ਸਫ਼ਾਈ ਅਤੇ ਸਿਹਤ ਦਾ ਚੋਲੀ-ਦਾਮਨ ਦਾ ਸਾਥ ਹੈ। ਜਿਥੇ ਸਫ਼ਾਈ ਹੈ, ਉਥੇ ਸਿਹਤ ਹੈ। ਜਿਥੇ ਗੰਦਗੀ ਹੈ, ਉਥੇ ਬਿਮਾਰੀ ਹੈ। ਗੰਦਗੀ ਭਰੇ ਵਾਤਾਵਰਨ ਵਿਚ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਸਫ਼ਾਈ ਨੂੰ ਅਪਣਾਉਣਾ ਹੀ ਹੋਵੇਗਾ।
ਸਵੇਰੇ ਉੱਠਦਿਆਂ ਹੀ ਪਖਾਨੇ ਆਦਿ ਤੋਂ ਬਾਅਦ ਆਪਣੇ ਦੰਦਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਸਿਹਤਮੰਦ ਦੰਦ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੇ ਹਨ।
ਮੌਸਮ ਅਨੁਸਾਰ ਲਗਾਤਾਰ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਨਹਾਉਣ ਬਾਅਦ ਤੌਲੀਏ ਨਾਲ ਰਗੜ ਕੇ ਸਰੀਰ ਨੂੰ ਸਾਫ਼ ਕਰਨਾ ਚਾਹੀਦਾ ਹੈ, ਤਾਂ ਕਿ ਖੂਨ ਦਾ ਦੌਰਾ ਠੀਕ ਬਣਿਆ ਰਹੇ। ਨਹਾਉਂਦੇ ਸਮੇਂ ਕੱਛਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਸਾਫ਼ ਕਰਨਾ ਚਾਹੀਦਾ ਹੈ।
ਆਪਣੇ ਹੱਥਾਂ-ਪੈਰਾਂ ਦੇ ਨਹੁੰਆਂ ਨੂੰ ਵਧਾ ਕੇ ਨਹੀਂ ਰੱਖਣਾ ਚਾਹੀਦਾ। ਹੱਥਾਂ ਦੇ ਵਧੇ ਹੋਏ ਨਹੁੰ ਕਈ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਨਹੁੰ ਛੋਟੇ ਅਤੇ ਸਾਫ਼ ਰੱਖਣੇ ਚਾਹੀਦੇ ਹਨ।
ਆਪਣੇ ਅੰਦਰੂਨੀ ਕੱਪੜੇ ਹਰ ਰੋਜ਼ ਬਦਲਣੇ ਚਾਹੀਦੇ ਹਨ। ਅੰਦਰੂਨੀ ਕੱਪੜਿਆਂ ਦੇ ਨਾਲ ਰੁਮਾਲ ਅਤੇ ਜ਼ੁਰਾਬਾਂ ਵੀ ਹਰ ਰੋਜ਼ ਬਦਲੋ। ਨਹਾਉਣ ਤੋਂ ਬਾਅਦ ਤੌਲੀਏ ਨੂੰ ਧੁੱਪ ਵਿਚ ਸੁਕਾਓ, ਤਾਂ ਕਿ ਕੋਈ ਸੰਕ੍ਰਮਣ ਨਾ ਰਹੇ।
ਆਪਣਾ ਨਿੱਜੀ ਤੌਲੀਆ, ਕੰਘਾ ਤੇ ਟੁੱਥ ਬਰੁਸ਼ ਰੱਖੋ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ਬਦਲਣਾ ਚਾਹੀਦਾ ਹੈ। ਹਰ ਰੋਜ਼ ਫਿਨਾਇਲ ਜਾਂ ਮਿੱਟੀ ਦੇ ਤੇਲ ਨਾਲ ਫਰਸ਼ 'ਤੇ ਪੋਚਾ ਲਗਾਉਣਾ ਚਾਹੀਦਾ ਹੈ। ਘਰ ਦੇ ਕੂੜੇਦਾਨ ਢਕੇ ਹੋਣੇ ਚਾਹੀਦੇ ਹੈ, ਨਾਲੀਆਂ ਆਦਿ ਵਿਚ ਹਫ਼ਤੇ ਵਿਚ ਇਕ ਵਾਰ ਫਿਲਨਾਇਲ ਪਾਉਣੀ ਚਾਹੀਦੀ ਹੈ। ਰਸੋਈ ਘਰ ਵਿਚ ਕਾਕਰੋਚ ਆਦਿ ਹੋਣ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ।
ਘਰ ਦੇ ਵਾਸ਼ ਬੇਸਿਨ, ਇਸ਼ਨਾਨ ਘਰ, ਪਖਾਨਾ ਆਦਿ ਦੀ ਹਰ ਰੋਜ਼ ਸਫ਼ਾਈ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਭੋਜਨ ਖਾਂਦੇ ਸਮੇਂ ਨੱਕ, ਕੰਨ ਵਿਚ ਉਂਗਲੀ ਨਾ ਮਾਰੋ, ਨਾ ਹੀ ਇੱਧਰ-ਉੱਧਰ ਥੁੱਕੋ। ਖੰਘ ਕਰਦੇ ਸਮੇਂ ਜਾਂ ਛਿੱਕਦੇ ਸਮੇਂ ਮੂੰਹ 'ਤੇ ਹੱਥ ਰੱਖਣਾ ਚਾਹੀਦਾ ਹੈ ਜਾਂ ਰੁਮਾਲ ਰੱਖਣਾ ਚਾਹੀਦਾ ਹੈ, ਤਾਂ ਕਿ ਜੀਵਾਣੂ ਨਾ ਫੈਲ ਸਕਣ।
ਜੇਕਰ ਤੁਹਾਡੇ ਘਰ ਵਿਚ ਕੋਈ ਪਾਲਤੂ ਜਾਨਵਰ ਹੈ ਤਾਂ ਉਸ ਦਾ ਪੱਕਾ ਥਾਂ ਹੋਣਾ ਚਾਹੀਦਾ ਹੈ ਅਤੇ ਉਸ ਦੇ ਆਲੇ-ਦੁਆਲੇ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜਾਨਵਰ ਨੂੰ ਵੀ ਸਾਫ਼ ਰੱਖਣਾ ਚਾਹੀਦਾ।
ਜੇਕਰ ਘਰ ਦੇ ਕਿਸੇ ਕੋਨੇ ਵਿਚ ਕੁਝ ਸਲ੍ਹਾਬਾ ਆਦਿ ਹੋਵੇ ਤਾਂ ਉਸ ਦਾ ਕਾਰਨ ਲੱਭ ਕੇ ਉਸ ਦਾ ਸਮਾਂ ਰਹਿੰਦਿਆਂ ਇਲਾਜ ਕਰਵਾ ਲੈਣਾ ਚਾਹੀਦਾ ਹੈ। ਸਲ੍ਹਾਬੇ ਨਾਲ ਵੀ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ।
ਗੱਦੇ, ਬਿਸਤਰਿਆਂ ਆਦਿ ਨੂੰ ਵੀ ਵਿਚ-ਵਿਚਾਲੇ ਧੁੱਪ ਲਗਾਉਣੀ ਚਾਹੀਦੀ ਹੈ ਕਿਉਂਕਿ ਧੁੱਪ ਕੀਟਾਣੂਨਾਸ਼ਕ ਹੁੰਦੀ ਹੈ।
ਘਰ ਦੇ ਕੋਨਿਆਂ ਦੀ ਵਿਸ਼ੇਸ਼ ਸਫ਼ਾਈ ਰੱਖਣੀ ਚਾਹੀਦੀ ਹੈ, ਤਾਂ ਕਿ ਮੱਛਰ ਪੈਦਾ ਹੀ ਨਾ ਹੋਣ।
ਕੰਮ ਨਾ ਆਉਣ ਵਾਲੀਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ, ਤਾਂ ਕਿ ਘਰ ਸਾਫ਼-ਸੁਥਰਾ ਰਹੇ ਨਾ ਕਿ ਕਬਾੜ ਦੀ ਦੁਕਾਨ ਬਣੇ।
ਸਿਹਤ ਲਈ ਸਫ਼ਾਈ ਜ਼ਰੂਰੀ
ਅਜੀਤ ਡੈਸਕ
26-06-2026