ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੁਰਜੀਤ ਹਾਂਸ ਦਾ ਪੰਜਾਬ ਤੇ ਉਸ ਦੇ ਵਾਰਿਸਾਂ ਦਾ ਮੈਲਬੌਰਨ

Ad Position 21
No active advertisement
ਅਜੀਤ ਡੈਸਕ 14-06-2026

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਜਾਨਪੁਰ ਦਾ ਜੰਮਪਲ ਅਤੇ ਅੰਮਿ੍ਤਸਰ ਤੋਂ ਦਿੱਲੀ ਤੱਕ ਦੇ ਕਾਲਜਾਂ ਵਿਚ ਇਤਿਹਾਸ ਤੇ ਅੰਗਰੇਜ਼ੀ ਪੜ੍ਹਾਉਣ ਵਾਲਾ ਸੁਰਜੀਤ ਹਾਂਸ ਮੇਰੇ ਬੁੱਧੀਜੀਵੀ ਮਿੱਤਰਾਂ ਵਿਚੋਂ ਸਿਰਮੌਰ ਸੀ | ਉਸ ਨੇ ਆਪਣੀ ਧੀ ਦਾ ਨਾਂਅ ਨਾਨਕੀ ਰੱਖਿਆ ਤੇ ਦੋਹਤੇ ਦਾ ਸੂਫ਼ੀ | ਉਸ ਦੀ ਵਿੱਦਿਆ ਤੇ ਦੂਰ-ਦਿ੍ਸ਼ਟੀ ਨੂੰ ਪੰਜਾਬੀ ਸਾਹਿਤ ਦਾ ਮਹਾਰਥੀ ਸੰਤ ਸਿੰਘ ਸੇਖੋਂ ਵੀ ਮੰਨਦਾ ਸੀ |
ਨਾਨਕੀ ਹਾਂਸ ਅੰਗਰੇਜ਼ੀ ਟਿ੍ਬਿਊਨ ਦੇ ਸੰਪਾਦਕੀ ਅਮਲੇ ਵਿਚ ਕੰਮ ਕਰਕੇ ਸੇਵਾਮੁਕਤ ਹੋਈ ਹੈ ਅਤੇ ਸੂਫ਼ੀ 12 ਸਾਲ ਪਹਿਲਾਂ ਆਸਟ੍ਰੇਲੀਆ ਪੜ੍ਹਨ ਚਲਾ ਗਿਆ ਸੀ ਤੇ ਡਾਕਟਰ ਬਣ ਕੇ ਉੱਥੇ ਹੀ ਕੰਮ ਕਰ ਰਿਹਾ ਹੈ | ਕੰਮ ਕਰਦਿਆਂ ਉਸ ਦਾ ਮੇਲ ਸੈਲਿਨੀ ਨਾਂਅ ਦੀ ਇਕ ਕੁੜੀ ਨਾਲ ਹੋ ਗਿਆ, ਜਿਹੜੀ ਬੈਂਕਰ ਹੈ | ਉਨ੍ਹਾਂ ਦਾ ਬੈਂਕ ਵੱਡੇ ਉਦਯੋਗਪਤੀਆਂ ਨੂੰ ਕਰਜ਼ੇ ਦਿੰਦਾ ਹੈ | ਉਂਝ ਉਸ ਦੇ ਮਾਪਿਆਂ ਦਾ ਫਾਰਮ ਹਾਊਸ ਬੱਲਾਰਾਬਟ ਵਿਖੇ ਹੈ, ਜਿਹੜਾ ਮੈਲਬਰਨ ਤੋਂ 90 ਕਿਲੋਮੀਟਰ ਦੀ ਦੂਰੀ 'ਤੇ ਹੈ | ਸੂਫ਼ੀ ਦੇ ਸਹੁਰਿਆਂ ਕੋਲ 17-17 ਸੌ ਏਕੜ ਦੇ ਦੋ ਫਾਰਮ ਹਨ, ਦੋਵੇਂ ਬਰਾਬਰ ਦੇ ਰਕਬੇ ਵਿਚ | ਇਕ ਫਿਨਲੇ ਤੇ ਦੂਜਾ ਐਲਬਰੀ ਵਿਖੇ | ਉਹ ਇਕ ਰਕਬੇ ਵਿਚ ਕੇਵਲ ਵਾਹੀ-ਖੇਤੀ ਕਰਦੇ ਹਨ ਤੇ ਦੂਜੇ ਵਿਚ ਖੇਤੀ ਤੋਂ ਬਿਨਾਂ 200 ਏਕੜ ਵਿਚ ਉਨ੍ਹਾਂ ਦੀ ਰਿਹਾਇਸ਼ ਹੈ, ਜਿਸ ਨੂੰ ਫਾਰਮ ਹਾਊਸ ਕਹਿੰਦੇ ਹਨ |
ਨਾਨਕੀ ਹਾਂਸ ਮਈ 2026 ਵਿਚ ਸੂਫ਼ੀ ਨੂੰ ਦੇਖਣ ਗਈ ਤਾਂ ਸਭ ਥਾਵਾਂ ਵੇਖ ਕੇ ਆਈ | ਆਪਣੇ ਭਾਰਤ ਵਿਚ ਤਾਂ ਆਪਾਂ 3400 ਏਕੜ ਦੀ ਮਾਲਕੀ ਵਾਲੇ ਜੱਟ-ਜ਼ਿਮੀਂਦਾਰ ਹੋਣ ਦਾ ਸੁਪਨਾ ਹੀ ਲੈ ਸਕਦੇ ਹਾਂ | ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਾਨਕੀ ਦੇ ਪਿਤਾ ਇਕ ਦਰਜਨ ਪੁਸਤਕਾਂ ਦੇ ਲੇਖਕ ਹਨ ਤਾਂ ਘਰ ਵਾਲੇ ਨਾਨਕੀ ਨੂੰ ਉਸ ਕਮਰੇ ਵਿਚ ਲੈ ਗਏ, ਜਿੱਥੇ ਗੁੱਲੀਵਰ ਟ੍ਰੈਵਲਸ (ਗੁਲੀਵਰ ਦੇ ਸਫਰਨਾਮੇ) ਲਿਖਣ ਵਾਲੇ ਜਗਤ ਪ੍ਰਸਿੱਧ ਲੇਖਕ ਜੌਨਾਥਨ ਸਵਿਫਟ ਦੀ ਫਰੇਮ ਵਿਚ ਜੜੀ ਤਸਵੀਰ ਕੰਧ 'ਤੇ ਲਟਕ ਰਹੀ ਸੀ | ਉਨ੍ਹਾਂ ਦੱਸਿਆ ਜੌਨਾਥਨ ਸਵਿਫਟ ਉਨ੍ਹਾਂ ਦੀ ਇਕ ਚਾਚੀ ਦਾ ਵਡੇਰਾ ਸੀ | ਅਜਿਹੇ ਅਮਲ ਨੂੰ ਤਾਸ਼ ਖੇਡਣ ਵਾਲੇ ਰੰਗਾਂ ਦਾ ਪੱਤਾ ਚੱਲਣਾ ਕਹਿੰਦੇ ਹਨ |
ਸੈਲਿਨੀ ਆਪ ਤਾਂ ਵੱਡੇ ਕਾਰੋਬਾਰੀਆਂ ਨੂੰ ਕਰਜ਼ੇ ਦੇਣ ਵਾਲੇ ਬੈਂਕ ਨਾਲ ਸਬੰਧਿਤ ਹੈ ਪਰ ਉਸ ਦੀ ਮਾਂ ਜੌਨਾਥਨ ਸਵਿਫਟ ਦੀ ਪੜਪੋਤਰੀ ਹੈ | ਸੈਲਿਨੀ ਦੀ ਮਾਸੀ ਵਿੱਦਿਅਕ ਸੰਸਥਾਵਾਂ ਵਿਚ ਨਾਟਕਕਾਰੀ ਪੜ੍ਹਾਉਣ ਤੋਂ ਬਿਨਾਂ ਫਿਲਮਾਂ ਵਿਚ ਵੀ ਕੰਮ ਕਰਦੀ ਰਹੀ ਹੈ | ਸੈਲਿਨੀ ਦਾ ਮਾਸੜ ਬੋਧੀ ਹੋ ਗਿਆ ਸੀ ਪਰ ਉਹ ਕਿਸੇ ਲਾਗ ਵਾਲੀ ਬਿਮਾਰੀ ਦਾ ਸ਼ਿਕਾਰ ਹੋ ਕੇ ਛੋਟੀ ਉਮਰੇ ਚੱਲ ਵਸਿਆ ਸੀ | ਸੂਫ਼ੀ ਮੁੱਢਲੀ ਡਾਕਟਰੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਅੱਡੀ, ਗਿੱਟਾ ਤੇ ਪੈਰਾਂ ਦੇ ਰੋਗਾਂ ਦਾ ਮਾਹਿਰ ਬਣ ਚੁੱਕਿਆ ਹੈ | ਸੈਲਿਨੀ ਦੀ ਸਹੇਲੀ ਕਿਸੇ ਅਜਿਹੇ ਰੋਗੀ ਨੂੰ ਸੂਫ਼ੀ ਕੋਲ ਦਿਖਾਉਣ ਆਈ ਸੀ, ਜਿੱਥੋਂ ਦੋਵਾਂ ਦੀ ਦੋਸਤੀ ਹੋ ਗਈ ਤੇ ਵਿਆਹ ਬੰਧਨ ਵਿਚ ਬੱਝ ਗਏ |
ਆਸਟ੍ਰੇਲੀਆ ਨਾਲ ਮੇਰੀ ਵੀ ਸਾਂਝ ਹੈ | 1971 ਵਿਚ ਅੰਮਿ੍ਤਾ ਪ੍ਰੀਤਮ ਦੇ ਨਵੀਂ ਦਿੱਲੀ ਵਾਲੇ ਘਰ ਮੇਰੀ ਮਿੱਤਰਤਾ ਆਸਟ੍ਰੇਲੀਅਨ ਗਲਪਕਾਰ ਬੈਟੀ ਕਾਲਿਨਜ਼ ਨਾਲ ਹੋਈ, ਜਿਹੜੀ ਚਾਰ ਦਹਾਕੇ ਪਹਿਲਾਂ ਬੈਟੀ ਦੇ ਅਕਾਲ ਚਲਾਣੇ ਤੱਕ ਰਹੀ | ਮੈਂ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਦਿੱਲੀ ਤੇ ਨਵੀਂ ਦਿੱਲੀ ਦੀਆਂ ਇਤਿਹਾਸਕ ਇਮਾਰਤਾਂ ਵੀ ਦਿਖਾਈਆਂ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦਾ ਆਪਣਾ ਜੱਦੀ-ਪੁਸ਼ਤੀ ਪਿੰਡ ਤੇ ਸੰਤ ਸਿੰਘ ਸੇਖੋਂ ਦਾ ਦਾਖਾ ਪਿੰਡ ਵੀ ਦਿਖਾਇਆ | ਉਸ ਨੂੰ ਟਾਈਪ ਕਰਨਾ ਆਉਂਦਾ ਸੀ ਤੇ ਲੰਮੀਆਂ ਚਿੱਠੀਆਂ ਲਿਖਣ ਦਾ ਸ਼ੌਕ ਸੀ | ਉਸ ਨੂੰ ਭਾਰਤ ਦੀਆਂ ਇਤਿਹਾਸਕ ਥਾਵਾਂ ਏਨੀਆਂ ਪਸੰਦ ਹਨ ਕਿ ਕਿਸੇ ਨਾ ਕਿਸੇ ਬਹਾਨੇ ਇੱਥੇ ਆਉਂਦੀ ਰਹੀ, ਘੱਟੋ-ਘੱਟ ਤਿੰਨ ਵਾਰੀ |
ਇਕ ਵਾਰੀ ਜਦੋਂ ਉਹ ਸਿਡਨੀ ਤੋਂ ਮੈਲਬੌਰਨ ਜਾ ਰਹੀ ਸੀ ਤਾਂ ਟੈਕਸੀ ਇਹੋ ਜਿਹੀ ਥਾਂ ਖਰਾਬ ਹੋ ਗਈ, ਜਿੱਥੋਂ ਕਿਸੇ ਪਾਸੇ ਵੀ 50 ਕਿਲੋਮੀਟਰ ਤੱਕ ਕੋਈ ਵਸੋਂ ਨਹੀਂ ਸੀ | ਉਹ ਘਬਰਾ ਗਈ | ਫੇਰ ਡਰਾਈਵਰ ਨੇ ਉਸ ਨੂੰ ਆਕਾਸ਼ ਵਿਚ ਗੇੜੇ ਕੱਢਦਾ ਇਕ ਹੈਲੀਕਾਪਟਰ ਦਿਖਾ ਕੇ ਸ਼ਾਂਤ ਕਰਵਾਇਆ, ਜਿਸ ਵਿਚ ਮਕੈਨਿਕ ਹੋ ਸਕਦਾ ਸੀ | ਜੇ ਟੈਕਸੀ ਨਾ ਵੀ ਠੀਕ ਹੰੁਦੀ ਤਾਂ ਹੈਲੀਕਾਪਟਰ ਟੈਕਸੀ ਨੂੰ ਉੱਥੇ ਛੱਡ ਕੇ ਬੈਟੀ ਕਾਲਿਨਜ਼ ਤੇ ਡਰਾਈਵਰ ਨੂੰ ਕਿਸੇ ਵਸੋਂ ਵਾਲੇ ਥਾਂ ਤੱਕ ਲਿਜਾ ਸਕਦਾ ਸੀ | ਬੈਟੀ ਨੂੰ ਉੱਕਾ ਹੀ ਨਹੀਂ ਸੀ ਪਤਾ ਕਿ ਉਸ ਦੇ ਦੇਸ਼ ਵਿਚ ਉੱਥੋਂ ਦੀ ਸਰਕਾਰ ਨੇ ਇਹ ਪ੍ਰਬੰਧ ਵੀ ਕੀਤੇ ਹੋਏ ਸਨ | ਬੈਟੀ ਨੇ ਮੈਨੂੰ ਏਸ ਤਰ੍ਹਾਂ ਦੀ ਜਾਣਕਾਰੀ ਦੇ ਕੇ ਨਿਹਾਲ ਕਰ ਦਿੱਤਾ ਸੀ | ਕੇਵਲ ਸਿਡਨੀ ਬਾਰੇ ਨਹੀਂ, ਤਸਮਾਨੀਆ ਤੇ ਪਾਪੂਆ ਨਿਊ ਗਿਨੀ ਬਾਰੇ ਵੀ |
ਨਾਨਕੀ ਦਾ ਸੂਫ਼ੀ ਤਾਂ ਉੱਥੇ 12 ਸਾਲ ਤੋਂ ਰਹਿ ਰਿਹਾ ਹੈ ਪਰ ਨਾਨਕੀ ਪਹਿਲੀ ਵਾਰ ਉੱਥੇ ਜਾ ਕੇ ਏਨੀ ਖ਼ੁਸ਼ ਪਰਤੀ ਕਿ ਹੁਣ ਹਰ ਸਾਲ ਉਹ ਉੱਥੇ ਕੁਝ ਨਾ ਕੁਝ ਸਮਾਂ ਲਾ ਕੇ ਆਇਆ ਕਰੇਗੀ |

ਈਮੇਲ : sandhugul੍ਰar0yahoo.com

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਖ਼ੂਨਦਾਨ ਦਿਵਸ 'ਤੇ ਵਿਸ਼ੇਸ਼<br> ਸਾਡਾ ਕੀਤਾ ਖ਼ੂਨ ਦਾਨ ਪੀੜਤਾਂ ਨੂੰ ਦੇ ਸਕਦੈ ਜੀਵਨ ਦਾਨ ਅਗਲੀ ਖ਼ਬਰ ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੀਆਂ ਚੁਣੌਤੀਆਂ
Ad Position 24
No active advertisement