ਇਕ ਨਜ਼ਰ ਮਾਰ ਕੇ ਕਿਸੇ ਨੂੰ ਵੀ ਦੇਖ ਲਓ। ਕਿਸੇ ਨਾ ਕਿਸੇ ਉਧੇੜ-ਬੁਣ, ਜੋੜ-ਤੋੜ ਵਿਚ ਲੱਗਾ ਹੋਵੇਗਾ। ਨੱਠ-ਭੱਜ ਦਾ ਹੀ ਦੂਜਾ ਨਾਂਅ ਅੱਜ ਜ਼ਿੰਦਗੀ ਹੋ ਗਿਆ ਹੈ। ਕਿਸੇ ਨੂੰ ਚੈਨ ਨਹੀਂ। ਘੜੀ ਭਰ ਰੁਕਣ ਤੇ ਸਾਹ ਲੈਣ ਦੀ ਫੁਰਸਤ ਨਹੀਂ। ਭੱਜ-ਨੱਠ ਮਚੀ ਹੋਈ ਹੈ।
ਅੱਜ ਦਾ ਇਨਸਾਨ, ਇਨਸਾਨ ਹੀ ਨਹੀਂ ਰਿਹਾ। ਮਨੁੱਖਤਾ ਦੇ ਮੁਢਲੇ ਗੁਣਾਂ, ਮੁੱਲਾਂ, ਵਿਸ਼ੇਸ਼ਤਾਵਾਂ ਨੂੰ ਉਸ ਨੇ ਤਿਲਾਂਜਲੀ ਹੀ ਦੇ ਦਿੱਤੀ ਹੈ। ਉਹ ਇਕ ਚੂਹਾ ਦੌੜ ਵਿਚ ਸ਼ਾਮਿਲ ਹੋ ਕੇ ਲਗਾਤਾਰ ਦੌੜਦਾ ਜਾ ਰਿਹਾ ਹੈ, ਬੱਸ ਦੌੜੀ ਹੀ ਜਾ ਰਿਹਾ ਹੈ-ਸਰਪਟ, ਬੇਤਹਾਸ਼ਾ, ਬਦਹਵਾਸ, ਇਕ ਇਸ ਤਰ੍ਹਾਂ ਦੀ ਦੌੜ, ਜਿਸ ਦਾ ਕੋਈ ਅੰਤ ਨਹੀਂ, ਕੋਈ ਮੰਜ਼ਿਲ ਨਹੀਂ, ਕੋਈ ਨਤੀਜਾ ਨਹੀਂ, ਜਿਸ ਵਿਚ ਆਰਾਮ ਦਾ ਕਿਤੇ ਨਾਂਅ ਨਹੀਂ, ਕੋਈ ਕੰਮ ਨਹੀਂ।
ਅਸੀਂ ਅੱਜ ਭੌਤਿਕ ਇੱਛਾਵਾਂ ਦੇ ਇਸ ਤਰ੍ਹਾਂ ਦੇ ਭੰਵਰਜਾਲ ਵਿਚ ਜਾ ਪਏ ਹੋਏ ਹਾਂ ਜਿਸ ਦਾ ਕੋਈ ਹੋਰ ਕਿਨਾਰਾ ਨਹੀਂ, ਕੋਈ ਨਿਕਾਸ ਨਹੀਂ। ਦੇਖਾ-ਦੇਖੀ ਅਸੀਂ ਉਨ੍ਹਾਂ ਚੀਜ਼ਾਂ ਤੇ ਸਹੂਲਤਾਂ ਦੀ ਪ੍ਰਾਪਤੀ ਲਈ ਹੋਰ ਤੋਂ ਹੋਰ ਇਕੱਠਾ ਕਰਨ ਵਿਚ ਲੱਗ ਗਏ ਹਾਂ, ਜਿਨ੍ਹਾਂ ਦੀ ਨਾ ਕੋਈ ਹੱਦ ਹੈ, ਨਾ ਅੰਤ। ਸਾਈਕਲ ਹੈ ਤਾਂ ਮੋਪੇਡ ਦੀ ਇੱਛਾ ਹੈ ਤੇ ਮੋਟਰਸਾਈਕਲ ਚਾਹੀਦਾ ਹੈ। ਮੋਟਰਸਾਈਕਲ ਹੈ ਤਾਂ ਕਾਰ ਦੀ ਲਾਲਸਾ, ਕਾਰ ਹੈ ਤਾਂ ਏ.ਸੀ. ਹੋਣਾ ਚਾਹੀਦਾ ਹੈ।
ਗੱਲ ਕੱਪੜੇ ਦੀ ਹੋਵੇ, ਜੁੱਤੀਆਂ ਦੀ ਹੋਵੇ ਜਾਂ ਮਕਾਨ ਦੀ, ਬੱਚਿਆਂ ਲਈ ਸਕੂਲ ਦੀ ਚੋਣ ਦੀ ਹੋਵੇ ਜਾਂ ਕੁੜੀ ਦੇ ਲਈ ਵਰ ਦੀ ਭਾਲ ਦੀ, ਅਸੀਂ ਕਿਸੇ ਤੋਂ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੇ। ਆਪਣੇ ਸਾਧਨਾਂ ਅਤੇ ਸਮਰੱਥਾ ਦੀ ਵੀ ਅਣਦੇਖੀ ਕਰ ਦਿੰਦੇ ਹਾਂ। ਚੂਹਾ ਦੌੜ ਤੋਂ ਬਾਹਰ ਰਹਿਣਾ ਸਾਨੂੰ ਕਬੂਲ ਨਹੀਂ।
ਸਿਆਣੇ, ਸਮਝਦਾਰ ਵਿਵੇਕਸ਼ੀਲ ਹੋ ਕੇ ਵੀ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਕਿਸ-ਕਿਸ ਦੀ ਬਰਾਬਰੀ ਕਰਾਂਗੇ। ਕਿੱਥੋਂ ਤੱਕ ਕਰਾਂਗੇ। ਕੀ ਜੀਵਨ ਭਰ ਹਫ਼ਦੇ-ਕੰਬਦੇ ਇਸ ਭਰਮਜਾਲ ਵਿਚੋਂ ਖ਼ੁਦ ਨੂੰ ਜਕੜੀ ਰੱਖਾਂਗੇ। ਕੀ ਮਨੁੱਖ ਭਾਵ ਸਾਨੂੰ ਇਸ ਲਈ ਜੀਵਨ ਮਿਲਿਆ ਸੀ। ਕੀ ਜੀਵਨ ਦਾ ਉੇਦੇਸ਼ ਸਿਰਫ਼ ਇਹੀ ਕਬਾੜ ਇਕੱਠਾ ਕਰਨਾ ਰਹਿ ਗਿਆ ਹੈ? ਬਜ਼ੁਰਗਾਂ ਨੇ ਬਹੁਤ ਸੋਚ-ਵਿਚਾਰ ਕੇ ਸਾਦਾ ਜੀਵਨ ਉੱਚ ਵਿਚਾਰ ਦਾ ਮੁੱਲ ਮੰਤਰ ਸਾਨੂੰ ਦਿੱਤਾ ਸੀ। ਦੁੱਖ ਹੈ ਅਸੀਂ ਉਨ੍ਹਾਂ ਬਹੁਮੁੱਲੇ ਸੂਤਰਾਂ ਨੂੰ ਵੀ ਭੁਲਾ ਬੈਠੇ ਹਾਂ।
ਇਸ ਚੂਹਾ ਦੌੜ ਦੇ ਨਤੀਜੇ ਵਜੋਂ ਅਸੀਂ ਬਲੱਡ ਪ੍ਰੈੱਸ਼ਰ ਵਧਾਉਂਦੇ ਹਾਂ। ਸ਼ੂਗਰ ਦਾ ਰੋਗ ਪਾਲਦੇ ਹਾਂ। ਦਿਲ ਦੇ ਰੋਗ ਤੋਂ ਪੀੜਤ ਹੁੰਦੇ ਹਾਂ। ਹੋਰ ਵੱਖ-ਵੱਖ ਤਰ੍ਹਾਂ ਦੇ ਨੁਕਸਾਨ ਦਾ ਸ਼ਿਕਾਰ ਬਣਦੇ ਹਾਂ। ਜੀਵਨ ਦਾ ਸਹਿਜ-ਸੁਲਭ ਅਨੰਦ ਗਵਾ ਬੈਠਦੇ ਹਾਂ। ਇਨ੍ਹਾਂ ਭੌਤਿਕ ਸਹੂਲਤਾਂ ਦੀ ਪ੍ਰਾਪਤੀ ਲਈ ਸਾਧਨ ਜੁਟਾਉਣ ਵਿਚ ਬੇਹੱਦ ਮਿਹਨਤ ਕਰਕੇ ਆਪਣੇ ਸਰੀਰ 'ਤੇ ਅੱਤਿਆਚਾਰ ਕਰਦੇ ਹਾਂ। ਗ਼ੈਰ-ਜ਼ਰੂਰੀ ਸਾਧਨ ਅਪਣਾਉਂਦੇ ਹਾਂ। ਇਕ ਇਸ ਤਰ੍ਹਾਂ ਦੇ ਦੁਸ਼ਚੱਕਰ ਵਿਚ ਘਿਰ ਜਾਂਦੇ ਹਾਂ ਜਿਸ 'ਚੋਂ ਨਿਕਲਣ ਸਕਣਾ ਮੁਸ਼ਕਿਲ ਹੁੰਦਾ ਹੈ।
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਸਹੂਲਤਾਂ ਨੂੰ ਇਕੱਠਾ ਕਰਨ ਵਿਚ ਅਸੀਂ ਦਿਨ-ਰਾਤ ਇਕ ਕੀਤਾ ਹੋਇਆ ਹੈ, ਉਨ੍ਹਾਂ ਸਹੂਲਤਾਂ ਦੀ ਵਰਤੋਂ ਕਰਨ ਲਈ ਨਾ ਸਾਡੇ ਕੋਲ ਸਮਾਂ ਹੀ ਰਹਿੰਦਾ ਹੈ ਤੇ ਨਾ ਹੀ ਸਮਰੱਥਾ। ਸਾਡੀ ਲਗਾਤਾਰ ਇਕ ਕੋਹਲੂ ਦੇ ਬਲਦ ਵਰਗੀ ਹਾਲਤ ਹੋ ਜਾਂਦੀ ਹੈ। ਕਿਸ ਤਰ੍ਹਾਂ ਦੀ ਤ੍ਰਾਸਦੀ ਹੈ ਕਿ ਅਸੀਂ ਹੋਰ ਹੋਰ ਦੇ ਮਾਇਆਜਾਲ ਵਿਚ ਫਸੇ ਉਸ ਦਾ ਵੀ ਅਨੰਦ ਨਹੀਂ ਲੈਂਦੇ ਜੋ ਸਾਡੇ ਕੋਲ ਉਪਲਬਧ ਹੈ। ਦੁੱਖ ਹੈ ਕਿ ਹੋਸ਼ ਉਸ ਸਮੇਂ ਆਉਂਦਾ ਹੈ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਉਦੋਂ ਪਛਤਾਉਣ ਨਾਲ ਵੀ ਕੁਝ ਹਾਸਿਲ ਨਹੀਂ ਹੁੰਦਾ। ਉਦੋਂ ਪਤਾ ਲਗਦਾ ਹੈ ਕਿ ਰੱਬ ਦਾ ਦਿੱਤਾ ਅਮੁੱਲ ਜੀਵਨ ਬੇਕਾਰ ਗਵਾ ਦਿੱਤਾ, ਖ਼ਤਮ ਕਰ ਦਿੱਤਾ। ਜੀਵਨ ਭਰ ਇਕ ਮ੍ਰਿਗਤ੍ਰਿਸ਼ਣਾ ਦੇ ਪਿੱਛੇ ਭੱਜਦੇ ਰਹੇ।
ਜੀਵਨ ਵਿਚ ਉਦਯੋਗ, ਉਪਕਰਮ, ਸੰਘਰਸ਼ ਦਾ ਮਹੱਤਵ ਨਕਾਰਿਆ ਨਹੀਂ ਜਾ ਸਕਦਾ। ਸਫਲ ਜੀਵਨ, ਸਹਿਜ ਜੀਵਨ ਬਿਤਾਉਣਾ, ਪਰਿਵਾਰ ਦੇ ਸੁਚਾਰੂ ਪਾਲਣ-ਪੋਸ਼ਣ ਲਈ ਕੋਸ਼ਿਸ਼ ਜ਼ਰੂਰੀ ਹੈ, ਪਰ ਚੂਹਾ ਦੌੜ ਵਿਚ ਸ਼ਾਮਿਲ ਹੋਣਾ ਬਿਲਕੁਲ ਜ਼ਰੂਰੀ ਨਹੀਂ ਹੈ। ਕਰੋੜ ਪਤੀ ਸੇਠ ਅਤੇ ਉਦਯੋਗਪਤੀ ਵੀ ਖਾਂਦਾ ਤਾਂ ਕਣਕ ਦੀ ਰੋਟੀ ਹੀ ਹੈ। ਅਕਸਰ ਉਹ ਵੀ ਨਹੀਂ ਹਜ਼ਮ ਕਰ ਪਾਉਂਦਾ। ਫਿਰ ਇਹ ਦਿਨ-ਰਾਤ ਦੀ ਹਾਏ-ਹਾਏ ਕਿਉਂ ਅਤੇ ਕਿਸ ਲਈ ਹੈ।
ਜੀਵਨ ਵਿਚ ਸਬਰ ਅਤੇ ਸੰਤੋਖ ਨੂੰ ਸਭ ਤੋਂ ਵੱਡਾ ਧਨ ਮੰਨਿਆ ਜਾਂਦਾ ਹੈ। ਸੰਤੋਖ ਦੀ ਪ੍ਰਾਪਤੀ ਨੂੰ ਜੀਵਨ ਵਿਚ ਦਾਖਲ ਕਰਕੇ ਤਾਂ ਦੇਖੋ। ਇਕ ਅਲੌਕਿਕ ਅਨੰਦ ਦੀ ਪ੍ਰਾਪਤੀ ਹੋਵੇਗੀ। ਸੁੱਖ ਦੀ ਨੀਂਦ ਸੌਂਵੋਗੇ। ਮਨ-ਦਿਮਾਗ਼ ਹਲਕਾ ਫੁਲਕਾ ਰਹੇਗਾ। ਜੀਵਨ ਅਸਲ ਵਿਚ ਜਿਊਣ ਯੋਗ ਲੱਗਣ ਲੱਗੇਗਾ।
ਨਿਕਲ ਆਓ ਇਸ ਚੂਹਾ ਦੌੜ ਵਿਚੋਂ ਸਮਾਂ ਰਹਿੰਦੇ। ਭੌਤਿਕ-ਜਾਇਦਾਦ ਤੋਂ ਕਿਤੇ ਜ਼ਿਆਦਾ ਮੁੱਲਵਾਨ ਹੈ ਸੰਤੋਖ ਧਨ। ਇਕ ਵਾਰ ਅਨੁਭਵ ਕਰਕੇ ਤਾਂ ਦੇਖੋ।
ਸਿਹਤਮੰਦ ਰਹਿਣ ਲਈ ਬਚੋ ਚੂਹਾ ਦੌੜ ਤੋਂ
ਅਜੀਤ ਡੈਸਕ
26-06-2026