸਾਨੂੰ ਪਰਖ ਰਿਹਾ ਹੈ ਪਰ ਇਹ ਹਾਲਾਤ ਸਾਨੂੰ ਤੋੜ ਨਹੀਂ ਸਕਦੇ |'
ਬਜ਼ੁਰਗ ਨੇ ਆਪਣੇ ਲੋਕਾਂ ਨੂੰ ਮੁੜ ਕਿਹਾ, 'ਆਪਣਾ ਸਭ ਤੋਂ ਵੱਡਾ ਹਥਿਆਰ, ਜਿਸ ਨਾਲ ਜੀਵਨ ਦੀ ਹਰ ਜੰਗ ਜਿੱਤੀ ਜਾ ਸਕਦੀ ਹੈ ਉਸ ਨੂੰ ਬੁਲੰਦ ਕਰੋ |'
'ਕਿਹੜਾ ਸਭ ਤੋਂ ਵੱਡਾ ਹਥਿਆਰ?' ਕਬੀਲੇ ਦੇ ਲੋਕ ਇਕੋ ਸੁਰ ਵਿਚ ਬੋਲੇ |
'ਬੰਦੇ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ 'ਹੌਸਲਾ', ਜੇ ਸਾਡੇ ਅੰਦਰ ਹੌਸਲਾ ਬਰਕਰਾਰ ਹੋਇਆ, ਅਸੀਂ ਇਕੱਠੇ ਰਹੇ ਤਾਂ ਹਰ ਮੁਸ਼ਕਲ ਨੂੰ ਇਕ-ਇਕ ਕਰਕੇ ਹਰਾ ਦੇਵਾਂਗੇ |'
ਕਬੀਲੇ ਦੇ ਲੋਕਾਂ ਨੇ ਬਾਹਵਾਂ ਉਤਾਂਹ ਕਰਕੇ ਹੱਥ ਹਵਾ ਵਿਚ ਲਹਿਰਾਏ ਤੇ ਉਸ ਦਿਨ ਜੀਵਨ ਵਿਚ ਇਕ ਨਵੀਂ ਲਹਿਰ ਪੈਦਾ ਹੋਈ |
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਚੜ੍ਹਦੀ ਕਲਾ ਦਾ ਸੰਕਲਪ ਦਿੱਤਾ | ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਅਤੇ ਕਰੂਰ ਤੋਂ ਕਰੂਰ ਹਾਲਤਾਂ ਵਿਚ ਵੀ ਹੌਸਲੇ ਬੁਲੰਦ ਰੱਖਣ ਦਾ ਇਤਿਹਾਸ ਹੈ | ਵਜ਼ੀਰ ਖਾਨ, ਮੀਰ ਮੰਨੂ, ਨਾਦਰ ਸ਼ਾਹ, ਜ਼ਕਰੀਆ ਖਾਨ ਅਤੇ ਅਬਦਾਲੀ ਵਰਗਿਆਂ ਨੇ ਖ਼ਾਲਸਾ ਪੰਥ ਦਾ ਸਬਰ ਪਰਖ ਕੇ ਵੇਖਿਆ ਪਰ ਹਰ ਹਾਲਤ ਵਿਚ ਸਿੰਘਾਂ ਦੇ ਹੌਸਲੇ ਬੁਲੰਦ ਰਹੇ | ਕਵੀ ਹਰਭਜਨ ਸਿੰਘ ਹੁੰਦਲ ਲਿਖਦੇ ਹਨ:
ਮੀਰ ਮੰਨੂੰ ਨੇ ਵਾਢੀਆਂ ਲੱਖ ਪਾਈਆਂ,
ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂੰ |
ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ,
ਸਾਡੇ ਹੌਸਲੇ ਹੋਏ ਅੰਗਿਆਰ ਵਾਂਗੂੰ |

ਦੇਰ ਸਵੇਰ ਸਮਾਂ ਪਾਸਾ ਪਰਤਦਾ ਹੈ, ਤਪਦੀਆਂ ਲੋਆਂ ਮਗਰੋਂ ਬੱਦਲਾਂ ਅਤੇ ਠੰਢੀਆਂ ਹਵਾਵਾਂ ਦੀ ਆਮਦ ਹੁੰਦੀ ਹੈ | ਸੜ ਸੁੱਕ ਗਏ ਦਰੱਖਤਾਂ ਨੂੰ ਹਰੇ ਕਰਨ ਲਈ ਕੁਦਰਤ ਵਰਖਾ ਦਾ ਵਰਦਾਨ ਬਖਸ਼ਦੀ ਹੈ | ਕਿਸੇ ਵੀ ਤਰ੍ਹਾਂ ਦੇ ਹਾਲਾਤ ਸਦਾ ਇਕੋ ਜਿਹੇ ਨਹੀਂ ਬਣੇ ਰਹਿਣੇ ਹੁੰਦੇ | ਰੁੱਤ ਬਦਲਦੀ ਹੈ, ਰੁੱਖ ਮੌਲਣ ਲੱਗਦੇ ਹਨ ਅਤੇ ਪੰਛੀ ਪਰਵਾਜ਼ ਲਈ ਬੇਤਾਬ ਹੁੰਦੇ ਹਨ | ਕੁਦਰਤ ਤੋਂ ਜੀਵਨ ਦਾ ਹੁਨਰ ਸਿੱਖਿਆ ਜਾ ਸਕਦਾ ਹੈ | ਕੁਦਰਤ ਸਾਨੂੰ ਦੱਸਦੀ ਹੈ ਕਿ ਉਦਾਸ ਰੁੱਤ ਦੇ ਦਿਨ ਜਲਦੀ ਲੰਘ ਜਾਣਗੇ ਅਤੇ ਇਸ ਮਗਰੋਂ ਹਰਿਆਲੀ ਦਾ ਆਗਮਨ ਹੋਵੇਗਾ | ਧਰਤੀ 'ਤੇ ਜੀਵਨ ਦੀਆਂ ਵੱਖ-ਵੱਖ ਵੰਨਗੀਆਂ ਹਨ | ਕੁਝ ਜੀਵ ਹਨ, ਜਿਨ੍ਹਾਂ ਦਾ ਜੀਵਨ ਕੁਝ ਘੰਟਿਆਂ ਤੱਕ ਹੁੰਦਾ ਹੈ | ਕੁਝ ਦਾ ਹਫਤਿਆਂ ਅਤੇ ਕੁਝ ਦਾ ਮਹੀਨਿਆਂ ਤੱਕ ਜੀਵਨ ਸਿਮਟਿਆ ਹੋਇਆ ਹੁੰਦਾ ਹੈ | ਇਸ ਸਮੇਂ ਦੁਨੀਆ ਵਿਚ ਮਨੁੱਖ ਦੀ ਔਸਤ ਉਮਰ 73.8 ਸਾਲਾਂ ਤੱਕ ਹੈ | ਹੋ ਸਕਦਾ ਹੈ ਕਿ ਵਿਗਿਆਨ ਕੱਲ੍ਹ ਨੂੰ ਕੋਈ ਕਿ੍ਸ਼ਮਾ ਕਰੇ ਤੇ ਮਨੁੱਖ ਦਾ ਜੀਵਨ 150 ਜਾਂ 200 ਸਾਲ ਤੱਕ ਹੋ ਜਾਵੇ ਪਰ ਇਕ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਮੌਤ ਫਿਰ ਵੀ ਅਟੱਲ ਰਹੇਗੀ | ਕਿਉਂ ਕਿ ਕੁਦਰਤ ਦੇ ਇਸ ਪਸਾਰੇ ਵਿਚ ਜੋ ਬਣਿਆ ਹੈ ਉਸ ਨੇ ਇਕ ਨਾ ਇਕ ਦਿਨ ਬਿਨਸ ਜਾਣਾ ਹੈ, ਇਹ ਜੀਵਨ ਦਾ ਸੱਚ ਹੈ | ਹੁਣ ਮਨੁੱਖ ਨੇ ਵੇਖਣਾ ਇਹ ਹੁੰਦਾ ਹੈ ਕਿ ਉਸ ਨੇ ਆਪਣੇ ਜੀਵਨ ਨੂੰ ਕਿਵੇਂ ਵਿਊਾਤਣਾ ਹੈ, ਕਿਵੇਂ ਜਿਊਣਾ ਹੈ? ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਜਿਵੇਂ-ਜਿਵੇਂ ਦੁਨੀਆ ਵਿਚ ਤਕਨੀਕੀ ਤਬਦੀਲੀਆਂ ਤੇਜ਼ੀ ਨਾਲ ਵਾਪਰ ਰਹੀਆਂ ਹਨ, ਜਿਵੇਂ-ਜਿਵੇਂ ਅਸੀਂ ਵਿਕਾਸ ਕਰ ਰਹੇ ਹਾਂ, ਇਸ ਪ੍ਰਤੀ ਮਨੁੱਖ ਦੇ ਵਿਹਾਰ ਵਿਚ ਕਿਹੋ ਜਿਹੀ ਤਬਦੀਲੀ ਆਵੇ, ਤਾਂ ਕਿ ਉਹ ਬਦਲ ਰਹੀਆਂ ਪ੍ਰਸਥਿਤੀਆਂ ਪ੍ਰਤੀ ਆਪਣੇ-ਆਪ ਦੇ ਵਿਵੇਕ ਨੂੰ ਹੋਰ ਬੁਲੰਦ ਕਰ ਸਕੇ, ਇਸ ਵਿਸ਼ੇ 'ਤੇ ਮਾਨਵਜਾਤ ਨੂੰ ਗੰਭੀਰ ਚਿੰਤਨ ਮਨਨ ਕਰਨ ਦੀ ਲੋੜ ਹੈ | ਇਸ ਜੀਵਨ ਦੌਰਾਨ ਸਾਨੂੰ ਵੱਖ-ਵੱਖ ਤਰ੍ਹਾਂ ਦੇ ਮੌਸਮਾਂ, ਹਨੇਰੀਆਂ, ਝੱਖੜਾਂ, ਹੜ੍ਹਾਂ, ਸੋਕਿਆਂ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ ਪਰ ਇਹ ਬੜਾ ਜ਼ਰੂਰੀ ਹੈ ਕਿ ਝੱਖੜਾਂ ਨਾਲ ਟੁੱਟ ਕੇ ਡਿੱਗ ਪਏ ਜੰਗਲ ਦੇ ਬਿਰਖ ਵਾਂਗ ਸਾਡੇ ਅੰਦਰ ਮੁੜ ਫੁੱਟ ਪੈਣ ਦਾ ਜਜ਼ਬਾ ਬਰਕਰਾਰ ਹੋਵੇ |

-ਜ਼ੀਰਾ
ਮੋਬਾਈਲ : 9855051099

Ad Position 22
No active advertisement
ਪਿਛਲੀ ਖ਼ਬਰ ਮੁੜ ਚੇਤੇ ਆਈਆਂ ਨਾਨਕੇ ਪਿੰਡ ਦੀਆਂ ਯਾਦਾਂ <br/> ਅਗਲੀ ਖ਼ਬਰ ਵਿਸ਼ਵ ਖ਼ੂਨਦਾਨ ਦਿਵਸ 'ਤੇ ਵਿਸ਼ੇਸ਼<br> ਸਾਡਾ ਕੀਤਾ ਖ਼ੂਨ ਦਾਨ ਪੀੜਤਾਂ ਨੂੰ ਦੇ ਸਕਦੈ ਜੀਵਨ ਦਾਨ
Ad Position 24
No active advertisement