ਪਿਛਲੀ ਸ਼ਤਾਬਦੀ ਦੇ 50ਵਿਆਂ 'ਚ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪੜ੍ਹਦਿਆਂ ਮੈਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ 'ਵਗਦੇ ਪਾਣੀ' ਪੁਸਤਕ ਵਿਚਲੀਆਂ ਕੁੱਝ ਕਵਿਤਾਵਾਂ ਆਪਣੇ ਪਾਠਕ੍ਰਮ ਵਿਚ ਪੜ੍ਹੀਆਂ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਜਪਾਨੀਆਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। 1953 'ਚ ਰੋਜ਼ੀ-ਰੋਟੀ ਲਈ ਦਿੱਲੀ ਪਹੁੰਚਿਆ ਤਾਂ ਉੱਥੋਂ ਦੇ ਕਾਫ਼ੀ ਹਾਊਸ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਅਜਿਹੀ ਜਾਣ-ਪਛਾਣ ਹੋਈ ਕਿ ਮੈਂ ਅੱਜ ਤੱਕ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਚਲਿਆ ਆ ਰਿਹਾ ਹਾਂ।
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮਹਿੰਦਰ ਸਿੰਘ ਢਿੱਲੋਂ, ਸੁਦਰਸ਼ਨ ਤੇ ਇੰਦਰਾ ਬਲ ਵਲੋਂ ਰੱਜਵਾਂ ਪਿਆਰ ਮਿਲਿਆ ਤੇ ਏਨਾ ਜ਼ਿਆਦਾ ਕਿ ਮੈਂ 1973 'ਚ ਖ਼ੁਦ ਵੀ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦੇ ਕਾਲੇ ਪਾਣੀ ਆਪਣੀ ਅੱਖੀਂ ਵੇਖੇ।
ਪਿਛਲੇ ਮਹੀਨੇ ਚੋਟੀ ਦੀਆਂ ਪੰਜਾਬੀ ਸੰਸਥਾਵਾਂ ਭਾਈ ਵੀਰ ਸਿੰਘ ਸਦਨ, ਨਵੀਂ ਦਿੱਲੀ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਤੇ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਵਲੋਂ ਆਤਮਜੀਤ ਦੇ ਨਾਟਕ 'ਕਿਸ਼ਤੀਆਂ ਵਿੱਚ ਜਹਾਜ਼' ਦੇ ਪਾਠਕ੍ਰਮ ਨੇ ਮੈਨੂੰ ਆਪਣੇ ਵਿਦਿਆਰਥੀ ਜੀਵਨ ਦਾ ਮਾਹਿਲਪੁਰ ਹੀ ਨਹੀਂ, 1973 ਦੇ ਅੰਡੇਪਨੀ ਆਦਿਵਾਸੀ ਵੀ ਚੇਤੇ ਕਰਵਾ ਦਿੱਤੇ ਹਨ। ਮੈਂ ਅੰਡੇਮਾਨ ਦੀ ਇਹ ਨਸਲ ਸੱਭਿਅਤਾ ਦੇ ਮੇਲ 'ਚ ਆ ਕੇ ਖ਼ਤਮ ਹੋਣ ਬਾਰੇ ਜਾਣਿਆ। ਅਜਿਹੇ ਅਪਰਾਧੀ ਜਿਨ੍ਹਾਂ ਨੂੰ ਕਾਲੇ ਪਾਣੀ 'ਚ ਉਮਰ ਕੈਦ ਦੀ ਸਜ਼ਾ ਮਿਲੀ ਸੀ, ਏਥੇ ਭੇਜੇ ਗਏ ਸਨ। ਚੰਗੇ ਆਚਾਰ-ਵਿਹਾਰ ਵਾਲੇ ਅਪਰਾਧੀਆਂ ਨੂੰ ਜੰਗਲ ਦੀ ਕੁੱਝ ਜ਼ਮੀਨ ਵਾਹੀ ਖੇਤੀ ਲਈ ਦਿੱਤੀ ਜਾਂਦੀ ਸੀ। ਉਨ੍ਹਾਂ ਨੇ ਜੰਗਲ ਦੇ ਮਾਲਕਾਂ ਨੂੰ ਸਹਿਜੇ-ਸਹਿਜੇ ਖੁੱਡੇ ਲਾਉਣਾ ਸ਼ੁਰੂ ਕਰ ਦਿੱਤਾ। ਤਪਦਿਕ, ਹੈਜ਼ੇ ਤੇ ਮਲੇਰੀਏ ਦੇ ਜਰਾਸੀਮ ਵੀ ਇਹ ਸੱਭਿਅਕ ਅਪਰਾਧੀ ਉੱਥੇ ਲੈ ਗਏ ਸਨ। ਸੱਭਿਅਕ ਸੰਸਾਰ ਦੀ ਆਦਿਵਾਸੀਆਂ ਨੂੰ ਇਹ ਸਭ ਤੋਂ ਘਾਤਕ ਦੇਣ ਸੀ। ਡਾ. ਦੀਵਾਨ ਸਿੰਘ ਨੇ ਇਨ੍ਹਾਂ ਦੀ ਹੀ ਰੱਖਿਆ ਕੀਤੀ ਸੀ।
ਆਜ਼ਾਦੀ ਮਿਲਣ ਪਿੱਛੋਂ ਭਾਰਤ ਸਰਕਾਰ ਅੰਗਰੇਜ਼ੀ ਸਰਕਾਰ ਦੀ ਇਸ ਨੀਤੀ ਦੀ ਸੋਧ ਕਰਨਾ ਚਾਹੁੰਦੀ ਸੀ। ਸਰਕਾਰ ਚਾਹੁੰਦੀ ਸੀ ਕਿ ਇਹ ਨਸਲ ਕਿਸੇ ਤਰ੍ਹਾਂ ਖ਼ਤਮ ਹੋਣ ਤੋਂ ਬਚੀ ਰਹੇ। ਅੰਡੇਮਾਨ ਤੇ ਨਿਕੋਬਾਰ ਦੇ ਇਹ ਕਬੀਲੇ ਇਕ ਚੌਥਾਈ ਰਹਿ ਗਏ ਸਨ। ਇਨ੍ਹਾਂ 'ਚੋਂ ਜਾਰਵਾ ਨਾਂਅ ਦੇ ਆਦਿਵਾਸੀਆਂ ਦੇ ਰਹਿਣ ਲਈ ਸਰਕਾਰ ਨੇ ਪਗਡੰਡੀ ਦੇ ਦੋਵੇਂ ਪਾਸੇ ਪੱਕੇ ਕੁਆਰਟਰ ਬਣਾਏ ਹੋਏ ਸਨ। ਮੈਨੂੰ ਹੈਰਾਨੀ ਹੋਈ ਕਿ ਇਹ ਲੋਕ ਕੁਆਟਰਾਂ ਤੋਂ ਬਾਹਰ ਕੁੱਲੀਆਂ ਪਾਈ ਬੈਠੇ ਸਨ, ਜਿਨ੍ਹਾਂ 'ਚ ਚਾਹ ਦੇ ਦੇਗੇ, ਕੁਝ ਠੰਢੇ ਤੇ ਕੁਝ ਤੱਤੇ ਸਦਾ ਤਿਆਰ ਰਹਿੰਦੇ ਸਨ। ਕੁੱਲੀਆਂ ਦੇ ਬਾਹਰ-ਵਾਰ ਨਿੱਕੀਆਂ-ਨਿੱਕੀਆਂ ਮੱਛੀਆਂ ਇੰਝ ਸੁੱਕਣੀਆਂ ਪਾਈਆਂ ਹੋਈਆਂ ਸਨ, ਜਿਵੇਂ ਮੇਨਲੈਂਡ ਦੇ ਕਿਸਾਨ ਮਿਰਚਾਂ ਸੁਕਾਉਂਦੇ ਹਨ। 1973 ਤੱਕ ਇੱਥੇ ਵਸਾਏ ਗਏ ਚੌਵੀ ਬੰਦੇ ਕਿਤੇ ਦੀ ਇੱਟ ਕਿਤੇ ਦਾ ਰੋੜਾ ਸਨ। ਬੀਏ ਨਾਂਅ ਦੇ ਬੰਦੇ ਦਾ ਪਰਿਵਾਰ ਸਭ ਤੋਂ ਵੱਡਾ ਸੀ। ਦੋ ਧੀਆਂ, ਛੇ ਦੋਹਤੇ-ਦੋਹਤੀਆਂ ਤੇ ਪੁੱਤਰ ਹਾਲੇ ਕੁਆਰਾ ਸੀ। ਕਬੀਲੇ ਦਾ ਰਾਜਾ ਬੇਔਲਾਦ ਸੀ। ਉਸ ਦੀ ਰਾਣੀ ਮਰ ਚੁੱਕੀ ਸੀ। ਉਹ ਜਿਰਕੇ ਦੀ ਧੀ ਨੂੰ ਆਪਣੀ ਬਣਾ ਕੇ ਪਾਲ ਰਿਹਾ ਸੀ। ਸਰਕਾਰ ਚਾਹੁੰਦੀ ਸੀ ਕਿ ਉਹ ਜਿਰਕੇ ਦਾ ਵਿਆਹ ਬੀਏ ਦੀ ਦੋਹਤਰੀ ਸੁਰਮਈ ਨਾਲ ਕਰਵਾ ਦੇਵੇ। ਪਰ ਸੁਰਮਈ ਨਹੀਂ ਸੀ ਮੰਨ ਰਹੀ। ਜਿਰਕਾ ਉਸ ਦੇ ਬਾਪ ਦੇ ਹਾਣ ਦਾ ਸੀ।
ਮੈਂ ਰਾਤ ਨੂੰ ਲਾਲਟਿਨ ਦੀ ਰੌਸ਼ਨੀ ਵਿਚ ਆਦਿਵਾਸੀ ਜੀਵਨ ਬਾਰੇ ਪੁਸਤਕ ਪੜ੍ਹ ਰਿਹਾ ਸੀ ਤਾਂ ਮੈਂ ਵੇਖਿਆ ਕਿ ਤਿੰਨ ਚਾਰ ਕਿਰਲੀਆਂ ਟਿੱਡੀਆਂ ਦਾ ਸ਼ਿਕਾਰ ਕਰ ਰਹੀਆਂ ਸਨ। ਮੈਨੂੰ ਉਹ ਚਾਨਣ ਬੁਰਾ ਲੱਗਾ, ਕਿਉਂਕਿ ਉਹ ਵੱਡੇ ਜਾਨਵਰ ਲਈ ਛੋਟੇ ਜਾਨਵਰ ਖਾਣ 'ਚ ਸਹਾਈ ਹੋ ਰਿਹਾ ਸੀ। ਮੈਂ ਬੱਤੀ ਬੁਝਾ ਦਿੱਤੀ। ਲਾਲਟਿਨ ਦੇ ਬੁਝਾਉਣ ਦੀ ਦੇਰ ਸੀ ਕਿ ਇਕ ਟਟਹਿਣਾ ਛੱਤ ਵਲੋਂ ਡਿੱਕ-ਡੋਲੇ ਖਾਂਦਾ ਸਾਹਮਣੇ ਰੱਖੇ ਪਾਣੀ ਦੇ ਜੱਗ 'ਚ ਡਿਗ ਪਿਆ। ਪਾਣੀ 'ਤੇ ਤਰਦੇ ਟਟਹਿਣੇ ਦੀ ਰੌਸ਼ਨੀ ਮੈਨੂੰ ਭਰੇ ਤਲਾਅ 'ਚ ਉੱਗੇ ਕੰਵਲ ਦੇ ਫੁੱਲ ਵਾਂਗ ਜਾਪੀ। ਉਸ ਖ਼ਾਮੋਸ਼, ਸੁੰਨਸਾਨ ਤੇ ਉਦਾਸ ਚੁਗਿਰਦੇ ਵਿਚ ਜੁਗਨੂੰ ਦੀ ਰੋਸ਼ਨੀ ਨੇ ਮੈਨੂੰ ਸੁਆ ਦਿੱਤਾ। ਸਵੇਰੇ ਉੱਠਿਆ ਤਾਂ ਦੂਰ ਪਰੇ ਛੱਲਾਂ ਮਾਰਦੇ ਸਾਗਰ ਵਿਚ ਉਹ ਕਿਸ਼ਤੀ ਦਿਖਾਈ ਦਿੱਤੀ, ਜਿਸ ਨੇ ਮੈਨੂੰ ਵਾਪਸ ਪੋਰਟ ਬਲੇਅਰ ਲੈ ਕੇ ਜਾਣਾ ਸੀ।
ਅੰਤਿਕਾ
1973 ਵਿਚ ਪੋਰਟ ਬਲੇਅਰ ਪਹੁੰਚਣ 'ਤੇ ਸ਼ਿਵ ਕੁਮਾਰ ਬਟਾਲਵੀ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਮੈਨੂੰ ਹੋਰ ਵੀ ਉਦਾਸ ਕਰ ਦਿੱਤਾ ਸੀ। ਇਸ ਸਫ਼ਰ ਦਾ ਅੰਤ ਚੰਗਾ ਨਹੀਂ ਰਿਹਾ। ਮੈਨੂੰ ਕਾਲੇ ਪਾਣੀ ਬੈਠਿਆਂ ਸ਼ਿਵ ਦੇ ਇਹ ਬੋਲ ਚੇਤੇ ਆ ਗਏ:-
ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਮੈਂ ਖਿੜਕੀ ਵਿਚੋਂ ਬਾਹਰ ਤੱਕਿਆ ਤਾਂ ਆਸਮਾਨ ਵਿਚ ਤਾਰੇ ਚਮਕ ਰਹੇ ਸਨ।
ਈਮੇਲ : sandhugulzar@yahoo.com