ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬੇਹੱਦ ਜ਼ਰੂਰੀ ਹੈ ਅੰਨ ਦੀ ਬਰਬਾਦੀ ਨੂੰ ਰੋਕਣਾ

Ad Position 21
No active advertisement
ਅਜੀਤ ਡੈਸਕ 07-06-2026

ਅਨਾਜ ਸੰਬੰਧੀ ਕੌਮਾਂਤਰੀ ਸੰਸਥਾ ਐਫ਼.ਏ.ਓ. (ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ) ਦੀ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਭਰ ਦੇ ਕੁੱਲ ਭੋਜਨ ਦਾ 5ਵਾਂ ਹਿੱਸਾ ਭਾਵ 20 ਫ਼ੀਸਦੀ ਹਿੱਸਾ ਵੱਖ-ਵੱਖ ਕਾਰਨਾਂ ਕਰਕੇ ਬਰਬਾਦ ਹੋ ਜਾਂਦਾ ਹੈ ਤੇ ਇਸ ਬਰਬਾਦ ਹੋਏ ਭੋਜਨ ਦੀ ਕੁੱਲ ਕੀਮਤ 1 ਟ੍ਰਿਲੀਅਨ ਡਾਲਰ ਭਾਵ 1 ਲੱਖ ਕਰੋੜ ਰੁਪਏ ਸਾਲਾਨਾ ਬਣਦੀ ਹੈ। ਇਸੇ ਮਾਮਲੇ ਵਿਚ ਜੇ ਦੁਨੀਆ ਤੋਂ ਬਾਅਦ ਭਾਰਤ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਹਰ ਸਾਲ 92 ਹਜ਼ਾਰ ਕਰੋੜ ਰੁਪਏ ਦੀ ਕੀਮਤ ਦਾ 78 ਮਿਲੀਅਨ ਟਨ ਭੋਜਨ ਬੇਕਾਰ ਚਲਾ ਜਾਂਦਾ ਹੈ, ਜੋ 55 ਕਿਲੋਗ੍ਰਾਮ ਪ੍ਰਤੀ ਵਿਅਕਤੀ ਸਾਲਾਨਾ ਬਣਦਾ ਹੈ ਤੇ ਇਸ ਭੋਜਨ ਨੂੰ ਜੇ ਕਿਸੇ ਤਰ੍ਹਾਂ ਬਰਬਾਦ ਹੋਣ ਤੋਂ ਬਚਾਅ ਲਿਆ ਜਾਵੇ ਤਾਂ ਬਿਹਾਰ ਦੀ ਕੁੱਲ ਆਬਾਦੀ ਨੂੰ ਇਕ ਸਾਲ ਲਈ ਭੋਜਨ ਕਰਵਾਇਆ ਜਾ ਸਕਦਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਰੋੜਾਂ ਨਾਗਰਿਕਾਂ ਵਾਲੇ ਸਾਡੇ ਦੇਸ਼ ਵਿਚ ਹਰ ਸਾਲ 21 ਮਿਲੀਅਨ ਮੀਟ੍ਰਿਕ ਟਨ ਭਾਵ 2 ਕਰੋੜ ਮੀਟ੍ਰਿਕ ਟਨ ਤੋਂ ਵੱਧ ਕਣਕ ਖ਼ਰਾਬ ਹੋ ਜਾਂਦੀ ਹੈ। ਵਿਸ਼ਵ ਭਰ 'ਚ ਹੁੰਦੀ ਅੰਨ ਦੀ ਬਰਬਾਦੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸੰਯੁਕਤ ਰਾਸ਼ਟਰ ਸੰਘ ਦੀ ਖੁਰਾਕ ਤੇ ਖੇਤੀਬਾੜੀ ਸੰਬੰਧੀ ਸੰਸਥਾ (ਐਫ਼.ਏ.ਓ.) ਦੇ ਉੱਦਮ ਸਦਕਾ ਸਾਲ 2019 ਵਿਚ ਪਹਿਲੀ ਵਾਰ 'ਵਿਸ਼ਵ ਭੋਜਨ ਸੁਰੱਖਿਆ ਦਿਵਸ' ਮਨਾਇਆ ਗਿਆ ਅਤੇ 'ਅਦੀਸਾ ਅਬਾਬਾ ਕਾਨਫਰੰਸ' ਤੇ 'ਜਨੇਵਾ ਫੋਰਮ' ਜਿਹੇ ਵਿਸ਼ਵ ਪੱਧਰੀ ਸਮਾਗਮ ਕਰਵਾਏ ਗਏ, ਜਿਨ੍ਹਾਂ 'ਚ ਅੰਨ ਦੀ ਬਰਬਾਦੀ ਰੋਕਣ ਲਈ ਗੰਭੀਰ ਵਿਚਾਰ ਚਰਚਾ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਭੋਜਨ ਬਚਾਉਣ ਦਾ ਸੰਕਲਪ ਅਸਲ ਵਿਚ ਦੂਹਰੇ ਅਰਥ ਰੱਖਦਾ ਹੈ। ਇਸ ਦਾ ਇਕ ਅਰਥ ਹੈ ਭੋਜਨ ਬਚਾਓ ਭਾਵ ਭੋਜਨ ਨੂੰ ਬਰਬਾਦ ਹੋਣ ਤੋਂ ਬਚਾਉਣਾ ਅਤੇ ਦੂਜਾ ਅਰਥ ਹੈ ਸੁਰੱਖਿਅਤ ਭੋਜਨ ਭਾਵ ਭੋਜਨ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣਾ ਤੇ ਉਸ ਦੇ ਅੰਦਰਲੇ ਪੌਸ਼ਟਿਕ ਤੱਤਾਂ ਦੀ ਰਾਖੀ ਕਰਕੇ ਉਸ ਨੂੰ ਖਾਣ ਯੋਗ ਬਣਾਉਣਾ। ਸਾਲ 2025 'ਚ ਮਨਾਏ ਗਏ ਇਸ ਦਿਵਸ ਲਈ ਚੁਣਿਆ ਗਿਆ ਥੀਮ ਸੀ 'ਭੋਜਨ ਸੁਰੱਖਿਆ : ਅਮਲ ਵਿਚ ਵਿਗਿਆਨ'। ਇਸ ਥੀਮ ਨੇ ਦੱਸਿਆ ਕਿ ਖਾਣ ਯੋਗ ਭੋਜਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਵਿਗਿਆਨ ਕਿੰਨਾ ਜ਼ਰੂਰੀ ਹੈ। ਹੁਣ ਸਾਲ 2026 'ਚ ਮਨਾਏ ਜਾ ਰਹੇ 'ਵਿਸ਼ਵ ਭੋਜਨ ਸੁਰੱਖਿਆ ਦਿਵਸ' ਦਾ ਥੀਮ ਹੈ 'ਬੋਝ ਤੋਂ ਹੱਲ ਤੱਕ : ਹਰ ਥਾਂ ਸੁਰੱਖਿਅਤ ਭੋਜਨ'। ਭਾਵ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਭਾਵ ਨੂੰ ਘਟਾਉਣਾ ਅਤੇ ਵਿਗਿਆਨ ਆਧਾਰਿਤ ਹੱਲ ਲੱਭਣਾ ਹੈ ਤਾਂ ਜੋ ਹਰ ਕਿਸੇ ਨੂੰ ਸੁਰੱਖਿਅਤ ਭੋਜਨ ਮਿਲ ਸਕੇ।
ਉਂਝ ਅੱਜ ਦੇ ਦਿਨ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਵੀ ਹੈ ਕਿ ਹਰ 10 'ਚੋਂ ਇਕ ਵਿਅਕਤੀ ਅਸੁਰੱਖਿਅਤ ਭੋਜਨ ਕਰਕੇ ਬਿਮਾਰ ਹੋ ਰਿਹਾ ਹੈ। ਸਿਹਤ ਮਾਹਿਰਾਂ ਅਨੁਸਾਰ ਵਿਸ਼ਵ ਪੱਧਰ 'ਤੇ ਔਸਤਨ ਪ੍ਰਤੀ ਦਿਨ 16 ਲੱਖ ਤੋਂ ਵੱਧ ਲੋਕ ਅਸੁਰੱਖਿਅਤ ਭੋਜਨ ਕਰਕੇ ਬਿਮਾਰ ਹੁੰਦੇ ਹਨ ਤੇ 4 ਲੱਖ 20 ਹਜ਼ਾਰ ਵਿਅਕਤੀ ਹਰ ਸਾਲ ਮੌਤ ਦੇ ਮੂੰਹ 'ਚ ਜਾ ਪੈਂਦੇ ਹਨ। ਖ਼ਰਾਬ ਭੋਜਨ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਕਰਕੇ ਹਰ ਰੋਜ਼ 5 ਸਾਲ ਤੋਂ ਘੱਟ ਉਮਰ ਦੇ 340 ਬੱਚੇ ਮੌਤ ਦੇ ਸ਼ਿਕਾਰ ਬਣ ਜਾਂਦੇ ਹਨ। ਹੈਜ਼ੇ ਤੋਂ ਲੈ ਕੇ ਕੈਂਸਰ ਤੱਕ ਲਗਭਗ 200 ਦੇ ਕਰੀਬ ਬਿਮਾਰੀਆਂ ਖ਼ਰਾਬ ਭੋਜਨ ਪਦਾਰਥਾਂ ਕਰਕੇ ਪੈਦਾ ਹੁੰਦੀਆਂ ਹਨ। ਭਾਰਤ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਮੁੰਬਈ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਰੋਜ਼ਾਨਾ 6300 ਮੀਟ੍ਰਿਕ ਟਨ ਠੋਸ ਕੂੜਾ ਬਣਦਾ ਹੈ, ਜਿਸ ਦਾ 73 ਫ਼ੀਸਦੀ ਹਿੱਸਾ ਭਾਵ 4500 ਮੀਟ੍ਰਿਕ ਟਨ ਤਾਂ ਬਰਬਾਦ ਹੋਇਆ ਜਾਂ ਜੂਠਾ ਕਰਕੇ ਸੁੱਟਿਆ ਗਿਆ ਭੋਜਨ ਹੁੰਦਾ ਹੈ। ਅਜਿਹਾ ਹਾਲ ਦਿੱਲੀ, ਬੈਂਗਲੁਰੂ ਤੇ ਹੋਰ ਵੱਡੇ ਸ਼ਹਿਰਾਂ ਦਾ ਵੀ ਹੈ। ਭੋਜਨ ਸੁਰੱਖਿਆ ਲਈ ਕਿਸਾਨ ਦਾ ਫ਼ਰਜ਼ ਹੈ ਕਿ ਉਹ ਸਾਫ਼-ਸੁਥਰਾ ਤੇ ਸੁਰੱਖਿਅਤ ਅੰਨ ਉਗਾਵੇ, ਵਪਾਰੀ ਦਾ ਫ਼ਰਜ਼ ਹੈ ਕਿ ਉਹ ਇਸ ਨੂੰ ਸੁਰੱਖਿਅਤ ਸੰਭਾਲੇ, ਸਰਕਾਰ ਦਾ ਫ਼ਰਜ਼ ਹੈ ਕਿ ਉਹ ਅੰਨ ਦੀ ਹਰ ਪੱਧਰ 'ਤੇ ਰਾਖੀ ਤੇ ਸੰਭਾਲ ਨੂੰ ਯਕੀਨੀ ਬਣਾਵੇ। ਅਖ਼ੀਰ 'ਚ ਉਪਭੋਗਤਾ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅੰਨ ਨੂੰ ਸੁਰੱਖਿਆਪੂਰਵਕ ਤੇ ਸਹੀ ਮਾਤਰਾ 'ਚ ਵਰਤੇ ਤੇ ਅੰਨ ਨੂੰ ਕਿਸੇ ਵੀ ਹਾਲਤ ਵਿਚ ਬਰਬਾਦ ਨਾ ਹੋਣ ਦੇਵੇ।
ਕੈਨੇਡਾ ਵਿਚ ਭੋਜਨ ਦੀ ਬਰਬਾਦੀ ਰੋਕਣ ਲਈ ਸਰਕਾਰ ਭੋਜਨ ਦੀ ਪੈਦਾਵਾਰ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਕੋਲੋਂ ਅਣਵਰਤੇ ਤੇ ਅਣਵਿਕੇ ਭੋਜਨ ਪਦਾਰਥ ਜਾਂ ਅੰਨ ਲੈ ਲੈਂਦੀ ਹੈ ਤੇ ਉਸ ਭੋਜਨ ਨੂੰ ਪਕਾ ਕੇ ਹਜ਼ਾਰਾਂ ਲੋੜਵੰਦਾਂ ਤੱਕ ਪਹੁੰਚਾ ਦਿੰਦੀ ਹੈ। ਸਵੀਡਨ ਵਿਚ ਹਰ ਸਾਲ ਘਰਾਂ 'ਚੋਂ ਇਕੱਠੇ ਕੀਤੇ 22 ਮਿਲੀਅਨ ਟਨ ਭਾਵ 2.2 ਕਰੋੜ ਟਨ ਜੂਠੇ ਭੋਜਨਯੁਕਤ ਠੋਸ ਕੂੜੇ ਨੂੰ ਬਿਜਲੀ ਪੈਦਾ ਕਰਨ ਲਈ ਵਰਤ ਲਿਆ ਜਾਂਦਾ ਹੈ ਤੇ ਬਰਬਾਦ ਨਹੀਂ ਹੋਣ ਦਿੱਤਾ ਜਾਂਦਾ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਸਮੇਤ ਸਮੂਹ ਏਸ਼ੀਆਈ ਮੁਲਕਾਂ ਨੂੰ ਅੰਨ ਦੀ ਬਰਬਾਦੀ ਰੋਕਣ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ, ਕਿਉਂਕਿ ਸੰਸਾਰ ਦੇ ਇਸ ਖਿੱਤੇ ਵਿਚ ਅੰਨ ਦੀ ਬਰਬਾਦੀ ਵੀ ਵੱਧ ਹੈ ਤੇ ਲੋੜ ਵੀ ਜ਼ਿਆਦਾ ਹੈ।

-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

Ad Position 22
No active advertisement
ਪਿਛਲੀ ਖ਼ਬਰ ਪੈਸੇ ਦੀ ਦੌੜ ਨੇ ਕਦਰਾਂ-ਕੀਮਤਾਂ ਨੂੰ ਪਿੱਛੇ ਛੱਡਿਆ ਅਗਲੀ ਖ਼ਬਰ ਸਿੱਖਿਆ ਸ਼ਾਸ਼ਤਰੀ ਸਵਰਨ ਸਿੰਘ ਭੰਗੂ ਦਾ ਤੁਰ ਜਾਣਾ
Ad Position 24
No active advertisement