ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਫ਼ਾਰਸੀ ਭਾਸ਼ਾ ਦਾ ਭਾਰਤੀ ਸਾਹਿਤ ਨਾਲ ਸੰਬੰਧ

Ad Position 21
No active advertisement
ਅਜੀਤ ਡੈਸਕ 26-04-2026

ਭਾਰਤ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਮੱਧਕਾਲ ਸਮੇਂ ਦੀ ਸ਼ੁਰੂਆਤ ਵਿਚ ਭਾਰਤ ਦੇਸ਼ ਦੇ ਇਤਿਹਾਸ ਵਿਚ ਵਿਲੱਖਣ ਬਦਲਾਅ ਵੇਖਣ ਨੂੰ ਮਿਲਦਾ ਹੈ। ਭਾਵੇਂ ਗੱਲ ਰਾਜਨੀਤੀ ਦੀ ਕਰੀਏ ਜਾਂ ਸੱਭਿਆਚਾਰ ਦੀ, ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਮੱਧਕਾਲ ਦੀ ਸ਼ੁਰੂਆਤ ਨੇ ਭਾਰਤੀ ਇਤਿਹਾਸ ਨੂੰ ਪ੍ਰਾਚੀਨ ਸਮੇਂ ਦੇ ਇਤਿਹਾਸ ਨਾਲੋਂ ਇਕ ਵੱਖਰਾ ਰੰਗ ਦਿੱਤਾ ਹੈ। ਰਾਜਨੀਤਕ, ਸੱਭਿਆਚਾਰਕ ਬਦਲਾਅ ਦੇ ਨਾਲ-ਨਾਲ ਮੱਧਕਾਲ ਦੇ ਸਮੇਂ ਦੀ ਸ਼ੁਰੂਆਤ ਵਿਚ ਸਭ ਤੋਂ ਵੱਧ ਬਦਲਾਅ ਸਾਹਿਤ ਦੇ ਖੇਤਰ ਵਿਚ ਵੇਖਣ ਨੂੰ ਮਿਲਦਾ ਹੈ। ਸਾਹਿਤ ਦੇ ਖੇਤਰ ਵਿਚ ਦੋ ਵੱਡੇ ਬਦਲਾਅ ਵੇਖਣ ਨੂੰ ਮਿਲੇ ਸਨ। ਪਹਿਲਾ ਬਦਲਾਅ ਸੀ ਕਿ ਫ਼ਾਰਸੀ ਭਾਸ਼ਾ ਨੂੰ ਉੱਤਰੀ ਭਾਰਤ ਦੀ ਲਿਖਤੀ ਭਾਸ਼ਾ ਬਣਾਇਆ ਗਿਆ ਤੇ ਫ਼ਾਰਸੀ ਭਾਸ਼ਾ ਹੀ ਉਸ ਸਮੇਂ ਦੇ ਰਾਜਿਆਂ ਤੇ ਸੁਲਤਾਨਾਂ ਦੀ ਦਰਬਾਰੀ ਭਾਸ਼ਾ ਬਣੀ। ਦੂਜਾ ਬਦਲਾਅ ਸੀ ਕਿ ਇਸ ਸਮੇਂ ਹਿੰਦੀ ਭਾਸ਼ਾ ਦੀ ਬਹੁਤ ਪ੍ਰਗਤੀ ਹੋਈ ਸੀ। ਫ਼ਾਰਸੀ ਭਾਸ਼ਾ ਫ਼ਾਰਸ ਦੇਸ਼ਾਂ ਦੀ ਭਾਸ਼ਾ ਸੀ ਅਤੇ ਬਾਹਰੋਂ ਆਏ ਹਮਲਾਵਾਰਾਂ ਨੇ ਭਾਰਤ ਦੇ ਉੱਤਰੀ ਹਿੱਸੇ ਵਿਚ ਇਸ ਨੂੰ ਪ੍ਰਚੱਲਿਤ ਕਰ ਦਿੱਤਾ ਸੀ। ਹਿੰਦੀ ਭਾਸ਼ਾ ਦਾ ਉਥਾਨ ਅਪਭ੍ਰੰਸ਼ਾਂ ਤੋਂ ਹੋਇਆ ਸੀ ਅਤੇ ਅਪਭ੍ਰੰਸ਼ਾਂ (ਮਿਸ਼ਰਤ ਭਾਸ਼ਾ) ਦਾ ਵਿਕਾਸ ਪ੍ਰਾਕਿਰਤਕ ਭਾਸ਼ਾ ਤੋਂ ਹੋਇਆ ਸੀ। ਮੱਧ ਕਾਲ ਦੀ ਸ਼ੁਰੂਆਤ ਵਿਚ ਇਹ ਦੋਵੇਂ ਵੱਡੇ ਬਦਲਾਅ ਸਨ, ਜੋ ਸਾਹਿਤ ਦੇ ਖੇਤਰ ਵਿਚ ਹੋਏ ਸਨ। ਭਾਵੇਂ ਗਜ਼ਨਵੀ ਸਾਮਰਾਜ ਖੁਦ ਤੁਰਕੀ ਸਾਮਰਾਜ ਸੀ, ਪਰ ਮਹਿਮੂਦ ਗਜ਼ਨਵੀ ਦੇ ਹਮਲਿਆਂ ਤੋਂ ਬਾਅਦ ਲਾਹੌਰ ਵਿਚ ਸਾਹਿਤ ਦਾ ਪ੍ਰਮੁੱਖ ਕੇਂਦਰ ਬਣ ਚੁੱਕਿਆ ਸੀ। ਬੜੀ ਦੂਰ-ਦੁਰਾਡੇ ਤੋਂ ਚੱਲ ਕੇ ਬਹੁਤ ਮਹਾਨ ਵਿਦਵਾਨ, ਕਵੀ ਤੇ ਇਤਿਹਾਸਕਾਰ ਲਾਹੌਰ ਵਿਚ ਰਹਿਣ ਬਸੇਰਾ ਕਰਦੇ ਸਨ, ਤੇ ਇੱਥੇ ਰਹਿ ਕੇ ਹੀ ਉਨ੍ਹਾਂ ਨੇ ਬਹੁਤ ਸਾਰਾ ਭਾਰਤੀ ਇਤਿਹਾਸ ਫਾਰਸ ਭਾਸ਼ਾ ਵਿਚ ਲਿਖਿਆ। ਗਜ਼ਨਵੀ ਦੇ ਸਮੇਂ ਤੋਂ ਦਿੱਲੀ ਸਲਤਨਤ, ਮੁਗਲ ਸਮਰਾਜ ਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਵਿਚ ਦਰਬਾਰੀ ਭਾਸ਼ਾ ਫ਼ਾਰਸੀ ਭਾਸ਼ਾ ਹੀ ਰਹੀ ਸੀ। ਮੱਧਕਾਲ ਦੇ ਸਮੇਂ ਤੋਂ ਲੈ ਕੇ ਆਧੁਨਿਕ ਕਾਲ ਦੀ ਸ਼ੁਰੂਆਤ ਤੱਕ ਬਹੁਤ ਸਾਰੇ ਅਜਿਹੇ ਗ੍ਰੰਥ ਸਾਨੂੰ ਭਾਰਤੀ ਇਤਿਹਾਸ ਵਿਚ ਮਿਲਦੇ ਹਨ, ਜਿਨ੍ਹਾਂ ਦੀ ਰਚਨਾ ਫ਼ਾਰਸੀ ਭਾਸ਼ਾ ਵਿਚ ਕੀਤੀ ਗਈ ਹੈ। ਜਦੋਂ ਅਸੀਂ ਇਨ੍ਹਾਂ ਗ੍ਰੰਥਾਂ ਬਾਰੇ ਪੜ੍ਹਦੇ ਹਾਂ ਤਾਂ ਅਸੀਂ ਭਲੀ ਭਾਂਤ ਜਾਣੂ ਹੋ ਜਾਂਦੇ ਹਾਂ ਕਿ ਫ਼ਾਰਸੀ ਭਾਸ਼ਾ ਦਾ ਭਾਰਤ ਦੇ ਸਾਹਿਤ ਨਾਲ ਕਿੰਨਾ ਗੂੜ੍ਹਾ ਸਬੰਧ ਰਿਹਾ ਹੈ। ਫ਼ਾਰਸੀ ਭਾਸ਼ਾ ਮੱਧ ਕਾਲ ਦੇ ਸਮੇਂ ਨਵੀਂ ਪ੍ਰਚਲਿਤ ਹੋਣ ਵਾਲੀ ਭਾਸ਼ਾ ਨਹੀਂ ਸਗੋਂ ਸੰਸਕ੍ਰਿਤ ਭਾਸ਼ਾ ਜਿੰਨੀ ਪੁਰਾਣੀ ਭਾਸ਼ਾ ਮੰਨੀ ਗਈ ਹੈ। ਪਰ ਫ਼ਾਰਸੀ ਭਾਸ਼ਾ ਦਾ ਉਥਾਨ ਭਾਰਤ ਵਿਚ 11ਵੀਂ ਸਦੀ ਤੋਂ ਸ਼ੁਰੂ ਹੋਇਆ ਸੀ ਜਦੋਂ ਇਹ ਭਾਸ਼ਾ ਭਾਰਤ ਦੇ ਉੱਤਰੀ ਹਿੱਸੇ ਦੀ ਦਰਬਾਰੀ ਭਾਸ਼ਾ ਬਣੀ ਸੀ। ਬਾਰ੍ਹਵੀਂ ਸਦੀ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਵਿਚ ਸਭ ਤੋਂ ਪਹਿਲਾਂ 'ਅਮੀਰ ਖੁਸਰੋ' (ਅਬੁਲ ਹਸਨ ਯਾਮੀਨੁੱਦੀਨ ਖੁਸਰੋ) ਨੇ ਫ਼ਾਰਸੀ ਭਾਸ਼ਾ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਅਮੀਰ ਖੁਸਰੋ ਦੀ ਫ਼ਾਰਸੀ ਭਾਸ਼ਾ ਵਿਚ ਲਿਖੀ ਇਕ ਪਿਆਰ ਭਰੀ ਕਵਿਤਾ ਜਿਸ ਦਾ ਨਾਮ 'ਦੁਵਲ ਰਾਣੀ-ਖਿਜਰ ਖਾਂ' ਹੈ ਪੂਰੇ ਜਗਤ ਵਿਚ ਮਸ਼ਹੂਰ ਹੈ। ਜਿਸ ਨੂੰ ਅਮੀਰ ਖੁਸਰੋ ਨੇ 1316 ਈਸਵੀ ਵਿਚ ਖਿਲਜੀ ਸਾਮਰਾਜ ਦੇ ਸਮੇਂ ਵਿਚ ਲਿਖਿਆ ਸੀ । ਇਸ ਤੋਂ ਵੀ ਪਹਿਲਾਂ ਮਹਿਮੂਦ ਗਜ਼ਨਵੀ ਦੇ ਸਮੇਂ ਐਲਬਰੂਨੀ ਨੇ ਤਾਰੀਖ-ਏ-ਹਿੰਦ ਦੀ ਰਚਨਾ ਭਾਰਤ ਵਿਚ ਰਹਿੰਦਿਆਂ ਫ਼ਾਰਸੀ ਭਾਸ਼ਾ ਵਿਚ ਕੀਤੀ ਸੀ। ਇਸ ਤਾਰੀਖ-ਏ-ਹਿੰਦ ਵਿਚ ਐਲਬਰੂਨੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਦੌਰਾ ਕਰਨ ਤੋਂ ਬਾਅਦ ਭਾਰਤ ਦੇ ਰਾਜਨੀਤਕ, ਧਾਰਮਿਕ, ਆਰਥਿਕ, ਸਮਾਜਿਕ ਅਤੇ ਭੂਗੋਲਿਕ ਹਾਲਾਤ ਦਾ ਵਰਣਨ ਕੀਤਾ ਹੈ । ਫ਼ਾਰਸੀ ਭਾਸ਼ਾ ਦਾ ਇਹ ਵੱਡਾ ਗ੍ਰੰਥ ਭਾਰਤੀ ਇਤਿਹਾਸ ਤੇ ਚਾਨਣਾ ਪਾਉਂਦਾ ਹੈ। ਇਸੇ ਸਮੇਂ ਦੇ ਬਹੁਤ ਹੀ ਮਹਾਨ ਫ਼ਾਰਸੀ ਕਵੀ ਹਕੀਮ ਅਬੁਲ ਕਾਸਿਮ ਫਿਰਦੋਸੀ, ਜਿਸ ਨੇ ਮਹਿਮੂਦ ਗਜ਼ਨਵੀ ਦੇ ਦਰਬਾਰ 'ਚ ਰਹਿੰਦਿਆਂ ਇਕ ਵੱਡਾ ਫ਼ਾਰਸੀ ਦਾ ਮਹਾਨ ਗ੍ਰੰਥ ਲਿਖਿਆ, ਜਿਸ ਦਾ ਨਾਮ ਸੀ 'ਸ਼ਾਹਨਾਮਾ', ਜੋ ਭਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ। ਸ਼ਾਹਨਾਮਾਂ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਸ਼ਬਦ ਹੈ ਸ਼ਾਹ+ਨਾਮਾ। ਸ਼ਾਹ ਦਾ ਅਰਥ ਹੈ 'ਰਾਜੇ' ਤੇ ਨਾਮਾਂ ਦਾ ਅਰਥ ਹੈ 'ਉਨ੍ਹਾਂ ਦਾ ਜੀਵਨ'। ਸ਼ਾਹਨਾਮਾ ਵਿਚ ਫਿਰਦੋਸੀ ਨੇ ਇਸ ਵਿਚ ਉਸ ਸਮੇਂ ਦੇ ਉੱਤਰੀ ਭਾਰਤ ਦੇ ਰਾਜਿਆਂ ਬਾਰੇ ਲਿਖਿਆ ਹੈ। ਗਜ਼ਨਵੀ ਦੇ ਸਾਮਰਾਜ ਤੋਂ ਬਾਹਰ ਜਾ ਕੇ ਬਗਦਾਦ ਵਿਚ ਰਹਿੰਦਿਆਂ ਫਿਰਦੋਸੀ ਨੇ ਇਕ ਹੋਰ ਮਹਾਂ-ਕਾਵਿ ਲਿਖਿਆ, ਜਿਸਦਾ ਨਾਮ 'ਯੂਸਫ਼-ਵ-ਜਲੇਖਾ' ਹੈ। ਹਕੀਮ ਅਬੁਲ ਕਾਸਿਮ ਫਿਰਦੋਸੀ 940 ਈਸਵੀ ਤੋਂ 1020 ਈਸਵੀ ਤੱਕ ਮਹਾਨ ਫ਼ਾਰਸੀ ਕਵੀ ਰਿਹਾ ਸੀ। ਦਿੱਲੀ ਸਲਤਨਤ ਦੇ ਮਹਾਨ ਇਤਿਹਾਸਕਾਰ ਜ਼ਿਆਉੱਦੀਨ ਬਰਨੀ ਨੇ ਫ਼ਾਰਸੀ ਭਾਸ਼ਾ ਵਿਚ ਦੋ ਵੱਡੇ ਗ੍ਰੰਥਾਂ ਦੀ ਰਚਨਾ ਕੀਤੀ ਤਾਰੀਖ-ਏ-ਫਿਰੋਜ਼ਸ਼ਾਹੀ ਤੇ ਫਤਵਾ-ਏ-ਜਹਾਂਦਰੀ। ਬਰਨੀ ਦੁਆਰਾ ਲਿਖਤ ਇਹ ਦੋਵੇਂ ਗ੍ਰੰਥ ਆਪਣੇ ਆਪ ਵਿਚ ਬੜੀ ਮਹੱਤਤਾ ਰੱਖਦੇ ਹਨ। ਤਾਰੀਖ-ਏ-ਫਿਰੋਜ਼ਸ਼ਾਹੀ ਵਿਚ ਬਰਨੀ ਨੇ ਦਿੱਲੀ ਸਲਤਨਤ ਦਾ ਸੁਲਤਾਨ ਬਲਬਨ ਤੋਂ ਲੈ ਕੇ ਫਿਰੋਜ਼ ਤੁਗਲਕ ਤੱਕ ਦੇ ਸਮੇਂ ਦਾ ਵਰਣਨ ਕੀਤਾ ਹੈ। ਫ਼ਾਰਸੀ ਭਾਸ਼ਾ ਦਾ ਇਹ ਗ੍ਰੰਥ ਮੱਧਕਾਲੀਨ ਭਾਰਤ ਦੇ ਰਾਜਨੀਤਕ, ਪ੍ਰਸ਼ਾਸਨਿਕ ਅਤੇ ਸਮਾਜਿਕ ਇਤਿਹਾਸ ਦਾ ਮੁੱਖ ਸਰੋਤ ਹੈ।
ਫਤਵਾ-ਏ-ਜਹਾਂਦਰੀ ਵਿਚ ਬਰਨੀ ਨੇ ਦਿੱਲੀ ਸਲਤਨਤ ਦੇ ਸ਼ਾਸਕਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਨ੍ਹਾਂ ਦੇ ਰਾਜ ਪ੍ਰਬੰਧ ਬਾਰੇ ਦੱਸਿਆ ਹੈ। ਦਿੱਲੀ ਸਲਤਨਤ ਦੇ ਫ਼ਾਰਸੀ ਭਾਸ਼ਾ ਵਿਚ ਲਿਖਣ ਵਾਲੇ ਇਕ ਹੋਰ ਮਹਾਨ ਇਤਿਹਾਸਕਾਰ ਜਿਨ੍ਹਾਂ ਦਾ ਨਾਮ ਸੀ ਮਿਨਹਾਜ਼-ਉਸ-ਸਿਰਾਜ ਜੁਜ਼ਜਾਨੀ। ਸਿਰਾਜ ਨੇ ਤਬਕਾਤ-ਏ-ਨਾਸਿਰੀ ਨਾਮਕ ਗ੍ਰੰਥ ਦੀ ਰਚਨਾ ਫ਼ਾਰਸੀ ਭਾਸ਼ਾ ਵਿਚ ਲਗਭਗ 1260 ਈਸਵੀ ਵਿਚ ਕੀਤੀ। ਇਹ ਗ੍ਰੰਥ ਵੀ ਭਾਰਤੀ ਇਤਿਹਾਸ 'ਤੇ ਚਾਨਣਾ ਪਾਉਂਦਾ ਹੈ। ਦਿੱਲੀ ਸਲਤਨਤ ਦੇ ਸਮੇਂ ਤੋਂ ਫ਼ਾਰਸੀ ਭਾਸ਼ਾ ਦੇ ਸਾਹਿਤ ਨੇ ਭਾਰਤੀ ਇਤਿਹਾਸ ਵਿਚ ਆਪਣੀ ਇਕ ਵਿਲੱਖਣ ਪਹਿਚਾਣ ਬਣਾ ਲਈ ਸੀ। ਜਦੋਂ ਤੈਮੂਰ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਦੇ ਇਤਿਹਾਸਕਾਰਾਂ ਨੂੰ ਇੰਝ ਜਾਪਿਆ ਕਿ ਹੁਣ ਫ਼ਾਰਸੀ ਭਾਸ਼ਾ ਦਾ ਪਤਨ ਭਾਰਤ ਵਿਚੋਂ ਹੋ ਜਾਵੇਗਾ। ਪਰ 1398 ਈਸਵੀ ਤੋਂ ਬਾਅਦ ਜਦੋਂ ਤੈਮੂਰ ਨੇ ਹਮਲਾ ਕੀਤਾ ਸੀ ਮਾਲਵਾ, ਜੋਨਪੁਰ, ਗੁਜਰਾਤ ਤੇ ਦੱਖਣ ਦੇ ਇਲਾਕਿਆਂ ਵਿਚ ਫ਼ਾਰਸੀ ਭਾਸ਼ਾ ਨੇ ਆਪਣਾ ਪ੍ਰਸਾਰ ਕਰ ਲਿਆ ਸੀ। ਮੁਗਲ ਬਾਦਸ਼ਾਹ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਨੇ 1526 ਈਸਵੀ ਵਿਚ ਪਾਣੀਪਤ ਦੀ ਪਹਿਲੀ ਲੜਾਈ ਵਿਚ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਵਿਚ ਮੁਗਲ ਵੰਸ਼ ਦੀ ਨੀਹ ਰੱਖੀ ਤੇ ਆਪਣੇ ਜੀਵਨ ਬਾਰੇ ਆਤਮ ਕਥਾ ਬਾਬਰਨਾਮਾ ਜਾ ਤੁਜ਼ਕ-ਏ-ਬਾਬਰੀ ਲਿਖੀ। ਪਹਿਲਾਂ ਤੁਜ਼ਕ-ਏ-ਬਾਬਰੀ ਬਾਬਰ ਨੇ ਚਗਤਾਈ ਤੁਰਕੀ ਭਾਸ਼ਾ ਵਿਚ ਲਿਖੀ ਸੀ। ਪਰ ਬਾਅਦ ਵਿਚ ਇਸ ਦਾ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਕੀਤਾ ਗਿਆ।
ਤੁਜ਼ਕ-ਏ-ਬਾਬਰੀ ਜਾਂ ਬਾਬਰਨਾਮਾ ਨੂੰ ਭਾਰਤੀ ਇਤਿਹਾਸ ਦਾ ਸੱਚਾ ਗ੍ਰੰਥ ਮੰਨਿਆ ਗਿਆ ਹੈ। ਇਸ ਵਿਚ ਬਾਬਰ ਨੇ ਆਪਣੇ ਜੀਵਨ ਦੀ ਹਰ ਇਕ ਘਟਨਾ ਸੱਚੀ ਬਿਆਨ ਕੀਤੀ ਹੈ ਤੇ ਉਸ ਦੀ ਲਿਖੀ ਸਚਾਈ ਕਾਰਨ ਹੀ ਉਸ ਸਮੇਂ ਦੇ ਭਾਰਤ ਦੇ ਇਤਿਹਾਸ ਦੀ ਜਾਣਕਾਰੀ ਸਾਨੂੰ ਇਸ ਗ੍ਰੰਥ ਤੋਂ ਪ੍ਰਾਪਤ ਹੁੰਦੀ ਹੈ। ਬਾਬਰ ਤੋਂ ਬਾਅਦ ਉਸਦੇ ਪੁੱਤਰ ਨਸੀਰ-ਉਦ-ਦੀਨ ਮੁਹੰਮਦ ਹੁਮਾਯੂੰ ਬਾਰੇ ਉਸ ਦੀ ਭੈਣ ਨੇ ਇਕ ਗ੍ਰੰਥ ਲਿਖਿਆ। ਜਿਹੜਾ ਕਿ ਫ਼ਾਰਸੀ ਭਾਸ਼ਾ ਵਿਚ ਲਿਖਿਆ ਗਿਆ ਹੈ। ਗੁਲਬਦਨ ਬੇਗਮ ਜੋ ਕਿ ਹੁਮਾਯੂੰ ਦੀ ਭੈਣ ਸੀ, ਉਸਨੂੰ ਬਾਦਸ਼ਾਹ ਅਕਬਰ ਨੇ ਕਿਹਾ ਸੀ ਕਿ ਉਹ ਅਕਬਰ ਬਾਦਸ਼ਾਹ ਦੇ ਪਿਤਾ ਬਾਰੇ ਕੋਈ ਗ੍ਰੰਥ ਲਿਖੇ ਤਾਂ ਗੁਲਬਦਨ ਬੇਗਮ ਨੇ ਹੁਮਾਯੂੰ-ਨਾਮਾ ਗ੍ਰੰਥ ਦੀ ਰਚਨਾ ਕੀਤੀ। ਜਿਸ ਗ੍ਰੰਥ ਤੋਂ ਸਾਨੂੰ ਉਸ ਸਮੇਂ ਦੇ ਭਾਰਤੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਤੋਂ ਬਾਅਦ ਬਾਦਸ਼ਾਹ ਅਬੂਲ-ਫਤਿਹ ਜਲਾਲ-ਉਦ-ਦੀਨ ਮੁਹੰਮਦ ਅਕਬਰ ਦੇ ਦਰਬਾਰੀ ਸਾਥੀ, ਉਸਦੇ ਨੌ ਰਤਨਾਂ ਵਿਚੋਂ ਇਕ ਅਬੁਲ ਫਜ਼ਲ ਨੇ ਆਈਨ-ਏ-ਅਕਬਰੀ ਜਾਂ ਅਕਬਰਨਾਮਾ ਦੀ ਰਚਨਾ ਫ਼ਾਰਸੀ ਭਾਸ਼ਾ ਵਿਚ ਕੀਤੀ। ਇਹ ਗ੍ਰੰਥ ਵੀ ਬਾਦਸ਼ਾਹ ਅਕਬਰ ਦੇ ਸਮੇਂ ਦੀ ਹੀ ਹਰ ਇਕ ਪੱਖ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਬਾਦਸ਼ਾਹ ਅਕਬਰ ਨੇ ਆਪਣੇ ਸਮੇਂ ਦੌਰਾਨ ਇਕ ਵੱਡਾ ਮਹੱਤਵਪੂਰਨ ਕੰਮ ਕੀਤਾ। ਉਹ ਕੰਮ ਇਹ ਸੀ ਕਿ ਉਸਨੇ ਹਿੰਦਾਵੀ ਤੇ ਸੰਸਕ੍ਰਿਤੀ ਭਾਸ਼ਾ ਵਿਚ ਲਿਖੇ ਗ੍ਰੰਥਾਂ ਦਾ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਕਰਵਾਇਆ। ਬਾਦਸ਼ਾਹ ਅਕਬਰ ਦੇ ਕਹਿਣ 'ਤੇ ਹੀ ਅਬਦੁਲ ਕਾਦਿਰ ਬਦਾਯੂੰਨੀ ਨੇ ਮਹਾਭਾਰਤ ਅਤੇ ਰਮਾਇਣ ਮਹਾਂ-ਕਾਵਿ ਦਾ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਕੀਤਾ ਸੀ। ਮਹਾਭਾਰਤ ਵਿਚੋਂ ਹੀ ਸਾਨੂੰ ਭਾਰਤ ਦੇ ਇਤਿਹਾਸਕ ਮਹਾਜਨਪਦਾਂ ਬਾਰੇ ਜਾਣਕਾਰੀ ਵੀ ਮਿਲਦੀ ਹੈ। ਮਹਾਭਾਰਤ ਦਾ ਜੋ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਕੀਤਾ ਗਿਆ ਉਸ ਨੂੰ ਫ਼ਾਰਸੀ ਨਾਮ ਰਜਮਨਾਮਾ ਦਿੱਤਾ ਗਿਆ ਹੈ।
(ਬਾਕੀ ਕੱਲ੍ਹ)

-ਸਹਾਇਕ ਪ੍ਰੋਫੈਸਰ, ਪੀ.ਜੀ. ਵਿਭਾਗ ਹਿਸਟਰੀ
ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ
ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)
ਮੋਬਾਈਲ : 94645-21622
ਈ-ਮੇਲ : singhgaddiwal13@gmail.com

Ad Position 22
No active advertisement
ਪਿਛਲੀ ਖ਼ਬਰ ਆਓ, ਖ਼ੁਸ਼ ਰਹਿਣ ਦਾ ਹੁਨਰ ਸਿੱਖੀਏ ਅਗਲੀ ਖ਼ਬਰ ਆਤਮ-ਚਿੰਤਨ ਦੀ ਲੋੜ
Ad Position 24
No active advertisement