ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਓ, ਖ਼ੁਸ਼ ਰਹਿਣ ਦਾ ਹੁਨਰ ਸਿੱਖੀਏ

Ad Position 21
No active advertisement
ਅਜੀਤ ਡੈਸਕ 26-04-2026

ਸਾਡਾ ਦੇਸ਼ ਦੁਨੀਆ ਨੂੰ ਚਿੰਤਨ, ਅਨੰਦ ਤੇ ਖ਼ੁਸ਼ੀ ਦੇਣ ਵਾਲਾ ਦੇਸ਼ ਮੰਨਿਆ ਜਾਂਦਾ ਸੀ। ਸਾਡੇ ਧਾਰਮਿਕ ਗੁਰੂ ਤੇ ਗ੍ਰੰਥ ਖ਼ੁਸ਼ੀ ਨੂੰ ਪਹਿਲ ਦਿੰਦੇ ਹਨ। ਦੁਨੀਆ ਵਿਚ ਪ੍ਰਸੰਨਤਾ ਦੀ ਖੋਜ ਕਰਨ ਵਾਲਿਆਂ ਵਿਚ ਅਸੀਂ ਹੀ ਹਾਂ। ਇਸ ਇਤਿਹਾਸਕ ਪੱਖ ਤੋਂ ਭਾਰਤ ਸਭ ਤੋਂ ਵੱਧ ਖੁਸ਼ਹਾਲ ਤੇ ਖੁਸ਼ ਰਹਿਣ ਵਾਲਾ ਦੇਸ਼ ਹੋਣਾ ਚਾਹੀਦਾ ਸੀ ਪਰ ਅਸੀਂ ਇਸ ਮਾਮਲੇ ਵਿਚ ਬਹੁਤ ਪਿਛੜ ਚੁੱਕੇ ਹਾਂ। ਆਕਸਫ਼ੋਰਡ ਯੂਨੀਵਰਸਿਟੀ ਦੇ 'ਵੈੱਲ ਬੀਇੰਗ ਰਿਸਰਚ ਸੈਂਟਰ' ਵਲੋਂ ਕੀਤੀ ਖੋਜ ਅਨੁਸਾਰ ਇਸ ਦਾ ਵੱਡਾ ਕਾਰਨ ਆਰਥਿਕ ਅਸੁਰੱਖਿਆ ਤੇ ਆਰਥਿਕ ਅਸਮਾਨਤਾ ਹੈ। ਹਾਲਾਂਕਿ ਕਾਫ਼ੀ ਦੇਸ਼ ਇਸ ਮਾਮਲੇ 'ਚ ਸਾਡੇ ਤੋਂ ਵੀ ਬਹੁਤ ਪਿੱਛੇ ਹਨ ਪਰ ਖ਼ੁਸ਼ ਰਹਿਣ ਦੀ ਰੈਂਕਿੰਗ ਵਿਚ ਉਹ ਕਾਫ਼ੀ ਅੱਗੇ ਹਨ। ਇਸੇ ਖੋਜ 'ਚ ਅੱਗੇ ਦੱਸਿਆ ਗਿਆ ਹੈ ਕਿ ਸਾਡੇ ਦੇਸ਼ ਵਿਚ ਡਿਜੀਟਲ ਇਕੱਲਾਪਨ ਸਭ ਤੋਂ ਵੱਧ ਹੈ। ਅਸੀਂ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਮਾਂ ਬਤੀਤ ਕਰਦੇ ਹਾਂ ਜਿਸ ਨਾਲ ਸਾਡੀ ਆਪਸੀ ਸਾਂਝ ਤੇ ਗੱਲਬਾਤ ਦੀ ਸੰਭਾਵਨਾ ਬਹੁਤ ਘੱਟ ਚੁੱਕੀ ਹੈ। ਸਾਡੇ ਦੇਸ਼ ਵਿਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸਭ ਤੋਂ ਘੱਟ ਖੁਸ਼ ਹਨ। ਅਜਿਹਾ ਇਸ ਕਰਕੇ ਨਹੀਂ ਕਿ ਉਨ੍ਹਾਂ ਸਾਰਿਆਂ ਕੋਲ ਰੁਜ਼ਗਾਰ ਦੀ ਕਮੀ ਹੈ, ਸਗੋਂ ਇਹ ਇਸ ਕਰਕੇ ਹੈ ਕਿ ਉਨ੍ਹਾਂ ਦਾ ਨਾ ਤਾਂ ਦੂਜਿਆਂ ਨਾਲ ਤੇ ਨਾ ਹੀ ਖ਼ੁਦ ਨਾਲ ਲਗਾਅ ਹੈ। ਇਸ ਸਥਿਤੀ 'ਚ ਉਹ ਮੋਬਾਈਲ ਦਾ ਸਹਾਰਾ ਲੈਂਦੇ ਹਨ। ਲੋਕਾਂ ਦੇ ਮਨ ਦੀ ਖੁਸ਼ੀ ਤੋਂ ਬਿਨਾਂ ਹੋ ਰਿਹਾ ਵਿਕਾਸ ਖ਼ਤਰੇ ਦੀ ਘੰਟੀ ਹੈ ਤੇ ਸੋਸ਼ਲ ਮੀਡੀਆ ਇਸ ਪੱਖ 'ਚ ਦੂਹਰੀ ਮਾਰ ਕਰ ਰਿਹਾ ਹੈ। ਪਿਛਲੇ ਮਹੀਨੇ 'ਅੰਤਰਰਾਸ਼ਟਰੀ ਖੁਸ਼ੀ ਦਿਵਸ' ਮਨਾਇਆ ਗਿਆ, ਜਿਸ ਦੌਰਾਨ 'ਯੂਨਾਈਟਡ ਨੇਸ਼ਨਜ਼ ਸਸਟੇਨੇਬਲ ਡਿਵੈੱਲਪਮੈਂਟ ਸਲਿਊਸ਼ਨ ਨੈੱਟਵਰਕ' ਵਲੋਂ ਆਰਥਿਕ ਤੇ ਸਮਾਜਿਕ ਸਰਵੇਖਣ ਕਰ ਕੇ ਦੁਨੀਆ ਭਰ ਦੇ ਖੁਸ਼ ਰਹਿਣ ਵਾਲੇ ਦੇਸ਼ਾਂ ਦੀ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਸਰਵੇਖਣ ਦਾ ਆਧਾਰ ਲੋਕਾਂ ਦੀ ਆਮਦਨੀ, ਸਿਹਤ, ਆਜ਼ਾਦੀ ਆਦਿ ਪੱਖ ਹੁੰਦੇ ਹਨ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸਾਲ 2026 ਦੀ ਜਾਰੀ ਕੀਤੀ ਗਈ ਰੈਂਕਿੰਗ 'ਚ 147 ਦੇਸ਼ਾਂ 'ਚੋਂ ਭਾਰਤ 116ਵੇਂ ਸਥਾਨ 'ਤੇ ਹੈ। ਯੂਰਪੀਅਨ ਦੇਸ਼ ਫਿਨਲੈਂਡ ਲਗਾਤਾਰ ਨੌਵੀਂ ਵਾਰ ਪਹਿਲੇ ਸਥਾਨ 'ਤੇ ਰਿਹਾ ਹੈ। ਸਵਾਲ ਇਹ ਹੈ ਕਿ ਜਿਸ ਦੇਸ਼ ਨੇ ਦੁਨੀਆ ਨੂੰ ਖੁਸ਼ ਰਹਿਣਾ ਸਿਖਾਇਆ, ਅੱਜ ਉਹ ਖ਼ੁਦ ਇਸ ਮਾਮਲੇ 'ਚ ਕਿੱਥਾ ਖੜ੍ਹਾ ਹੈ? ਕਿਸੇ ਵੀ ਇਨਸਾਨ ਦੀ ਖੁਸ਼ੀ ਦਾ ਮਾਪਦੰਡ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕਿੰਨਾ ਖੁਸ਼ ਹੈ ਤੇ ਉਸ ਤੋਂ ਦੂਜੇ ਲੋਕ ਕਿੰਨਾ ਖੁਸ਼ ਹਨ। ਜੇ ਭਾਰਤੀਆਂ ਦੀ ਖੁਸ਼ੀ ਦੀ ਗੱਲ ਕਰੀਏ ਤਾਂ ਸਾਡੇ ਮਾਪਦੰਡ ਕੁਝ ਵੱਖਰੇ ਹਨ। ਆਓ ਜਾਣੀਏ ਕਿ ਅਸੀਂ ਖੁਸ਼ ਕਿਉਂ ਨਹੀਂ ਹਾਂ?
ਸਾਡੀ ਖੁਸ਼ੀ ਦਾ ਸਭ ਤੋਂ ਵੱਡਾ ਪੱਧਰ ਪੈਸੇ ਨਾਲ ਮਾਪਿਆ ਜਾਂਦਾ ਹੈ ਪਰ ਕੀ ਪੈਸਾ ਖੁਸ਼ੀ ਦਿੰਦਾ ਹੈ? ਅਸੀਂ ਉਦਾਸ ਹੁੰਦੇ ਹਾਂ, ਕਿਉਂਕਿ ਸਾਡੇ ਕੋਲ ਕੋਈ ਚੀਜ਼ ਨਹੀਂ ਹੈ ਪਰ ਜੇ ਸਾਡੇ ਕੋਲ ਪੈਸਾ ਆ ਜਾਂਦਾ ਹੈ ਤਾਂ ਅਸੀਂ ਉਸ ਨਾਲ ਉਹ ਚੀਜ਼ ਖ਼ਰੀਦ ਸਕਦੇ ਹਾਂ, ਮਸਲਨ ਘਰ, ਕਾਰ ਆਦਿ। ਪਰ ਇਨ੍ਹਾਂ ਭੌਤਿਕ ਚੀਜ਼ਾਂ ਨਾਲ ਵੀ ਸਾਡੀ ਖੁਸ਼ੀ ਸਦੀਵੀ ਨਹੀਂ ਰਹਿੰਦੀ, ਕਿਉਂਕਿ ਇਹ ਚੀਜ਼ਾਂ ਕੁਝ ਸਮੇਂ ਲਈ ਤਾਂ ਖੁਸ਼ੀ ਦੇ ਸਕਦੀਆਂ ਹਨ ਪਰ ਲੰਬੇ ਜਾਂ ਸਦੀਵੀ ਸਮੇਂ ਲਈ ਨਹੀਂ। ਸਾਡੀ ਭੂਗੋਲਿਕ ਸਥਿਤੀ ਵੀ ਸਾਡੀ ਖੁਸ਼ੀ ਜਾਂ ਉਦਾਸੀ ਦਾ ਵੱਡਾ ਕਾਰਨ ਬਣਦੀ ਹੈ। ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਇਹ ਤੈਅ ਕਰਦਾ ਹੈ ਕਿ ਅਸੀਂ ਖੁਸ਼ ਹੋਵਾਂਗੇ ਜਾਂ ਉਦਾਸ। ਜੋ ਲੋਕ ਪਹਾੜਾਂ ਜਾਂ ਸਾਫ਼-ਸੁਥਰੇ ਵਾਤਾਵਰਨ ਵਿਚ ਰਹਿੰਦੇ ਹਨ, ਉਹ ਵੱਧ ਖੁਸ਼ ਰਹਿੰਦੇ ਹਨ। ਇਸ ਤੋਂ ਇਲਾਵਾ ਸਾਡੇ ਜੀਨਜ਼ ਤੇ ਸਾਡੀ ਮਾਨਸਿਕ ਸਥਿਤੀ ਵੀ ਸਾਡੀ ਖੁਸ਼ੀ ਦਾ ਪੱਧਰ ਤੈਅ ਕਰਦੀ ਹੈ। ਖੁਸ਼ੀ ਇਕ ਅਜਿਹੀ ਦਵਾ ਹੈ, ਜੋ ਦੁੱਖਾਂ ਨੂੰ ਘਟਾ ਦਿੰਦੀ ਹੈ ਤੇ ਸੁੱਖ ਵਧਾ ਦਿੰਦੀ ਹੈ। ਸਾਡੇ ਰਿਸ਼ਤੇ ਵਧੀਆ ਰਹਿੰਦੇ ਹਨ। ਅਸੀਂ ਕੰਮ ਮਨ ਲਾ ਕੇ ਕਰਦੇ ਹਾਂ। ਇਹ ਇਕ ਮੁਫ਼ਤ ਵਿਚ ਮਿਲਣ ਵਾਲੀ ਦਵਾਈ ਹੈ, ਇਕ ਅਜਿਹੀ ਖ਼ੁਰਾਕ ਜੋ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦੀ ਹੈ। ਭਾਰਤੀ ਲੋਕ ਵਰਤਮਾਨ ਵਿਚ ਨਹੀਂ ਜਿਉਂਦੇ, ਸਗੋਂ ਅਤੀਤ ਜਾਂ ਭਵਿੱਖ ਵਿਚ ਜਿਉਂਦੇ ਹਨ, ਜਦਕਿ ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਕੋਈ ਇਹ ਨਹੀਂ ਜਾਣਦਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ। ਭਾਰਤੀ ਲੋਕ ਤਣਾਅ ਵਿਚ ਵਧੇਰੇ ਰਹਿੰਦੇ ਹਨ। ਇਸੇ ਕਰਕੇ ਇੱਥੇ ਡਿਪਰੈਸ਼ਨ ਤੇ ਦਿਲ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ 'ਤੇ ਵੀ ਤਣਾਅਗ੍ਰਸਤ ਹੋ ਜਾਂਦੇ ਹਾਂ ਤੇ ਅਨੇਕਾਂ ਬਿਮਾਰੀਆਂ ਸਹੇੜ ਬੈਠਦੇ ਹਾਂ। ਸਾਡਾ ਹੰਕਾਰ ਵੀ ਸਾਡੇ ਤਣਾਅ ਦੀ ਵੱਡੀ ਵਜ੍ਹਾ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਜਿਊਣ ਦਾ ਕੋਈ ਮਕਸਦ ਹੁੰਦਾ ਹੈ, ਉਨ੍ਹਾਂ ਕੋਲ ਦੁਖੀ ਰਹਿਣ ਦਾ ਵੀ ਸਮਾਂ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਹਰ ਸੰਭਵ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ ਤੇ ਹਰ ਵਧਦੇ ਕਦਮ ਲਈ ਉਹ ਖੁਸ਼ੀ ਮਹਿਸੂਸ ਕਰਦੇ ਹਨ। ਦੂਸਰੇ ਪਾਸੇ ਜਿਨ੍ਹਾਂ ਕੋਲ ਕੋਈ ਮਕਸਦ ਨਹੀਂ ਹੁੰਦਾ, ਉਹ ਹਮੇਸ਼ਾ ਉਲਝੇ ਤੇ ਦੂਜਿਆਂ ਦੀ ਖੁਸ਼ੀ ਤੋਂ ਸਾੜਾ ਕਰਦੇ ਰਹਿੰਦੇ ਹਨ। ਇਸੇ ਲਈ ਸਾਨੂੰ ਜੀਵਨ ਵਿਚ ਇਕ ਟੀਚਾ ਜ਼ਰੂਰ ਮਿੱਥਣਾ ਚਾਹੀਦਾ ਹੈ।
ਕਹਿੰਦੇ ਹਨ ਕਿ ਸਾਡਾ ਉਹ ਦਿਨ ਸਭ ਤੋਂ ਖ਼ਰਾਬ ਹੁੰਦਾ ਹੈ, ਜਿਸ ਦਿਨ ਅਸੀਂ ਹੱਸਦੇ ਨਹੀਂ। ਖੁਸ਼ ਰਹਿਣਾ ਇਕ ਕਲਾ ਵੀ ਹੈ ਤੇ ਜੋ ਵਿਅਕਤੀ ਖੁਸ਼ਮਿਜ਼ਾਜ ਹੁੰਦੇ ਹਨ, ਉਹ ਦੂਜੇ ਵਿਅਕਤੀਆਂ ਦੇ ਚਿਹਰੇ 'ਤੇ ਵੀ ਮੁਸਕਾਨ ਲਿਆ ਦਿੰਦੇ ਹਨ। ਇਸ ਲਈ ਖੁਸ਼ ਰਹਿਣ ਦੇ ਮੌਕੇ ਲੱਭਦੇ ਰਹਿਣਾ ਚਾਹੀਦਾ ਹੈ। ਕਈ ਲੋਕ ਕਰੋੜਾਂ ਦੀ ਦੌਲਤ ਹੋਣ 'ਤੇ ਵੀ ਖੁਸ਼ ਨਹੀਂ ਹੁੰਦੇ ਤੇ ਕਈ ਸਿੱਕਿਆ ਨਾਲ ਵੀ ਖੁਸ਼ੀ ਲੱਭ ਲੈਂਦੇ ਹਨ। ਖੁਸ਼ ਰਹਿਣ ਲਈ ਜ਼ਿੰਦਗੀ ਜਿਊਣ ਦੇ ਢੰਗ ਬਦਲਣੇ ਚਾਹੀਦੇ ਹਨ। ਖੁਸ਼ ਹੋਣ ਦੇ ਵੱਧ ਤੋਂ ਵੱਧ ਬਹਾਨੇ ਲੱਭਣੇ ਚਾਹੀਦੇ ਹਨ, ਖ਼ੁਦ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਬੱਚਿਆਂ ਵਾਂਗ ਖਿੜਖਿੜ ਕੇ ਹੱਸਣਾ ਚਾਹੀਦਾ ਹੈ, ਦੋਸਤਾਂ-ਮਿੱਤਰਾਂ ਨੂੰ ਮਿਲੋ ਤੇ ਹਾਸਾ ਮਜ਼ਾਕ ਕਰੋ। ਹਾਰਡਵਰਡ ਯੂਨੀਵਰਸਿਟੀ ਦੇ ਇਕ ਸਰਵੇਖਣ ਮੁਤਾਬਕ ਚੰਗੇ ਰਿਸ਼ਤੇ ਸਭ ਤੋਂ ਵੱਧ ਖੁਸ਼ੀ ਦਿੰਦੇ ਹਨ। ਆਪਣੀ ਛੋਟੀ ਤੋਂ ਛੋਟੀ ਪ੍ਰਾਪਤੀ ਨੂੰ ਵੀ ਖੁਸ਼ੀ ਨਾਲ ਮਨਾਓ। ਅਸੀਂ ਇਹ ਨਾ ਸੋਚੀਏ ਕਿ ਸਾਨੂੰ ਕੀ ਮਿਲਿਆ ਹੈ, ਸਗੋਂ ਇਹ ਸੋਚੀਏ ਕਿ ਅਸੀਂ ਕੀ ਦਿੱਤਾ ਹੈ। ਹਰ ਮਹੀਨੇ ਆਪਣੀ ਆਮਦਨ 'ਚੋਂ ਲੋੜਵੰਦਾਂ ਲਈ ਦਸਵੰਧ ਕੱਢੋ। ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਦਾਣਾ-ਪਾਣੀ ਪਾਓ। ਵੱਧ ਤੋਂ ਵੱਧ ਕੁਦਰਤ ਦੇ ਨੇੜੇ ਰਹੋ। ਪੌਦਿਆਂ, ਰੁੱਖਾਂ ਦੀ ਦੇਖਭਾਲ ਕਰੋ। ਦੁਨੀਆ 'ਚ ਸੈਂਕੜੇ ਲੋਕ ਰਾਤ ਨੂੰ ਚੰਗੇ ਭਲੇ ਸੌਂਦੇ ਹਨ ਪਰ ਅਗਲੀ ਸਵੇਰ ਉੱਠਦੇ ਹੀ ਨਹੀਂ। ਇਸ ਲਈ ਹਰ ਸਵੇਰ ਇਕ ਨਵੀਂ ਜ਼ਿੰਦਗੀ ਹੈ, ਜਿਸ ਲਈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸਵੇਰ ਸਮੇਂ ਤਾਜ਼ੀ ਹਵਾ 'ਚ ਯੋਗਾ ਤੇ ਧਿਆਨ ਕਰਨ ਨਾਲ ਵੀ ਅਨੰਦ ਪਾਇਆ ਜਾ ਸਕਦਾ ਹੈ। ਦੂਸਰਿਆਂ ਦੀ ਕਾਮਯਾਬੀ ਤੋਂ ਸੜਨ ਦੀ ਬਜਾਏ ਉਨ੍ਹਾਂ ਦੀ ਸਫ਼ਲਤਾ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਜੇ ਕਿਸੇ ਗੱਲ 'ਤੇ ਗੁੱਸਾ ਆ ਜਾਵੇ ਜਾਂ ਮਨ ਦੁਖੀ ਹੋ ਜਾਵੇ ਤਾਂ ਇਕ ਕਾਗਜ਼ 'ਤੇ ਆਪਣੀ ਗੱਲ ਲਿਖ ਕੇ ਪਾੜ ਦਿਓ। ਯਕੀਨ ਕਰੋ ਇਸ ਨਾਲ ਕਾਫ਼ੀ ਹੱਦ ਤੱਕ ਗੁੱਸਾ ਘੱਟ ਜਾਵੇਗਾ ਤੇ ਮਨ ਹਲਕਾ ਹੋ ਜਾਵੇਗਾ। ਜੋ ਜਿੰਨਾ ਹੱਸਦਾ ਹੈ, ਬਿਮਾਰੀਆਂ ਉਸ ਤੋਂ ਓਨੀਆਂ ਹੀ ਦੂਰ ਹੋ ਜਾਂਦੀਆਂ ਹਨ। ਸੋ ਆਓ, ਆਪਾਂ ਉਨ੍ਹਾਂ ਚੀਜ਼ਾਂ ਨੂੰ ਲੱਭੀਏ, ਜਿਨ੍ਹਾਂ ਤੋਂ ਖੁਸ਼ੀ ਮਿਲਦੀ ਹੈ ਤੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰੀਏ।

-ਸੈਂਟਰ ਮੁੱਖ ਅਧਿਆਪਕ, ਸ.ਪ੍ਰ. ਸਕੂਲ ਝਬੇਲਵਾਲੀ,
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 93013-00716

Ad Position 22
No active advertisement
ਪਿਛਲੀ ਖ਼ਬਰ ਗਿੱਲਾ ਪੀਹਣ ਸੀ ਮਹਿਲਾ ਰਾਖਵਾਂਕਰਨ ਬਿੱਲ ਅਗਲੀ ਖ਼ਬਰ ਫ਼ਾਰਸੀ ਭਾਸ਼ਾ ਦਾ ਭਾਰਤੀ ਸਾਹਿਤ ਨਾਲ ਸੰਬੰਧ
Ad Position 24
No active advertisement