2 ਕੁ ਮਹੀਨੇ ਪਹਿਲਾਂ ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਹਮਲੇ ਕਰਕੇ ਦੁਨੀਆ ਭਰ ਵਿਚ ਅਜੇ ਵੀ ਬੇਹੱਦ ਉਲਝਣ ਭਰੀ ਸਥਿਤੀ ਬਣੀ ਹੋਈ ਨਜ਼ਰ ਆ ਰਹੀ ਹੈ। ਰੂਸ, ਚੀਨ, ਖਾੜੀ ਦੇਸ਼ਾਂ ਦੇ ਨਾਲ-ਨਾਲ ਪਾਕਿਸਤਾਨ ਅਤੇ ਤੁਰਕੀ ਵਲੋਂ ਕੀਤੇ ਯਤਨਾਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਪਿਛਲੇ ਸਮੇਂ ਵਿਚ ਇਸਲਾਮਾਬਾਦ ਵਿਚ ਹੋਈ ਮੀਟਿੰਗ ਵਿਚ ਕੋਈ ਸਿੱਟਾ ਨਹੀਂ ਸੀ ਨਿਕਲ ਸਕਿਆ। ਉਸ ਤੋਂ ਬਾਅਦ ਦੁਬਾਰਾ ਹੋਏ ਵੱਡੇ ਯਤਨਾਂ ਪਿੱਛੋਂ ਵੀ ਦੋਹਾਂ ਦੇਸ਼ਾਂ ਦੀ ਦੂਸਰੀ ਮੀਟਿੰਗ ਸਿਰੇ ਨਹੀਂ ਸੀ ਚੜ੍ਹ ਸਕੀ। ਇਸ ਲੜਾਈ ਵਿਚ ਈਰਾਨ ਦਾ ਹਰ ਪੱਖੋਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਪਰ ਉਸ ਵਲੋਂ ਜੰਗ ਦੌਰਾਨ 6 ਗੁਆਂਢੀ ਖਾੜੀ ਦੇਸ਼ਾਂ ਵਿਚ ਅਮਰੀਕਾ ਦੇ ਸਥਾਪਤ ਫ਼ੌਜੀ ਟਿਕਾਣਿਆਂ 'ਤੇ ਵੀ ਹਮਲੇ ਕੀਤੇ ਗਏ ਸਨ, ਜਿਸ ਕਾਰਨ ਇਹ ਦੇਸ਼ ਖ਼ੌਫ਼ਜ਼ਦਾ ਹੋ ਗਏ ਹਨ। ਖਾੜੀ ਦੇਸ਼ਾਂ ਵਲੋਂ ਵੱਡੀ ਮਾਤਰਾ ਵਿਚ ਤੇਲ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਹੋਰਮੁਜ਼ ਜਲ ਮਾਰਗ ਦੀ ਈਰਾਨ ਵਲੋਂ ਪੂਰੀ ਨਾਕਾਬੰਦੀ ਕੀਤੇ ਜਾਣ ਕਾਰਨ ਇਸ ਰਸਤੇ ਤੋਂ ਜਹਾਜ਼ਾਂ ਦਾ ਆਉਣਾ ਲਗਭਗ ਬੰਦ ਹੋ ਚੁੱਕਾ ਹੈ, ਨਾਕਾਬੰਦੀ ਹਾਲੇ ਤੱਕ ਜਾਰੀ ਹੈ।
ਦੂਸਰੇ ਪਾਸੇ ਅਮਰੀਕਾ ਨੇ ਈਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕੀਤੀ ਹੋਈ ਹੈ, ਜਿਸ ਨਾਲ ਉਹ ਤੇਲ ਬਰਾਮਦ ਕਰਨ ਤੋਂ ਅਸਮਰੱਥ ਹੋ ਗਿਆ ਹੈ। ਜੋ ਇਸ ਸਮੇਂ ਉਸ ਲਈ ਵੱਡੇ ਖਸਾਰੇ ਵਾਲੀ ਗੱਲ ਸਾਬਿਤ ਹੋ ਰਹੀ ਹੈ। ਸਮਝੌਤੇ ਦੀਆਂ ਮੱਦਾਂ ਨੂੰ ਲੈ ਕੇ ਈਰਾਨ ਦੇ ਆਗੂਆਂ ਵਿਚ ਵੀ ਵੱਡੇ ਮਤਭੇਦ ਪੈਦਾ ਹੋਣ ਦੀਆਂ ਖ਼ਬਰਾਂ ਹਨ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਿਕਿਆਨ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ਼ ਵਿਦੇਸ਼ ਮੰਤਰੀ ਅਬਾਸ ਅਰਾਘਚੀ ਨੂੰ ਹਟਾਉਣ ਲਈ ਬਜ਼ਿਦ ਹੋ ਗਏ ਹਨ ਅਤੇ ਉਸ 'ਤੇ ਦੋਸ਼ ਲਗਾ ਰਹੇ ਹਨ ਕਿ ਉਹ ਇਸਲਾਮੀ ਰੈਵਿਊਲੇਸ਼ਨ ਗਾਰਡ ਦੇ ਦਬਾਅ ਹੇਠ ਆ ਗਿਆ ਹੈ ਅਤੇ ਇਸ ਦੇ ਕਮਾਂਡਰ ਅਹਿਮਦ ਵਾਹਿਦੀ ਦੇ ਸਹਾਇਕ ਦੇ ਰੂਪ ਵਿਚ ਕੰਮ ਕਰਨ ਲੱਗਾ ਹੈ। ਦੂਸਰੇ ਪਾਸੇ ਅਮਰੀਕਾ ਵੀ ਇਸ ਮਸਲੇ 'ਤੇ ਵੱਡੀ ਕੁੜਿੱਕੀ ਵਿਚ ਫਸਿਆ ਨਜ਼ਰ ਆਉਂਦਾ ਹੈ। ਇਕ ਅੰਦਾਜ਼ੇ ਅਨੁਸਾਰ ਇਸ ਲੜਾਈ ਵਿਚ ਹੁਣ ਤੱਕ ਉਸ ਦੇ 238 ਲੱਖ ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ। ਅਮਰੀਕਾ ਵਿਚ ਮਹਿੰਗਾਈ 12 ਫ਼ੀਸਦੀ ਵਧ ਗਈ ਹੈ। ਇਸ ਦੇ ਨਾਲ-ਨਾਲ ਉੱਥੇ ਤੇਲ ਦੀਆਂ ਕੀਮਤਾਂ ਵੀ ਵਧਦੀਆਂ ਜਾ ਰਹੀਆਂ ਹਨ। ਰਾਸ਼ਟਰਪਤੀ ਟਰੰਪ ਦਾ ਅਮਰੀਕਾ ਭਰ ਵਿਚ ਵੱਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸੈਨੇਟ ਵਿਚ ਉਸ ਦੀ ਆਪਣੀ ਰਿਪਬਲਿਕਨ ਪਾਰਟੀ ਦੇ 53 'ਚੋਂ 12 ਸੰਸਦ ਮੈਂਬਰ ਵੀ ਉਸ ਦੇ ਖ਼ਿਲਾਫ਼ ਹੋ ਗਏ ਹਨ। ਦੂਸਰੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਸਾਰੇ 47 ਸੰਸਦ ਮੈਂਬਰ ਪਹਿਲਾਂ ਹੀ ਯੁੱਧ ਦੇ ਖ਼ਿਲਾਫ਼ ਹਨ। ਇਸ ਸਥਿਤੀ ਨੂੰ ਵੇਖਦਿਆਂ ਹੀ ਟਰੰਪ ਨੇ ਈਰਾਨ ਯੁੱਧ ਦੀ ਕਾਂਗਰਸ ਤੋਂ ਮਨਜ਼ੂਰੀ ਲੈਣ ਲਈ ਪ੍ਰਸਤਾਵ ਪੇਸ਼ ਨਹੀਂ ਕੀਤਾ। ਇਸ ਸੰਬੰਧੀ ਅਮਰੀਕਾ ਦੇ 1973 ਵਿਚ ਬਣਾਏ ਗਏ ਕਾਨੂੰਨ ਤਹਿਤ ਰਾਸ਼ਟਰਪਤੀ ਨੂੰ ਕਿਤੇ ਵੀ 60 ਦਿਨਾਂ ਤੋਂ ਵੱਧ ਫ਼ੌਜੀ ਕਾਰਵਾਈ ਲਈ ਅਮਰੀਕੀ ਕਾਂਗਰਸ ਤੋਂ ਰਸਮੀ ਤੌਰ 'ਤੇ ਮਨਜ਼ੂਰੀ ਲੈਣੀ ਪੈਂਦੀ ਹੈ। ਇਸੇ ਲਈ ਹੁਣ ਟਰੰਪ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਈਰਾਨ ਪਹਿਲਾਂ ਹੀ ਜੰਗ ਹਾਰ ਚੁੱਕਾ ਹੈ। ਉਸ ਦੀ ਜਲ ਸੈਨਾ ਅਤੇ ਫ਼ੌਜ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਇਸ ਲਈ ਜੰਗ ਦੀ ਜ਼ਰੂਰਤ ਨਹੀਂ ਹੈ। ਦੂਸਰੇ ਪਾਸੇ ਇਹ ਵੀ ਖਬਰਾਂ ਹਨ ਕਿ ਖਾੜੀ ਵਿਚ ਤਾਇਨਾਤ ਅਮਰੀਕੀ ਬੇੜੇ ਦੇ ਕਮਾਂਡਰ ਬਰੈਡ ਕੂਪਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੂੰ ਈਰਾਨ ਦੇ ਖ਼ਿਲਾਫ਼ ਅਚਾਨਕ ਹਮਲੇ ਕਰਨ ਦੀ ਯੋਜਨਾ ਸੰਬੰਧੀ ਦੱਸ ਦਿੱਤਾ ਗਿਆ ਹੈ। ਇਹ ਵੀ ਖ਼ਬਰਾਂ ਹਨ ਕਿ ਅਮਰੀਕਾ ਈਰਾਨ ਦੇ ਇਸਫ਼ਹਾਨ ਪ੍ਰਮਾਣੂ ਪਲਾਂਟ 'ਤੇ ਹਮਲਾ ਕਰ ਸਕਦਾ ਹੈ।
ਈਰਾਨ ਨੇ ਪਾਕਿਸਤਾਨ ਰਾਹੀਂ ਭੇਜੀ ਨਵੀਂ ਤਜਵੀਜ਼ ਵਿਚ ਮੁੜ ਇਹ ਦੁਹਰਾਇਆ ਹੈ ਕਿ ਜੇਕਰ ਅਮਰੀਕਾ ਉਸ ਦੀਆਂ ਬੰਦਰਗਾਹਾਂ ਦੀ ਕੀਤੀ ਨਾਕੇਬੰਦੀ ਖ਼ਤਮ ਕਰ ਦਿੰਦਾ ਹੈ ਤਾਂ ਉਹ ਵੀ ਹੋਰਮੁਜ਼ ਜਲ ਮਾਰਗ ਤੋਂ ਆਪਣੀ ਤਾਇਨਾਤੀ ਹਟਾ ਲਵੇਗਾ। ਪਰ ਈਰਾਨ ਨੇ ਆਪਣੇ ਨਵੇਂ ਪ੍ਰਸਤਾਵ ਵਿਚ ਆਪਣੇ ਪ੍ਰਮਾਣੂ ਮੁੱਦੇ ਬਾਰੇ ਆਪਣੀ ਪਹੁੰਚ ਦਾ ਜ਼ਿਕਰ ਨਹੀਂ ਕੀਤਾ ਅਤੇ ਇਸ ਸੰਬੰਧੀ ਏਨਾ ਹੀ ਕਿਹਾ ਹੈ ਕਿ ਇਸ 'ਤੇ ਗੱਲਬਾਤ ਬਾਅਦ ਵਿਚ ਕੀਤੀ ਜਾਏਗੀ। ਇਸ ਦੇ ਪ੍ਰਤੀਕਰਮ ਵਜੋਂ ਟਰੰਪ ਨੇ ਇਹ ਕਿਹਾ ਹੈ ਕਿ ਉਸ ਨੂੰ ਈਰਾਨ ਦੀ ਨਵੀਂ ਤਜਵੀਜ਼ ਮਨਜ਼ੂਰ ਨਹੀਂ ਹੈ ਅਤੇ ਉਹ ਕਿਸੇ ਵੀ ਸੂਰਤ ਵਿਚ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਉਸ ਨੂੰ ਆਪਣਾ ਯੂਰੇਨੀਅਮ ਅਮਰੀਕਾ ਨੂੰ ਸੌਂਪਣਾ ਹੋਵੇਗਾ। ਪੈਦਾ ਹੋਏ ਇਸ ਨਵੇਂ ਹਾਲਾਤ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਜਾਪਦੀ ਹੈ। ਜੇਕਰ ਕੌਮਾਂਤਰੀ ਯਤਨਾਂ ਨਾਲ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਪੱਛਮੀ ਏਸ਼ੀਆ ਦੇ ਦੇਸ਼ਾਂ ਲਈ ਜਿੱਥੇ ਇਹ ਹਾਲਾਤ ਤਬਾਹਕੁੰਨ ਸਿੱਧ ਹੋ ਸਕਦੇ ਹਨ, ਉੱਥੇ ਦੁਨੀਆ ਭਰ ਦੇ ਹੋਰ ਮੁਲਕ ਵੀ ਵੱਡੀ ਆਰਥਿਕ ਜਕੜ ਵਿਚ ਫਸ ਸਕਦੇ ਹਨ। ਬਿਨਾਂ ਸ਼ੱਕ ਅੱਜ ਜਲਦੀ ਤੋਂ ਜਲਦੀ ਇਸ ਬੇਹੱਦ ਖ਼ਤਰਨਾਕ ਹੋ ਰਹੀ ਸਥਿਤੀ 'ਚੋਂ ਨਿਕਲਣ ਦੀ ਜ਼ਰੂਰਤ ਹੈ।
-ਬਰਜਿੰਦਰ ਸਿੰਘ ਹਮਦਰਦ