ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਿੱਖਿਆ ਸ਼ਾਸ਼ਤਰੀ ਸਵਰਨ ਸਿੰਘ ਭੰਗੂ ਦਾ ਤੁਰ ਜਾਣਾ

Ad Position 21
No active advertisement
ਅਜੀਤ ਡੈਸਕ 07-06-2026

ਲੇਖਕ, ਪੱਤਰਕਾਰ, ਬੁੱਧੀਜੀਵੀ, ਸਿੱਖਿਆ ਸ਼ਾਸ਼ਤਰੀ, ਸੰਵੇਦਨਸ਼ੀਲ ਮਨੁੱਖ ਤੇ ਆਪਣੇ ਜੀਵਨ ਵਿਚ ਹਰ ਵੇਲੇ ਲੋਕ ਹਿਤਾਂ ਲਈ ਸੰਘਰਸ਼ਸ਼ੀਲ ਰਹੇ ਸਵਰਨ ਸਿੰਘ ਭੰਗੂ ਦੇ ਇਸ ਫਾਨੀ ਦੁਨੀਆ ਤੋਂ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਤੁਰ ਜਾਣ ਦੀ ਖ਼ਬਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਨਸ਼ਰ ਹੋ ਕੇ ਉਨ੍ਹਾਂ ਦੇ ਮਿੱਤਰਾਂ-ਸੱਜਣਾ, ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਰੱਖਣ ਵਾਲੇ ਅਤੇ ਹੋਰ ਲੋਕਾਂ ਤੱਕ ਪਹੁੰਚੀ ਤਾਂ ਸਭ ਦੇ ਮੂੰਹੋਂ ਇਹੋ ਸ਼ਬਦ ਨਿਕਲੇ ਕਿ ਇਹ ਕੀ ਭਾਣਾ ਵਰਤ ਗਿਆ? ਚਾਰੇ ਪਾਸੇ ਚੁੱਪ ਤੇ ਮਾਤਮ ਦਾ ਮਾਹੌਲ ਪਸਰ ਗਿਆ। ਜਿਸ ਤੱਕ ਵੀ ਭੰਗੂ ਸਾਹਿਬ ਦੇ ਅਕਾਲ ਚਲਾਣੇ ਦੀ ਖਬਰ ਪਹੁੰਚੀ, ਉਸ ਨੂੰ ਲੱਗਾ ਕਿ ਉਸ ਨੂੰ ਨਿੱਜੀ ਘਾਟਾ ਪੈ ਗਿਆ ਹੈ।
ਹਰ ਇਕ ਦੇ ਮੂੰਹੋਂ ਇਹੋ ਸ਼ਬਦ ਨਿਕਲੇ, ਉਹ ਗਰੀਬਾਂ ਦਾ ਹਮਦਰਦ ਸੀ, ਮਿੱਤਰ ਪਿਆਰਾ ਰਾਂਗਲਾ ਸੱਜਣ ਸੀ ਅਤੇ ਆਪਣੇ ਲਈ ਘੱਟ ਦੂਜਿਆਂ ਲਈ ਜ਼ਿਆਦਾ ਜਿਊਣ ਵਾਲਾ ਇਨਸਾਨ ਸੀ। ਸਿਰਫ਼ ਇਕ ਦਿਨ ਪਹਿਲਾਂ ਭੰਗੂ ਸਾਹਿਬ ਨਾਲ ਫ਼ੋਨ 'ਤੇ ਹੋਈ ਲੰਬੀ ਗੱਲ ਤੋਂ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਉਨ੍ਹਾਂ ਨਾਲ ਆਖ਼ਰੀ ਗੱਲਬਾਤ ਹੋਵੇਗੀ। ਇਕ ਜਨਵਰੀ 1955 ਨੂੰ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਕਿਸਾਨੀ ਪਰਿਵਾਰ 'ਚ ਜਨਮੇ ਸਵਰਨ ਸਿੰਘ ਭੰਗੂ ਸ੍ਰੀ ਚਮਕੌਰ ਸਾਹਿਬ ਤੋਂ ਅੱਠ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਚੂਹੜ ਮਾਜਰਾ ਦੇ ਜੰਮਪਲ ਸਨ। ਉਨ੍ਹਾਂ ਨੇ ਬਿਨਾਂ ਰਸਮਾਂ ਤੇ ਦਾਜ ਤੋਂ ਇਕ ਦੂਜੇ ਦੇ ਹਾਰ ਪਾ ਕੇ ਆਦਰਸ਼ ਵਿਆਹ ਦੀ ਮਿਸਾਲ ਪੇਸ਼ ਕੀਤੀ ਸੀ। ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਪੰਜਾਬੀ ਅਧਿਆਪਕਾ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ ਅਤੇ ਇਸ ਸਮੇਂ ਪੰਜਾਬੀ ਫ਼ਿਲਮ ਨਗਰੀ ਵਿਚ ਨਾਮਵਰ ਅਦਾਕਾਰਾ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਦਾ ਪੁੱਤਰ ਅਮਰਜੀਤ ਪਾਲੀ ਅਤੇ ਨੂੰਹ ਆਸਟ੍ਰੇਲੀਆ ਵਿਚ ਨੌਕਰੀ ਕਰਦੇ ਹਨ। ਸਰਵਨ ਸਿੰਘ ਭੰਗੂ ਲੰਬੇ ਸਮੇਂ ਤੱਕ ਰੋਪੜ ਤੋਂ 'ਅਜੀਤ' ਦੇ ਸਟਾਫ਼ ਰਿਪੋਰਟਰ ਵੀ ਰਹੇ। 'ਅਜੀਤ' ਵਿਚ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਸੰਬੰਧੀ ਚੇਤਨ ਕਰਨ ਵਾਲੇ ਉਨ੍ਹਾਂ ਦੇ ਲੇਖ ਵੀ ਛਪਦੇ ਰਹੇ। ਉਹ ਹਰ ਵਿਸ਼ੇ 'ਤੇ ਵੱਖ-ਵੱਖ ਅਖ਼ਬਾਰਾਂ ਲਈ ਲੇਖ ਲਿਖਦੇ ਰਹੇ। ਸਿੱਖਿਆ ਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਪਾਠਕਾਂ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ। ਉਨ੍ਹਾਂ ਨੇ ਦੁਬਈ ਵਿਚ ਤਿੰਨ ਸਾਲ ਮਜ਼ਦੂਰੀ ਵੀ ਕੀਤੀ। ਦੁਬਈ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਗਟਾਉਣ ਵਾਲੀ ਪੁਸਤਕ 'ਮੈਂ ਨਾਸਤਿਕ ਕਿਉਂ ਹਾਂ' ਨੂੰ ਪੜ੍ਹ ਕੇ ਉਨ੍ਹਾਂ ਨੇ ਪ੍ਰਗਤੀਵਾਦੀ ਵਿਚਾਰਧਾਰਾ ਵਾਲੀ ਪਾਰਟੀ ਨਾਲ ਜੁੜਨ ਦਾ ਮਨ ਬਣਾ ਲਿਆ। ਉਨ੍ਹਾਂ ਨੇ ਆਪਣੇ ਦੇਸ਼ ਵਿਚ ਆ ਕੇ ਇਕ ਪ੍ਰਿੰਟਿੰਗ ਪ੍ਰੈੱਸ ਦੀ ਸ਼ੁਰੂਆਤ ਕੀਤੀ ਪਰ ਉਸ ਕਿੱਤੇ ਤੋਂ ਸੰਤੁਸ਼ਟੀ ਨਾ ਮਿਲਣ ਕਾਰਨ ਉਹ ਇਕ ਇਨਕਲਾਬੀ ਪਾਰਟੀ ਦੇ ਕੁਲਵਰਤੀ ਕਾਰਜਕਰਤਾ ਬਣ ਗਏ। ਉਨ੍ਹਾਂ ਨੇ 60 ਵਾਰ ਖੂਨ ਦਾਨ ਕੀਤਾ ਸੀ। ਉਨ੍ਹਾਂ ਨੇ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕੀਤਾ ਹੋਇਆ ਸੀ ਅਤੇ ਪਰਿਵਾਰ ਵਲੋਂ ਇਸ 'ਤੇ ਅਮਲ ਵੀ ਕੀਤਾ ਗਿਆ। ਉਨ੍ਹਾਂ ਨੇ ਆਪਣੀ ਜਾਇਦਾਦ ਦਾ ਕਾਫ਼ੀ ਹਿੱਸਾ ਇਕ ਸੰਸਥਾ ਨੂੰ ਦਾਨ ਕੀਤਾ ਹੋਇਆ ਹੈ। ਉਨ੍ਹਾਂ 'ਤੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਵਿਚਾਰਾਂ ਦਾ ਬਹੁਤ ਪ੍ਰਭਾਵ ਸੀ। ਉਨ੍ਹਾਂ ਨੇ ਆਪਣੀ ਪਤਨੀ ਦੀ ਨਾਟਕ ਖੇਡਣ ਦੀ ਦਿਲਚਸਪੀ ਨੂੰ ਵੇਖਦਿਆਂ ਉਸ ਨੂੰ ਨਾਟਕ ਖੇਡਣ ਲਈ ਉਤਸ਼ਾਹਿਤ ਕੀਤਾ। ਭੰਗੂ ਸਾਹਿਬ ਦੇ ਯੋਗਦਾਨ ਕਾਰਨ ਹੀ ਅੱਜ ਉਨ੍ਹਾਂ ਦੀ ਪਤਨੀ ਦੇਸ਼-ਵਿਦੇਸ਼ 'ਚ ਇਕ ਚਰਚਿਤ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਉਹ ਜ਼ਿੰਦਗੀ ਦੇ ਆਖ਼ਰੀ ਪਲਾਂ ਤੱਕ ਦੇਸ਼ ਦੀ ਸਿੱਖਿਆ ਦੀ ਮੰਦਹਾਲੀ ਪ੍ਰਤੀ ਫਿਕਰਮੰਦ ਰਹੇ ਅਤੇ ਸਿੱਖਿਆ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ।
ਉਹ ਸ੍ਰੀ ਚਮਕੌਰ ਸਾਹਿਬ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਇੱਕਠਾ ਕਰਕੇ ਚੇਤਨਾ ਮਾਰਚ ਕੱਢਦੇ ਰਹੇ। ਉਨ੍ਹਾਂ ਨੇ 1996 ਵਿਚ ਪੇਂਡੂ ਸਿੱਖਿਆ ਪ੍ਰਤੀ ਸਰਕਾਰਾਂ ਦਾ ਧਿਆਨ ਦਿਵਾਉਣ ਲਈ ਪੇਂਡੂ ਸਕੂਲਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਦੀ ਗੱਲ ਕਰਦਾ 'ਸਾਡੀ ਵੀ ਸੁਣੋ' ਇਕ ਕਿਤਾਬਚਾ ਕੱਢਿਆ। ਉਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਬੱਸੀ ਗੁੱਜਰਾਂ ਵਿਖੇ ਕੰਗ ਮੈਮੋਰੀਅਲ ਨਾਂਅ ਦੀ ਇਕ ਸਿੱਖਿਆ ਸੰਸਥਾ ਖੋਲ੍ਹੀ। ਇਸ ਸਿੱਖਿਆ ਸੰਸਥਾ ਦਾ ਉਦੇਸ਼ ਨਿਸ਼ਕਾਮ ਸੇਵਾ ਤੇ ਪ੍ਰਤੀਬੱਧਤਾ ਨੂੰ ਮਿਥਿਆ ਗਿਆ। ਇਸ ਸੰਸਥਾ ਵਿਚ ਬਹੁਤ ਸਾਰੇ ਗਰੀਬ ਬੱਚਿਆਂ ਨੂੰ ਬਿਨਾਂ ਫੀਸ ਤੋਂ 12ਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸੰਸਥਾ ਤੋਂ ਪੜ੍ਹੇ ਹੋਏ ਬੱਚੇ ਡਾਕਟਰ, ਜੱਜ, ਪਾਇਲਟ, ਦੇਸ਼-ਵਿਦੇਸ਼ਾਂ ਵਿਚ ਇੰਜੀਨੀਅਰ ਬਣ ਕੇ ਸੇਵਾਵਾਂ ਨਿਭਾਅ ਰਹੇ ਹਨ। ਇਸ ਸੰਸਥਾ ਵਿਚ ਸਮੇਂ-ਸਮੇਂ 'ਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਆਈ.ਏ.ਐੱਸ., ਆਈ.ਪੀ.ਐੱਸ., ਪੀ.ਸੀ.ਐੱਸ., ਸਿੱਖਿਆ ਮਾਹਿਰਾਂ ਅਤੇ ਹੋਰ ਪ੍ਰਬੁੱਧ ਵਿਅਕਤੀਆਂ ਨੂੰ ਬੁਲਾਇਆ ਜਾਂਦਾ ਹੈ। ਭੰਗੂ ਸਾਹਿਬ ਇਸ ਸੰਸਥਾ ਦੇ ਡਾਇਰੈਕਟਰ ਸਨ। ਉਹ ਕਈ ਸਮਾਜਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸਨ। ਅੱਜ ਬੇਸ਼ੱਕ ਸਰੀਰਕ ਤੌਰ 'ਤੇ ਉਹ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀਆਂ ਸਿੱਖਿਆ ਅਤੇ ਸਮਾਜ ਪ੍ਰਤੀ ਸੇਵਾਵਾਂ ਸਦਕਾ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

-ਮੋਬਾਈਲ : 98726 27136

Ad Position 22
No active advertisement
ਪਿਛਲੀ ਖ਼ਬਰ ਬੇਹੱਦ ਜ਼ਰੂਰੀ ਹੈ ਅੰਨ ਦੀ ਬਰਬਾਦੀ ਨੂੰ ਰੋਕਣਾ ਅਗਲੀ ਖ਼ਬਰ ਖੜੋਤ ਅਤੇ ਮਹਿੰਗਾਈ ਦੇ ਰਾਹ 'ਤੇ ਹੈ ਦੇਸ਼ ਦੀ ਆਰਥਿਕਤਾ
Ad Position 24
No active advertisement