ਭਾਰਤ ਨੇ 10 ਜੂਨ 2026 ਨੂੰ ਆਪਣੇ ਲੋਕਤੰਤਰੀ ਇਤਿਹਾਸ 'ਚ ਇਕ ਨਵਾਂ ਅਧਿਆਇ ਦਰਜ ਕੀਤਾ। ਇਸ ਦਿਨ ਸ੍ਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਨਿਰੰਤਰ ਸੇਵਾ ਦੇ 4,399 ਦਿਨ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਉਹ ਭਾਰਤ ਦੇ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ 'ਤੇ ਰਹਿਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਹਨ। ਇਹ ਇਤਿਹਾਸਕ ਪ੍ਰਾਪਤੀ ਸਿਰਫ਼ ਰਾਸ਼ਟਰ-ਨਿਰਮਾਣ ਲਈ ਉਨ੍ਹਾਂ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਹੀ ਨਹੀਂ ਦਿਖਾਉਂਦੀ, ਸਗੋਂ ਉਨ੍ਹਾਂ ਦੀ ਦੂਰ-ਅੰਦੇਸ਼ੀ ਅਗਵਾਈ 'ਚ ਭਾਰਤ ਦੇ ਲੋਕਾਂ ਦੇ ਅਟੁੱਟ ਵਿਸ਼ਵਾਸ ਤੇ ਆਸਥਾ ਨੂੰ ਵੀ ਪ੍ਰਗਟ ਕਰਦੀ ਹੈ। ਇਹ ਉਨ੍ਹਾਂ ਦੀ ਦੂਰ-ਅੰਦੇਸ਼ੀ ਅਗਵਾਈ, ਰਾਸ਼ਟਰੀ ਵਿਕਾਸ ਲਈ ਅਣਥੱਕ ਵਚਨਬੱਧਤਾ ਅਤੇ ਭਾਰਤ ਦੀ ਜਨਤਾ ਦੀ ਭਲਾਈ ਤੇ ਇੱਛਾਵਾਂ ਪ੍ਰਤੀ ਅਟੁੱਟ ਨਿਸ਼ਠਾ ਨੂੰ ਦਰਸਾਉਂਦੀ ਹੈ।
4,399 ਦਿਨ ਤੇ ਅੱਗੇ-ਸ੍ਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਪ੍ਰਧਾਨ ਸੇਵਕ ਵਜੋਂ ਭਾਰਤ 'ਚ ਸੁਸ਼ਾਸਨ ਅਤੇ 'ਰਾਸ਼ਟਰ ਪਹਿਲਾਂ' ਦੇ ਸਿਧਾਂਤਾਂ 'ਤੇ ਆਧਾਰਿਤ ਬੇਮਿਸਾਲ ਪਰਿਵਰਤਨ ਦੇ ਯੁੱਗ ਦੀ ਸ਼ੁਰੂਆਤ ਕੀਤੀ ਹੈ। ਇਤਿਹਾਸ ਅਬ੍ਰਾਹਮ ਲਿੰਕਨ ਨੂੰ ਮਨੁੱਖੀ ਗ਼ੁਲਾਮੀ ਦੇ ਕਹਿਰ ਨੂੰ ਖ਼ਤਮ ਕਰ ਕੇ ਲੱਖਾਂ ਲੋਕਾਂ ਦੀ ਮਾਣ-ਮਰਿਆਦਾ ਨੂੰ ਬਹਾਲ ਕਰਨ 'ਚ ਉਨ੍ਹਾਂ ਦੀ ਅਟੁੱਟ ਅਗਵਾਈ ਲਈ ਉਨ੍ਹਾਂ ਦਾ ਆਦਰ ਕਰਦਾ ਹੈ। ਇਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ 25 ਕਰੋੜ ਤੋਂ ਵੱਧ ਗ਼ਰੀਬਾਂ ਨੂੰ ਪੂਰਨ ਗ਼ਰੀਬੀ 'ਚੋਂ ਬਾਹਰ ਕੱਢਣ ਲਈ ਸ੍ਰੀ ਮੋਦੀ ਜੀ ਨੂੰ ਯਾਦ ਰੱਖਣਗੀਆਂ। ਉਨ੍ਹਾਂ ਦਾ ਯੋਗਦਾਨ ਮਨੁੱਖਤਾ ਦੀ ਸੇਵਾ 'ਚ ਇਕ ਮਹੱਤਵਪੂਰਨ ਪ੍ਰਾਪਤੀ ਵਜੋਂ ਇਤਿਹਾਸ ਦੇ ਪੰਨਿਆਂ 'ਤੇ ਦਰਜ ਰਹੇਗਾ। ਇੰਨਾ ਹੀ ਨਹੀਂ, ਉਨ੍ਹਾਂ ਦੀਆਂ ਪਰਿਵਰਤਨਕਾਰੀ ਪਹਿਲਕਦਮੀਆਂ ਨੇ ਸਿੱਖਿਆ, ਰਿਹਾਇਸ਼, ਸਫ਼ਾਈ, ਸਿਹਤ ਸੰਭਾਲ ਅਤੇ ਭੋਜਨ ਦੀ ਸੁਰੱਖਿਆ ਰਾਹੀਂ ਕਰੋੜਾਂ ਲੋਕਾਂ ਦੀ ਮਾਣ-ਮਰਿਆਦਾ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਜਨਤਕ ਸਿਹਤ ਪ੍ਰੋਗਰਾਮਾਂ 'ਚੋਂ ਇਕ ਆਯੁਸ਼ਮਾਨ ਭਾਰਤ ਯੋਜਨਾ ਜ਼ਰੀਏ 44 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਜਲ ਜੀਵਨ ਮਿਸ਼ਨ ਨੇ 12 ਕਰੋੜ ਤੋਂ ਵੱਧ ਪੇਂਡੂ ਘਰਾਂ ਵਿਚ ਸੁਰੱਖਿਅਤ ਅਤੇ ਭਰੋਸੇਮੰਦ ਪੀਣ ਵਾਲਾ ਪਾਣੀ ਪਹੁੰਚਾ ਕੇ ਅਣਗਿਣਤ ਪਰਿਵਾਰਾਂ ਨੂੰ ਸਨਮਾਨ ਪ੍ਰਦਾਨ ਕੀਤਾ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਪੱਧਰ ਵਿਚ ਸੁਧਾਰ ਕੀਤਾ ਹੈ। ਸਾਲ 2020 ਤੋਂ ਲਗਾਤਾਰ ਜਾਰੀ ਮੁਫ਼ਤ ਅਨਾਜ ਦੇ ਪ੍ਰਬੰਧ ਨਾਲ ਲਗਭਗ 80 ਕਰੋੜ ਲੋਕਾਂ ਦੀ ਖ਼ੁਰਾਕ ਸੁਰੱਖਿਆ ਦੀ ਰੱਖਿਆ ਹੋਣ ਦੇ ਨਾਲ-ਨਾਲ ਇਹ ਵੀ ਯਕੀਨੀ ਹੋਇਆ ਹੈ ਕਿ ਕੋਈ ਵੀ ਕਮਜ਼ੋਰ ਨਾਗਰਿਕ ਪਿੱਛੇ ਨਾ ਰਹਿ ਜਾਵੇ। ਇਸ ਤੋਂ ਇਲਾਵਾ 4 ਕਰੋੜ ਤੋਂ ਵੱਧ ਪਰਿਵਾਰਾਂ ਦਾ ਸੁਰੱਖਿਅਤ ਅਤੇ ਪੱਕੇ ਘਰਾਂ ਦੇ ਮਾਲਕ ਬਣਨ ਦਾ ਸੁਪਨਾ ਪੂਰਾ ਹੋਇਆ ਹੈ, ਜਿਸ ਨਾਲ ਉਨ੍ਹਾਂ ਵਿੱਚ ਸੁਰੱਖਿਆ, ਸਨਮਾਨ ਅਤੇ ਭਵਿੱਖ ਲਈ ਉਮੀਦ ਦੀ ਭਾਵਨਾ ਮਜ਼ਬੂਤ ਹੋਈ ਹੈ। ਕੁੱਲ ਮਿਲਾ ਕੇ ਇਹ ਪਹਿਲਕਦਮੀਆਂ ਇਕ ਸੰਵੇਦਨਸ਼ੀਲ ਸ਼ਾਸਨ ਅਤੇ ਹਰੇਕ ਭਾਰਤੀ ਦੀ ਭਲਾਈ ਦੇ ਲਈ ਅਟੁੱਟ ਵਚਨਬੱਧਤਾ ਦਾ ਇੱਕ ਪੱਕਾ ਪ੍ਰਤੀਕ ਹਨ। ਇਸ ਦੇ ਨਾਲ ਹੀ, ਭਾਰਤ ਨੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਬੇਮਿਸਾਲ ਕ੍ਰਾਂਤੀ ਦੇਖੀ ਹੈ। ਇਨ੍ਹਾਂ ਪ੍ਰਾਪਤੀਆਂ ਨੇ ਨਾ ਸਿਰਫ਼ ਆਰਥਿਕ ਵਿਕਾਸ ਨੂੰ ਗਤੀ ਦਿੱਤੀ ਹੈ, ਸਗੋਂ ਦੇਸ਼ ਭਰ ਦੇ ਲੱਖਾਂ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਵੀ ਬਿਹਤਰ ਬਣਾਇਆ ਹੈ। ਭਾਰਤ ਡਿਜੀਟਲ ਨਵੀਨਤਾ, ਸੈਮੀ-ਕੰਡਕਟਰ, ਪੁਲਾੜ ਤਕਨੀਕ, ਵੈਕਸੀਨ ਨਿਰਮਾਣ ਅਤੇ ਮੋਬਾਈਲ ਨਿਰਮਾਣ ਖੇਤਰ ਵਿਚ ਇਕ ਵਿਸ਼ਵਵਿਆਪੀ ਨੇਤਾ ਵਜੋਂ ਉਭਰਿਆ ਹੈ।
ਵਿਕਾਸ ਵੀ, ਵਿਰਾਸਤ ਵੀ-ਸਮਕਾਲੀ ਨੇਤਾਵਾਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਜੋ ਗੱਲ ਸਭ ਤੋਂ ਵੱਖਰੀ ਤੇ ਵਿਲੱਖਣ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਵਿਕਾਸ ਤੇ ਪਰੰਪਰਾ ਕੋਈ ਆਪਸ 'ਚ ਵਿਰੋਧੀ ਵਿਚਾਰ ਨਹੀਂ, ਸਗੋਂ ਇਕ-ਦੂਜੇ ਦੇ ਪੂਰਕ ਹਨ। 'ਵਿਕਾਸ ਵੀ, ਵਿਰਾਸਤ ਵੀ' ਦੀ ਆਪਣੀ ਦੂਰਅੰਦੇਸ਼ੀ ਸੋਚ ਦੇ ਜ਼ਰੀਏ ਉਨ੍ਹਾਂ ਨੇ ਇਹ ਦਿਖਾਇਆ ਹੈ ਕਿ ਕੋਈ ਦੇਸ਼ ਆਪਣੀ ਸੱਭਿਅਤਾ ਨਾਲ ਜੁੜੀ ਵਿਰਾਸਤ ਨਾਲ ਜੁੜੇ ਰਹਿੰਦੇ ਹੋਏ ਵੀ ਤੇਜ਼ੀ ਨਾਲ ਆਧੁਨਿਕੀਕਰਨ ਦੇ ਰਾਹ 'ਤੇ ਅੱਗੇ ਵਧ ਸਕਦਾ ਹੈ। ਪ੍ਰਧਾਨ ਮੰਤਰੀ ਦੇ ਨਜ਼ਰੀਏ ਨੇ ਰਾਸ਼ਟਰ-ਨਿਰਮਾਣ ਦੀ ਪਰਿਭਾਸ਼ਾ ਨੂੰ ਨਵੇਂ ਸਿਰੇ ਤੋਂ ਘੜਿਆ ਹੈ। ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਅਸਲੀ ਵਿਕਾਸ ਦਾ ਪੈਮਾਨਾ ਸਿਰਫ਼ ਆਰਥਿਕ ਤਰੱਕੀ ਨਹੀਂ, ਸਗੋਂ ਇਸ ਨੂੰ ਇਸ ਗੱਲ ਤੋਂ ਵੀ ਮਾਪਿਆ ਜਾਂਦਾ ਹੈ ਕਿ ਇਕ ਰਾਸ਼ਟਰ ਆਪਣੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਤੇ ਸੌਂਪਣ ਵਿਚ ਕਿੰਨਾ ਸਮਰੱਥ ਹੈ। ਉਨ੍ਹਾਂ ਦੀ 'ਵਿਕਾਸ ਵੀ, ਵਿਰਾਸਤ ਵੀ' ਦੀ ਸੋਚ ਇਕ ਅਜਿਹੇ ਆਤਮ-ਵਿਸ਼ਵਾਸ ਨਾਲ ਭਰੇ ਅਤੇ ਨਵੀਂ ਊਰਜਾ ਨਾਲ ਅੱਗੇ ਵਧਦੇ ਭਾਰਤ ਲਈ ਮਾਰਗਦਰਸ਼ਕ ਸਿਧਾਂਤ ਬਣ ਗਈ ਹੈ, ਜੋ ਆਪਣੇ ਮਾਣਮੱਤੇ ਅਤੀਤ ਨਾਲ ਮਜ਼ਬੂਤੀ ਨਾਲ ਜੁੜੇ ਰਹਿੰਦੇ ਹੋਏ ਭਵਿੱਖ ਵੱਲ ਨਿਡਰਤਾ ਨਾਲ ਕਦਮ ਵਧਾ ਰਿਹਾ ਹੈ। ਇਸ ਸੋਚ ਦਾ ਸਭ ਤੋਂ ਵੱਧ ਫ਼ਾਇਦਾ ਤਾਮਿਲਨਾਡੂ ਤੇ ਦੁਨੀਆ ਭਰ 'ਚ ਫੈਲੇ ਤਮਿਲ ਭਾਈਚਾਰੇ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ 'ਚ ਉਨ੍ਹਾਂ ਦੀ ਖ਼ੁਸ਼ਹਾਲ ਭਾਸ਼ਾਈ, ਸੱਭਿਆਚਾਰਕ ਤੇ ਸੱਭਿਅਤਾ ਨਾਲ ਜੁੜੀ ਵਿਰਾਸਤ ਨੂੰ ਬੇਮਿਸਾਲ ਪਛਾਣ, ਸਨਮਾਨ ਤੇ ਸਮਰਥਨ ਮਿਲਿਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ 'ਚ ਚਲਾਈਆਂ ਪਰਿਵਰਤਨਕਾਰੀ ਪਹਿਲਕਦਮੀਆਂ ਨਾਲ ਤਾਮਿਲਨਾਡੂ ਨੂੰ ਬਹੁਤ ਲਾਭ ਹੋਇਆ, ਜਿਨ੍ਹਾਂ 'ਚ ਚੇਨਈ ਮੈਟਰੋ ਰੇਲ ਦਾ ਵਿਸਤਾਰ, ਚੇਨਈ-ਬੈਂਗਲੁਰੂ ਐਕਸਪ੍ਰੈੱਸਵੇਅ, ਤਾਮਿਲਨਾਡੂ ਰੱਖਿਆ ਉਦਯੋਗਿਕ ਲਾਂਘਾ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦਾ ਆਧੁਨਿਕੀਕਰਨ, ਰਾਸ਼ਟਰੀ ਰਾਜਮਾਰਗਾਂ ਦਾ ਵਿਸਤਾਰ, ਰੇਲਵੇ ਸਟੇਸ਼ਨਾਂ ਦਾ ਪੁਨਰ-ਵਿਕਾਸ ਅਤੇ ਨਵਾਂ ਪਾਂਬਨ ਰੇਲ ਪੁਲ ਸ਼ਾਮਿਲ ਹਨ। ਭਾਰਤ ਦੇ ਪਹਿਲੇ ਵਰਟੀਕਲ-ਲਿਫਟ ਸੀ-ਬ੍ਰਿਜ, ਨਵੇਂ ਪਾਂਬਨ ਰੇਲ ਪੁਲ ਦਾ ਉਦਘਾਟਨ ਇਕ ਇਤਿਹਾਸਕ ਪ੍ਰਾਪਤੀ ਹੈ, ਜੋ ਰਾਮੇਸ਼ਵਰਮ ਲਈ ਸੰਪਰਕ ਨੂੰ ਬਿਹਤਰ ਬਣਾਉਂਦਾ ਹੈ ਤੇ ਭਾਰਤ ਦੀ ਇੰਜੀਨੀਅਰਿੰਗ ਉੱਤਮਤਾ ਦਾ ਪ੍ਰਤੀਕ ਹੈ। ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਨਿਰੰਤਰ ਅਤੇ ਦ੍ਰਿੜ੍ਹ ਯਤਨਾਂ ਸਦਕਾ ਤਾਮਿਲਨਾਡੂ ਇਲੈਕਟ੍ਰਾਨਿਕਸ, ਮੋਬਾਈਲ ਫੋਨ ਅਤੇ ਆਈਫੋਨ ਨਿਰਮਾਣ ਲਈ ਵੀ ਇਕ ਮੁੱਖ ਕੇਂਦਰ ਵਜੋਂ ਉੱਭਰਿਆ ਹੈ। ਕਾਸ਼ੀ-ਤਾਮਿਲ ਸੰਗਮ ਅਤੇ ਸੌਰਾਸ਼ਟਰ-ਤਾਮਿਲ ਸੰਗਮ ਵਰਗੀਆਂ ਪਹਿਲਕਦਮੀਆਂ ਨੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਸਦੀਵੀ ਸੱਭਿਅਤਾ ਨਾਲ ਜੁੜੇ ਰਿਸ਼ਤਿਆਂ ਨੂੰ ਉਜਾਗਰ ਕੀਤਾ, ਜੋ ਸਾਡੇ ਦੇਸ਼ ਨੂੰ ਇਕਜੁੱਟ ਕਰਦੇ ਹਨ। ਸਾਡੇ ਨਵੇਂ ਸੰਸਦ ਭਵਨ ਵਿਚ 'ਸੇਂਗੋਲ' ਦੀ ਸਥਾਪਨਾ, ਭਾਰਤ ਦੀ ਲੋਕਤੰਤਰੀ ਅਤੇ ਸੱਭਿਅਤਾ ਦੀ ਵਿਰਾਸਤ ਵਿਚ ਤਾਮਿਲਨਾਡੂ ਦੇ ਯੋਗਦਾਨ ਦੀ ਇਕ ਸੱਚੀ ਪਛਾਣ ਹੈ। ਪ੍ਰਧਾਨ ਮੰਤਰੀ ਦੀ ਗੰਗਈਕੋਂਡਾ ਚੋਲਾਪੁਰਮ ਦੀ ਯਾਤਰਾ ਚੋਲ ਰਾਜਵੰਸ਼ ਦੀ ਵਿਰਾਸਤ ਨੂੰ ਉਜਾਗਰ ਕਰਦੀ ਹੈ। ਨਾਲ ਹੀ ਵਿਦੇਸ਼ਾਂ ਤੋਂ ਬੇਸ਼ਕੀਮਤੀ ਕਲਾਕ੍ਰਿਤੀਆਂ ਤੇ ਪ੍ਰਾਚੀਨ ਵਸਤੂਆਂ ਨੂੰ ਵਾਪਸ ਲਿਆਉਣ ਦੀ ਵਿਆਪਕ ਰੂਪ 'ਚ ਸ਼ਲਾਘਾ ਹੋਈ ਹੈ, ਜਿਨ੍ਹਾਂ 'ਚ ਹਾਲ ਹੀ ਵਿਚ ਅਨਾਈਮੰਗਲਮ ਤੋਂ ਮਿਲੇ ਚੋਲ ਯੁੱਗ ਦੇ ਤਾਂਬੇ ਦੇ ਪੱਤਰ (ਤਾਮ੍ਰਪੱਤਰ) ਵੀ ਸ਼ਾਮਿਲ ਹਨ।
ਆਪਣੀ ਪਰਿਵਰਤਨਕਾਰੀ ਅਗਵਾਈ, ਰਾਸ਼ਟਰੀ ਵਿਕਾਸ ਪ੍ਰਤੀ ਵਚਨਬੱਧਤਾ ਤੇ ਜਨਤਾ ਦੀ ਅਣਥੱਕ ਸੇਵਾ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਭਾਰਤ ਦੇ ਇਕ ਸੱਚੇ 'ਯੁੱਗ ਪੁਰਸ਼' ਵਜੋਂ ਉੱਭਰੇ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਚੰਗੀ ਅਗਵਾਈ ਰਾਸ਼ਟਰ ਨੂੰ 'ਵਿਕਸਿਤ ਭਾਰਤ '2047' ਵੱਲ ਲੈ ਕੇ ਜਾਵੇਗੀ।
ਇਤਿਹਾਸਕ ਕਾਰਜਕਾਲ ਤੇ ਪਰਿਵਰਤਨਕਾਰੀ ਅਗਵਾਈ
ਅਜੀਤ ਡੈਸਕ
13-06-2026