ਅੱਜ ਜਨਮ ਦਿਨ 'ਤੇ ਵਿਸ਼ੇਸ਼
ਅੱਜ ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਜੀ ਦਾ 110ਵਾਂ ਜਨਮ ਦਿਨ ਹੈ। ਡਾ. ਸਾਧੂ ਸਿੰਘ ਹਮਦਰਦ ਪੰਜਾਬੀ ਜਗਤ ਵਿਚ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਹਨ। ਉਨ੍ਹਾਂ ਨੇ ਤਾ-ਜ਼ਿੰਦਗੀ ਪੱਤਰਕਾਰੀ ਰਾਹੀਂ ਪੰਜਾਬ ਦੀ ਸੇਵਾ ਕੀਤੀ ਸੀ। ਪੱਤਰਕਾਰੀ ਵਿਚ ਉਨ੍ਹਾਂ ਦੇ ਧਿਆਨ ਦਾ ਕੇਂਦਰ ਪੰਜਾਬ ਅਤੇ ਇਸ ਦੇ ਸਰੋਕਾਰ ਸਨ, ਕਿਉਂਕਿ ਪੰਜਾਬ ਦੇਸ਼ ਦੀ ਮਾਣਯੋਗ ਘੱਟ ਗਿਣਤੀ, ਭਾਵ ਸਿੱਖ ਪੰਥ ਦੀ ਵੀ ਜਨਮ ਅਤੇ ਕਰਮ ਭੂਮੀ ਹੈ, ਇਸ ਲਈ ਉਹ ਪੰਥ ਦੇ ਸਰੋਕਾਰਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦੇ ਸਨ। ਪਰ ਆਪਣੀ ਸੋਚ ਤੇ ਅਮਲਾਂ ਦਾ ਘੇਰਾ ਮੋਕਲਾ ਰੱਖਣ ਲਈ ਉਨ੍ਹਾਂ ਨੇ ਪੰਜਾਬੀ ਪੱਤਰਕਾਰੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੰਕਲਪ ਦਿੱਤਾ ਸੀ, ਜੋ ਨਾ ਕੇਵਲ ਉਨ੍ਹਾਂ ਦੇ ਸਮਿਆਂ ਵਿਚ ਬੇਹੱਦ ਮਕਬੂਲ ਹੋਇਆ, ਸਗੋਂ ਅੱਜ ਵੀ ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਖੇਤਰਾਂ ਵਿਚ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਬਣਿਆ ਰਹਿੰਦਾ ਹੈ।
ਪੰਜਾਬ ਦੀ ਵਿਸ਼ੇਸ਼ ਭੁਗੋਲਿਕ ਸਥਿਤੀ ਹੋਣ ਕਾਰਨ, ਵਿਸ਼ੇਸ਼ ਪੌਣ-ਪਾਣੀ ਹੋਣ ਕਾਰਨ ਅਤੇ ਇਸ ਖਿੱਤੇ ਵਿਚ ਵਾਪਰੇ ਇਤਿਹਾਸਕ ਘਟਨਾਕ੍ਰਮਾਂ , ਜਿਨ੍ਹਾਂ ਵਿਚ ਸਿੱਖ ਲਹਿਰ ਦਾ ਉਥਾਨ ਵੀ ਸ਼ਾਮਿਲ ਹੈ, ਕਾਰਨ ਪੰਜਾਬ ਦੇ ਬਾਸ਼ਿੰਦਿਆਂ ਦੀ ਉਤਪੱਤੀ ਸਰੀਰਕ ਅਤੇ ਮਾਨਸਿਕ ਪੱਖ ਤੋਂ ਬਹਾਦਰ ਲੋਕਾਂ ਦੇ ਰੂਪ ਵਿਚ ਹੋਈ ਹੈ। ਪੰਜਾਬ ਦੀਆਂ ਇਨ੍ਹਾਂ ਵਿਸ਼ੇਸ਼ ਸਥਿਤੀਆਂ ਕਰਕੇ ਹੀ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦੀ ਕਹਾਵਤ ਵੀ ਪ੍ਰਚਲਿਤ ਹੋਈ ਸੀ। ਸ਼ਾਇਦ ਇਸੇ ਕਰਕੇ ਹੌਸਲੇ ਅਤੇ ਦ੍ਰਿੜ੍ਹਤਾ ਦੇ ਗੁਣ ਡਾ. ਸਾਧੂ ਸਿੰਘ ਹਮਦਰਦ ਜੀ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਸੇ ਵਿਚੋਂ ਹੀ ਮਿਲੇ ਸਨ। ਇਸ ਦਾ ਹੀ ਸਿੱਟਾ ਸੀ ਕਿ ਉਹ ਇਕ ਦਰਮਿਆਨੇ ਕਿਸਾਨੀ ਪਰਿਵਾਰ ਵਿਚੋਂ ਉੱਠ ਕੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨਾ ਕੇਵਲ ਪੰਜਾਬੀ ਪੱਤਰਕਾਰੀ ਦੀਆਂ ਬੁਲੰਦੀਆਂ 'ਤੇ ਪਹੁੰਚੇ, ਸਗੋਂ ਉਨ੍ਹਾਂ ਨੇ ਸਾਹਿਤਕ ਖੇਤਰ ਵਿਚ ਵੀ ਆਪਣੀ ਵੱਡੀ ਪਹਿਚਾਣ ਬਣਾਈ।
ਵੱਖ-ਵੱਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿਚ ਕੰਮ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ 1942 ਵਿਚ ਲਾਹੌਰ ਤੋਂ ਉਰਦੂ ਵਿਚ ਛਪਣ ਵਾਲੇ ਅਕਾਲੀ ਅਖ਼ਬਾਰ ਰਾਹੀਂ ਆਪਣੀ ਪੱਤਰਕਾਰੀ ਦੀ ਸ਼ੁਰੂਆਤ ਕੀਤੀ ਤਾਂ ਉਹ ਸਮਾਂ ਦੇਸ਼ ਅਤੇ ਖ਼ਾਸ ਕਰਕੇ ਪੰਜਾਬ ਲਈ ਬੇਹੱਦ ਉਤਰਾਵਾਂ-ਚੜ੍ਹਾਵਾਂ ਭਰਿਆ ਸੀ। ਇਕ ਪਾਸੇ ਕੌਮੀ ਪੱਧਰ 'ਤੇ ਦੇਸ਼ ਦੀ ਆਜ਼ਾਦੀ ਲਈ ਅੰਦੋਲਨ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ, ਦੂਜੇ ਪਾਸੇ 1940 ਤੋਂ ਬਾਅਦ ਮੁਸਲਿਮ ਲੀਗ ਵਲੋਂ ਪਾਕਿਸਤਾਨ ਦੀ ਮੰਗ ਵੀ ਬਹੁਤ ਜ਼ੋਰ ਨਾਲ ਉਠਾਈ ਜਾ ਰਹੀ ਸੀ। ਅਜਿਹੇ ਸਿਆਸੀ ਹਾਲਾਤ ਵਿਚ ਪੰਜਾਬ ਦੇ ਲੋਕ ਜਿਥੇ ਦੇਸ਼ ਦੀ ਆਜ਼ਾਦੀ ਲਈ ਵੱਖ-ਵੱਖ ਲਹਿਰਾਂ ਵਿਚ ਸ਼ਮੂਲੀਅਤ ਕਰਕੇ ਆਪਣਾ ਭਰਵਾਂ ਯੋਗਦਾਨ ਪਾ ਰਹੇ ਸਨ, ਉਥੇ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਦੇ ਲਈ ਪਾਕਿਸਤਾਨ ਦੀ ਉੱਠ ਰਹੀ ਮੰਗ ਦੇ ਸੰਦਰਭ ਵਿਚ ਪੰਜਾਬ ਅਤੇ ਆਪਣੇ ਹਿਤਾਂ ਦੀ ਸੁਰੱਖਿਆ ਕਰਨਾ ਵੀ ਇਕ ਵੱਡੀ ਚੁਣੌਤੀ ਬਣ ਗਈ ਸੀ। ਅਜਿਹੇ ਬੇਹੱਦ ਉਤਰਾਵਾਂ-ਚੜ੍ਹਾਵਾਂ ਵਾਲੇ ਸਮੇਂ ਵਿਚ ਡਾ. ਸਾਧੂ ਸਿੰਘ ਹਮਦਰਦ ਜੀ ਨੇ ਆਪਣੇ ਸਮੇਂ ਦੀ ਅਕਾਲੀ ਲੀਡਰਸ਼ਿਪ, ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਸ. ਬਲਦੇਵ ਸਿੰਘ ਆਦਿ ਸ਼ਾਮਿਲ ਸਨ, ਨਾਲ ਲਗਾਤਾਰ ਤਾਲਮੇਲ ਰੱਖ ਕੇ ਪੱਤਰਕਾਰੀ ਰਾਹੀਂ ਪੰਥ ਤੇ ਪੰਜਾਬ ਦੇ ਹਿਤਾਂ ਦੀ ਡਟ ਕੇ ਪਹਿਰੇਦਾਰੀ ਕੀਤੀ। ਅਕਾਲੀ ਲੀਡਰਸ਼ਿਪ ਅਤੇ ਡਾ. ਸਾਧੂ ਸਿੰਘ ਹਮਦਰਦ ਜੀ ਨੇ ਪਹਿਲਾਂ ਤਾਂ ਇਹ ਯਤਨ ਕੀਤਾ ਕਿ ਦੇਸ਼ ਦੀ ਫਿਰਕੂ ਆਧਾਰ 'ਤੇ ਵੰਡ ਨਾ ਹੋਵੇ। ਪਰ ਜਦੋਂ ਸਮੇਂ ਦੀਆਂ ਭਾਰੀ ਸਿਆਸੀ ਧਿਰਾਂ ਬਰਤਾਨਵੀ ਸਰਕਾਰ, ਮੁਸਲਿਮ ਲੀਗ ਅਤੇ ਕਾਂਗਰਸ ਪਾਰਟੀ ਵੰਡ ਲਈ ਇਕਮਤ ਹੁੰਦੀਆਂ ਨਜ਼ਰ ਆਈਆਂ ਤਾਂ ਸਮੇਂ ਦੀ ਅਕਾਲੀ ਲੀਡਰਸ਼ਿਪ ਨੇ ਇਹ ਕੋਸ਼ਿਸ਼ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਇਕ ਖਿੱਤੇ ਵਿਚ ਆਜ਼ਾਦ ਪੰਜਾਬ ਬਣਾਇਆ ਜਾਏ ਅਤੇ ਜੋ ਬਣਨ ਵਾਲੇ ਦੋਵਾਂ ਨਵੇਂ ਦੇਸ਼ਾਂ ਵਿਚ ਬਫ਼ਰ ਦਾ ਕੰਮ ਕਰੇ। ਇਸ ਮਕਸਦ ਲਈ ਡਾ. ਸਾਧੂ ਸਿੰਘ ਹਮਦਰਦ ਨੇ ਲਿਖਤੀ ਰੂਪ ਵਿਚ ਇਕ ਕਿਤਾਬਚਾ ਵੀ ਤਿਆਰ ਕੀਤਾ ਸੀ ਅਤੇ ਇਸ ਮਕਸਦ ਲਈ ਉਨ੍ਹਾਂ ਨੇ ਹਿੰਦੂਆਂ, ਸਿੱਖਾਂ ਦੇ ਨਾਲ-ਨਾਲ ਕਈ ਮੁਸਲਮਾਨ ਜਥੇਬੰਦੀਆਂ ਦਾ ਵੀ ਸਹਿਯੋਗ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਆਜ਼ਾਦ ਪੰਜਾਬ ਬਣਨ ਦੀਆਂ ਸੰਭਾਵਨਾਵਾਂ ਸਾਕਾਰ ਹੁੰਦੀਆਂ ਨਜ਼ਰ ਨਾ ਆਈਆਂ ਤਾਂ ਅਕਾਲੀ ਲੀਡਰਸ਼ਿਪ ਨੇ ਦੋ ਕੌਮੀ ਸਿਧਾਂਤ ਨੂੰ ਅਣਵੰਡੇ ਪੰਜਾਬ 'ਤੇ ਵੀ ਲਾਗੂ ਕਰਨ ਲਈ ਬਰਤਾਨਵੀ ਸਰਕਾਰ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਕਿਉਂਕਿ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਇਸਲਾਮ ਧਰਮ ਦੇ ਨਾਂਅ 'ਤੇ ਬਣਨ ਜਾ ਰਹੇ ਪਾਕਿਸਤਾਨ ਵਿਚ ਸ਼ਾਮਿਲ ਹੋਣ ਦੀ ਥਾਂ ਇਕ ਧਰਮ ਨਿਰਪੱਖ 'ਤੇ ਜਮਹੂਰੀ ਦੇਸ਼ ਬਣਨ ਵਾਲੇ ਭਾਰਤ ਦਾ ਹਿੱਸਾ ਬਣਨ ਨੂੰ ਪੰਜਾਬ ਤੇ ਸਿੱਖ ਪੰਥ ਦੇ ਹਿਤਾਂ ਲਈ ਵਧੇਰੇ ਸਹੀ ਸਮਝਦੀ ਸੀ। ਇਸ ਦੇ ਸਿੱਟੇ ਵਜੋਂ ਹੀ ਪੰਜਾਬ ਦੀ ਵੀ ਵੰਡ ਹੋਈ ਅਤੇ ਪੂਰਾ ਪੰਜਾਬ ਪਾਕਿਸਤਾਨ ਵਿਚ ਜਾਣ ਤੋਂ ਬਚ ਗਿਆ। ਅਕਾਲੀ ਲੀਡਰਸ਼ਿਪ ਦੇ ਪ੍ਰਭਾਵ ਅਧੀਨ ਬਰਤਾਨਵੀ ਸਰਕਾਰ ਨੇ ਅਣਵੰਡੇ ਪੰਜਾਬ ਦੀ 175 ਮੈਂਬਰੀ ਵਿਧਾਨ ਸਭਾ ਨੂੰ 2 ਹਿੱਸਿਆਂ ਵਿਚ ਵੰਡ ਕੇ ਪੰਜਾਬ ਦੀ ਵੰਡ ਦੇ ਹੱਕ ਵਿਚ ਅਤੇ ਵਿਰੋਧ ਵਿਚ ਵੋਟਾਂ ਪਵਾਈਆਂ। ਲਹਿੰਦੇ ਪੰਜਾਬ ਦੇ ਬਹੁਤੇ ਵਿਧਾਇਕਾਂ, ਜਿਨ੍ਹਾਂ ਵਿਚ ਸੁਭਾਵਿਕ ਤੌਰ 'ਤੇ ਮੁਸਲਮਾਨਾਂ ਦੀ ਗਿਣਤੀ ਵਧੇਰੇ ਸੀ, ਉਨ੍ਹਾਂ ਨੇ ਪੰਜਾਬ ਨੂੰ ਇਕੱਠਾ ਰੱਖ ਕੇ ਇਸ ਨੂੰ ਪਾਕਿਸਤਾਨ ਵਿਚ ਸ਼ਾਮਿਲ ਕਰਨ ਦੇ ਹੱਕ 'ਚ ਫ਼ੈਸਲਾ ਦਿੱਤਾ। ਜਦੋਂ ਕਿ ਚੜ੍ਹਦੇ ਪੰਜਾਬ ਦੇ ਵਿਧਾਇਕਾਂ ਨੇ ਪੰਜਾਬ ਦੀ ਵੰਡ ਕਰਕੇ ਚੜ੍ਹਦੇ ਪੰਜਾਬ ਵਾਲੇ ਹਿੱਸੇ ਨੂੰ ਭਾਰਤ ਨਾਲ ਰੱਖਣ ਦੇ ਹੱਕ ਵਿਚ ਫ਼ੈਸਲਾ ਦਿੱਤਾ। ਚੜ੍ਹਦੇ ਪੰਜਾਬ ਦੇ ਵਿਧਾਇਕਾਂ ਵਿਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਮੁਸਲਮਾਨ ਵਿਧਾਇਕ ਵੀ ਸ਼ਾਮਿਲ ਸਨ। ਸ਼੍ਰੋਮਣੀ ਅਕਾਲੀ ਦਲ ਦੇ 22 ਵਿਧਾਇਕ ਵੀ ਚੜ੍ਹਦੇ ਪੰਜਾਬ ਦੇ ਵਿਧਾਇਕਾਂ ਵਿਚ ਸ਼ਾਮਿਲ ਸਨ। ਇਨ੍ਹਾਂ 22 ਵਿਧਾਇਕਾਂ ਦੀਆਂ ਵੋਟਾਂ ਅਹਿਮ ਸਾਬਿਤ ਹੋਈਆਂ ਅਤੇ ਇਸ ਕਾਰਨ ਚੜ੍ਹਦੇ ਪੰਜਾਬ ਨੂੰ ਭਾਰਤ ਵਿਚ ਰੱਖਣ ਦਾ ਮਤਾ ਪਾਸ ਹੋ ਸਕਿਆ ਸੀ। ਜਿਸ ਤਰ੍ਹਾਂ ਕਿ ਉੱਪਰ ਦੱਸਿਆ ਹੈ ਕਿ ਇਸ ਸਾਰੇ ਘਟਨਾਕ੍ਰਮ ਨਾਲ ਅਕਾਲੀ ਲੀਡਰਸ਼ਿਪ ਰਾਹੀਂ ਡਾ. ਸਾਧੂ ਸਿੰਘ ਹਮਦਰਦ ਜੀ ਨੇੜੇ ਤੋਂ ਜੁੜੇ ਰਹੇ ਅਤੇ ਸਮੇਂ-ਸਮੇਂ ਅਕਾਲੀ ਲੀਡਰਸ਼ਿਪ ਨੂੰ ਸਲਾਹ-ਮਸ਼ਵਰਾ ਵੀ ਦਿੰਦੇ ਰਹੇ ਸਨ। ਇਸੇ ਕਾਰਨ ਪੂਰਾ ਪੰਜਾਬ ਪਾਕਿਸਤਾਨ ਵਿਚ ਜਾਣ ਤੋਂ ਬਚ ਗਿਆ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਪਾਕਿਸਤਾਨ ਦੀਆਂ ਸਰਹੱਦਾਂ ਦਿੱਲੀ ਨਾਲ ਲੱਗਣੀਆਂ ਸਨ। ਅਜੋਕਾ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਦਾ ਇਕ ਵੱਡਾ ਹਿੱਸਾ ਪਾਕਿਸਤਾਨ ਦਾ ਹਿੱਸਾ ਹੋਣਾ ਸੀ। ਬਿਨਾਂ ਸ਼ੱਕ ਜੇ ਇਹ ਸਾਰਾ ਖਿੱਤਾ ਅੱਜ ਭਾਰਤ ਵਿਚ ਹੈ ਤਾਂ ਉਸ ਦਾ ਮੁੱਖ ਸਿਹਰਾ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਜਾਂਦਾ ਹੈ, ਪਰ ਇਸ ਸਾਰੇ ਰਾਜਨੀਤਕ ਘਟਨਾਕ੍ਰਮ ਨੂੰ ਪ੍ਰਭਾਵਿਤ ਕਰਨ ਵਿਚ ਡਾ. ਸਾਧੂ ਸਿੰਘ ਹਮਦਰਦ ਜੀ ਦੇ ਰੋਲ ਨੂੰ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਦੇਸ਼ ਦੀ ਵੰਡ ਸਮੇਂ ਬਰਤਾਨਵੀ ਸਰਕਾਰ ਖਿੱਤੇ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਨਾ ਰੱਖ ਸਕੀ ਅਤੇ ਜਿਸ ਕਾਰਨ ਭੜਕੀ ਹਿੰਸਾ ਵਿਚ 10 ਲੱਖ ਤੋਂ ਵਧ ਲੋਕ ਮਾਰੇ ਗਏ ਅਤੇ 1 ਕਰੋੜ ਤੋਂ ਵੱਧ ਲੋਕ ਉੱਜੜ ਗਏ। ਬਿਨਾਂ ਸ਼ੱਕ ਇਹ ਇਕ ਵੱਡਾ ਸੰਤਾਪ ਵਾਪਰਿਆ, ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਰ ਦੂਜਾ ਪਹਿਲੂ ਇਹ ਵੀ ਹੈ ਕਿ ਜੇਕਰ ਪਾਕਿਸਤਾਨ ਦਾ ਬਾਰਡਰ ਅੱਜ ਦਿੱਲੀ ਤੋਂ ਲਗਭਗ 464 ਕਿਲੋਮੀਟਰ ਦੂਰ ਹੈ ਤਾਂ ਇਸ ਵਿਚ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਅਤੇ ਡਾ. ਸਾਧੂ ਸਿੰਘ ਹਮਦਰਦ ਜੀ ਦਾ ਵੀ ਵੱਡਾ ਰੋਲ ਰਿਹਾ ਹੈ।
ਦੇਸ਼ ਦੇ ਨਾਲ ਹੀ ਪੰਜਾਬ ਦੀ ਵੰਡ ਹੋਣ ਤੋਂ ਬਾਅਦ ਡਾ. ਸਾਧੂ ਸਿੰਘ ਹਮਦਰਦ ਜੀ ਨੂੰ ਵੀ ਆਪਣੇ ਪਰਿਵਾਰ ਸਮੇਤ ਚੜ੍ਹਦੇ ਪੰਜਾਬ ਆਉਣਾ ਪਿਆ। ਸ਼ੁਰੂ ਵਿਚ ਕੁਝ ਸਮਾਂ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਬਿਤਾਇਆ। ਇਸ ਤੋਂ ਬਾਅਦ ਉਹ ਜਲੰਧਰ ਵਿਚ ਆ ਗਏ। ਜਲੰਧਰ ਵਿਚ ਆ ਕੇ ਆਰੰਭ ਵਿਚ ਉਹ ਉਰਦੂ ਪੱਤਰਕਾਰੀ ਨਾਲ ਜੁੜੇ ਅਤੇ ਫਿਰ 1955 ਵਿਚ ਪੰਜਾਬੀ ਵਿਚ ਅਜੀਤ ਅਖ਼ਬਾਰ ਸ਼ੁਰੂ ਕੀਤਾ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ 1942 ਤੋਂ ਲੈ ਕੇ 1955 ਤੱਕ ਪੱਤਰਕਾਰੀ ਦੇ ਖੇਤਰ ਵਿਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਪੱਤਰਕਾਰੀ ਦਾ ਬੋਲਬਾਲਾ ਸੀ। ਅਜਿਹੇ ਸਮੇਂ ਵਿਚ ਪੰਜਾਬੀ ਵਿਚ ਅਖ਼ਬਾਰ ਕੱਢਣਾ ਇਕ ਚੁਣੌਤੀਪੂਰਨ ਕੰਮ ਸੀ, ਜਿਸ ਨੂੰ ਡਾ. ਸਾਧੂ ਸਿੰਘ ਹਮਦਰਦ ਨੇ ਪੂਰੇ ਹੌਸਲੇ ਅਤੇ ਦ੍ਰਿੜ੍ਹਤਾ ਨਾਲ ਕਬੂਲ ਕੀਤਾ। ਜ਼ਿੰਦਗੀ ਵਿਚ ਆਰਥਿਕ ਤੌਰ 'ਤੇ ਅਨੇਕਾਂ ਸਮੱਸਿਆਵਾਂ ਆਈਆਂ, ਜਿਨ੍ਹਾਂ ਦਾ ਉਨ੍ਹਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪੱਖੀ ਲੋਕਾਂ ਅਤੇ ਆਪਣੇ ਅਖ਼ਬਾਰੀ ਅਮਲੇ ਦੇ ਮਿਹਨਤੀ ਸਾਥੀਆਂ ਨਾਲ ਮਿਲ ਕੇ ਬੜੀ ਪ੍ਰਤੀਬੱਧਤਾ ਨਾਲ ਸਾਹਮਣਾ ਕੀਤਾ। ਇਸ ਦਾ ਹੀ ਸਿੱਟਾ ਨਿਕਲਿਆ ਕਿ ਹੌਲੀ-ਹੌਲੀ ਅਜੀਤ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਲਈ ਅਤੇ ਇਹ ਅਖ਼ਬਾਰ ਨਾ ਕੇਵਲ ਪੰਜਾਬ ਦੀ ਸਗੋਂ ਦੇਸ਼ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਨ ਦੇ ਸਮਰੱਥ ਹੋਇਆ ਸੀ।
ਆਜ਼ਾਦੀ ਤੋਂ ਬਾਅਦ ਚੜ੍ਹਦੇ ਪੰਜਾਬ ਵਿਚ ਉਨ੍ਹਾਂ ਦੀ ਮੁੱਖ ਤਰਜੀਹ ਇਹ ਸੀ ਕਿ ਪੰਜਾਬ ਹਰ ਪੱਖ ਤੋਂ ਤਰੱਕੀ ਕਰੇ। ਰਾਜਨੀਤਕ ਤੌਰ 'ਤੇ ਇਸ ਦੀ ਆਵਾਜ਼ ਦੇਸ਼ ਵਿਚ ਸੁਣੀ ਜਾਵੇ, ਇਹ ਖੇਤੀਬਾੜੀ ਅਤੇ ਸਨਅਤੀ ਪੱਖ ਤੋਂ ਵੀ ਵਿਕਸਿਤ ਹੋਵੇ ਅਤੇ ਸਿੱਖਿਆ ਦੇ ਪੱਖ ਤੋਂ ਇਹ ਸਮੇਂ ਦਾ ਹਾਣੀ ਬਣੇ। 1955 ਵਿਚ ਜਦੋਂ ਦੇਸ਼ ਵਿਚ ਭਾਸ਼ਾਈ ਆਧਾਰ 'ਤੇ ਸੂਬੇ ਬਣਾਉਣ ਦੀ ਗੱਲ ਚੱਲੀ ਤਾਂ ਡਾ. ਸਾਧੂ ਸਿੰਘ ਹਮਦਰਦ ਨੇ ਪੰਜਾਬੀ ਸੂਬੇ ਦੀ ਲਹਿਰ ਦਾ ਵੀ ਇਸ ਆਸ਼ੇ ਨਾਲ ਹੀ ਸਮਰਥਨ ਕੀਤਾ ਸੀ ਕਿ ਇਸ ਨਾਲ ਪੰਜਾਬ ਨੂੰ ਆਪਣੇ ਢੰਗ ਨਾਲ ਆਪਣਾ ਵਿਕਾਸ ਕਰਨ ਅਤੇ ਆਪਣੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਦਾ ਅਵਸਰ ਮਿਲ ਸਕੇਗਾ। ਪਰ ਜਿਸ ਤਰ੍ਹਾਂ ਦਾ 1 ਨਵੰਬਰ 1966 ਨੂੰ ਅੱਧਾ ਅਧੂਰਾ ਪੰਜਾਬੀ ਸੂਬਾ ਬਣਿਆ, ਉਸ ਤੋਂ ਉਹ ਬਿਲਕੁਲ ਸੰਤੁਸ਼ਟ ਨਹੀਂ ਸਨ, ਸਗੋਂ ਇਹ ਚਾਹੁੰਦੇ ਸਨ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਮੇਤ ਰਾਜ ਤੋਂ ਬਾਹਰ ਰੱਖੇ ਗਏ ਪੰਜਾਬੀ ਬੋਲਦੇ ਇਲਾਕੇ ਵੀ ਇਸ ਵਿਚ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ, ਦਰਿਆਈ ਪਾਣੀਆਂ ਸੰਬੰਧੀ ਵੀ ਰਾਜ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਸੂਬਿਆਂ ਕੋਲ ਵਧੇਰੇ ਰਾਜਨੀਤਕ ਅਤੇ ਵਿੱਤੀ ਅਧਿਕਾਰ ਵੀ ਹੋਣੇ ਚਾਹੀਦੇ ਹਨ। ਇਸ ਪੱਖ ਤੋਂ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਉਨ੍ਹਾਂ ਨੇ ਹਮੇਸ਼ਾ ਆਪਣਾ ਸਮਰਥਨ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਦੇ ਸਾਹਿਤ ਤੇ ਸੱਭਿਆਚਾਰ ਦੇ ਪ੍ਰਸਾਰ ਪ੍ਰਚਾਰ ਲਈ ਜਲੰਧਰ ਵਿਚ ਸ੍ਰੀ ਇੰਦਰ ਕੁਮਾਰ ਗੁਜਰਾਲ ਦੇ ਸਹਿਯੋਗ ਨਾਲ ਦੂਰਦਰਸ਼ਨ ਸਥਾਪਿਤ ਕਰਵਾਉਣ ਅਤੇ ਸਿੱਖਿਆ ਦੇ ਪੱਖ ਤੋਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਿਤ ਕਰਵਾਉਣ ਵਿਚ ਵੀ ਆਪਣਾ ਵੱਡਾ ਯੋਗਦਾਨ ਪਾਇਆ। ਪੰਜਾਬ ਦੇ ਵਿਕਾਸ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਹੋਰ ਵੀ ਅਨੇਕਾਂ ਕਾਰਜ ਕੀਤੇ ਅਤੇ ਕਰਵਾਏ, ਜਿਨ੍ਹਾਂ ਦਾ ਇਥੇ ਜ਼ਿਕਰ ਕਰਨਾ ਸੰਭਵ ਨਹੀਂ ਹੈ।
ਪੰਜਾਬੀ ਸਾਹਿਤ ਖ਼ਾਸ ਕਰਕੇ ਗਜ਼ਲ ਨੂੰ ਉਨ੍ਹਾਂ ਨੇ ਅਜੀਤ ਦੇ ਪੰਨਿਆਂ ਵਿਚ ਵਿਸ਼ੇਸ਼ ਥਾਂ ਦਿੱਤੀ। ਉਹ ਪੱਤਰਕਾਰੀ ਦੇ ਨਾਲ ਖ਼ੁਦ ਵੀ ਗ਼ਜ਼ਲਾਂ ਲਿਖਦੇ ਰਹੇ ਅਤੇ ਉਨ੍ਹਾਂ ਨੇ ਆਪਣੇ 5 ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਇਤਿਹਾਸਕ ਨਾਵਲ ਵੀ ਲਿਖੇ। ਅਖ਼ਬਾਰ ਦੇ ਬੇਹੱਦ ਰੁਝੇਵਿਆਂ ਦੇ ਜੀਵਨ ਵਿਚੋਂ ਸਮਾਂ ਕੱਢ ਕੇ ਉਨ੍ਹਾਂ ਨੇ ਪੰਜਾਬੀ ਗ਼ਜ਼ਲ ਸੰਬੰਧੀ ਵਿਸ਼ੇਸ਼ ਖ਼ੋਜ ਕਰ ਕੇ ਪੀ.ਐਚ.ਡੀ. ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣਾ ਪੀ.ਐਚ.ਡੀ. ਦਾ ਇਹ ਥੀਸਿਸ 'ਪੰਜਾਬੀ ਗ਼ਜ਼ਲ ਦਾ ਨਿਕਾਸ ਤੇ ਵਿਕਾਸ' ਸਿਰਲੇਖ ਹੇਠ ਪ੍ਰਕਾਸ਼ਿਤ ਕਰਵਾਇਆ। ਸਮੇਂ-ਸਮੇਂ ਉਨ੍ਹਾਂ ਨੇ ਅਨੇਕਾਂ ਵਾਰ ਵਿਦੇਸ਼ ਦਾ ਸਫ਼ਰ ਵੀ ਕੀਤਾ। ਆਪਣੇ ਸੋਵੀਅਤ ਯੂਨੀਅਨ ਦੇ ਦੌਰੇ ਨੂੰ ਉਨ੍ਹਾਂ ਨੇ 'ਮੇਰਾ ਰੂਸੀ ਸਫ਼ਰਨਾਮਾ' ਦੇ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਰਾਜਨੀਤਕ ਘਟਨਾਵਾਂ 'ਤੇ ਆਧਾਰਿਤ ਅਜੀਤ ਵਿਚ ਇਕ ਲੰਮੀ ਲੇਖ ਲੜੀ 'ਯਾਦ ਬਣੀ ਇਤਿਹਾਸ' ਲਿਖੀ, ਜਿਸ ਨੂੰ ਉਨ੍ਹਾਂ ਦੀ ਜ਼ਿੰਦਗੀ ਤੋਂ ਬਾਅਦ 'ਅਜੀਤ ਪ੍ਰਕਾਸ਼ਨ ਸਮੂਹ' ਵਲੋਂ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ। ਪੱਤਰਕਾਰੀ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਬਾਰੇ ਉਨ੍ਹਾਂ ਨੂੰ ਬਹੁਤ ਸਾਰੇ ਐਵਾਰਡ ਵੀ ਪ੍ਰਾਪਤ ਹੋਏ। ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਸ਼੍ਰੋਮਣੀ ਪੱਤਰਕਾਰ ਦਾ ਐਵਾਰਡ ਦਿੱਤਾ ਗਿਆ ਅਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮਸ੍ਰੀ ਦਾ ਸਨਮਾਨ ਦਿੱਤਾ ਗਿਆ ਸੀ। ਪਰ 1984 ਵਿਚ 'ਆਪ੍ਰੇਸ਼ਨ ਬਲਿਊ ਸਟਾਰ' ਵਿਰੁੱਧ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ ਦਿੱਤਾ ਸੀ। 'ਆਪ੍ਰੇਸ਼ਨ ਬਲਿਊ ਸਟਾਰ' ਦਾ ਉਨ੍ਹਾਂ ਦੇ ਮਨ 'ਤੇ ਬੇਹੱਦ ਗਹਿਰਾ ਅਸਰ ਹੋਇਆ ਸੀ। 29 ਜੁਲਾਈ, 1984 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਜਦੋਂ ਪੰਜਾਬ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਤਾਂ ਸਾਨੂੰ ਡਾ. ਸਾਧੂ ਸਿੰਘ ਹਮਦਰਦ ਦੀ ਘਾਟ ਹੋਰ ਵੀ ਵਧੇਰੇ ਮਹਿਸੂਸ ਹੁੰਦੀ ਹੈ। ਉਨ੍ਹਾਂ ਵਰਗੀ ਦ੍ਰਿੜ੍ਹਤਾ ਅਤੇ ਦੂਰਅੰਦੇਸ਼ੀ ਨਾਲ ਹੀ ਸਾਨੂੰ ਇਨ੍ਹਾਂ ਸਭ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਅਤੇ ਉੱਘੇ ਪੱਤਰਕਾਰ ਡਾ. ਬਰਜਿੰਦਰ ਸਿੰਘ ਹਮਦਰਦ ਬੜੇ ਸੁਚੱਜੇ ਢੰਗ ਨਾਲ ਅਦਾਰਾ ਅਜੀਤ ਦੀ ਅਗਵਾਈ ਕਰ ਰਹੇ ਹਨ। ਅੱਜ ਵੀ ਅਦਾਰਾ ਅਜੀਤ ਨਾ ਕੇਵਲ ਪੰਜਾਬ ਸਗੋਂ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਨ੍ਹਾਂ ਸ਼ਬਦਾਂ ਨਾਲ ਅਸੀਂ ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਨੂੰ ਉਨ੍ਹਾਂ ਦੇ 110ਵੇਂ ਜਨਮ ਦਿਨ 'ਤੇ ਬੜੇ ਮਾਣ ਨਾਲ ਯਾਦ ਕਰਦੇ ਹਾਂ ਅਤੇ ਅਹਿਦ ਕਰਦੇ ਹਾਂ ਕਿ ਉਨ੍ਹਾਂ ਵਲੋਂ ਦਿਖਾਏ ਰਾਹ 'ਤੇ ਅਦਾਰਾ ਅਜੀਤ ਪੂਰੀ ਦ੍ਰਿੜ੍ਹਤਾ ਨਾਲ ਲਗਾਤਾਰ ਅੱਗੇ ਵਧਦਾ ਹੋਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਦੇ ਆਪਣੇ ਲਕਸ਼ ਨੂੰ ਜਾਰੀ ਰੱਖੇਗਾ।