ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਸੋਧ ਬਿੱਲ ਦਾ ਪਾਸ ਨਾ ਹੋਣਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 'ਦਾ ਹਿੰਦੂ' ਅੰਗਰੇਜ਼ੀ ਭਾਸ਼ਾ ਵਾਲੇ ਪ੍ਰਸਿੱਧ ਸਮਾਚਾਰ ਪੱਤਰ ਵਲੋਂ ਇਸ ਨੂੰ ਗ਼ਲਤ-ਮਲਤ ਦੀ ਸੱਚੀ ਮੌਤ ਕਹਿਣਾ ਇਸ ਦੀਆਂ ਧਾਰਨਾਵਾਂ 'ਤੇ ਮੋਹਰ ਲਾਉਂਦਾ ਹੈ। ਪੰਜਾਬੀ ਭਾਸ਼ਾ ਵਿਚ ਇਸ ਨੂੰ ਗਿੱਲਾ ਪੀਹਣ ਕਿਹਾ ਜਾ ਸਕਦਾ ਹੈ। ਜੇ ਡੂੰਘਾਈ ਨਾਲ ਵੇਖੀਏ ਤਾਂ ਇਹ ਸੋਧ ਬਿੱਲ ਦਾ ਦਿਹਾਂਤ ਕੇਵਲ ਏਸ ਬਿੱਲ ਤੱਕ ਹੀ ਸੀਮਤ ਨਹੀਂ, ਕੇਂਦਰ ਦੀ ਵਰਤਮਾਨ ਸਰਕਾਰ ਲਈ ਖ਼ਤਰੇ ਦੀ ਘੰਟੀ ਵੀ ਹੈ। ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਚੱਲ ਰਹੀ ਕਾਰਵਾਈ ਵਿਚ ਦਖ਼ਲ ਦੇ ਕੇ ਬਿੱਲ ਦੀ ਵਕਾਲਤ ਕਰਨ ਲਈ ਤਰਲਾ ਮਾਰਨਾ ਅਤੇ ਇਸ ਵਿਚ ਅਸਫ਼ਲ ਰਹਿ ਜਾਣਾ ਇਸ ਦੀ ਪੁਸ਼ਟੀ ਕਰਦਾ ਹੈ।
ਇਸ ਭੰਬਲਭੂਸੇ ਦੀਆਂ ਜੜ੍ਹਾਂ ਉਸ ਕਾਹਲੀ ਵਿਚ ਸਨ, ਜਿਹੜੀ ਹਾਕਮ ਧਿਰ ਦੇ ਅਮਲਾਂ ਵਿਚੋਂ ਸਪੱਸ਼ਟ ਨਜ਼ਰ ਆਉਂਦੀਆਂ ਸਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਦੀ ਅਸਫ਼ਲਤਾ ਦਾ ਭਾਂਡਾ ਭਾਵੇਂ ਕਾਂਗਰਸ ਪਾਰਟੀ, ਤ੍ਰਿਣਾਮੂਲ ਕਾਂਗਰਸ, ਸਮਾਜਵਾਦੀ ਪਾਰਟੀ ਤੇ ਡੀ.ਐਮ.ਕੇ ਵਰਗੀਆਂ ਹੋਰ ਪਾਰਟੀਆਂ ਸਿਰ ਭੰਨਣ ਪਰ ਉਨ੍ਹਾਂ ਕੋਲ ਇਸ ਵੱਡੇ ਸੱਚ ਦਾ ਕੋਈ ਉੱਤਰ ਨਹੀਂ ਕਿ ਸਹੀ ਮਹਿਲਾ ਰਾਖਵਾਂਕਰਨ ਬਿੱਲ ਤਾਂ ਲਗਭਗ ਤਿੰਨ ਵਰ੍ਹੇ ਪਹਿਲਾਂ (2023) ਵਿਚ ਪਾਸ ਹੋ ਚੁੱਕਾ ਹੈ, ਜਿਹੜਾ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਭਲਾ ਕਿਉਂ?
ਇਹ ਗੱਲ ਵੀ ਨੋਟ ਕਰਨ ਵਲੀ ਹੈ ਕਿ ਇਸ ਸਾਰੇ ਰੌਲੇ-ਰੱਪੇ ਵਿਚ ਹਾਕਮ ਧਿਰ ਵਾਲੇ ਪਾਸਿਓਂ ਇਸ ਬਿੱਲ ਦੀ ਹਮਾਇਤ ਕਰਨ ਵਾਲਿਆਂ ਵਿਚ ਕੋਈ ਵੱਡਾ ਮਹਿਲਾ ਚਿਹਰਾ ਨਹੀਂ ਸੀ, ਜਦਕਿ ਵਿਰੋਧੀ ਧਿਰ ਵਜੋਂ ਆਪਣੀ ਦਲੀਲ ਦੇਣ ਵਾਲੀ ਪ੍ਰਿਅੰਕਾ ਗਾਂਧੀ ਵਾਡਰਾ ਸੀ। ਉਸ ਨੇ ਨਿਸ਼ੰਗ ਹੋ ਕੇ ਕਿਹਾ ਕਿ ਔਰਤਾਂ ਦੇ ਹੱਕਾਂ ਸੰਬੰਧੀ ਪੜ੍ਹੀਆਂ-ਲਿਖੀਆਂ ਤੇ ਚੇਤੰਨ ਮਹਿਲਾਵਾਂ ਨੂੰ ਸਿਰਫ਼ ਗੱਲਾਂਬਾਤਾਂ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ। 2023 ਵਿਚ ਪਾਸ ਕੀਤੇ ਬਿੱਲ ਨੂੰ 16 ਅਪ੍ਰੈਲ ਦੀ ਅੱਧੀ ਰਾਤ ਨੂੰ ਨੋਟੀਕੀਕੇਸ਼ਨ ਜਾਰੀ ਕਰਕੇ ਲਾਗੂ ਕਰਨ ਪਿੱਛੇ ਵੀ ਦੇਸ਼ ਦੀ ਅੱਧੀ ਵਸੋਂ ਨੂੰ ਭਰਮਜਾਲ ਦਾ ਸ਼ਿਕਾਰ ਬਣਾਉਣਾ ਸੀ। ਸਰਕਾਰ ਭਲੀ-ਭਾਂਤ ਜਾਣਦੀ ਸੀ ਕਿ ਜੇਕਰ ਵੋਟਿੰਗ ਦੌਰਾਨ ਇਹ ਬਿੱਲ ਖ਼ਾਰਜ ਹੋ ਜਾਂਦਾ ਜਾਂ ਪਾਸ ਨਾ ਹੁੰਦਾ ਤਾਂ 2023 ਵਿਚ ਪਾਸ ਮਹਿਲਾ ਰਾਖਵਾਂਕਰਨ ਬਿੱਲ ਵੀ ਮਿੱਟੀ ਹੋ ਜਾਣਾ ਸੀ।
ਇਸ ਬਿੱਲ ਦੇ ਖ਼ਾਰਜ ਹੋਣ ਬਾਰੇ ਵਿਰੋਧੀ ਪਾਰਟੀਆਂ ਦੇ ਚੇਤੰਨ ਹੋਣ ਦਾ ਇਕ ਹੋਰ ਕਾਰਨ ਵਰਤਮਾਨ ਸਰਕਾਰ ਵਲੋਂ ਵਿਉਂਤੀ ਜਾ ਰਹੀ ਹਲਕਾਬੰਦੀ ਵੀ ਸੀ। ਇਹੋ ਕਾਰਨ ਸੀ ਕਿ ਵਿਰੋਧੀ ਪਾਰਟੀਆਂ ਨੇ ਆਪਣੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਇਸ ਦਾ ਉੱਤਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਹੋਇਆ ਸੀ। 'ਦਾ ਹਿੰਦੂ' ਸਮਾਚਾਰ ਪੱਤਰ ਦਾ ਇਸ ਸਾਰੇ ਅਮਲ ਨੂੰ ਸੱਚੀ ਤੇ ਪੱਕੀ ਮੌਤ ਕਹਿਣਾ ਬਣਦਾ ਹੈ।
ਅੰਤਿਕਾ
[ਸੱਸੀ ਹਾਸ਼ਮ ਵਿਚੋਂ]
ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ,
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਉਂ ਜੌਂ ਭੁੰਨਣ ਭਠਿਆਰੇ,
ਸੂਰਜ ਭੱਜ ਵੜਿਆ ਵਿੱਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ,
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।
ਈ-ਮੇਲ : sandhugulzar@yahoo.com