ਚੰਡੀਗੜ੍ਹ ਸਾਹਿਤ ਅਕਾਦਮੀ ਦੀ ਨਵੀਂ ਟੀਮ ਪੰਜਾਬ ਤੇ ਚੰਡੀਗੜ੍ਹ ਦੇ ਸਿਰਕੱਢ ਵਿਅਕਤੀਆਂ ਤੇ ਸੰਸਥਾਵਾਂ ਨਾਲ ਤਾਲਮੇਲ ਕਰਕੇ ਨਵੀਆਂ ਤੇ ਨਵੇਕਲੀਆਂ ਸਿਖ਼ਰਾਂ ਛੂਹ ਰਹੀ ਹੈ। ਯੂ.ਟੀ. ਗੈਸਟ ਹਾਊਸ ਵਿਚਲੇ 2025 ਦੇ ਅੰਤਲੇ ਦਿਨਾਂ ਵਾਲੇ ਅੰਤਰਰਾਸ਼ਟਰੀ ਕਵੀ ਦਰਬਾਰ ਦੀ ਮਹਿਮਾ ਹਾਲੇ ਹਵਾ 'ਚ ਹੀ ਸੀ ਕਿ ਇਸ ਸੰਸਥਾ ਨੇ ਮਈ 2026 ਦੀ 22 ਤਿਥੀ ਨੂੰ ਆਪਣੇ ਸ਼ਹਿਰ ਦੇ ਮਿਹਰ ਚੰਦ ਮਹਾਜਨ ਡੀ.ਏ.ਵੀ. ਕਾਲਜ ਦੇ ਕੈਂਪਸ ਵਿਚ 8 ਸਾਹਿਤਕਾਰਾਂ ਨੂੰ 'ਸਨਾਪਤੀ ਸਨਮਾਨ' ਪ੍ਰਦਾਨ ਕਰਕੇ ਅਤੇ ਅਗਲੇ ਦਿਨ 23 ਮਈ ਨੂੰ 38 ਸੈਕਟਰ ਦੇ ਰਾਣੀ ਲਕਸ਼ਮੀ ਬਾਈ ਭਵਨ ਦੇ ਵਿਹੜੇ ਵਿਚ 2023-24 'ਚ ਪ੍ਰਕਾਸ਼ਿਤ ਹੋਈਆਂ ਵਧੀਆ ਪੁਸਤਕਾਂ ਨੂੰ ਨਿਵਾਜ ਕੇ ਨਾਮਣਾ ਖੱਟਿਆ ਹੈ।
2025 ਵਾਲੇ ਕਵੀ ਦਰਬਾਰ 'ਚ ਚੰਡੀਗੜ੍ਹ ਤੇ ਪੰਜਾਬ ਸਮੇਤ ਦੂਰ-ਦੁਰਾਡੇ ਦੇ ਕਵੀਆਂ ਨੇ ਹਿੱਸਾ ਲਿਆ। ਇਨ੍ਹਾਂ 'ਚ ਫਰਾਂਸ, ਨੀਦਰਲੈਂਡਜ਼, ਤਿੱਬਤ, ਨਿਪਾਲ, ਸ਼ਿਲਾਂਗ, ਕੋਚੀ, ਕੋਲਕਾਤਾ, ਜੈਪੁਰ, ਅਜਮੇਰ ਤੇ ਦਿੱਲੀ ਦੇ ਕਵੀਆਂ ਨੇ ਆਪੋ-ਆਪਣੀਆਂ ਕਵਿਤਾਵਾਂ ਪੜ੍ਹੀਆਂ। ਉਨ੍ਹਾਂ ਦੇ ਉੱਤਮ ਬੋਲਾਂ ਦੀ ਗੂੰਜ ਅੱਜ ਤੱਕ ਹਵਾ ਨੂੰ ਮਹਿਕਾ ਰਹੀ ਹੈ, ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਚੇਅਰਮੈਨ ਮਾਧਵ ਕੌਸ਼ਿਕ ਦੇ ਬੋਲਾਂ ਸਮੇਤ, ਜਿਹੜਾ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕਰ ਰਿਹਾ ਸੀ।
22 ਮਈ ਦੀ ਸ਼ਾਮ ਨੂੰ ਸਨਾਪਤੀ ਪਛਾਣ ਲਈ ਨਿਵਾਜੇ ਗਏ ਲੇਖਕਾਂ ਵਿਚ ਗੁਰਪਾਲ ਸਿੰਘ ਸੰਧੂ ਤੇ ਰੌਣਕੀ ਰਾਮ ਪੰਜਾਬੀ ਸਾਹਿਤਕਾਰ ਹਨ। ਮਾਧਵ ਕੌਸ਼ਿਕ ਤੇ ਸੰਤੋਸ਼ ਸ਼ਰਮਾ ਹਿੰਦੀ ਭਾਸ਼ਾ ਦੇ ਜਾਣੇ-ਪਛਾਣੇ ਹਸਤਾਖ਼ਰ ਹਨ, ਇਨ੍ਹਾਂ ਤੋਂ ਬਿਨਾਂ ਸੁਲੇਖਾ ਸ਼ਰਮਾ ਤੇ ਵਿਵੇਕ ਅਤਰੇ ਅੰਗਰੇਜ਼ੀ ਭਾਸ਼ਾ ਦੇ ਅਤੇ ਵਿਕਰਮ ਕੁਮਾਰ ਵਿਵੇਕੀ ਤੇ ਜਸਬੀਰ ਸਿੰਘ ਸੰਸਕ੍ਰਿਤ ਦੇ। ਉੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਵਧੀਆ ਪੁਸਤਕਾਂ ਲਈ ਸਨਮਾਨੇ ਗਏ ਲੇਖਕਾਂ ਵਿਚ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਦੇ ਰਚਨਾਕਾਰ ਤਾਂ ਹਨ ਪਰ ਸੰਸਕ੍ਰਿਤ ਦਾ ਕੋਈ ਨਹੀਂ ਸੀ। ਜਿੱਥੋਂ ਤੱਕ ਉਰਦੂ ਭਾਸ਼ਾ ਦਾ ਸਬੰਧ ਹੈ, ਇਹ ਵੀ ਸੰਸਕ੍ਰਿਤ ਵਾਂਗ ਅਣਗੌਲੀ ਰਹਿ ਗਈ ਹੈ। ਉਰਦੂ ਨੂੰ ਤਾਂ 1947 ਦੀ ਦੇਸ਼ ਵੰਡ ਨੇ ਦਬਾ ਲਿਆ, ਨਹੀਂ ਤਾਂ ਮਿਰਜ਼ਾ ਗਾਲਿਬ, ਫੈਜ਼ ਤੇ ਸਾਹਿਰ ਦੀਆਂ ਬੁਲੰਦੀਆਂ ਛੂਹਣ ਵਾਲੀ ਇਸ ਭਾਸ਼ਾ ਨੂੰ ਕੌਣ ਵਿਸਾਰ ਸਕਦਾ ਸੀ। ਟੀ.ਐਨ. ਰਾਜ਼ ਦੇ ਕਹਿਣ ਅਨੁਸਾਰ:-
ਉਰਦੂ ਕਾ ਮੁਹਾਫ਼ਿਜ਼ ਹੈ, ਹਿੰਦੂ ਨਾ ਮੁਸਲਮਾਂ ਹੀ,
ਬੇਗੋਦ ਸੇ ਬੱਚੇ ਕੋ ਅਬ ਕਿਸਨੇ ਉਠਾਨਾ ਹੈ।
ਇਹ ਗੱਲ ਵਖਰੀ ਹੈ ਕਿ ਡਿਜੀਟਲ ਮੀਡੀਆ ਦੇ ਇਸ ਯੁੱਗ 'ਚ ਚੰਡੀਗੜ੍ਹ ਦੀ ਇਸ ਅਕਾਦਮੀ ਵਰਗੀਆਂ ਕੁਝ ਸੰਸਥਾਵਾਂ ਨੇ ਛਪੇ ਹੋਏ ਅੱਖਰਾਂ ਦੀ ਲਾਜ ਰੱਖੀ ਹੋਈ ਹੈ। ਅਕਾਦਮੀ ਵਲੋਂ ਪੁਸਤਕਾਂ ਲਿਖਣ ਵਾਲਿਆਂ ਦੀ ਰਾਸ਼ੀ ਨੂੰ 25,000 ਰੁਪਏ ਤੋਂ ਦੁੱਗਣੀ ਕਰਨਾ ਇਸ ਦੀ ਪੁਸ਼ਟੀ ਕਰਦਾ ਹੈ। ਜੇ ਇਸ ਵਿਚ ਅਨੁਵਾਦਤ ਪੁਸਤਕ ਲਈ ਸਨਮਾਨੇ ਗਏ ਜਗਦੀਪ ਸਿੱਧੂ ਤੇ ਆਲੋਚਨਾ ਵਾਲੇ ਡਾ. ਜਸਪਾਲ ਸਿੰਘ ਨੂੰ ਵੀ ਚੇਤੇ ਕਰ ਲਈਏ ਤਾਂ ਚੰਡੀਗੜ੍ਹ ਸਾਹਿਤ ਅਕਾਦਮੀ ਦੀ ਕਲਗੀ ਨੂੰ ਦੋ ਹੋਰ ਖੰਭ ਲੱਗ ਜਾਂਦੇ ਹਨ।
ਜਿਨ੍ਹਾਂ ਲੇਖਕਾਂ ਨੂੰ ਉਨ੍ਹਾਂ ਦੀਆਂ ਪੁਸਤਕਾਂ ਲਈ ਸਨਮਾਨਿਤ ਕੀਤਾ ਗਿਆ ਉਨ੍ਹਾਂ 'ਚ ਲੋਕ ਗੀਤ ਪ੍ਰਕਾਸ਼ਨ ਦਾ ਹਰੀਸ਼ ਜੈਨ 'ਗੁਨਾਹਗਾਰ' ਨਾਂਅ ਦੇ ਪੰਜਾਬੀ ਨਾਟਕ ਲਈ, ਸ਼ਸ਼ੀ ਪ੍ਰਭਾ ਦੀ 'ਮੈਨੇ ਪੂਛਾ ਪਾਪਾ ਸੇ', ਪ੍ਰੇਮ ਵਿੱਜ ਦੀ 'ਮਿਹਨਤ ਦਾ ਫਲ', ਮੁਰਾਰੀ ਲਾਲ ਅਰੋੜਾ 'ਏਕ ਸ਼ਾਮ ਬੱਚੋਂ ਕੇ ਨਾਮ' (ਹਿੰਦੀ)', ਰਾਜੇਸ਼ ਅਤਰੇ ਹਿੰਦੀ ਨਾਟਕ 'ਤਿਆਗ ਯਾ ਪ੍ਰਤੀਯਾਗ', ਵਿਜੇ ਕਪੂਰ ਹਿੰਦੀ ਕਾਵਿ ਸੰਗ੍ਰਹਿ 'ਬਹਿ ਜਾਨੇ ਕੇ ਬਾਦ', ਮੋਹਨ ਲਾਲ ਜਾਟ 'ਚੰਡੀਗੜ੍ਹ ਤੂੰ ਮੈਂ', ਰਾਜਿੰਦਰ ਧਵਨ 'ਮੈਂ ਸਾਗਰ ਖਾਰਾ ਤੁਮ ਨਦੀ ਮੀਠੀ' ਤੋਂ ਇਲਾਵਾ ਬ੍ਰਿਜ ਭੂਸ਼ਨ, ਮਨੋਜ ਕੁਮਾਰ, ਰਵਿੰਦਰ ਟੰਡਨ, ਹਰਲੀਨ ਕੌਰ, ਸਰਦਾਰੀ ਲਾਲ ਧਵਨ, ਸਤੀਸ਼ ਥਿੰਦ, ਦਵਿੰਦਰ ਕੌਰ, ਸਿਮਰਜੀਤ ਕੌਰ ਗਰੇਵਾਲ, ਹਰਦੇਵ ਚੌਹਾਨ, ਗੁਰਦਰਸ਼ਨ ਸਿੰਘ ਮਾਵੀ ਤੇ ਸ਼ੁਭਾਸ਼ ਸ਼ਰਮਾ ਵੀ ਸਨਮਾਨੇ ਗਏ। ਜੇ ਇਨ੍ਹਾਂ 'ਚ ਪੰਕਜ ਮਾਲਵੀਆ ਦੀ 'ਥੀਏਟਰ ਕੇ ਬਾਦ', ਰਾਜਿੰਦਰ ਨਿਸ਼ੇਸ਼ ਦੀ 'ਸੂਰਜ ਦਾ ਘੋੜਾ', ਯੋਜਨਾ ਰਾਵਤ ਦੀ 'ਪੂਰਵਰਾਗ', ਵਿਜੇ ਕਪੂਰ ਦੀ 'ਤੁਮ ਹੀ ਬਤਾਓ', ਹਰਬੰਸ ਕੌਰ ਗਿੱਲ ਦੀ 'ਕੜਕ ਕਲੇਜੇ ਮਾਹਿ', ਬਹਾਦਰ ਸਿੰਘ ਗੋਸਲ ਦੀ 'ਮੇਰੀਆਂ ਸ੍ਰੇਸ਼ਟ ਬਾਲ ਕਹਾਣੀਆਂ', ਲਿੱਲੀ ਸਵਰਨ ਦੀ 'ਡਿਵਾਈਨ ਡਾਇਲੈਕਟ ਆਫ ਫਲਾਵਰ' ਅਤੇ ਰਾਜਬੀਰ ਦੇਸਵਾਲ ਦੀ ਪੁਸਤਕ ਵੀ ਗਿਣ ਲਈਏ ਤਾਂ ਇਨ੍ਹਾਂ ਦੀ ਗਿਣਤੀ ਢਾਈ ਦਰਜਨ ਤੋਂ ਵਧ ਜਾਂਦੀ ਹੈ।
ਇਨ੍ਹਾਂ ਸਮਾਗਮਾਂ ਦੇ ਮੁੱਖ ਮਹਿਮਾਨ ਤੇ ਪ੍ਰਧਾਨ ਸ੍ਰੀ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ, ਡਾ. ਰਤਨ ਸਿੰਘ ਵਾਈਸ ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਉਪਨ ਯੂਨੀਵਰਸਟੀ ਪਟਿਆਲਾ ਤੇ ਮਾਧਵ ਕੌਸ਼ਿਕ ਪ੍ਰਧਾਨ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਸਨ, ਜਿਨ੍ਹਾਂ ਦੀ ਭਾਵਨਾ ਗੁਲਾਬ ਚੰਦ ਕਟਾਰੀਆ ਦੇ ਬੋਲਾਂ ਤੋਂ ਸਪੱਸ਼ਟ ਹੈ। ਉਨ੍ਹਾਂ ਨੇ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਹਿ ਕੇ ਵਡਿਆਇਆ ਤੇ ਇਸ ਨੂੰ ਠੀਕ ਦਿਸ਼ਾ ਵੱਲ ਲਿਜਾਣ ਵਾਲਾ ਚਾਨਣ ਮੁਨਾਰਾ ਦੱਸਿਆ। ਉਨ੍ਹਾਂ ਨੇ ਹੁਣ ਤੱਕ ਮਿਲੀਆਂ ਸੇਧਾਂ ਦਾ ਗੁਣਗਾਇਨ ਕਰਦਿਆਂ ਅਜੋਕੇ ਸਾਹਿਤਕਾਰਾਂ ਤੋਂ ਵੀ ਇਹੀ ਆਸ ਪ੍ਰਗਟਾਈ ਕਿ ਉਹ ਵੀ ਸਾਡੀਆਂ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨਗੇ। ਉਨ੍ਹਾਂ ਨੇ ਸਾਹਿਤ ਨੂੰ ਆਪੋ-ਆਪਣੇ ਯੁੱਗ ਦਾ ਮਾਰਗਦਰਸ਼ਕ ਕਹਿ ਕੇ ਨਵੇਂ ਸਾਹਿਤਕਾਰਾਂ ਦੀ ਮਹਿਮਾ ਕੀਤੀ। ਉਨ੍ਹਾਂ ਨੇ ਸਾਹਿਤ ਨੂੰ ਆਪੋ-ਆਪਣੇ ਯੁੱਗ ਦਾ ਗਹਿਣਾ ਕਹਿ ਕੇ ਵਡਿਆਇਆ ਤੇ ਇਸ ਤੋਂ ਸੱਭਿਆਚਾਰਕ ਚੇਤਨਾ ਤੇ ਬੌਧਿਕ ਗਹਿਰਾਈ ਦੀ ਆਸ ਜਤਾ ਕੇ ਨਵੇਂ ਤੇ ਪੁਰਾਣੇ ਲੇਖਕਾਂ ਨੂੰ ਪਹਿਰੇਦਾਰੀ ਕਾਇਮ ਰੱਖਣ ਦੀ ਅਪੀਲ ਕੀਤੀ।
ਅੰਤਿਕਾ
[ਮਿਰਜ਼ਾ ਗ਼ਾਲਿਬ]
ਮੰਜ਼ਰ ਏਕ ਬੁਲੰਦੀ ਪਰ ਔਰ ਹਮ ਬਨਾ ਸਕਤੇ,
ਕਾਸ਼ ਕਿ ਇਧਰ ਹੋਤਾ ਅਰਸ਼ ਸੇ ਮਕਾਂ ਅਪਨਾ।
ਈ-ਮੇਲ : sandhugulzar@yahoo.com