ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਈ ਜੋਧ ਸਿੰਘ ਨੂੰ ਯਾਦ ਕਰਦਿਆਂ

Ad Position 21
No active advertisement
ਅਜੀਤ ਡੈਸਕ 31-05-2026

ਜਨਮ ਦਿਨ 'ਤੇ ਵਿਸ਼ੇਸ਼

ਗੁਰਬਾਣੀ ਦੇ ਪ੍ਰਸਿੱਧ ਖੋਜਕਾਰ ਤੇ ਵਿਆਖਿਆਕਾਰ ਭਾਈ ਜੋਧ ਸਿੰਘ ਇਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਸਿੱਖਿਆ ਸ਼ਾਸਤਰੀ, ਧਰਮ ਸ਼ਾਸਤਰੀ, ਪ੍ਰਬੰਧਕ ਤੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਜੀਵਨ 'ਚ ਕਈ ਸਰਕਾਰੀ ਉਪਾਧੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਡਾ. ਅਤਰ ਸਿੰਘ ਕਹਿੰਦੇ ਹਨ, 'ਉਨ੍ਹਾਂ ਨੇ ਜੀਵਨ ਵਿਚ ਜੋ ਆਦਰਸ਼ ਮਿੱਥੇ ਸਨ, ਸਾਰੀ ਉਮਰ ਪੂਰੀ ਦ੍ਰਿੜ੍ਹਤਾ ਨਾਲ ਉਨ੍ਹਾਂ 'ਤੇ ਤੁਰੇ।' ਭਾਈ ਜੋਧ ਸਿੰਘ ਦੀਆਂ ਲਗਭਗ ਸਾਰੀਆਂ ਰਚਨਾਵਾਂ ਧਾਰਮਿਕ ਤੇ ਅਧਿਆਤਮਿਕ ਵਿਸ਼ਿਆਂ 'ਤੇ ਆਧਾਰਿਤ ਹਨ। ਉਨ੍ਹਾਂ ਨੇ ਕੁਝ ਲੇਖ ਰਾਜਨੀਤਕ ਤੇ ਵਿੱਦਿਅਕ ਵਿਸ਼ਿਆਂ ਬਾਰੇ ਵੀ ਲਿਖੇ। ਉਨ੍ਹਾਂ ਦਾ ਸੰਬੰਧ ਕਈ ਅੰਦੋਲਨਾਂ ਨਾਲ ਰਿਹਾ ਜਿਵੇਂ ਕਿ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਚੀਫ਼ ਖ਼ਾਲਸਾ ਦੀਵਾਨ ਆਦਿ। ਇਸ ਤੋਂ ਇਲਾਵਾ ਖ਼ਾਲਸਾ ਕਾਲਜ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਲਾਹੌਰ, ਸੋਲਨ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਨਾਲ ਵੀ ਗੂੜ੍ਹਾ ਨਾਤਾ ਰਿਹਾ। ਪੰਜਾਬ ਦੇ ਵਿੱਦਿਆ ਖੇਤਰ 'ਚ ਉਨ੍ਹਾਂ ਦਾ ਸਥਾਨ ਉੱਚਾ ਹੈ। ਉਹ ਸਿੱਖ ਪੁਨਰ ਜਾਗ੍ਰਿਤੀ ਲਹਿਰ ਦੀ ਪੈਦਾਵਾਰ ਸਨ। ਉਨ੍ਹਾਂ ਨੇ ਪੰਜਾਬੀ ਬੋਲੀ ਦੇ ਸਾਹਿਤ ਨੂੰ ਭਰਪੂਰ ਕਰਨ ਲਈ ਨਵੇਂ ਲਿਖਾਰੀਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਪੰਜਾਬੀ ਨੂੰ ਵਿੱਦਿਅਕ ਤੇ ਰਾਜ ਪ੍ਰਬੰਧਕ ਢਾਂਚੇ 'ਚ ਆਪਣੀ ਯੋਗ ਥਾਂ ਦਿਵਾਉਣ ਲਈ ਬੇਹੱਦ ਯਤਨ ਕੀਤੇ।
ਉਨ੍ਹਾਂ ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਪੰਜਾਬੀ ਬੋਲੀ ਦੇ ਪੱਖ 'ਚ ਕਈ ਲੜਾਈਆਂ ਲੜੀਆਂ। ਚੀਫ਼ ਖ਼ਾਲਸਾ ਦੀਵਾਨ ਜੋ ਸਿੱਖਾਂ ਦੀ ਮਹਾਨ ਸੰਸਥਾ ਹੈ, ਰਾਹੀਂ ਭਾਈ ਸਾਹਿਬ ਨੇ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਦੀ ਪੜ੍ਹਾਈ ਕਰਾਉਣ ਲਈ ਕਾਫ਼ੀ ਜ਼ੋਰ ਲਾਇਆ। ਇਸ ਤੋਂ ਬਾਅਦ ਯੂਨੀਵਰਸਿਟੀ 'ਚ ਵੀ ਜੱਦੋ-ਜਹਿਦ ਜਾਰੀ ਰੱਖੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਯੂਨੀਵਰਸਿਟੀ 'ਚ ਪੰਜਾਬੀ ਦਾ ਡਿਗਰੀ ਕੋਰਸਾਂ 'ਚ ਲਾਜ਼ਮੀ ਤੇ ਚੋਣਵਾਂ ਮਜ਼ਮੂਨ ਪ੍ਰਵਾਨ ਹੋਇਆ। ਇਸੇ ਤਰ੍ਹਾਂ ਉਨ੍ਹਾਂ ਨੂੰ ਪੰਜਾਬੀ 'ਚ ਐਮ.ਏ. ਸ਼ੁਰੂ ਕਰਵਾਉਣ ਵਿਚ ਸਫ਼ਲਤਾ ਮਿਲੀ। ਇਸ ਤੋਂ ਇਲਾਵਾ ਪੰਜਾਬੀ ਨੂੰ ਸਕੂਲਾਂ ਤੇ ਯੂਨੀਵਰਸਿਟੀ ਦੇ ਪੱਧਰ ਤੋਂ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਸ਼ਲਾਘਾਯੋਗ ਯਤਨ ਕੀਤੇ, ਜਿਨ੍ਹਾਂ ਸਦਕੇ ਅੱਜ ਵਿੱਦਿਅਕ ਖੇਤਰ 'ਚ ਪੰਜਾਬੀ ਦਾ ਉਹ ਸਥਾਨ ਹੈ, ਜੋ ਹੋਰ ਪ੍ਰਾਂਤਾਂ 'ਚ ਉਨ੍ਹਾਂ ਦੀਆਂ ਬੋਲੀਆਂ ਦਾ ਹੈ। ਉਨ੍ਹਾਂ ਨੇ ਪੰਜਾਬੀ ਬੋਲੀ ਦੇ ਵਾਧੇ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੈਸ਼ਨਲ ਅਕੈਡਮੀ ਆਫ ਲੇਟਰਜ਼ ਦਿੱਲੀ ਦੇ ਐਡਵਾਈਜਰੀ ਬੋਰਡ, ਭਾਸ਼ਾ ਵਿਭਾਗ ਬੋਰਡ ਆਫ ਸਟਡੀਜ਼ ਇਨ ਪੰਜਾਬੀ ਰਿਸਰਚ ਕਮੇਟੀ/ਰਿਸਰਚ ਬੋਰਡ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਉੱਘੇ ਮੈਂਬਰ ਹੋਣ ਦੇ ਨਾਤੇ ਇਨ੍ਹਾਂ ਅਦਾਰਿਆਂ ਦੀ ਵਧ-ਚੜ੍ਹ ਕੇ ਅਗਵਾਈ ਕੀਤੀ। ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ 'ਚ ਜਪੁਜੀ, ਲਾਈਫ ਆਫ ਸ੍ਰੀ ਗੁਰੂ ਅਮਰਦਾਸ ਜੀ, ਸਟਡੀਜ਼ ਇਨ ਸਿੱਖਇਜ਼ਮ, 33 ਸਵਈਏ ਕਬੀਰ ਆਦਿ ਪੁਸਤਕਾਂ ਲਿਖੀਆਂ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੈ ਕਿ ਭਾਈ ਜੋਧ ਸਿੰਘ ਪੰਜਾਬ ਦੀ ਵਿੱਦਿਅਕ ਸੇਵਾ, ਪੰਜਾਬੀ ਬੋਲੀ ਤੇ ਸਾਹਿਤ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਗੁਰਮਤਿ ਦੀ ਵਿਆਖਿਆ ਨੂੰ ਹੀ ਆਪਣੇ ਜੀਵਨ ਦਾ ਟੀਚਾ ਬਣਾ ਲਿਆ ਸੀ। ਗੁਰਮਤਿ ਦੇ ਪ੍ਰਚਾਰ ਲਈ ਕਈ ਲੇਖ ਉਨ੍ਹਾਂ ਵਲੋਂ ਛਾਪੇ ਗਏ, ਸੈਮੀਨਾਰਾਂ 'ਚ ਖੋਜ ਪੱਤਰ ਪੜ੍ਹੇ ਗਏ ਤੇ ਪ੍ਰਧਾਨਗੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਪੰਜਾਬੀ ਭਾਸ਼ਾ 'ਚ ਸਿੱਖੀ ਕੀ ਹੈ, ਟੀਕਾ ਜਪੁਜੀ ਸਾਹਿਬ, ਭਗਤ ਬਾਣੀ ਸਟੀਕ, ਗੁਰਮਤਿ ਨਿਰਣੈ, ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਆਦਿ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ।
ਜੇ ਅਸੀਂ ਗੱਲ ਕਰੀਏ ਉਨ੍ਹਾਂ ਦੇ ਜੀਵਨ ਦੀ ਤਾਂ ਭਾਈ ਸਾਹਿਬ ਦੇ ਜੀਵਨ 'ਚ ਸਿੱਖ ਜੀਵਨ ਜਾਚ ਦੇ ਉੱਚ ਆਦਰਸ਼ ਮੁੱਖ ਸਨ। ਯਥਾਰਥਵਾਦੀ ਦ੍ਰਿਸ਼ਟੀਕੋਣ, ਵਿਵੇਕਵਾਦੀ ਸੋਚ ਤੇ ਗੁਰਬਾਣੀ ਦੇ ਉੱਚ ਆਦਰਸ਼ਾਂ ਨੇ ਮਿਲ ਕੇ ਉਨ੍ਹਾਂ ਨੂੰ ਆਪਣੇ ਸਮੇਂ ਦਾ ਅਦੁੱਤੀ ਇਨਸਾਨ ਬਣਾਇਆ। ਉਹ ਆਪਣੇ-ਆਪ 'ਚ ਇਕ ਸੰਸਥਾ ਸਨ ਤੇ ਉਨ੍ਹਾਂ ਦੇ ਨਿੱਜੀ ਗੁਣ ਸਮੂਹ 'ਤੇ ਵੀ ਭਾਰੂ ਰਹਿੰਦੇ ਸਨ।
ਉਨ੍ਹਾਂ ਦੇ ਨਿੱਜੀ ਗੁਣਾਂ 'ਚ ਸੰਜਮ ਤੇ ਵਕਤ ਦੀ ਪਾਬੰਦੀ ਖ਼ਾਸ ਸਨ। ਇਹ ਦੋਵੇਂ ਗੁਣ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਵਿਸ਼ੇਸ਼ ਸਥਿਤੀਆਂ ਤੋਂ ਹਾਸਿਲ ਕੀਤੇ ਹੋਏ ਸਨ। ਸਾਲ 1952 'ਚ ਪੈਪਸੂ ਦੇ ਪੰਜਾਬੀ ਮਹਿਕਮੇ ਵਲੋਂ ਉਨ੍ਹਾਂ ਨੂੰ 'ਪੰਜ ਰਤਨਾਂ 'ਚੋਂ ਇਕ' ਸਨਮਾਨ ਨਾਲ ਸਨਮਾਨਿਤ ਕਰਨ ਮੌਕੇ ਗਿਆਨੀ ਲਾਲ ਸਿੰਘ ਨੇ ਕਿਹਾ ਸੀ, 'ਲਿਖਣਾ ਭਾਈ ਜੋਧ ਸਿੰਘ ਦਾ ਪੇਸ਼ਾ ਨਹੀਂ, ਇਨ੍ਹਾਂ ਜੋ ਕੁਝ ਵੀ ਲਿਖਿਆ ਹੈ ਉਹ ਵੱਖ-ਵੱਖ ਸਮੇਂ ਆਪਣੇ ਜ਼ਿੰਮੇ ਲੱਗੇ ਫ਼ਰਜ਼ਾਂ ਦਾ ਭੁਗਤਾਨ ਕਰਨ ਲਈ ਲਿਖਿਆ ਹੈ, ਇਸ ਲਈ ਇਨ੍ਹਾਂ ਦੀ ਲਿਖਤ ਵਿਚ ਪੇਸ਼ੇਵਰ ਲੇਖਕਾਂ ਵਾਂਗ ਸ਼ਬਦਾਂ ਦਾ ਤਾਣਾ-ਬਾਣਾ ਪੈਦਾ ਕਰਨ ਲਈ ਸਾਹਿਤਕ ਰੰਗੀਨੀਆਂ ਦੀ ਭਰਮਾਰ ਨਹੀਂ ਹੁੰਦੀ।'
ਆਪਣੇ ਅੰਤਿਮ ਦਿਨਾਂ ਵਿਚ ਉਨ੍ਹਾਂ ਨੇ ਲੁਧਿਆਣਾ ਵਿਖੇ ਰਿਹਾਇਸ਼ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਪ੍ਰੋਫੈਸਰ ਗੁਰਬਚਨ ਸਿੰਘ ਤਾਲਿਬ ਵਲੋਂ ਤਿਆਰ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਦੀ ਸੁਧਾਈ ਦਾ ਕਾਰਜ ਵੀ ਕੀਤਾ। ਉਹ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪੂਰਾ ਜੀਵਨ ਸਮਰਪਿਤ ਰਹੇ।

-ਲੁਧਿਆਣਾ।
ਈ-ਮੇਲ : indu.gurbirsingh@gmail.com

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸਾਹਿਤ ਅਕਾਦਮੀ ਦੀਆਂ ਬਰਕਤਾਂ ਅਗਲੀ ਖ਼ਬਰ ਆਖਰ ਪਿੰਡਾਂ ਨੂੰ ਨਿਗਲ ਜਾਵੇਗਾ ਪ੍ਰਵਾਸ
Ad Position 24
No active advertisement