ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪਿਛਲੇ ਲੰਮੇ ਸਮੇਂ ਤੋਂ ਗੜਬੜ ਵਾਲੇ ਹਾਲਾਤ ਬਣੇ ਹੋਏ ਹਨ, ਜੋ ਹੁਣ ਹੋਰ ਵਿਗੜ ਗਏ ਹਨ। ਪਹਿਲਾਂ ਹੀ ਬੇਹੱਦ ਉਲਝਣ 'ਚ ਫਸੇ ਤੇ ਵੱਖ-ਵੱਖ ਮੁਹਾਜ਼ਾਂ 'ਤੇ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਇਸ ਮੁਲਕ ਲਈ ਇਕ ਹੋਰ ਮੁਹਾਜ਼ ਖੁੱਲ੍ਹ ਗਿਆ ਹੈ। ਭਾਰਤ ਦੀਆਂ ਸਰਹੱਦਾਂ 'ਤੇ ਲਗਾਤਾਰ ਜ਼ਬਰਦਸਤ ਤਣਾਅ ਬਣਿਆ ਹੋਇਆ ਹੈ। ਇਸ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਅੱਗ ਦੇ ਭਾਂਬੜ ਮਚ ਰਹੇ ਹਨ। ਦੂਸਰੇ ਸੂਬੇ ਖ਼ੈਬਰ ਪਖ਼ਤੂਨਖਵਾ ਵਿਚ ਨਿੱਤ-ਦਿਨ ਗੋਲੀਆਂ-ਬੰਬ ਚਲ ਰਹੇ ਹਨ। ਅਫ਼ਗਾਨਿਸਤਾਨ ਨਾਲ ਇਸ ਦੀ ਸਰਹੱਦ ਲੱਗਦੇ ਹੋਣ ਕਾਰਨ ਇਥੋਂ ਦੇ ਬਾਗ਼ੀ ਪਾਕਿਸਤਾਨੀ ਤਾਲਿਬਾਨਾਂ ਨੇ ਅਫ਼ਗਾਨਿਸਤਾਨ ਵਿਚ ਪਨਾਹ ਲਈ ਹੋਈ ਹੈ ਤੇ ਇਹ ਆਪਣੀਆਂ ਹਿੰਸਕ ਤੇ ਸਖ਼ਤ ਕਾਰਵਾਈਆਂ ਨੂੰ ਉਥੋਂ ਅੰਜਾਮ ਦੇ ਰਹੇ ਹਨ, ਜਿਸ ਕਰਕੇ ਪਾਕਿਸਤਾਨ ਅਫ਼ਗਾਨਿਸਤਾਨ ਨਾਲ ਵੀ ਪੂਰੀ ਤਰ੍ਹਾਂ ਉਲਝ ਗਿਆ ਹੈ।
ਦੋਹਾਂ ਮੁਲਕਾਂ ਦੀਆਂ ਸਰਹੱਦਾਂ 'ਤੇ ਜੰਗ ਵਰਗੇ ਹਾਲਾਤ ਬਣੇ ਹੋਏ ਹਨ, ਜਿਨ੍ਹਾਂ ਨੇ ਉਸ ਲਈ ਬੇਹੱਦ ਚਿੰਤਾ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਮਕਬੂਜ਼ਾ ਕਸ਼ਮੀਰ ਦਾ ਬਹੁਤਾ ਹਿੱਸਾ ਪਾਕਿਸਤਾਨ ਨੇ 1947 'ਚ ਪਸ਼ਤੂਨ ਕਬਾਇਲੀਆਂ ਨਾਲ ਆਪਣੀ ਫ਼ੌਜ ਭੇਜ ਕੇ ਹਥਿਆ ਲਿਆ ਸੀ, ਉਸ ਸਮੇਂ ਕਸ਼ਮੀਰ ਵਿਚ ਮਹਾਰਾਜਾ ਹਰੀ ਸਿੰਘ ਦੀ ਸਰਕਾਰ ਸੀ। ਇਹ ਇਲਾਕਾ ਅੱਜ ਤੱਕ ਪਾਕਿਸਤਾਨ ਦੇ ਕਬਜ਼ੇ 'ਚ ਹੈ। ਪਾਕਿਸਤਾਨ ਨੇ ਇਸ ਸੰਬੰਧੀ ਇਕ ਹੋਰ ਵੀ ਗਹਿਰੀ ਸਾਜਿਸ਼ ਰਚਦਿਆਂ ਆਪਣੇ ਕਬਜ਼ੇ ਵਾਲੇ ਕਸ਼ਮੀਰ ਦਾ ਇਕ ਵੱਡਾ ਇਲਾਕਾ ਚੀਨ ਨਾਲ 1963 ਵਿਚ ਇਕ ਸਮਝੌਤਾ ਕਰਕੇ ਉਸ ਦੇ ਹਵਾਲੇ ਕਰ ਦਿੱਤਾ ਸੀ। ਆਪਣੇ ਕਬਜ਼ੇ ਵਾਲੇ ਗਿਲਗਿਤ ਤੇ ਬਾਲਤਿਸਤਾਨ ਵਿਚੋਂ ਵੀ ਉਹ ਚੀਨ ਨਾਲ ਸਮਝੌਤਾ ਕਰਕੇ ਵਪਾਰਕ ਲਾਂਘਾ ਬਣਵਾ ਰਿਹਾ ਹੈ। ਅਜਿਹਾ ਉਸ ਨੇ ਭਾਰਤ ਵਿਰੁੱਧ ਚੀਨ ਨੂੰ ਆਪਣੇ ਹੱਕ ਵਿਚ ਖੜ੍ਹਾ ਰੱਖਣ ਲਈ ਕੀਤਾ ਹੈ ਪਰ ਮਕਬੂਜ਼ਾ ਕਸ਼ਮੀਰ ਵਿਚ ਅੱਜ ਲੱਖਾਂ ਹੀ ਲੋਕ ਉੱਥੋਂ ਦੇ ਪ੍ਰਸ਼ਾਸਨ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ। ਲਗਭਗ ਪਿਛਲੇ ਇਕ ਹਫ਼ਤੇ ਤੋਂ ਉਥੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਦਿਨੀਂ ਰਾਵਲਕੋਟ ਸ਼ਹਿਰ ਵਿਚ ਲੱਖਾਂ ਹੀ ਬੰਦੇ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ, ਜਿਸ ਤੋਂ ਘਬਰਾ ਕੇ ਪਾਕਿਸਤਾਨੀ ਸੈਨਾ ਨੇ ਇਨ੍ਹਾਂ ਨਿਹੱਥੇ ਲੋਕਾਂ ਉੱਤੇ ਗੋਲੀਆਂ ਵਰਸਾਈਆਂ, ਜਿਸ ਵਿਚ ਦਰਜਨਾਂ ਹੀ ਲੋਕ ਮਾਰੇ ਗਏ ਤੇ ਸੈਂਕੜੇ ਹੀ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਜਾਇੰਟ ਅਵਾਮੀ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ, ਜੋ ਨਿੱਤ ਦਿਨ ਪਾਕਿਸਤਾਨੀ ਪ੍ਰਸ਼ਾਸਨ ਨੂੰ ਚੁਣੌਤੀਆਂ ਦੇ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਬੇਹੱਦ ਥੁੜਾਂ ਮਾਰੇ ਇਹ ਲੋਕ ਆਟਾ ਤੇ ਚਾਵਲ ਸਸਤੀਆਂ ਦਰਾਂ 'ਤੇ ਮੰਗ ਰਹੇ ਹਨ। ਬਿਜਲੀ ਵੀ ਇਹ ਵਾਜਿਬ ਦਰਾਂ 'ਤੇ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਮੁਢਲੇ ਹੱਕਾਂ ਦੀ ਵੀ ਮੰਗ ਹੈ। ਉਨ੍ਹਾਂ ਦਾ ਇਹ ਗਿਲਾ ਵੀ ਹੈ ਕਿ ਇਥੇ ਮੰਗਲਾ ਡੈਮ ਬਣਾਉਣ ਲਈ ਬਹੁਤ ਸਾਰੇ ਲੋਕਾਂ ਨੂੰ ਉਜਾੜਿਆ ਗਿਆ। ਪਰ ਇਥੇ ਪੈਦਾ ਹੁੰਦੀ ਬਿਜਲੀ ਪੰਜਾਬ ਤੇ ਸਿੰਧ ਸੂਬੇ ਨੂੰ ਸਸਤੇ ਭਾਅ 'ਤੇ ਭੇਜੀ ਜਾਂਦੀ ਹੈ, ਜਦੋਂ ਕਿ ਮਕਬੂਜ਼ਾ ਕਸ਼ਮੀਰ ਵਿਚ ਲੋਕਾਂ ਨੂੰ ਬਿਜਲੀ ਦੇ ਮਹਿੰਗੇ ਭਾਅ ਦੇਣੇ ਪੈਂਦੇ ਹਨ।
ਹੁਣ ਉਥੇ ਵਿਦਰੋਹ ਦਾ ਇਕ ਕਾਰਨ ਇਹ ਵੀ ਹੈ ਕਿ ਇਥੇ ਵਿਧਾਨ ਸਭਾ ਲਈ ਸਥਾਨਕ ਚੋਣਾਂ ਹੋਣੀਆਂ ਹਨ। ਇਸ ਦੀਆਂ 53 ਸੀਟਾਂ ਹਨ, ਜਿਨ੍ਹਾਂ 'ਚੋਂ 20 ਦੇ ਲਗਭਗ ਸੀਟਾਂ ਇਥੇ ਵਸਦੇ ਲੋਕਾਂ ਦੀ ਥਾਂ 'ਤੇ ਵੱਖ-ਵੱਖ ਪ੍ਰਾਂਤਾਂ 'ਚ ਵਸਦੇ ਕਸ਼ਮੀਰੀ ਸ਼ਰਨਾਰਥੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਸਥਾਨਕ ਲੋਕਾਂ 'ਚ ਇਸ ਪ੍ਰਤੀ ਲਗਾਤਾਰ ਗੁੱਸਾ ਵਧਦਾ ਰਿਹਾ ਹੈ। ਪਾਕਿਸਤਾਨ ਵਿਚ ਫ਼ੌਜ ਦਾ ਵਧੇਰੇ ਪ੍ਰਭਾਵ ਹੋਣ ਕਾਰਨ ਉਨ੍ਹਾਂ ਵਲੋਂ ਉਠਾਈਆਂ ਜਾਂਦੀਆਂ ਮੰਗਾਂ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ ਇਹ ਬੇਹੱਦ ਭਖਿਆ ਮੁੱਦਾ ਕੌਮਾਂਤਰੀ ਮੰਚਾਂ 'ਤੇ ਵੀ ਉੱਠਣਾ ਸ਼ੁਰੂ ਹੋ ਗਿਆ ਹੈ। ਖ਼ਾਸ ਤੌਰ 'ਤੇ ਵਿਦੇਸ਼ਾਂ ਵਿਚ ਕਸ਼ਮੀਰੀ ਸ਼ਰਨਾਰਥੀ ਲਗਾਤਾਰ ਪਾਕਿਸਤਾਨ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਮੁਜ਼ਾਹਰਿਆਂ ਵਿਚ ਬਹੁਤੀ ਵਾਰ ਲੋਕਾਂ ਵਲੋਂ ਭਾਰਤ ਨਾਲ ਰਲੇਂਵੇ ਦੀ ਗੱਲ ਵੀ ਕੀਤੀ ਜਾਂਦੀ ਤੇ ਭਾਰਤ ਦੇ ਹੱਕ ਵਿਚ ਨਾਅਰੇ ਵੀ ਲਾਏ ਜਾਂਦੇ ਹਨ। ਇਸ ਲਗਾਤਾਰ ਵਿਗੜ ਰਹੀ ਸਥਿਤੀ ਨੇ ਪਾਕਿਸਤਾਨ ਦੇ ਪ੍ਰਸ਼ਾਸਨ ਲਈ ਇਕ ਅਜਿਹੀ ਹੋਰ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਜੋ ਛੇਤੀ ਕੀਤਿਆਂ ਹੱਲ ਹੋਣ ਵਾਲੀ ਨਹੀਂ ਜਾਪਦੀ। ਇਸ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਭਵਿੱਖ ਬਾਰੇ ਵੀ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
-ਬਰਜਿੰਦਰ ਸਿੰਘ ਹਮਦਰਦ