ਸੋਸ਼ਲ ਮੀਡੀਆ 'ਤੇ ਇਨਫਲੂਐਂਸਰਾਂ (ਪ੍ਰਭਾਵਕਾਰਾਂ) ਵਲੋਂ ਆਪਣੀ ਪ੍ਰਸਿੱਧੀ ਦਾ ਜਾਇਜ਼ ਅਤੇ ਨਾਜਾਇਜ਼ ਫਾਇਦਾ ਚੁੱਕਦਿਆਂ ਮਨੋਰੰਜਨ ਤੋਂ ਇਲਾਵਾ ਵੱਖ-ਵੱਖ ਸਿਹਤ ਨਾਲ ਸੰਬੰਧਿਤ ਉਤਪਾਦਾਂ ਦੀ ਨਾਜਾਇਜ਼ ਵਿਕਰੀ ਦਾ ਧੜਾਧੜ ਚੱਲ ਰਿਹਾ ਗੋਰਖਧੰਦਾ ਹੁਣ ਹਾਸ਼ੀਏ ਉਤੇ ਪਹੁੰਚ ਚੁੱਕਾ ਹੈ। ਇੰਸਟਾਗ੍ਰਾਮ, ਫੇਸਬੁੱਕ, ਯੂ-ਟਿਊਬ ਉਤੇ ਮੌਜੂਦ ਇਨਫਲੂਐਂਸਰ ਅੱਜਕੱਲ੍ਹ ਬਿਨਾਂ ਡਿਗਰੀ ਅਤੇ ਲਾਈਸੈਂਸ ਤੋਂ ਡਾਕਟਰ ਬਣ ਚੁੱਕੇ ਹਨ, ਜਿਨ੍ਹਾਂ ਵਲੋਂ ਲੋਕਾਂ ਦੀ ਸਧਾਰਨ ਪੱਧਰ ਦੀ ਮਾਨਸਿਕਤਾ ਦਾ ਫਾਇਦਾ ਚੁੱਕਦਿਆਂ ਠੱਗੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਇਨਫਲੂਐਂਸਰਾਂ ਵਲੋਂ ਲੋਕਾਂ ਨੂੰ ਪਤਲੇ-ਮੋਟੇ ਕਰਨ, ਚਮੜੀ ਗੋਰੀ ਕਰਨ ਅਤੇ ਵੱਖ- ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦੀਆਂ ਦਵਾਈਆਂ ਖੱਲ੍ਹੇਆਮ ਵੇਚੀਆਂ ਜਾ ਰਹੀਆਂ ਹਨ।
ਸਭ ਤੋਂ ਵੱਡੀ ਚਿੰਤਾਜਨਕ ਗੱਲ ਇਹ ਹੈ ਕਿ ਜ਼ਿਆਦਾਤਰ ਇਨਫਲੂਐਂਸਰਾਂ ਕੋਲ ਅਜਿਹੇ ਉਤਪਾਦ ਵੇਚਣ ਲਈ ਨਾ ਕੋਈ ਮੈਡੀਕਲ ਡਿਗਰੀ ਹੈ ਅਤੇ ਨਾ ਹੀ ਕਿਸੇ ਸੰਬੰਧਿਤ ਵਿਭਾਗ ਦਾ ਲਾਈਸੈਂਸ। ਜਦੋਂ ਕਿ ਦੇਸ਼ ਵਿਚ ਕਿਸੇ ਵੀ ਸਿਹਤ ਸੰਬੰਧੀ ਸਪਲੀਮੈਂਟ ਜਾਂ ਦਵਾਈ ਵੇਚਣ ਲਈ ਖੁਰਾਕ ਸੁਰੱਖਿਆ ਤੇ ਮਿਆਰੀਕਰਨ ਸੰਬੰਧੀ ਅਥਾਰਟੀ (ਐਫ.ਐਸ.ਐਸ.ਏ.ਆਈ.) ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ। ਮੌਜੂਦਾ ਹਾਲਾਤ ਇਹ ਹਨ ਕਿ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਲੋਂ ਘਰ ਤਿਆਰ ਕੀਤੇ ਜਾਂ ਆਪਣੇ ਤੌਰ 'ਤੇ ਲੇਬਲ ਲਗਾ ਕੇ ਇਨ੍ਹਾਂ ਉਤਪਾਦਾਂ ਦੀ ਧੜੱਲੇ ਨਾਲ ਵਿਕਰੀ ਕੀਤੀ ਜਾ ਰਹੀ ਹੈ, ਜਿਸ ਦਾ ਵੱਡਾ ਕਾਰਨ ਇਹ ਹੈ ਕਿ ਸਿਹਤ ਵਿਭਾਗ ਦੀ ਚੁੱਪੀ ਅਤੇ ਲਾਪ੍ਰਵਾਹੀ ਕਾਰਨ ਉਕਤ ਵਿਭਾਗ ਵਲੋਂ ਸਿਹਤ ਅਤੇ ਚਮੜੀ ਨਾਲ ਸੰਬੰਧਿਤ ਉਤਪਾਦਾਂ ਦੀ ਕੋਈ ਜਾਂਚ ਨਹੀਂ ਹੁੰਦੀ, ਜਿਸ ਨਾਲ ਜਿਥੇ ਲੋਕਾਂ ਦੀ ਜਾਨ ਨਾਲ ਖਿਲਵਾੜ ਹੁੰਦਾ ਹੈ, ਉਥੇ ਹੀ ਕਿਸੇ ਵਿਅਕਤੀ ਨੂੰ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਾਰਨ ਪੈਦਾ ਹੋਈ ਸਮੱਸਿਆ ਦਾ ਬਾਅਦ ਵਿਚ ਕੋਈ ਇਨਫਲੂਐਂਸਰ ਜ਼ਿੰਮੇਵਾਰ ਨਹੀਂ ਬਣਦਾ। ਮਿਲੀ ਜਾਣਕਾਰੀ ਅਨੁਸਾਰ ਇਹ ਅਣਅਧਿਕਾਰਤ ਉਤਪਾਦ ਸਿਹਤ ਅਤੇ ਚਮੜੀ 'ਤੇ ਘਾਤਕ ਪ੍ਰਭਾਵ ਪਾਉਂਦੇ ਹਨ। ਦਿੱਤੇ ਜਾਣ ਵਾਲੇ ਸਟੀਰੋਇਡਜ਼ ਭਾਵੇਂ ਭਾਰ ਵਧਾਉਣ ਦਾ ਕੰਮ ਕਰਦੇ ਹਨ ਪਰ ਬਾਅਦ ਵਿਚ ਇਨ੍ਹਾਂ ਨਾਲ ਗੁਰਦਿਆਂ, ਜਿਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਜੋਖ਼ਮ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਵਜ਼ਨ ਘਟਾਉਣ ਵਾਲੀਆਂ ਗੋਲੀਆਂ ਜਾਂ ਪਾਊਡਰ ਨੀਂਦ, ਘਬਰਾਹਟ ਅਤੇ ਔਰਤਾਂ ਵਿਚ ਵੱਖ-ਵੱਖ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ, ਜਿਨ੍ਹਾਂ ਦਾ ਅਸਰ ਦੇਰ ਬਾਅਦ ਸਾਹਮਣੇ ਆਉਂਦਾ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਆਪਣਾ ਟੌਹਰ-ਟੱਪਾ ਦਿਖਾਉਂਦਿਆਂ ਅਤੇ ਵੱਖ-ਵੱਖ ਤਰ੍ਹਾਂ ਦੇ ਫਿਲਟਰ ਲਗਾ ਕੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਵੱਖ-ਵੱਖ ਉਤਪਾਦਾਂ ਦੇ ਫਾਇਦਾ ਗਿਣਾ ਕੇ ਆਪਣੇ ਮੁਨਾਫੇ ਲਈ ਵੇਚ ਰਹੇ ਹੁੰਦੇ ਹਨ, ਜਦੋਂ ਕਿ ਉਹ ਆਪ ਇਨ੍ਹਾਂ ਉਤਪਾਦਾਂ ਦੀ ਆਪਣੀ ਜ਼ਿੰਦਗੀ ਵਿਚ ਵਰਤੋਂ ਨਹੀਂ ਕਰਦੇ। ਚਮੜੀ ਗੋਰੀ ਕਰਨ ਵਾਲੇ ਟੋਨਿਕਾਂ ਵਿਚ ਕਰੀਮ, ਪਾਰਾ ਅਤੇ ਬਲੀਚ ਦੀ ਜ਼ਿਆਦਾ ਮਾਤਰਾ ਇਕ ਵਾਰ ਅਸਰ ਦਿਖਾਉਣ ਤੋਂ ਬਾਅਦ ਚਮੜੀ ਦੀ ਉਪਰਲੀ ਪਰਤ ਨੂੰ ਸਾੜ ਦਿੰਦੀ ਹੈ, ਜਿਸ ਨਾਲ ਸੋਹਣੇ ਤੇ ਗੋਰੇ ਹੋਣ ਦੀ ਉਮੀਦ ਲਾਉਣ ਵਾਲੀ ਨੌਜਵਾਨੀ ਦੀ ਚਮੜੀ ਬਾਅਦ ਵਿਚ ਦਾਗ, ਐਲਰਜੀ ਵਰਗੀਆਂ ਸਮੱਸਿਆਵਾਂ ਨਾਲ ਗ੍ਰਸਤ ਹੋ ਜਾਂਦੀ ਹੈ। ਸੋਸ਼ਲ ਮੀਡੀਆ ਉਤੇ ਇਨਫਲੂਐਂਸਰਾਂ ਵਲੋਂ ਚਲਾਏ ਗਏ ਇਸ 'ਸਿਹਤਜਾਲ' ਨਾਲ ਗ੍ਰਸਤ ਹੋਏ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ, ਪ੍ਰੰਤੂ ਉਹ ਆਪਣੇ ਅਕਸ ਨੂੰ ਬਚਾਉਣ ਅਤੇ ਸ਼ਰਮ ਦੇ ਮਾਰੇ ਆਪਣੇ ਨਾਲ ਹੋਈ ਵੱਖ-ਵੱਖ ਤਰ੍ਹਾਂ ਦੀ ਸਿਹਤ ਨਾਲ ਸੰਬੰਧਿਤ ਠੱਗੀ ਨੂੰ ਉਜਾਗਰ ਨਹੀਂ ਕਰਦੇ, ਜਿਸ ਦਾ ਸੋਸ਼ਲ ਮੀਡੀਆ ਇਨਫਲੂਐਂਸਰ ਖੁੱਲ੍ਹ ਕੇ ਨਾਜਾਇਜ ਫਾਇਦਾ ਉਠਾਉਂਦੇ ਨਜ਼ਰ ਆਉਂਦੇ ਹਨ।
ਪ੍ਰਸ਼ਾਸਨ ਦੀ ਚੁੱਪੀ ਅਤੇ ਇਨਫਲੂਐਂਸਰਾਂ ਦੀ ਜਵਾਬਦੇਹੀ ਦੀ ਕਮੀ ਕਾਰਨ 'ਸਿਹਤਜਾਲ' ਦੀ ਠੱਗੀ ਜਾਰੀ ਹੈ।
ਦੇਸ਼ ਭਰ ਵਿਚ ਬਹੁਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਲੋਂ ਸਰੀਰ ਨਾਲ ਸੰਬੰਧਿਤ ਵੱਖ- ਵੱਖ ਤਰ੍ਹਾਂ ਦੇ ਸਪਲੀਮੈਂਟਾਂ ਦੀ ਆਨਲਾਈਨ ਬਿਨਾਂ ਕਿਸੇ ਸੰਬੰਧਿਤ ਵਿਭਾਗ ਤੋਂ ਲਏ ਲਾਈਸੈਂਸ ਦੇ ਕੀਤੀ ਜਾ ਰਹੀ ਵਿਕਰੀ ਆਉਣ ਵਾਲੇ ਸਮੇਂ ਵਿਚ ਨਵੀਆਂ ਬਿਮਾਰੀਆਂ ਪੈਦਾ ਕਰ ਸਕਦੀ ਹੈ, ਜਦੋਂ ਕਿ ਸੰਬੰਧਿਤ ਵਿਭਾਗ ਅਤੇ ਉਸ ਦੇ ਅਧਿਕਾਰੀ ਇਨਫਲੂਐਂਸਰਾਂ ਦੇ ਇਸ ਗੋਰਖਧੰਦੇ ਤੇ ਠੱਗੀ ਉਤੇ ਅੱਖਾਂ ਮੀਟੀ ਬੈਠੇ ਹਨ। ਡਰੱਗ ਇੰਸੈਪਕਟਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਰਵਾਇਤੀ ਮੈਡੀਕਲ ਸਟੋਰਾਂ ਉਤੇ ਜਾਂਚ ਤੱਕ ਸੀਮਤ ਹੋ ਚੁੱਕੇ ਹਨ, ਜਦੋਂ ਕਿ ਅਸਲ ਖ਼ਤਰਾ ਆਨਲਾਈਨ ਇਨਫਲੂਐਂਸਰਾਂ ਵਲੋਂ ਵੇਚੀ ਜਾ ਰਹੀ ਸਮੱਗਰੀ ਤੋਂ ਹੈ, ਜਿਸ ਨੂੰ ਇਹ ਲੋਕ ਬਿਨਾਂ ਕਿਸੇ ਡਰ ਦੇ ਵੇਚ ਕੇ ਆਪਣੀ ਮੋਟੀ ਕਮਾਈ ਕਰ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਿਨਾਂ ਲਾਈਸੈਂਸ ਦਵਾਈਆਂ ਜਾਂ ਸਪਲੀਮੈਂਟ ਪ੍ਰਮੋਟ ਜਾਂ ਵੇਚਣ ਵਾਲੇ ਇਨਫਲੂਐਂਸਰਾਂ ਉਤੇ ਭਾਰੀ ਜੁਰਮਾਨਾ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇੰਚਾਰਜ, ਉਪ ਦਫ਼ਤਰ, ਪਟਿਆਲਾ।
ਮੋਬਾਈਲ : 98760-06700