ਕਈ ਜਗ੍ਹਾ ਦਰੱਖਤਾਂ ਉੱਤੇ ਜਾਂ ਵਾੜਾਂ ਉੱਪਰ, ਹਲਕੇ ਪੀਲ਼ੇ ਅਤੇ ਹਰੇ ਰੰਗ ਦੇ ਮੋਟੇ ਧਾਗਿਆਂ ਵਰਗੀ ਵੇਲ ਚੜ੍ਹੀ ਹੁੰਦੀ ਹੈ, ਇਸ ਨੂੰ ਪੰਜਾਬ ਵਿਚ ਅਮਰ ਵੇਲ ਜਾਂ ਆਕਾਸ਼ ਵੇਲ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ | ਇਸ ਨੂੰ ਡੋਡਰ ਵੀ ਕਹਿੰਦੇ ਹਨ | ਇਸ ਦਾ ਵਿਗਿਆਨਕ ਨਾਮ ਕਸਕਿਊਟਾ ਹੈ | ਇਹ ਇੱਕ ਅਜਿਹਾ ਪੌਦਾ ਹੈ, ਜਿਸ ਦੇ ਨਾ ਤਾਂ ਪੱਤੇ ਹੁੰਦੇ ਹਨ, ਅਤੇ ਨਾ ਹੀ ਇਸ ਵਿਚ ਕਲੋਰੋਫਿਲ ਹੁੰਦਾ ਹੈ | ਇਸ ਲਈ ਇਹ ਪੌਦਾ ਪ੍ਰਕਾਸ਼ ਸੰਸਲੇਸ਼ਣ ਲਈ ਸਮਰੱਥ ਨਹੀਂ ਹੁੰਦਾ | ਜਿੱਥੇ ਬਾਕੀ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉੱਥੇ ਇਹ ਇੱਕ ਵੱਖਰੀ ਕਿਸਮ ਦਾ ਪੌਦਾ ਹੈ, ਜੋ ਇੱਕ ਪਰਜੀਵੀ ਦੇ ਤੌਰ ਤੇ ਦੂਜੇ ਪੌਦਿਆਂ ਤੋਂ ਆਪਣੀ ਖੁਰਾਕ ਲੈਂਦਾ ਹੈ | ਜਿਵੇਂ ਬਾਕੀ ਪੌਦੇ ਆਪਣੀਆਂ ਜੜ੍ਹਾਂ ਮਿੱਟੀ ਵਿਚ ਸਥਾਪਿਤ ਕਰ ਕੇ ਪਾਣੀ ਅਤੇ ਖੁਰਾਕੀ ਤੱਤ ਮਿੱਟੀ ਵਿਚੋਂ ਸੋਖਦੇ ਹਨ, ਇਸ ਪੌਦੇ ਵਿਚ ਹੌਸਟੋਰੀਆ ਨਾਮਕ ਕੰਡੇ ਜਿਹੇ ਹੁੰਦੇ ਹਨ, ਜਿਹਨਾਂ ਨੂੰ ਇਹ ਕਿਸੇ ਦੂਜੇ ਪੌਦੇ ਵਿਚ ਖੋਭ ਕੇ ਉਸ ਪੌਦੇ ਤੋਂ ਆਪਣੀ ਖੁਰਾਕ ਅਤੇ ਪਾਣੀ ਲੈਂਦਾ ਹੈ | ਆਮ ਅੱਖ ਨਾਲ਼ ਦੇਖਣ ਤੇ ਇਹ ਪਤਾ ਹੀ ਨਹੀਂ ਲਗਦਾ ਕਿ ਇਸ ਦੀਆਂ ਕਿਤੇ ਜੜ੍ਹਾਂ ਵੀ ਹਨ | ਇਸੇ ਕਰਕੇ ਇਸ ਨੂੰ ਆਕਾਸ਼ ਵੇਲ ਕਿਹਾ ਜਾਂਦਾ ਹੈ | ਵਿਲੱਖਣ ਗੱਲ ਇਹ ਹੈ ਕਿ ਇਸ ਨੂੰ ਸਾਰੇ ਪੌਦੇ ਪਸੰਦ ਨਹੀਂ | ਇਹ ਪੌਦਾ ਆਪਣੀ ਪਸੰਦ ਦੇ ਪੌਦੇ ਉੱਤੇ ਹੀ ਚੜ੍ਹਦਾ ਹੈ | ਇਸ ਪੌਦੇ ਵਿਚ ਗੰਧ ਨੂੰ ਸੁੰਘਣ ਦੀ ਸ਼ਕਤੀ ਹੁੰਦੀ ਹੈ ਅਤੇ ਇਹ ਆਪਣੀ ਪਸੰਦ ਜਾਂ ਨਾਪਸੰਦ ਉਸ ਗੰਧ ਦੇ ਅਨੁਸਾਰ ਹੀ ਨਿਰਧਾਰਿਤ ਕਰਦਾ ਹੈ | ਇਹ ਇੰਨਾ ਹਮਲਾਵਰ ਪੌਦਾ ਹੈ ਕਿ ਜਿਸ ਪੌਦੇ 'ਤੇ ਇੱਕ ਵਾਰ ਚੜ੍ਹ ਜਾਂਦਾ ਹੈ, ਉਸ ਨੂੰ ਦੱਬ ਹੀ ਲੈਂਦਾ ਹੈ | ਇਸ ਨੂੰ ਕਾਬੂ ਕਰਨਾ ਫਿਰ ਬੜਾ ਹੀ ਮੁਸ਼ਕਿਲ ਹੋ ਜਾਂਦਾ ਹੈ | ਵੱਡੇ ਵੱਡੇ ਦਰੱਖਤ ਇਸ ਦੀ ਮਾਰ ਹੇਠ ਦੱਬੇ ਜਾਂਦੇ ਹਨ | ਜੇਕਰ ਇਸ ਨੂੰ ਕਿਸੇ ਦਰੱਖਤ ਤੋਂ ਲਾਹ ਵੀ ਦਈਏ, ਤਾਂ ਵੀ ਇਸ ਦਾ ਕੋਈ ਨਾ ਕੋਈ ਹੌਸਟੋਰੀਆ ਦੂਜੇ ਪੌਦੇ ਵਿਚ ਚੁੱਭਿਆ ਰਹਿ ਜਾਂਦਾ ਹੈ | ਓਸੇ ਤੋਂ ਇਹ ਫਿਰ ਪੈਦਾ ਹੋ ਜਾਂਦਾ ਹੈ | ਇਸੇ ਕਰਕੇ ਇਸ ਨੂੰ ਅਮਰ ਵੇਲ ਕਹਿੰਦੇ ਹਨ |
ਕੁਦਰਤ ਨੇ ਇਸ ਪੌਦੇ ਨੂੰ ਗੁਣ ਵੀ ਬੜੇ ਦਿੱਤੇ ਹਨ | ਇਸ ਦੀਆਂ ਕਾਫੀ ਪ੍ਰਜਾਤੀਆਂ ਲੰਬੇ ਸਮੇਂ ਤੋਂ ਦੇਸੀ ਦਵਾਈਆਂ ਲਈ ਵਰਤੀਆਂ ਜਾਂਦੀਆਂ ਹਨ | ਜਿਨ੍ਹਾਂ ਦੇ ਚਿਹਰੇ 'ਤੇ ਫਿਨਸੀਆਂ ਹੋ ਜਾਂਦੀਆਂ ਹਨ, ਉਹ ਇਸ ਪੌਦੇ ਨੂੰ ਪਾਣੀ ਵਿਚ ਰਿੰਨ੍ਹ ਕੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਰੂੰ ਨਾਲ ਚਿਹਰੇ 'ਤੇ ਲਾਉਂਦੇ ਹਨ | ਫਿਨਸੀਆਂ ਨੂੰ ਇਹ ਆਮ ਇਲਾਜਾਂ ਤੋਂ ਜਲਦੀ ਠੀਕ ਕਰਦਾ ਹੈ | ਚਿਹਰੇ ਦੀਆਂ ਛਾਈਆਂ ਹਟਾਉਣ ਅਤੇ ਰੰਗ ਸਾਫ ਕਰਨ ਲਈ ਵੀ ਇਸ ਪੌਦੇ ਨੂੰ ਲਾਭਦਾਇਕ ਮੰਨਿਆ ਜਾਂਦਾ ਹੈ | ਇਸ ਵਿਚ ਬੁਢਾਪਾ ਵਿਰੋਧੀ ਗੁਣ ਹੁੰਦੇ ਹਨ |
ਵਾਲ਼ ਝੜਨ ਤੋਂ ਰੋਕਣ ਵਾਸਤੇ ਅਤੇ ਵਾਲ਼ਾਂ ਨੂੰ ਲੰਬੇ ਕਰਨ ਲਈ ਇਸ ਨੂੰ ਨਾਰੀਅਲ ਜਾਂ ਸਰ੍ਹੋਂ ਦੇ ਤੇਲ ਵਿਚ ਸਾੜ ਕੇ ਲਾਉਣਾ ਲਾਭਦਾਇਕ ਹੁੰਦਾ ਹੈ | ਇਸ ਦਾ ਕਾੜ੍ਹਾ ਬਣਾ ਕੇ ਪੀਣਾ ਜਿਗਰ ਅਤੇ ਗੁਰਦਿਆਂ ਵਾਸਤੇ ਬਹੁਤ ਲਾਭਦਾਇਕ ਹੈ | ਇਹ ਪੀਣ ਨਾਲ਼ ਪਿਸ਼ਾਬ ਜ਼ਿਆਦਾ ਆਉਂਦਾ ਹੈ, ਜਿਸ ਕਰਕੇ ਬਲੱਡ ਪਰੈਸ਼ਰ ਵਧਦਾ ਨਹੀਂ | ਇਹ ਗੁਰਦਿਆਂ ਦੀ ਸਫਾਈ ਕਰ ਦਿੰਦਾ ਹੈ | ਸਰੀਰਕ ਕਮਜ਼ੋਰੀ ਦੂਰ ਕਰਨ ਲਈ ਇਹ ਮਰਦਾਂ ਅਤੇ ਔਰਤਾਂ, ਦੋਵਾਂ ਲਈ ਲਾਭਕਾਰੀ ਹੈ | ਚਮੜੀ ਤੇ ਕਈ ਪ੍ਰਕਾਰ ਦੀਆਂ ਖੁਜਲੀਆਂ ਲਈ ਇਸ ਪੌਦੇ ਨੂੰ ਰਗੜ ਕੇ ਬਣਾਈ ਮਲ੍ਹਮ ਲਾਭਕਾਰੀ ਹੁੰਦੀ ਹੈ | ਸੋਜ ਘਟਾਉਣ ਵਾਸਤੇ ਇਸ ਪੌਦੇ ਦੇ ਕਾੜ੍ਹੇ ਨਾਲ਼ ਟਕੋਰ ਕਰਨਾ ਅਤੇ ਇਸ ਦੀ ਮਲ੍ਹਮ ਬਣਾ ਕੇ ਲਾਉਣਾ ਲਾਭਦਾਇਕ ਮੰਨਿਆ ਗਿਆ ਹੈ |
ਬੇਸ਼ੱਕ ਇਹ ਪੌਦਾ ਬਹੁਤ ਗੁਣਕਾਰੀ ਹੈ, ਪਰ ਇਸ ਦੀ ਲੋੜ ਤੋਂ ਵੱਧ ਵਰਤੋਂ ਹਾਨੀਕਾਰਕ ਹੋ ਸਕਦੀ ਹੈ | ਆਮ ਤੌਰ 'ਤੇ ਅਤੇ ਖਾਸਕਰ ਗਰਭਪਤੀ ਅਤੇ ਦੁੱਧ ਚੁੰਘਾਉਣ ਵਾਲ਼ੀਆਂ ਔਰਤਾਂ ਨੂੰ ਇਸਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨੀ ਚਾਹੀਦੀ |
-ਮੋਬਾਈਲ : 8558831900