ਪੰਜਾਬ ਤੋਂ ਪ੍ਰਵਾਸ ਤੇ ਪੰਜਾਬ ਵੱਲ ਪ੍ਰਵਾਸ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਇਸ ਦੋ ਤਰਫ਼ੇ ਪ੍ਰਵਾਸ ਨੇ ਪੰਜਾਬ ਨੂੰ ਸਦਾ ਹੀ ਅਨੇਕਾਂ ਪੱਖਾਂ ਤੋਂ ਪ੍ਰਭਾਵਿਤ ਤੇ ਪੀੜਤ ਕੀਤਾ ਹੈ। ਇਸ ਨੇ ਪੰਜਾਬ ਦਾ ਮੂੰਹ-ਮੁਹਾਂਦਰਾ ਤੱਕ ਬਦਲ ਦਿੱਤਾ ਹੈ/ਦੇਵੇਗਾ। ਹੁਣ ਕਈ ਜ਼ਾਹਿਰਾ ਤੇ ਲੁਕਵੇਂ ਕਾਰਨਾਂ ਕਰਕੇ ਪ੍ਰਵਾਸ ਦੀ ਆਮਦ ਤੇ ਜਾਮਦ ਦੀ ਗਤੀ ਤਿੱਖੀ ਹੋ ਗਈ ਹੈ। ਭਾਵੇਂ ਨਵੀਂ ਵਿਸ਼ਵਵਿਆਪੀ ਵਿਵਸਥਾ ਨੇ 'ਗਲੋਬਲ ਵਿਲੇਜ' ਦਾ ਨਾਮਕਰਨ ਕੀਤਾ ਹੈ, ਪਰ ਅਸਲ ਵਿਚ ਇਹ ਏਨਾ ਭਰਮਾਊ ਤੇ ਭੁਲੇਖਾ ਪਾਊ ਅਮਲ ਹੈ ਕਿ ਇਸ ਵਿਵਸਥਾ ਨੇ ਪੇਂਡੂ ਜੀਵਨ ਨੂੰ ਸਹਿਜ ਨਹੀਂ ਰਹਿਣ ਦਿੱਤਾ। ਮਜਬੂਰੀਵੱਸ ਹੀ ਸਹੀ, ਕੌਮਾਂਤਰੀ ਪ੍ਰਵਾਸ ਤਹਿਤ ਆਪਣੀਆਂ ਜੜ੍ਹਾਂ ਨੂੰ ਖ਼ੁਦ ਪੁੱਟਣ ਦੇ ਸਿੱਟੇ ਬੜੇ ਹੀ ਮਾਰੂ ਨਿਕਲਣਗੇ।
ਦਰ-ਹਕੀਕਤ, ਸਦੀਵੀ ਪ੍ਰਵਾਸ ਪੰਜਾਬੀਆਂ ਦੇ ਸੁਭਾਅ ਵਿਚ ਸੀ ਤੇ ਹੈ ਪਰ ਪਹਿਲਾਂ ਘਰ ਦਾ ਇਕ-ਅੱਧ ਜੀਅ ਹੀ ਸਮੁੰਦਰੋਂ ਪਾਰ ਜਾਂਦਾ ਸੀ। ਖੱਟੀ-ਕਮਾਈ ਘਰ ਭੇਜਦਾ ਜਾਂ ਲੈ ਕੇ ਵਾਪਸ ਆ ਜਾਂਦਾ। ਪੰਜਾਬ ਦੀ ਤਰੱਕੀ ਤੇ ਇਸ ਦੀ ਉਮਦਾ ਰਹਿਤਲ-ਵਹਿਤਲ ਵਿਚ ਪ੍ਰਵਾਸੀ ਪੰਜਾਬੀਆਂ ਦਾ ਅਣਮਿਣਵਾਂ ਯੋਗਦਾਨ ਸੀ। ਪਰ ਹੁਣ ਕਮਾਈ ਸਮੇਤ ਬੜਾ ਕੁਝ ਹੋਰ ਵੀ ਪ੍ਰਵਾਸ ਕਰ ਰਿਹਾ ਹੈ। ਹਾਲਾਤ ਮੂਜ਼ਬ, ਹੁਣ ਬਹੁਤੇ ਬਹੁ-ਪਰਤੀ ਕਾਰਨਾਂ ਕਰਕੇ 'ਖੱਟੀ' ਵੀ ਨਹੀਂ ਭੇਜਣਗੇ, ਸਗੋਂ ਬਚੀ-ਖੁਚੀ ਪਿਤਾ-ਪੁਰਖੀ ਜਾਇਦਾਦ ਵੀ ਵੇਚ-ਵੱਟ ਕੇ ਉੱਧਰ ਲੈ ਜਾਣਗੇ।
ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਇਕ ਕਨਸੋਅ ਮੁਤਾਬਿਕ, ਬੀਤੇ ਦਹਾਕੇ ਵਿਚ ਬਾਹਰਲੇ ਮੁਲਕੀਂ ਗਏ ਸਾਡੇ ਪਾੜੇ 27000 ਕਰੋੜ ਦੇ ਅਸਾਸੇ ਆਪਣੇ ਨਾਲ ਲੈ ਗਏ ਹਨ। ਮਗਰੇ ਹੀ ਕਿਸੇ ਕਾਰਨ ਵੱਸ ਕਈਆਂ ਦੇ ਮਾਪੇ ਤੁਰ ਗਏ ਜਾਂ ਤੁਰ ਜਾਣਗੇ। ਖਾਲੀ ਮਕਾਨਾਂ ਵਿਚ ਪ੍ਰਵਾਸੀ ਟਿਕਾਏ ਜਾ ਰਹੇ ਹਨ। ਸਿੱਟਾ ਆਪਣਿਆਂ ਦੀਆਂ ਅਗਲੇਰੀਆਂ ਪੀੜ੍ਹੀਆਂ ਦੀ ਆਮਦ ਨੂੰ ਖੇਤ-ਖਲਿਆਣ ਉਡੀਕਦੇ ਰਹਿ ਜਾਣਗੇ।
ਅਫਸੋਸ! ਪਰਾਈਆਂ ਧਰਤੀਆਂ 'ਤੇ ਪਹੁੰਚੀ ਹੁਣ ਵਾਲੀ ਪੀੜ੍ਹੀ ਦੀ ਦੂਜੀ, ਹੱਦ ਤੀਜੀ ਪੋਂਦ ਆਪਣਾ ਪਿਤਾ-ਪੁਰਖੀ ਘਰ ਨੂੰ ਖੋਲਾ ਬਣਾਉਣ ਜਾਂ ਸੇਲ 'ਤੇ ਲਾ ਕੇ ਦੂਜੇ ਰਾਜਾਂ ਤੋਂ ਆਏ ਬਾਸ਼ਿੰਦਿਆ ਦਾ ਰਾਹ ਹੋਰ ਮੋਕਲਾ ਕਰ ਦੇਵੇਗੀ, ਜਿਸ ਨਾਲ ਪੰਜਾਬੀ ਰਹੁ-ਰੀਤਾਂ ਡਗਮਗਾਉਣਗੀਆਂ। ਇਕ ਸਰਵੇਖਣ ਅਨੁਸਾਰ ਪੰਜਾਬ ਦਰਅਸਲ ਪਿੰਡਾਂ 'ਚੋਂ ਕੌਮਾਂਤਰੀ ਪ੍ਰਵਾਸ ਕੌਮੀ ਬੌਧਿਕਤਾ ਅਤੇ ਸਰਮਾਇਆ ਤੇ ਨੌਜਵਾਨੀ ਹੂੰਝਣ ਤੋਂ ਬਿਨਾਂ ਹੋਰ ਵੀ ਕਈ ਤਰਾਂ ਦੇ ਲਾਭਅੰਸ਼ ਹੂੰਝ ਕੇ ਲਿਜਾ ਰਿਹਾ ਹੈ। ਇਨ੍ਹਾਂ ਹੂੰਝਿਆਂ ਦੇ ਨਾਲ-ਨਾਲ ਕੁਝ ਖ਼ਤਰਨਾਕ ਪੂੰਝਿਆਂ ਦਾ ਵੀ ਚਲਣ ਸ਼ੁਰੂ ਹੋ ਗਿਆ ਹੈ। ਇਨ੍ਹਾਂ ਪੂੰਝਿਆਂ ਨਾਲ ਸਿਰਫ਼ ਪੰਜਾਬ ਦੀ ਸਾਹ-ਰਗ ਜ਼ਮੀਨ ਹੀ ਨਹੀਂ ਵਿਕਦੀ, ਖੇਤੀ ਵੀ ਵੱਡੇ ਹੱਥਾਂ ਵਿਚ ਹੀ ਨਹੀਂ ਜਾਂਦੀ, ਸਗੋਂ ਬਹੁਤੇ ਟੱਬਰਾਂ ਦੀ ਬਜਾਏ ਕੁਝ ਇਕ ਟੱਬਰਾਂ ਦੀ ਕਮਾਈ ਦਾ ਸਾਧਨ ਬਣ ਰਹੀ ਹੈ। ਇਹੀ ਨਹੀਂ, ਇਸ ਚਲਨ ਨਾਲ ਖੂਹਾਂ ਉਤਲੇ ਤੌੜ, ਢੇਰਾਂ ਦੇ ਕੁਰੇ ਅਤੇ ਪਹੀਆਂ-ਰਸਤੇ 'ਤੇ ਢੇਰ ਤੱਕ ਵਿਕ ਜਾਂਦੇ ਹਨ। ਸਿੱਟਾ, ਬੰਦਾ (ਪੇਂਡੂ) ਆਪਣੀਆਂ ਜੜ੍ਹਾਂ ਨਾਲੋਂ ਹੀ ਕੱਟਿਆ ਜਾਂਦਾ ਹੈ।
ਹਾਂ, ਕਿਸੇ ਵਿਅਕਤੀ ਨੂੰ ਵੱਖ-ਵੱਖ ਕਾਰਨ ਆਪਣਾ ਮੂਲ ਸਥਾਨ ਛੱਡਣ ਅਤੇ ਕਿਸੇ ਹੋਰ ਥਾਂ 'ਤੇ ਜਾਣ ਲਈ ਮਜਬੂਰ ਕਰਦੇ ਹਨ। ਦੂਜੇ ਪਾਸੇ ਬਾਹਰ ਖਿੱਚਣ ਵਾਲੇ ਉਨ੍ਹਾਂ ਕਾਰਕਾਂ 'ਚ ਵਿੱਦਿਆ ਦਾ ਸਮੇਂ ਦੀ ਹਾਣੀ ਤੇ ਰੁਜ਼ਗਾਰਮੁਖੀ ਨਾ ਹੋਣਾ, ਵਧਦੀ ਬੇਰੁਜ਼ਗਾਰੀ, ਦੂਸ਼ਿਤ ਆਬੋ-ਹਵਾ ਅਤੇ ਆਰਥਿਕ ਸਥਿਤੀਆਂ ਦਾ ਵਿਗੜਨਾ ਤੇ ਸਮਾਜਿਕ ਮੁੱਦੇ ਨਸ਼ਾਖੋਰੀ, ਅਪਰਾਧ ਆਦਿ ਸ਼ਾਮਿਲ ਹਨ। ਦੂਜੇ ਦੇਸ਼ਾਂ ਦੀ ਚਕਾਚੌਂਧ, ਸਹੂਲਤਾਂ ਤੇ ਅਨੁਸ਼ਾਸਨ ਵੀ ਖਿੱਚ ਦਾ ਕਾਰਨ ਹਨ। ਪਰ ਵੱਡੇ ਕਾਰਨਾਂ 'ਚ ਰੁਜ਼ਗਾਰ, ਜ਼ਿਆਦਾ ਕਮਾਈ, ਸੁਰੱਖਿਆ, ਬਿਹਤਰ ਸਹੂਲਤਾਂ ਅਤੇ ਨਿੱਜੀ ਆਜ਼ਾਦੀ ਜ਼ਿਆਦਾ ਭਰਮਾਊ ਹੈ। ਪ੍ਰਵਾਸ ਨੂੰ ਸਿਰਫ਼ ਕੁੱਲੀ-ਗੁੱਲੀ-ਜੁੱਲੀ ਦੀ ਗਰੰਟੀ ਅਤੇ ਸਸਤੀ ਪੜ੍ਹਾਈ, ਸਿਹਤ ਸਹੂਲਤਾਂ, ਸ਼ੁੱਧ-ਵਾਤਾਵਰਨ, ਢੁਕਵਾਂ ਰੁਜ਼ਗਾਰ, ਸਮਾਜਿਕ ਸੁਰੱਖਿਆ ਤੇ ਨਸ਼ੇ ਰਹਿਤ ਮਾਹੌਲ ਤਹਿਤ ਹੀ ਠੱਲ੍ਹਿਆ ਜਾ ਸਕਦਾ ਹੈ। ਅਫ਼ਸੋਸ! ਇਹ ਮੁੱਦੇ ਹਾਕਮ ਜਮਾਤਾਂ ਦੇ ਏਜੰਡੇ 'ਚ ਨਹੀਂ ਹਨ। ਦਰ-ਹਕੀਕਤ, ਸਦੀਵੀ ਪ੍ਰਵਾਸ ਦਾ ਦੋਸ਼ੀ ਮੌਜੂਦਾ ਸਿਸਟਮ ਤੇ ਭ੍ਰਿਸ਼ਟ ਨਿਜ਼ਾਮ ਹੈ।
ਲੋਕਾਂ ਨੂੰ ਨੇਮਬੱਧ ਕਰਨਾ ਸਿਸਟਮ ਦਾ ਫ਼ਰਜ਼ ਹੁੰਦਾ ਹੈ। ਭਾਵ 'ਚੋਰ ਬਣਾਉਣਾ ਜਾਂ ਸਾਧ'? ਇਹ ਸਭ ਸਿਸਟਮ ਜਾਂ ਰਾਜ-ਭਾਗ ਦੇ ਹੱਥ-ਵੱਸ ਹੁੰਦਾ ਹੈ। ਲੋਕਾਂ ਨੂੰ ਜਿਸ ਤਰਜੀਹ 'ਤੇ ਤੋਰਿਆ ਜਾਂਦਾ ਹੈ, ਉਹ ਉੱਧਰ ਤੁਰ ਪੈਂਦੇ ਹਨ। ਪਿੰਡਾਂ ਨੂੰ ਵੀ ਬਾਜ਼ਾਰ ਮਗਰ ਭਜਾ ਲਿਆ ਗਿਆ ਹੈ। ਕੀ ਖਾਣਾ ਹੈ, ਕੀ ਪਹਿਨਣਾ ਹੈ, ਖੇਤਾਂ 'ਚ ਕੀ ਵਰਤਣਾ ਤੇ ਬੀਜਣਾ ਹੈ, ਇਹ ਹੁਣ ਮੀਡੀਆ, ਇਸ਼ਤਿਹਾਰ, ਸਰਕਾਰ ਤੇ ਕਾਰਪੋਰੇਟ ਤੈਅ ਕਰਦਾ ਹੈ। 'ਸੰਸਾਰ ਵਪਾਰ ਸੰਸਥਾ' ਤੇ ਕਾਰਪੋਰੇਟ ਪੱਖੀ ਹਾਕਮ ਧਿਰਾਂ ਤਾਂ ਬੜੀ ਦੇਰ ਤੋਂ ਇਸ ਹਰਕਤ ਵਿਚ ਹਨ ਕਿ ਕਿਵੇਂ ਨਾ ਕਿਵੇਂ ਗਰੀਨ ਬੈਲਟਾਂ (ਹਰੀ ਪੱਟੀ) ਉਨ੍ਹਾਂ ਦੇ ਹੱਥਾਂ 'ਚ ਚਲੀਆਂ ਜਾਣ। ਜਿੱਥੇ ਵੱਡੀਆਂ ਮਸ਼ੀਨਾਂ ਕੰਮ ਕਰਨ 'ਹਾਈਵੇਜ਼' 'ਤੇ 'ਹਾਈ ਸਪੀਡ' ਗੱਡੀਆਂ ਨਿਰਵਿਘਨ ਦੌੜਨ। ਜ਼ਮੀਨ ਹਥਿਆਉਣ ਲਈ ਉਹ ਹਰ ਹਰਬਾ ਵਰਤਦੇ ਹਨ, ਪੈਸਿਆਂ ਦਾ ਛੱਟਾ ਦਿੰਦੇ ਹਨ।
ਹਾਲ ਦੀ ਘੜੀ ਮਹਿੰਗੇ ਭਾਅ ਹੀ ਸਹੀ, ਉਨ੍ਹੀਂ ਸਾਡੀ ਭੌਂਇ 'ਹਾਈਵੇਜ਼ਾਂ ਤੇ ਰੀਅਲ ਅਸਟੇਟਾਂ' ਦੇ ਅਖੌਤੀ ਸੁਪਨਿਆਂ ਹੇਠ ਨੱਪ ਜਾਣੀ ਹੈ। ਇੰਝ ਮਿਲਿਆ ਬੇਸ਼ੁਮਾਰ ਪੈਸਾ ਬਹੁਤਿਆਂ ਦੀਆਂ ਔਲਾਦਾਂ ਨੇ ਖੜਮਸਤੀਆਂ ਜਾਂ ਪ੍ਰਵਾਸ ਦੇ ਲੇਖੇ ਲਾ ਬੈਠਣਾ ਹੈ।
ਦਰਅਸਲ, ਇਸ ਚਲਣ ਹੇਠ ਵੱਟੀ ਗਈ ਇਹ ਰਕਮ ਖ਼ਰੀਦੋ-ਫ਼ਰੋਖ਼ਤ ਤਹਿਤ ਮੁੜ ਧਨ-ਕੁਬੇਰਾਂ ਨੇ ਹੀ ਵੱਟ ਲੈਣੀ ਹੈ ਅਤੇ ਅਸੀਂ ਸਦੀਵੀ ਆਮਦਨ ਤੋਂ ਹੱਥ ਧੋ ਬੈਠਣਾ ਹੈ। ਇਸ ਨਾਲ ਖੇਤਾਂ ਦੀ ਹੀ ਹਿਜਰਤ ਨਹੀਂ ਹੋਵੇਗੀ, ਸਗੋਂ ਪਿੰਡ ਵੀ ਸ਼ਹਿਰਾਂ ਨੂੰ ਹਿਜਰਤ ਕਰ ਜਾਣਗੇ। ਇਹੀ ਧਨ-ਕੁਬੇਰ ਚਾਹੁੰਦੇ ਹਨ। ਮਤਲਬ, ਕਿਰਸਾਨੀ ਮਾਲਕੀ ਨਾ ਕਰੇ ਕਾਮਾ-ਗਿਰੀ ਕਰੇ। ਜੇ ਇਹੀ ਡਗਰ ਰਹੀ, ਜੇ ਅਸੀਂ ਨਾ ਸੰਭਲੇ ਤਾਂ ਵਾੜ ਲੱਗੇ ਵੱਡੇ-ਵੱਡੇ ਫਾਰਮ-ਹਾਊਸਾਂ ਤੇ ਧੜਵੈਲ ਕਾਰਖਾਨਿਆਂ ਵਿਚ ਪੇਂਡੂ ਲੋਕ, ਦੇਰ-ਸਵੇਰ, ਡੱਬੇ ਲੈ ਕੇ ਉਜਰਤ (ਗੋਲਾਪਨ) ਕਰਨ ਜਾਇਆ ਕਰਨਗੇ। ਉਨ੍ਹਾਂ ਦੀ ਇਹ ਮਨਸ਼ਾ ਤਦ ਹੀ ਪੂਰੀ ਹੋ ਸਕਦੀ ਹੈ, ਜੇ ਛੋਟੀ ਖੇਤੀ, ਜਾਣੀ ਪਿੰਡ ਮਰਨ।
ਪੰਜਾਬ ਦੇ ਸਾਰੇ ਪਿੰਡ ਕਦੇ ਬੁਨਿਆਦੀ ਤੌਰ 'ਤੇ ਉਦੋਂ ਸਵੈ-ਸੰਪਨ ਇਕਾਈਆਂ ਸਨ, ਜਦੋਂ ਨਿੱਤ ਵਰਤੋਂ ਦੀ ਕਰੀਬ ਹਰ ਵਸਤ ਪੈਦਾ ਕਰ ਲਈ ਜਾਂਦੀ ਸੀ। ਬਹੁਤੇ ਖੇਤੀ ਕਰਦੇ ਜਾਂ ਖੇਤੀ 'ਤੇ ਨਿਰਭਰ ਹੁੰਦੇ ਸਨ। ਅਰਥਾਤ, ਕੋਈ ਵਾਹੀ-ਬੀਜੀ ਜਾਂ ਪਸ਼ੂ-ਪਾਲਕ ਹੁੰਦਾ, ਕੋਈ ਸੰਦ ਬਣਾਉਂਦਾ, ਕੋਈ ਚਮੜੇ ਦੀਆਂ ਵਸਤਾਂ, ਕੋਈ ਭਾਂਡੇ ਤ੍ਰਾਸ਼ਦਾ ਤੇ ਕੋਈ ਕੱਪੜਾ ਉਣਦਾ। ਸ਼ਾਇਦ, ਹੁਣ ਇੰਨ-ਬਿੰਨ ਨਹੀਂ ਹੋ ਸਕਦਾ। ਪਰ ਅਖੀਰ ਕਰਨਾ ਇਵੇਂ ਹੀ ਪੈਣਾ, ਨਹੀਂ ਤਾਂ ਕੁਦਰਤ ਮਜਬੂਰ ਕਰ ਦੇਵੇਗੀ ਪਰ ਉਦੋਂ ਤੱਕ ਅਸੀਂ ਬੇਹੱਦ ਨੁਕਸਾਨ ਕਰ ਤੇ ਕਰਾ ਚੁੱਕੇ ਹੋਵਾਂਗੇ। ਆਪਣਾ ਵੀ, ਖ਼ਾਸ ਕਰਕੇ ਵਾਰਸਾਂ ਤੇ ਆਉਣ ਵਾਲੀਆਂ ਨਸਲਾਂ ਦਾ ਵੀ।
ਭਾਵੇਂ ਹੁਣ ਕਿਰਤ-ਵਿਰਤ ਅਤੇ ਕੰਮ-ਧੰਦਿਆ ਦਾ ਰੁਖ਼ ਬਦਲ ਗਿਆ ਪਰ ਜੇ ਕਿਰਸਾਨੀ (ਕਿਰਤ+ਇਨਸਾਨ: ਕਿਰਤੀ ਇਨਸਾਨ: ਕਿਰਸਾਨ) ਮਰ ਗਈ ਤਦ ਪਿੰਡ ਮਰ ਜਾਵੇਗਾ। ਅਰਥਾਤ, ਭਾਰਤ ਦੀ ਸਲਾਮਤੀ ਖੇਤੀ (ਕਿਰਸਾਨੀ) ਬਨਾਮ ਪਿੰਡ ਦੀ ਹੋਣੀ ਨਾਲ ਬੱਝੀ ਹੋਈ ਹੈ। ਸੋ, ਜੇ ਕੁਦਰਤ-ਪੱਖੀ ਖੇਤੀ (ਕਿਰਸਾਨੀ) ਮਰ ਗਈ ਤਾਂ ਪਿੰਡ ਮਰ ਜਾਣਗੇ। ਜੇ ਪਿੰਡ ਮਰ ਗਏ ਤਦ ਭਾਰਤ ਮਰ ਜਾਵੇਗਾ, ਭਾਰਤ ਜੋ ਪਿੰਡਾਂ ਦਾ ਦੇਸ਼ ਹੈ। ਇਹੀ ਉਹ ਗੱਲ ਹੈ, ਜਿਹੜੀ ਹਾਕਮ-ਜਮਾਤਾਂ ਦੇ ਖੋਪੜ 'ਚ ਨਹੀਂ ਪੈਂਦੀ।
ਪਿੰਡਾਂ ਵਿਚ ਰਹਿ ਰਹੇ ਲੋਕ ਭੁੱਲਦੀਆਂ-ਵਿਸਰਦੀਆਂ ਜਾ ਰਹੀਆਂ ਕਿਰਤਾਂ ਨੂੰ ਮੁੜ ਸਰਗਰਮ ਕਰ ਕੇ ਪਹਿਲਾਂ ਵਰਗੀ ਅਰਥ ਭਰਪੂਰ ਜ਼ਿੰਦਗੀ ਵੱਲ ਪਰਤ ਸਕਦੇ ਹਨ। ਅਖੀਰ ਦਿਹਾਤੀ ਢਾਂਚੇ 'ਚ ਲਘੂ ਤੇ ਹੱਥ ਉਦਯੋਗਾਂ ਨੂੰ ਮੋੜਾ ਦੇਣਾ ਹੀ ਪਵੇਗਾ, ਇਹ ਚਲਣ ਕੁਦਰਤ ਪੱਖੀ ਵੀ ਹੈ। ਇੰਝ ਅਸੀਂ ਪੇਂਡੂ ਸਵੱਛਤਾ ਦਾ ਵੀ ਅਨੰਦ ਮਾਣ ਸਕਾਂਗੇ। ਆਪਸੀ ਸਦਭਾਵਨਾ ਤੇ ਇਸ ਨਾਲ ਇਕ-ਦੂਜੇ 'ਤੇ ਨਿਰਭਰਤਾ ਵਧੇਗੀ। ਆਪਸੀ ਨਿਰਭਰਤਾ ਤੇ ਮਿਲਵਰਤਨ ਨਾਲ ਪਿੰਡਾਂ ਦੀ ਰੂਹ ਵੀ ਤ੍ਰਿਪਤ ਹੋ ਜਾਵੇਗੀ। ਹੁਣ ਪਿੰਡਾਂ 'ਚ ਆਪਸੀ ਤਾਲਮੇਲ ਬਿਹਤਰ ਹੋਣ ਕਾਰਨ ਇਹ ਕਾਰਜ ਪਹਿਲਾਂ ਨਾਲੋਂ ਕਿਤੇ ਸੌਖਾ ਤੇ ਲਾਹੇਵੰਦਾ ਹੈ। ਇਹ ਕਾਰਜ ਸਿਆਸੀ ਨੇਤਾਵਾਂ, ਨੌਕਰਸ਼ਾਹਾਂ ਤੇ ਅਰਥਸਾਸ਼ਤਰੀਆਂ ਨੇ ਨਹੀਂ ਕਰਨਾ, ਲੋਕਾਂ ਨੂੰ ਸ਼ਹਿਰਾਂ ਤੇ ਪਰਾਈਆਂ ਧਰਤੀਆਂ ਵੱਲ ਪ੍ਰਵਾਸ 'ਤੇ ਵਿਰਾਮ ਲਾ ਕੇ ਖ਼ੁਦ ਕਰਨਾ ਪੈਣਾ ਹੈ। ਪਰ ਇਸ ਸਭ ਲਈ ਸਾਨੂੰ ਲੋਕ ਤੇ ਕੁਦਰਤ ਪੱਖੀ ਨਿਜ਼ਾਮ ਵੀ ਸਿਰਜਣਾ ਪੈਣਾ ਹੈ। ਆਖਰ ਅਸੀਂ ਜਿਊਣਾ ਕਿਉਂ ਚਾਹੁੰਦੇ ਹਾਂ, ਪੈਸੇ ਲਈ ਜਾਂ ਰੂਹ ਲਈ? ਮੁੱਕਦੀ ਗੱਲ ਪ੍ਰਵਾਸ ਨੇ ਪਿੰਡਾਂ ਨੂੰ ਨਿਗਲ ਜਾਣਾ ਹੈ।
ਮੋਬਾਈਲ : 94634-39075