ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵਿਸ਼ਵ ਖ਼ੂਨਦਾਨ ਦਿਵਸ 'ਤੇ ਵਿਸ਼ੇਸ਼<br> ਸਾਡਾ ਕੀਤਾ ਖ਼ੂਨ ਦਾਨ ਪੀੜਤਾਂ ਨੂੰ ਦੇ ਸਕਦੈ ਜੀਵਨ ਦਾਨ

Ad Position 21
No active advertisement
ਅਜੀਤ ਡੈਸਕ 14-06-2026

ਵਿਸ਼ਵ ਸਿਹਤ ਸੰਗਠਨ ਵਲੋਂ ਇਸ ਸਾਲ ਖ਼ੂਨਦਾਨ ਦਿਵਸ 14 ਜੂਨ 2026 ਨੂੰ ਮਨਾਇਆ ਜਾ ਰਿਹਾ ਹੈ, ਜਿਸ ਦਾ ਵਿਸ਼ਾ ਵਸਤੂ 'ਮਨੁੱਖਤਾ ਦੀ ਇਕ ਬੂੰਦ, ਖ਼ੂਨ ਦਾਨ ਕਰੋ ਤੇ ਜਾਨਾਂ ਬਚਾਓ' ਰੱਖਿਆ ਗਿਆ ਹੈ | ਇਹ ਦਿਨ ਦੁਨੀਆ ਭਰ ਦੇ ਕਰੋੜਾਂ ਖ਼ੂਨਦਾਨੀਆਂ ਨੂੰ ਥਾਪੜਾ ਦੇਣ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਸਾਲ ਦਾ ਦਿਵਸ ਮਨਾਉਣ ਦੇ ਉਦੇਸ਼ ਹਨ- ਸਵੈਇੱਛਕ ਖ਼ੂਨਦਾਨ ਨੂੰ ਬੜ੍ਹਾਵਾ ਦੇਣਾ, ਨਾਗਰਿਕਾਂ ਨੂੰ ਦਾਨ ਕੀਤੇ ਖ਼ੂਨ ਦੁਆਰਾ ਮਨੁੱਖੀ ਜਾਨਾਂ ਬਚਾਉਣ ਦੀ ਮਹਤੱਤਾ ਸਮਝਾਉਣਾ ਅਤੇ ਖ਼ੂਨਦਾਨੀਆਂ ਦੇ ਯੋਗਦਾਨ ਨੂੰ ਹੱਲਾਸ਼ੇਰੀ ਦਿੰਦਿਆਂ ਲੋਕਾਂ ਨੂੰ ਇਸ ਕੰਮ ਨਾਲ ਜੁੜਨ ਲਈ ਪ੍ਰੇਰਿਤ ਕਰਨਾ | ਜੇ ਗੱਲ ਕਰੀਏ ਸਮਾਜ 'ਚ ਜਾਗਰੂਕਤਾ ਪੈਦਾ ਕਰਨ ਦੀ ਤਾਂ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਆਸਾਮ ਦੇ ਬੋਂਗਾਈਗਾਓਾ ਕਸਬੇ ਦੇ 58 ਸਾਲਾ ਵਸਨੀਕ ਗਿਆਨ ਚੰਦ ਜੈਨ ਨੇ ਪਿਛਲੇ ਤੀਹ ਸਾਲਾਂ 'ਚ 114 ਵਾਰ ਖ਼ੂਨ ਦਾਨ ਕੀਤਾ ਹੈ ਅਤੇ ਉਹ ਬਾਕੀ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ | ਉਕਤ ਅਦਾਰੇ ਮੁਤਾਬਿਕ ਭਾਰਤ ਵਿਚ ਸਾਲ 2024 ਦੌਰਾਨ 1 ਕਰੋੜ 46 ਲੱਖ ਯੂਨਿਟ ਖ਼ੂਨ ਇਕੱਠਾ ਕੀਤਾ ਗਿਆ, ਜਿਸ 'ਚੋਂ 1 ਕਰੋੜ 10 ਲੱਖ ਯੂਨਿਟ ਸਵੈਇੱਛਤ ਦਾਨ ਸੀ | ਸਮੁੱਚੇ ਵਿਸ਼ਵ ਵਿਚ ਔਸਤਨ ਹਰ ਦੋ ਸਕਿੰਟਾਂ ਬਾਅਦ ਕਿਸੇ ਗੰਭੀਰ ਜ਼ਖ਼ਮੀ ਜਾਂ ਰੋਗੀ ਨੂੰ ਖ਼ੂਨ ਦੀ ਲੋੜ ਪੈਂਦੀ ਹੈ | ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੰਸਾਰ ਭਰ ਵਿਚ ਹਰ ਸਾਲ 11.8 ਕਰੋੜ ਯੂਨਿਟ ਖ਼ੂਨ ਇਕੱਠਾ ਕੀਤਾ ਜਾਂਦਾ ਹੈ | ਭਾਵੇਂ ਕਿ ਮਰੀਜ਼ਾਂ ਦੀ ਜ਼ਰੂਰਤ ਅਨੁਸਾਰ ਇਹ ਕਾਫ਼ੀ ਨਹੀਂ ਹੈ, ਕਿਉਂਕਿ ਬਹੁਤੇ ਮਰੀਜ਼ਾਂ ਨੂੰ ਲੋੜ ਸਮੇਂ ਇਸ ਦੀ ਪੂਰਤੀ ਨਹੀਂ ਹੋ ਪਾਉਂਦੀ | ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਹਰ ਸਾਲ ਇੱਥੇ 15 ਲੱਖ ਯੂਨਿਟ ਖ਼ੂਨ ਦੀ ਲੋੜ ਪੈਂਦੀ ਹੈ, ਜਦਕਿ ਖ਼ੂਨ ਦੀ ਉਪਲਬਧਤਾ 11 ਲੱਖ ਯੂਨਿਟ ਹੈ, ਜਿਸ ਕਾਰਨ ਹਰ ਸਾਲ ਲੱਖਾਂ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ | ਖ਼ੂਨਦਾਨ ਦੀ ਮਹਤੱਤਾ ਇਸ ਲਈ ਵੀ ਵਧ ਜਾਂਦੀ ਹੈ, ਕਿਉਂਕਿ ਮਨੁੱਖੀ ਖ਼ੂਨ ਨੂੰ ਕਿਸੇ ਵੀ ਵਿਗਿਆਨਕ ਢੰਗ ਨਾਲ ਜਾਂ ਕਿਸੇ ਵੀ ਮਸ਼ੀਨ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ | ਤਕਨੀਕੀ ਵਿਧੀਆਂ ਦੀ ਵਰਤੋਂ ਕਰਕੇ ਖ਼ੂਨ ਦੇ ਲਾਲ ਕਣਾਂ ਨੂੰ 35 ਤੋਂ 42 ਦਿਨਾਂ ਲਈ ਤੇ ਪਲੇਟਲੈਟ ਕਣਾਂ ਨੂੰ 5 ਤੋਂ 7 ਦਿਨਾਂ ਲਈ ਸੰਭਾਲਿਆ ਜਾ ਸਕਦਾ ਹੈ | ਇਸ ਲਈ ਨਿਰਵਿਘਨ ਖ਼ੂਨਦਾਨ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ | ਅਨੀਮੀਆ (ਖ਼ੂਨ ਦੀ ਕਮੀ ਹੋਣਾ) ਤੋਂ ਪੀੜਤਾਂ ਨੂੰ , ਬੱਚੇ ਦੇ ਜਨਮ ਸਮੇਂ ਜ਼ਰੂਰਤਮੰਦ ਮਾਤਾਵਾਂ ਨੂੰ , ਦੁਰਘਟਨਾ ਤੋਂ ਪੀੜਤਾਂ ਨੂੰ , ਆਪ੍ਰੇਸ਼ਨਾਂ ਦੌਰਾਨ, ਸਿੱਕਲ ਸੈੱਲ ਅਨੀਮੀਆ ਦੇ ਮਰੀਜ਼ਾਂ ਨੂੰ ਤੇ ਥੈਲੇਸੀਮੀਆ ਤੋਂ ਪੀੜਤ ਵਿਅਕਤੀਆਂ ਆਦਿ ਜਿਹੀਆਂ ਅਨੇਕਾਂ ਸਿਹਤ ਸਮੱਸਿਆਵਾਂ ਦੌਰਾਨ ਮਰੀਜ਼ਾਂ ਨੂੰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ |
ਵਿਸ਼ਵ ਸਿਹਤ ਸੰਗਠਨ ਅਨੁਸਾਰ 18 ਤੋਂ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦਾ ਘੱਟੋ-ਘੱਟ ਭਾਰ 50 ਕਿਲੋ ਹੋਵੇ, ਖ਼ੂਨ ਦਾਨ ਕਰ ਸਕਦਾ ਹੈ | ਤਕਨੀਕੀ ਪੱਖੋਂ ਵੇਖੀਏ ਤਾਂ ਵਿਅਕਤੀ ਦਾ ਖ਼ੂਨ ਲੈਣ ਤੋਂ ਪਹਿਲਾਂ ਉਸ ਦੇ ਖ਼ੂਨ ਨੂੰ ਕਈ ਤਰ੍ਹਾਂ ਨਾਲ ਜਾਂਚਿਆ ਜਾਂਦਾ ਹੈ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ, ਕਿ ਖ਼ੂਨ ਹਰ ਪੱਖੋਂ ਠੀਕ ਹੈ | ਖ਼ੂਨ ਦੇਣ ਵਾਲੇ 'ਚ ਘੱਟੋ-ਘੱਟ 12.5 ਗ੍ਰਾਮ ਹੀਮੋਗਲੋਬਿਨ ਹੋਣਾ ਚਾਹੀਦਾ ਹੈ | ਮਨੁੱਖ ਦੇ ਲਹੂ ਵਿਚਲੇ ਲਾਲ ਕਣਾਂ 'ਤੇ 'ਐਂਟੀਜਨ' ਨਾਂਅ ਦਾ ਇਕ ਪ੍ਰੋਟੀਨ ਹੁੰਦਾ ਹੈ, ਜੋ ਦੋ ਤਰ੍ਹਾਂ ਭਾਵ 'ਐਂਟੀਜਨ–ਏ' ਜਾਂ 'ਐਂਟੀਜਨ–ਬੀ' ਹੋ ਸਕਦਾ ਹੈ | ਇਨ੍ਹਾਂ ਦੀ ਮੌਜੂਦਗੀ ਦੇ ਆਧਾਰ 'ਤੇ ਲੋਕਾਂ ਦੇ ਖ਼ੂਨ ਨੂੰ ਚਾਰ ਵਰਗਾਂ 'ਚ ਵੰਡਿਆ ਜਾ ਸਕਦਾ ਹੈ- ਗਰੁੱਪ–ਏ, ਬੀ., ਏ.ਬੀ. ਅਤੇ ਓ | ਖ਼ੂਨ ਦੇ ਲਾਲ ਕਣਾਂ ਵਿਚ ਮੌਜੂਦ ਇਕ ਹੋਰ ਪ੍ਰੋਟੀਨ 'ਆਰਐਚ–ਫੈਕਟਰ' ਵੀ ਹੁੰਦਾ ਹੈ | ਇਸ ਦਾ ਨਾਂਅ 'ਰੀਸਸ' ਨਸਲ ਦੇ ਬਾਂਦਰ ਤੋਂ ਲਿਆ ਗਿਆ ਸੀ | ਖ਼ੂਨ ਦੇ ਲਾਲ ਕਣਾਂ 'ਤੇ ਇਸ ਪ੍ਰੋਟੀਨ ਦੀ ਮੌਜੂਦਗੀ ਦੇ ਆਧਾਰ 'ਤੇ ਖ਼ੂਨ ਨੂੰ ਫਿਰ ਤੋਂ ਦੋ ਤਰ੍ਹਾਂ ਨਾਲ ਵੰਡਿਆ ਜਾਂਦਾ ਹੈ | ਜਿਨ੍ਹਾਂ ਲੋਕਾਂ ਦੇ ਖ਼ੂਨ 'ਚ 'ਆਰਐਚ ਪ੍ਰੋਟੀਨ' ਹੁੰਦਾ ਹੈ ਉਹ 'ਆਰਐਚ–ਪਾਜ਼ਟਿਵ' ਤੇ ਜਿਨ੍ਹਾਂ 'ਚ ਨਹੀਂ ਹੁੰਦਾ, ਉਹ 'ਆਰਐਚ ਨੈਗੇਟਿਵ' ਹੁੰਦਾ ਹੈ | ਇੱਥੇ ਇਹ ਸਮਝਣ ਦੀ ਲੋੜ ਹੈ, ਕਿ ਇਨ੍ਹਾਂ ਚਾਰਾਂ ਹੀ ਕਿਸਮਾਂ ਦੇ ਲਹੂ ਵਰਗਾਂ ਵਾਲੇ ਲੋਕ ਕੁਦਰਤੀ ਤੌਰ 'ਤੇ ਇਕ ਸਮਾਨ ਤੰਦਰੁਸਤ ਹੁੰਦੇ ਹਨ | 'ਓ' ਗਰੁੱਪ ਵਾਲੇ ਲੋਕਾਂ ਦੀ ਗਿਣਤੀ ਸੰਸਾਰ ਭਰ 'ਚ ਸਭ ਤੋਂ ਵੱਧ ਤੇ 'ਏਬੀ' ਗਰੁੱਪ ਵਾਲਿਆਂ ਦੀ ਸਭ ਤੋਂ ਘੱਟ ਹੈ | ਖ਼ੂਨ ਦੇ ਇਨ੍ਹਾਂ ਵਰਗਾਂ ਦੀ ਮਹੱਤਤਾ ਉਦੋਂ ਬਹੁਤ ਵਧ ਜਾਂਦੀ ਹੈ, ਜਦੋਂ ਇਕ ਆਦਮੀ ਦਾ ਖ਼ੂਨ ਕਿਸੇ ਦੂਜੇ ਵਿਅਕਤੀ ਨੂੰ ਚੜ੍ਹਾਇਆ ਜਾਂਦਾ ਹੈ, ਕਿਉਂਕਿ ਖ਼ੂਨਦਾਨੀ ਦਾ ਖ਼ੂਨ ਜ਼ਰੂਰ ਹੀ ਖ਼ੂਨ ਪ੍ਰਾਪਤ ਕਰਨ ਵਾਲੇ ਦੇ ਖ਼ੂਨ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ | ਬਿਨਾਂ ਮੇਲ ਖ਼ੂਨ ਚੜ੍ਹਾਉਣ 'ਤੇ ਰੋਗੀ ਦਾ ਖ਼ੂਨ ਜੰਮ ਸਕਦਾ ਹੈ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਵੀ ਹੋ ਸਕਦੀ ਹੈ |

-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 6284220595

Ad Position 22
No active advertisement
ਪਿਛਲੀ ਖ਼ਬਰ ਨਿਰਾਸ਼ਾ ਤੋਂ ਚੜ੍ਹਦੀ ਕਲਾ ਵੱਲ ਅਗਲੀ ਖ਼ਬਰ ਸੁਰਜੀਤ ਹਾਂਸ ਦਾ ਪੰਜਾਬ ਤੇ ਉਸ ਦੇ ਵਾਰਿਸਾਂ ਦਾ ਮੈਲਬੌਰਨ
Ad Position 24
No active advertisement