ਗਰਮੀ ਰੁੱਤ ਵਿਚ ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਹੀ ਸਰਬੋਤਮ ਹੁੰਦਾ ਹੈ। ਉਂਝ ਤਾਂ ਹਰ ਰੁੱਤ ਵਿਚ ਹੀ ਸਿਹਤਮੰਦ ਰਹਿਣ ਵੱਲ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਪਰ ਗਰਮੀ ਦੀ ਰੁੱਤ 'ਚ ਤਪਸ਼ ਅਤੇ ਤਿੱਖੀ ਧੁੱਪ ਤੋਂ ਬਚਣ ਲਈ ਖਾਣ-ਪੀਣ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ।
ਗਰਮੀ ਰੁੱਤ ਵਿਚ ਅਚਾਨਕ ਬਿਮਾਰ ਪੈ ਜਾਣਾ, ਦਸਤ ਲਗ ਜਾਣਾ ਜਾਂ ਸਰੀਰ ਦਾ ਤਾਪਮਾਨ ਵਧ ਜਾਣਾ ਆਦਿ ਸਰੀਰਕ ਸ਼ਿਕਾਇਤਾਂ ਖਾਣ-ਪੀਣ ਵਿਚ ਲਾਪ੍ਰਵਾਹੀ ਕਾਰਨ ਹੁੰਦੀਆਂ ਹਨ।
ਗਰਮੀ ਰੁੱਤ ਵਿਚ ਸਧਾਰਨ ਅਤੇ ਹਲਕਾ ਭੋਜਨ ਲੈਣਾ ਲਾਭਕਾਰੀ ਹੁੰਦਾ ਹੈ। ਜ਼ਿਆਦਾ ਚਟਪਟੇ, ਤਲੇ ਅਤੇ ਮੈਦੇ ਨਾਲ ਬਣੇ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਜ਼ਿਆਦਾ ਤਲਿਆ ਹੋਇਆ ਭੋਜਨ ਭਾਰੀ ਅਤੇ ਕਬਜ਼ ਵਧਾਉਣ ਵਾਲਾ ਹੁੰਦਾ ਹੈ। ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਸਿਹਤਮੰਦ ਰਹਿਣ ਲਈ ਲਾਭਕਾਰੀ ਹੁੰਦਾ ਹੈ।
ਬਾਜ਼ਾਰੂ ਠੰਢੇ ਪੀਣ ਵਾਲੇ ਪਦਾਰਥਾਂ ਦੀ ਬਜਾਏ ਘਰ ਵਿਚ ਹੀ ਪੁਦੀਨੇ ਦਾ ਸ਼ਰਬਤ, ਨਿੰਬੂ ਪਾਣੀ ਦੀ ਸ਼ਿਕੰਜੀ, ਖੀਰੇ ਦੇ ਰਸ ਦਾ ਸ਼ਰਬਤ ਤਿਆਰ ਕੀਤਾ ਜਾ ਸਕਦਾ ਹੈ। ਘਰ ਦਾ ਤਿਆਰ ਕੀਤਾ ਹੋਇਆ ਸ਼ਰਬਤ ਸਾਫ਼ ਅਤੇ ਸਿਹਤਮੰਦ ਹੁੰਦਾ ਹੈ। ਬਾਜ਼ਾਰੂ ਸ਼ਰਬਤਾਂ ਵਿਚ ਅਕਸਰ ਮਿਲਾਵਟ ਦੀ ਸ਼ਿਕਾਇਤ ਰਹਿੰਦੀ ਹੈ, ਇਸ ਲਈ ਇਨ੍ਹਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਬਿਮਾਰੀ ਦੀ ਜੜ੍ਹ ਇਹੀ ਹੁੰਦੇ ਹਨ।
ਗਰਮੀ ਰੁੱਤ ਵਿਚ ਲੱਸੀ, ਸ਼ਿਕੰਜਵੀ, ਅੰਗੂਰ ਦਾ ਰਸ, ਗੰਨੇ ਦਾ ਰਸ ਜ਼ਰੂਰਤ ਅਨੁਸਾਰ ਜ਼ਰੂਰ ਪੀਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਤਾਂ ਕੰਟਰੋਲ 'ਚ ਰਹਿੰਦਾ ਹੀ ਹੈ, ਨਾਲ ਹੀ ਸਰੀਰ ਵਿਚ ਪਾਣੀ ਦੀ ਕਮੀ ਵੀ ਨਹੀਂ ਹੋ ਹੁੰਦੀ। ਗਰਮੀ ਰੁੱਤ ਵਿਚ ਅਨਾਜਾਂ ਦਾ ਪੁੰਗਰਨਾ ਵੀ ਬਹੁਤ ਜਲਦੀ ਹੋ ਜਾਂਦਾ ਹੈ, ਇਸ ਲਈ ਪੁੰਗਰੇ ਅਨਾਜਾਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਪੁੰਗਰੇ ਅਨਾਜ ਕਬਜ਼ ਨਿਵਾਰਕ ਅਤੇ ਸਿਹਤਮੰਦ ਹੁੰਦੇ ਹਨ। ਛੋਲੇ, ਮੂੰਗੀ, ਮਾਂਹ ਆਦਿ ਪੁੰਗਰੇ ਅਨਾਜਾਂ ਨੂੰ ਨਾਸ਼ਤੇ ਦੇ ਰੂਪ ਵਿਚ ਲੈ ਸਕਦੇ ਹੋ। ਇਹ ਜਲਦੀ ਹਜ਼ਮ ਹੋਣ ਵਾਲੇ ਅਤੇ ਹਲਕੇ ਹੁੰਦੇ ਹਨ।
ਗਰਮੀ ਰੁੱਤ ਵਿਚ ਲੂ ਤੋਂ ਬਚਣ ਲਈ ਪਿਆਜ਼ ਦਾ ਰਸ, ਨਿੰਬੂ ਅਤੇ ਪੁਦੀਨੇ ਦਾ ਸ਼ਰਬਤ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਸੂਰਜ ਦੀ ਗਰਮੀ ਦਾ ਪ੍ਰਭਾਵ ਵੀ ਸਰੀਰ ਉੱਤੇ ਬਹੁਤ ਘੱਟ ਹੁੰਦਾ ਹੈ ਅਤੇ ਲੂ ਲੱਗਣ ਦੀ ਸੰਭਾਵਨਾ ਵੀ ਨਹੀਂ ਰਹਿੰਦੀ।
ਗਰਮੀ ਰੁੱਤ ਵਿਚ ਪਾਣੀ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਇਸ ਨਾਲ ਭੋਜਨ ਹਜ਼ਮ ਹੋਣ ਵਿਚ ਸਹੂਲਤ ਤਾਂ ਹੁੰਦੀ ਹੈ, ਨਾਲ ਹੀ ਸਰੀਰ ਦੀ ਗਰਮੀ ਵੀ ਦੂਰ ਹੋ ਜਾਂਦੀ ਹੈ। ਜ਼ਿਆਦਾ ਪਾਣੀ ਪੀਣ ਨਾਲ ਸਰੀਰ ਦੇ ਗ਼ੈਰ-ਜ਼ਰੂਰੀ ਪਦਾਰਥ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ।
ਅੰਬ ਦਾ ਪੰਨਾ ਭਾਵ ਛਿੱਛਾ, ਲੱਸੀ, ਦਹੀਂ ਦੀ ਲੱਸੀ ਬੇਹੱਦ ਫਾਇਦੇਮੰਦ ਹੁੰਦੇ ਹਨ। ਦਲੀਆ, ਚੌਲਾਂ ਦੀ ਖੀਰ, ਕਰੇਲੇ, ਟਮਾਟਰ ਦੀ ਸਬਜ਼ੀ, ਖੀਰਾ, ਨਿੰਬੂ ਅਤੇ ਪਿਆਜ਼ ਦਾ ਸਲਾਦ ਲੈਂਦੇ ਰਹਿਣ ਨਾਲ ਸਰੀਰ ਵਿਚ ਤਾਜ਼ਗੀ ਅਤੇ ਤੰਦਰੁਸਤੀ ਦਾ ਆਲਮ ਬਣਿਆ ਰਹਿੰਦਾ ਹੈ। ਹਲਕਾ, ਸੰਤੁਲਿਤ ਅਤੇ ਹਜ਼ਮ ਹੋਣ ਵਾਲਾ ਭੋਜਨ ਲੈਣ ਨਾਲ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਨਾਲ ਸਰੀਰ ਵਿਚ ਫੁਰਤੀ ਬਣੀ ਰਹਿੰਦੀ ਹੈ। ਗਰਮੀ ਰੁੱਤ ਵਿਚ ਸਿਹਤਮੰਦ ਰਹਿਣ ਪ੍ਰਤੀ ਜ਼ਰਾ ਵੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਚੌਕੰਨੇ ਰਹਿਣਾ ਚਾਹੀਦਾ ਹੈ।
ਸਵੇਰੇ ਨਾਸ਼ਤੇ ਵਿਚ ਪਪੀਤਾ, ਅਮਰੂਦ, ਚੀਕੂ, ਪੁੰਗਰੇ ਛੋਲੇ ਜਾਂ ਪੁਦੀਨੇ ਦਾ ਸ਼ਰਬਤ ਅਤੇ ਦੁੱਧ ਲਿਆ ਜਾ ਸਕਦਾ ਹੈ।
ਰਾਤ ਨੂੰ ਸੌਣ ਤੋਂ ਦੋ-ਤਿੰਨ ਘੰਟੇ ਪਹਿਲਾਂ ਭੋਜਨ ਕਰ ਲੈਣਾ ਚਾਹੀਦਾ ਹੈ। ਭੋਜਨ ਕਰਨ ਤੋਂ ਬਾਅਦ ਕੁਝ ਦੇਰ ਤੱਕ ਟਹਿਲਣਾ ਵੀ ਲਾਭਕਾਰੀ ਹੁੰਦਾ ਹੈ। ਇਸ ਨਾਲ ਭੋਜਨ ਹਜ਼ਮ ਹੋਣ ਵਿਚ ਮਦਦ ਮਿਲਦੀ ਹੈ।
ਭੋਜਨ ਦੀ ਮਾਤਰਾ ਭੁੱਖ ਤੋਂ ਜ਼ਿਆਦਾ ਨਹੀਂ ਲੈਣੀ ਚਾਹੀਦੀ। ਭੁੱਖ ਤੋਂ ਥੋੜ੍ਹਾ ਘੱਟ ਭੋਜਨ ਕਰਨਾ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ ਵਿਚ ਆਲਸ ਵੀ ਨਹੀਂ ਆਉਂਦਾ ਅਤੇ ਸਰੀਰ ਵਿਚ ਤਾਜ਼ਗੀ ਬਣੀ ਰਹਿੰਦੀ ਹੈ।
ਗਰਮੀ ਰੁੱਤ ਵਿਚ ਚਾਹ ਅਤੇ ਕੌਫ਼ੀ ਦੀ ਮਾਤਰਾ ਬਹੁਤ ਘੱਟ ਲੈਣੀ ਚਾਹੀਦੀ ਹੈ। ਜੇਕਰ ਸੰਭਵ ਹੋਵੇ ਤਾਂ ਇਨ੍ਹਾਂ ਨੂੰ ਛੱਡ ਦੇਣਾ ਵੀ ਸਹੀ ਰਹੇਗਾ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਨਸ਼ੀਲੇ ਪਦਾਰਥਾਂ ਦੇ ਬੀਜ਼ਾਂ ਵਿਚ ਬਹੁਤ ਗਰਮੀ ਹੁੰਦੀ ਹੈ। ਸਵੇਰੇ ਸ਼ਾਮ ਹਲਕੀ-ਫੁਲਕੀ ਕਸਰਤ ਵੀ ਕਰਨੀ ਚਾਹਦੀ ਹੈ। ਇਸ ਨਾਲ ਸਰੀਰ ਵਿਚ ਸਰਗਰਮੀ ਅਤੇ ਤਾਜ਼ਗੀ ਬਣੀ ਰਹਿੰਦੀ ਹੈ।
ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਜੇਕਰ ਸਹੀ ਢੰਗ ਨਾਲ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਿਤਾਈ ਜਾਵੇ ਤਾਂ ਗਰਮੀ ਰੁੱਤ ਅਨੰਦ ਅਤੇ ਖ਼ੁਸ਼ੀ ਨਾਲ ਬੀਤ ਜਾਵੇਗੀ।