ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕਰਨਾਟਕ ਦੀ ਤਬਦੀਲੀ

Ad Position 21
No active advertisement
ਅਜੀਤ ਡੈਸਕ 31-05-2026

ਅਖ਼ੀਰ ਦੱਖਣੀ ਰਾਜ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਵਲੋਂ ਤਿੰਨ ਸਾਲ ਦੇ ਅਰਸੇ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਮਈ 2023 ਵਿਚ ਹੋਈਆਂ ਚੋਣਾਂ ਵਿਚ ਇੱਥੇ ਕਾਂਗਰਸ ਨੂੰ ਜਿੱਤ ਪ੍ਰਾਪਤ ਹੋਈ ਸੀ। ਰਾਜ ਦੀਆਂ 224 ਵਿਧਾਨ ਸਭਾ ਸੀਟਾਂ 'ਚੋਂ ਪਾਰਟੀ ਨੂੰ 135 ਸੀਟਾਂ ਮਿਲੀਆਂ ਸਨ। ਉਸ ਸਮੇਂ ਸਿੱਧਾਰਮਈਆ ਅਤੇ ਡੀ.ਕੇ. ਸ਼ਿਵ ਕੁਮਾਰ ਰਾਜ ਵਿਚ ਪਾਰਟੀ ਦੇ ਵੱਡੇ ਆਗੂ ਸਨ। ਸ਼ਿਵ ਕੁਮਾਰ ਸੂਬਾ ਪਾਰਟੀ ਦੇ ਪ੍ਰਧਾਨ ਸਨ, ਉਨ੍ਹਾਂ ਬਾਰੇ ਇਹ ਪ੍ਰਭਾਵ ਬਣਿਆ ਸੀ ਕਿ ਉਨ੍ਹਾਂ ਨੇ ਆਪਣੀ ਵਧੀਆ ਤਰਤੀਬ ਅਤੇ ਸਖ਼ਤ ਮਿਹਨਤ ਨਾਲ ਪਾਰਟੀ ਨੂੰ ਜਿੱਤ ਦਵਾਈ ਸੀ। ਦੂਸਰੇ ਪਾਸੇ ਸਿੱਧਾਰਮਈਆ ਨੂੰ ਬੜੇ ਪ੍ਰੋੜ ਆਗੂ ਮੰਨਿਆਂ ਜਾਂਦਾ ਹੈ, ਜਿਸ ਦਾ ਪਛੜੇ ਵਰਗਾਂ, ਘੱਟ ਗਿਣਤੀਆਂ ਅਤੇ ਦਲਿਤਾਂ ਵਿਚ ਵੱਡਾ ਪ੍ਰਭਾਵ ਹੈ। ਉਸ ਸਮੇਂ ਬੜੀ ਮੁਸ਼ੱਕਤ ਤੋਂ ਬਾਅਦ ਹਾਈ ਕਮਾਂਡ ਨੇ ਸਿੱਧਾਰਮਈਆ ਦੀ ਮੁੱਖ ਮੰਤਰੀ ਲਈ ਅਤੇ ਸ਼ਿਵ ਕੁਮਾਰ ਦੀ ਉਪ ਮੁੱਖ ਮੰਤਰੀ ਲਈ ਚੋਣ ਕੀਤੀ ਸੀ।
ਚਾਹੇ ਲਿਖਤੀ ਤੌਰ 'ਤੇ ਨਹੀਂ ਪਰ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਦੋਹਾਂ ਆਗੂਆਂ ਵਿਚ ਇਹ ਫ਼ੈਸਲਾ ਕਰਵਾਇਆ ਗਿਆ ਸੀ ਕਿ ਉਨ੍ਹਾਂ ਦੀ ਉੱਚ ਕੁਰਸੀ ਦੀ ਪਾਰੀ ਢਾਈ-ਢਾਈ ਸਾਲ ਦੀ ਹੋਵੇਗੀ। ਅੱਧਾ ਸਮਾਂ ਬੀਤ ਜਾਣ ਤੋਂ ਬਾਅਦ ਦੋਹਾਂ ਹੀ ਧਿਰਾਂ ਵਿਚ ਖਿੱਚੋਤਾਣ ਵਧ ਗਈ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੋਹਾਂ ਦੇ ਦਿੱਲੀ ਦੇ ਗੇੜੇ ਵੀ ਤੇਜ਼ ਹੋ ਗਏ ਸਨ। ਹਾਈ ਕਮਾਂਡ ਇਸ ਮਸਲੇ 'ਤੇ ਕੁੜਿੱਕੀ ਵਾਲੀ ਹਾਲਤ ਵਿਚ ਫਸੀ ਨਜ਼ਰ ਆਉਂਦੀ ਸੀ ਅਤੇ ਆਪਸੀ ਗੁੱਟਬੰਦੀ ਦੀ ਵਧਦੀ ਇਸ ਕਸ਼ਮਕਸ਼ ਨੇ ਕਾਂਗਰਸੀ ਆਗੂਆਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ। ਉਸ ਸਮੇਂ ਕਰਨਾਟਕ ਵਿਚ ਚੋਣਾਂ ਦੌਰਾਨ ਇਕ-ਦੂਜੇ ਤੋਂ ਬਾਜ਼ੀ ਮਾਰਨ ਦੀ ਹੋੜ ਕਾਰਨ ਕਾਂਗਰਸ ਨੇ ਵੀ ਮੁਫ਼ਤ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸਨ, ਜਿਨ੍ਹਾਂ 'ਤੇ ਅਮਲ ਕਰਦਿਆਂ ਅੱਜ ਇਹ ਰਾਜ ਵੀ ਵੱਡੇ ਆਰਥਿਕ ਬੋਝ ਵਿਚ ਫਸਿਆ ਨਜ਼ਰ ਆ ਰਿਹਾ ਹੈ। ਇਸ ਦਾ ਮੁਢਲਾ ਢਾਂਚਾ ਵੀ ਚਰਮਰਾ ਰਿਹਾ ਹੈ, ਜਿਸ ਕਰਕੇ ਲੋਕਾਂ ਵਿਚ ਬੇਚੈਨੀ ਵੀ ਵਧਣ ਲੱਗੀ ਹੈ। ਦੇਸ਼ ਵਿਚ ਕਾਂਗਰਸ ਕੋਲ ਕੁਝ ਚੋਣਵੇਂ ਹੀ ਸਿਆਸੀ ਕਿਲ੍ਹੇ ਬਚੇ ਰਹਿ ਗਏ ਹਨ। ਉਨ੍ਹਾਂ ਵਿਚ ਵੀ ਮਜ਼ਬੂਤ ਦੀਵਾਰਾਂ ਡਿਗਦੀਆਂ ਨਜ਼ਰ ਆ ਰਹੀਆਂ ਹਨ। ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੀ ਪਾਰਟੀ ਅੰਦਰ ਗੁੱਟਬਾਜ਼ੀ ਦੇ ਲਗਾਤਾਰ ਵਧਣ ਨਾਲ ਇਹ ਕਿਲ੍ਹੇ ਢਹਿ ਗਏ ਸਨ। ਰਾਜਸਥਾਨ ਵਿਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦਾ 36 ਦਾ ਅੰਕੜਾ ਬਣਿਆ ਰਿਹਾ, ਜਿਸ ਨੇ ਸਰਕਾਰ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਇਹੀ ਹਾਲ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਟੀ.ਐਸ. ਸਿੰਘ ਦੇਵ ਵਿਚਕਾਰ ਵੇਖਿਆ ਗਿਆ ਸੀ, ਜੋ ਅਖ਼ੀਰ ਵਿਚ ਸਰਕਾਰ ਅਤੇ ਪਾਰਟੀ ਲਈ ਖਸਾਰੇ ਵਾਲਾ ਸਾਬਿਤ ਹੋਇਆ। ਇਸ ਤੋਂ ਪਹਿਲਾਂ ਪੰਜਾਬ ਵਿਚ ਵੀ ਅਜਿਹਾ ਕੁਝ ਹੀ ਵਾਪਰਿਆ ਸੀ ਅਤੇ ਹਰਿਆਣਾ ਵਿਚ ਵੀ ਪਾਰਟੀ ਦੀ ਅੰਦਰੂਨੀ ਗੁੱਟਬੰਦੀ ਨੇ ਪਾਰਟੀ ਦੇ ਬੇੜੇ ਨੂੰ ਕਿਨਾਰੇ 'ਤੇ ਨਹੀਂ ਸੀ ਲੱਗਣ ਦਿੱਤਾ। ਅਜਿਹਾ ਹੀ ਨਾਟਕ ਕਰਨਾਟਕ ਵਿਚ ਖੇਡਿਆ ਜਾਂਦਾ ਰਿਹਾ ਹੈ। ਉੱਥੇ ਵੋਕਾਲਿੰਗਾ ਅਤੇ ਲੰਗਾਇਤ ਦੋ ਮਜ਼ਬੂਤ ਭਾਈਚਾਰੇ ਹਨ, ਜੋ ਉੱਥੇ ਦੀ ਸਿਆਸਤ 'ਤੇ ਭਾਰੂ ਹਨ।
ਅਜਿਹੀ ਸੂਰਤ ਵਿਚ ਸਰਕਾਰ ਵਿਚ ਸਹੀ ਜੋੜਮੇਲ ਬਿਠਾ ਸਕਣਾ ਬੇਹੱਦ ਮੁਸ਼ਕਿਲ ਸੀ। ਹੁਣ ਤਿੰਨ ਸਾਲ ਬਾਅਦ ਸਿੱਧਾਰਮਈਆ ਤੋਂ ਅਸਤੀਫ਼ਾ ਲੈਣ ਨਾਲ ਸ਼ਿਵ ਕੁਮਾਰ ਦੇ ਮੁੱਖ ਮੰਤਰੀ ਬਣਨ ਦਾ ਰਾਹ ਜ਼ਰੂਰ ਪੱਧਰਾ ਹੋ ਗਿਆ ਹੈ ਪਰ ਜਿਸ ਤਰ੍ਹਾਂ ਦਾ ਰਵੱਈਆ ਸਿੱਧਾਰਮਈਆ ਨੇ ਅਪਣਾਇਆ ਹੋਇਆ ਹੈ, ਉਸ ਤੋਂ ਸਭ ਅੱਛਾ ਨਹੀਂ ਜਾਪਦਾ। ਆਉਂਦੇ ਸਮੇਂ ਵਿਚ ਜੇਕਰ ਕਰਨਾਟਕ ਵਿਚ ਪਾਰਟੀ ਅੰਦਰਲੀ ਕਸ਼ਮਕਸ਼ ਨੂੰ ਠੱਲ੍ਹ ਨਾ ਪਾਈ ਜਾ ਸਕੀ ਤਾਂ ਇਹ ਮਜ਼ਬੂਤ ਕਿਲ੍ਹਾ ਵੀ ਢਹਿ ਸਕਦਾ ਹੈ। ਕਾਂਗਰਸ ਲੀਡਰਸ਼ਿਪ ਨੂੰ ਦੇਸ਼ ਭਰ ਵਿਚ ਥਾਂ-ਥਾਂ ਉੱਠਦੇ ਅੰਦਰੂਨੀ ਵਖਰੇਵਿਆਂ ਸੰਬੰਧੀ ਪ੍ਰਭਾਵੀ ਅਤੇ ਸਪੱਸ਼ਟ ਪਹੁੰਚ ਅਪਨਾਉਣ ਦੀ ਜ਼ਰੂਰਤ ਹੋਵੇਗੀ, ਨਹੀਂ ਤਾਂ ਆਉਂਦਾ ਸਮਾਂ ਸਿਆਸੀ ਮੰਚ 'ਤੇ ਉਸ ਲਈ ਮੰਦਭਾਗਾ ਹੀ ਸਾਬਿਤ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਆਖਰ ਪਿੰਡਾਂ ਨੂੰ ਨਿਗਲ ਜਾਵੇਗਾ ਪ੍ਰਵਾਸ ਅਗਲੀ ਖ਼ਬਰ ਰਾਜਨੇਤਾ ਦਾ ਮੁੱਖ ਫ਼ਰਜ਼ ਜਨ ਸੇਵਾ ਹੀ ਹੁੰਦਾ ਹੈ। -ਅਚਾਰੀਆ ਨਰਿੰਦਰ ਦੇਵ
Ad Position 24
No active advertisement