ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੌਮਾਂਤਰੀ ਯਤਨਾਂ ਦਾ ਜਾਰੀ ਰਹਿਣਾ ਜ਼ਰੂਰੀ

Ad Position 21
No active advertisement
ਅਜੀਤ ਡੈਸਕ 17-05-2026

ਇਸ ਸਮੇਂ ਕੌਮਾਂਤਰੀ ਮੰਚ 'ਤੇ ਦੋ ਵੱਡੀਆਂ ਲੜਾਈਆਂ ਛਿੜੀਆਂ ਹੋਈਆਂ ਹਨ। ਅਮਰੀਕਾ ਤੇ ਇਜ਼ਰਾਈਲ ਦੀ ਈਰਾਨ ਨਾਲ ਲੜਾਈ ਅਤੇ ਰੂਸ ਦੀ ਯੂਕਰੇਨ ਨਾਲ ਲੜਾਈ। ਰੂਸ ਅਤੇ ਯੂਕਰੇਨ ਦੀ ਜੰਗ ਵਿਚ ਹੁਣ ਤੱਕ ਵੱਡੀ ਤਬਾਹੀ ਹੋਈ ਹੈ। ਯੂਕਰੇਨ ਦਾ ਚਾਹੇ ਇਸ ਜੰਗ ਵਿਚ ਵੱਡਾ ਨੁਕਸਾਨ ਹੋ ਚੁੱਕਾ ਹੈ ਅਤੇ ਰੂਸ ਨੇ ਉਸ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਵੀ ਕਰ ਲਿਆ ਹੈ, ਪਰ ਇਸ ਦੇ ਬਾਵਜੂਦ ਜ਼ੇਲੈਂਸਕੀ ਦੀ ਅਗਵਾਈ ਵਿਚ ਯੂਕਰੇਨ ਇਸ ਵੱਡੀ ਸ਼ਕਤੀ ਦੇ ਸਾਹਮਣੇ ਖੜ੍ਹਾ ਹੈ। ਹਥਿਆਰਾਂ ਨਾਲ ਇਸ ਦੀ ਮਦਦ ਅਮਰੀਕਾ ਅਤੇ ਯੂਰਪ ਦੇ ਬਹੁਤੇ ਮੁਲਕ ਲਗਾਤਾਰ ਕਰ ਰਹੇ ਹਨ। ਇਜ਼ਰਾਈਲ ਤੇ ਈਰਾਨ ਦੀ ਜੰਗ ਬਹੁਤ ਪੁਰਾਣੀ ਹੈ। ਇਜ਼ਰਾਈਲ 1948 ਵਿਚ ਅਰਬ ਦੀ ਧਰਤੀ 'ਤੇ ਹੋਂਦ ਵਿਚ ਆਇਆ ਸੀ। ਉਸ ਸਮੇਂ ਤੋਂ ਹੀ ਇਹ ਕਈ ਅਰਬ ਮੁਲਕਾਂ ਨਾਲ ਅਤੇ ਈਰਾਨ ਨਾਲ ਉਲਝਿਆ ਰਿਹਾ ਹੈ। ਈਰਾਨ ਨੇ ਹਮਾਸ ਤੋਂ ਇਲਾਵਾ ਲਿਬਨਾਨ ਵਿਚ ਹਿਜ਼ਬੁੱਲਾ ਅਤੇ ਯਮਨ ਵਿਚ ਹੂਤੀ ਲੜਾਕੂਆਂ ਨੂੰ ਵੀ ਇਜ਼ਰਾਈਲ ਨਾਲ ਲੜਾਈ ਕਰਨ 'ਚ ਪੂਰੀ ਮਦਦ ਦਿੱਤੀ ਹੈ ਅਤੇ ਲਗਾਤਾਰ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਜ਼ਰਾਈਲ ਦਾ ਅਰਬ ਧਰਤੀ ਤੋਂ ਖੁਰਾ-ਖੋਜ ਮਿਟਾ ਦੇਵੇਗਾ।
ਗਾਜ਼ਾ ਪੱਟੀ 'ਤੇ ਹਮਾਸ ਦਾ ਕਬਜ਼ਾ ਰਿਹਾ ਹੈ ਜਿਸ ਦੇ ਲੜਾਕੂਆਂ ਨੇ ਇਜ਼ਰਾਈਲ 'ਤੇ ਹਮਲਾ ਕਰ ਕੇ ਉਸ ਦੇ ਸੈਂਕੜੇ ਹੀ ਨਾਗਰਿਕਾਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਅਗਵਾ ਵੀ ਕਰ ਲਿਆ ਸੀ ਜਿਸ ਤੋਂ ਬਾਅਦ ਦੋਹਾਂ ਵਿਚ ਸਖ਼ਤ ਟੱਕਰ ਹੋ ਗਈ ਅਤੇ ਗਾਜ਼ਾ ਪੱਟੀ ਦੇ ਫਿਲਸਤੀਨੀ ਇਸ ਜੰਗ ਦੀ ਲਪੇਟ ਵਿਚ ਆ ਗਏ, ਜਿਨ੍ਹਾਂ ਨੂੰ ਹੁਣ ਤੱਕ ਵੱਡੀ ਤ੍ਰਾਸਦੀ ਝੱਲਣੀ ਪਈ ਹੈ ਅਤੇ 70,000 ਤੋਂ ਵਧੇਰੇ ਫਿਲਸਤੀਨੀ ਮਾਰੇ ਜਾ ਚੁੱਕੇ ਹਨ। ਇਸੇ ਸਾਲ 28 ਫਰਵਰੀ ਤੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਧਾਵਾ ਬੋਲਿਆ। ਉਸ ਦੇ ਵੱਡੇ ਆਗੂਆਂ ਨੂੰ ਮਾਰ ਦਿੱਤਾ ਅਤੇ ਉੱਥੋਂ ਦੇ ਮੂਲ ਢਾਂਚੇ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ। ਹੁਣ ਤੱਕ ਹਜ਼ਾਰਾਂ ਹੀ ਲੋਕ ਉੱਥੇ ਮਾਰੇ ਜਾ ਚੁੱਕੇ ਹਨ। ਈਰਾਨ ਨੇ ਵੀ ਹਰ ਪੱਖੋਂ ਵੱਡਾ ਨੁਕਸਾਨ ਝਲਦਿਆਂ ਲੜਾਈ ਜਾਰੀ ਰੱਖੀ ਹੋਈ ਹੈ ਅਤੇ ਉਸ ਵਲੋਂ ਆਪਣੇ ਨਾਲ ਲਗਦੇ ਹੋਰਮੁਜ਼ ਸਮੁੰਦਰੀ ਜਲ ਮਾਰਗ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕਬਜ਼ਾ ਕਰ ਲੈਣ ਕਾਰਨ ਵਪਾਰ ਦਾ ਇਹ ਕੌਮਾਂਤਰੀ ਰਾਹ ਬੰਦ ਹੋ ਗਿਆ ਹੈ, ਜਿਸ ਦਾ ਮਾਰੂ ਅਸਰ ਦੁਨੀਆ ਭਰ 'ਤੇ ਪਿਆ ਹੈ। ਇਸ ਲਾਂਘੇ 'ਚੋਂ 20 ਫ਼ੀਸਦੀ ਦੇ ਲਗਭਗ ਤੇਲ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਬਹੁਤੇ ਖਾੜੀ ਮੁਲਕ ਇਸ ਰਾਹੀਂ ਹੀ ਤੇਲ ਦੀ ਤਿਜ਼ਾਰਤ ਕਰਦੇ ਹਨ। ਇਸ ਦੇ ਬੰਦ ਹੋ ਜਾਣ ਨਾਲ ਦੁਨੀਆ ਵਿਚ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਗਈਆਂ ਹਨ, ਜਿਸ ਦੇ ਅਸਰ ਕਾਰਨ ਬਹੁਤੇ ਮੁਲਕਾਂ ਦੀ ਆਰਥਿਕਤਾ ਡੋਲ ਚੁੱਕੀ ਹੈ। ਚਾਹੇ ਪਾਕਿਸਤਾਨ, ਤੁਰਕੀ ਅਤੇ ਕੁਝ ਹੋਰ ਮੁਲਕਾਂ ਨੇ ਇਸ ਜੰਗ ਨੂੰ ਬੰਦ ਕਰਵਾਉਣ ਦੇ ਯਤਨ ਕੀਤੇ ਹਨ ਪਰ ਉਨ੍ਹਾਂ ਨੂੰ ਇਸ ਵਿਚ ਕਾਮਯਾਬੀ ਨਹੀਂ ਮਿਲੀ।
ਇਸੇ ਹੀ ਕੜੀ ਵਿਚ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੀਨ ਦੀ ਤਿੰਨ ਦਿਨਾਂ ਦੀ ਯਾਤਰਾ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਸ ਵਿਚ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਹੋਰਮੁਜ਼ ਲਾਂਘਾ ਖੁਲ੍ਹਵਾਉਣ ਲਈ ਜ਼ੋਰ ਪਾਇਆ ਹੈ। ਇਹ ਲਾਂਘਾ ਬੰਦ ਹੋਣ ਨਾਲ ਚੀਨ ਦਾ ਵੀ ਵੱਡਾ ਵਪਾਰਕ ਨੁਕਸਾਨ ਹੋ ਰਿਹਾ ਹੈ। ਅਮਰੀਕਾ ਸਮੇਤ ਯੂਰਪ ਅਤੇ ਦੁਨੀਆ ਦੇ ਵੱਡੇ-ਛੋਟੇ ਮੁਲਕ ਈਰਾਨ ਤੋਂ ਇਹ ਲਾਂਘਾ ਖੁਲ੍ਹਵਾਉਣਾ ਚਾਹੁੰਦੇ ਹਨ। ਚਾਹੇ ਹੁਣ ਭਾਰਤ ਵਿਚ ਹੋਈ 'ਬ੍ਰਿਕਸ' ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਹੋ ਰਹੇ ਕੌਮਾਂਤਰੀ ਵਰਤਾਰੇ ਨਾਲ ਸਿੱਧਾ ਸੰਬੰਧ ਨਹੀਂ ਹੈ, ਪਰ ਇਸ ਵਿਚ ਵੀ ਇਸ ਜੰਗ ਦੇ ਪ੍ਰਭਾਵ ਨੂੰ ਵੇਖਿਆ ਜਾ ਸਕਦਾ ਹੈ। ਇਸ ਮਸਲੇ 'ਤੇ ਇਨ੍ਹਾਂ ਦੇਸ਼ਾਂ ਦੀ ਆਪਸੀ ਸਹਿਮਤੀ ਨਾ ਹੋ ਸਕਣ ਕਾਰਨ ਇਸ ਸੰਮੇਲਨ ਦਾ ਕੋਈ ਸਾਂਝਾ ਐਲਾਨਨਾਮਾ ਜਾਰੀ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਖੇਪ ਅਰਬ ਅਮੀਰਾਤ ਦੀ ਫੇਰੀ ਵਿਚ ਵੀ ਇਸ ਜੰਗ ਨੂੰ ਰੋਕਣ ਅਤੇ ਹੋਰਮੁਜ਼ ਲਾਂਘਾ ਖੁਲ੍ਹਵਾਉਣ ਦੀ ਗੱਲ ਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਹੈ। 'ਬ੍ਰਿਕਸ' ਦੇ ਪਹਿਲੇ ਮੈਂਬਰ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸਨ। ਸਾਲ 2024 ਵਿਚ ਇਸ ਵਿਚ ਮਿਸਰ, ਇਥੋਪੀਆ, ਈਰਾਨ ਅਤੇ ਯੂਨਾਈਟਿਡ ਅਰਬ ਅਮੀਰਾਤ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਹਰ ਸਾਲ ਵੱਖ-ਵੱਖ ਦੇਸ਼ਾਂ ਵਿਚ ਹੋਣ ਵਾਲੀ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਦੀ ਮਿਲਣੀ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਰਿਹਾ ਹੈ। ਭਾਰਤ ਵਿਚ ਇਸ ਸੰਸਥਾ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਇਸੇ ਸਾਲ ਸਤੰਬਰ ਦੇ ਅੰਤ ਵਿਚ ਦਿੱਲੀ ਵਿਚ ਇਨ੍ਹਾਂ ਸਾਰੇ ਦੇਸ਼ਾਂ ਦੇ ਮੁਖੀਆਂ ਦਾ ਸਿਖ਼ਰ ਸੰਮੇਲਨ ਵੀ ਹੋਣ ਜਾ ਰਿਹਾ ਹੈ।
ਪਰ ਇਸ ਸਾਰੇ ਵਾਪਰੇ ਮਹੱਤਵਪੂਰਨ ਘਟਨਾਕ੍ਰਮ ਦਾ ਛਿੜੀਆਂ ਇਨ੍ਹਾਂ ਜੰਗਾਂ 'ਤੇ ਫਿਲਹਾਲ ਬਹੁਤਾ ਅਸਰ ਪੈਂਦਾ ਦਿਖਾਈ ਨਹੀਂ ਦਿੰਦਾ। ਚਾਹੇ ਟਰੰਪ ਦੀ ਚੀਨ ਫੇਰੀ ਵਿਚ ਹੋਰਮੁਜ਼ ਲਾਂਘਾ ਖੋਲ੍ਹਣ 'ਤੇ ਸਹਿਮਤੀ ਜ਼ਰੂਰ ਬਣੀ ਪਰ ਤਾਈਵਾਨ ਸਮੇਤ ਹੋਰ ਵੱਡੇ ਮਸਲਿਆਂ ਤੇ ਦੋਹਾਂ ਮੁਖੀਆਂ ਦੀ ਸਹਿਮਤੀ ਨਹੀਂ ਬਣ ਸਕੀ। ਇਸੇ ਹੀ ਤਰ੍ਹਾਂ 'ਬ੍ਰਿਕਸ' ਸੰਮੇਲਨ ਵੀ ਕੋਈ ਪ੍ਰਭਾਵਸ਼ਾਲੀ ਸਿੱਟਿਆਂ ਦਾ ਧਾਰਨੀ ਨਹੀਂ ਬਣ ਸਕਿਆ, ਜਿਸ ਕਾਰਨ ਇਨ੍ਹਾਂ ਲੜਾਈਆਂ ਦੇ ਬੰਦ ਹੋਣ ਦੀ ਹਾਲੇ ਸੰਭਾਵਨਾ ਨਹੀਂ ਬਣ ਸਕੀ। ਅਜੇ ਤਾਂ ਇਸ ਵਾਪਰ ਰਹੇ ਕੌਮਾਂਤਰੀ ਸੰਤਾਪ ਦੇ ਹੋਰ ਵੀ ਲੰਮਾ ਹੋਣ ਦੀ ਸੰਭਾਵਨਾ ਹੀ ਬਣਦੀ ਨਜ਼ਰ ਆ ਰਹੀ ਹੈ। ਪਰ ਕੌਮਾਂਤਰੀ ਮੰਚਾਂ 'ਤੇ ਅਜਿਹੇ ਯਤਨ ਜਾਰੀ ਰਹਿਣੇ ਜ਼ਰੂਰੀ ਹਨ ਤਾਂ ਜੋ ਨੇੜ ਭਵਿੱਖ ਵਿਚ ਕੁਝ ਚੰਗੇ ਅਤੇ ਸਾਕਾਰਾਤਮਿਕ ਨਤੀਜਿਆਂ ਵੱਲ ਵਧਿਆ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਆਪਣੇ ਵੋਟ ਅਧਿਕਾਰ ਸੰਬੰਧੀ ਸੁਚੇਤ ਹੋਣ ਅਗਲੀ ਖ਼ਬਰ ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ
Ad Position 24
No active advertisement