ਦੁਨੀਆ ਭਰ ਲਈ ਇਹ ਖ਼ਬਰ ਸੰਤੁਸ਼ਟੀ ਵਾਲੀ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਲਗਭਗ 4 ਮਹੀਨੇ ਪਹਿਲਾਂ ਸ਼ੁਰੂ ਹੋਈ ਲੜਾਈ ਸੰਬੰਧੀ ਸਮਝੌਤਾ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਨੁਸਾਰ 19 ਜੂਨ ਨੂੰ ਦੋਹਾਂ ਦੇਸ਼ਾਂ ਵਿਚਕਾਰ ਸਵਿਟਜ਼ਰਲੈਂਡ ਵਿਚ ਇਸ 'ਤੇ ਦਸਤਖ਼ਤ ਕੀਤੇ ਜਾਣਗੇ। ਪਿਛਲੇ ਕਾਫ਼ੀ ਦਿਨਾਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਇਹ ਐਲਾਨ ਕੀਤਾ ਸੀ ਕਿ ਛੇਤੀ ਹੀ ਅਜਿਹਾ ਸਮਝੌਤਾ ਹੋਣ ਜਾ ਰਿਹਾ ਹੈ। ਪਰ ਇਸ ਸੰਬੰਧੀ ਕੁਝ ਵੀ ਨਿਸਚਿਤ ਰੂਪ ਵਿਚ ਸਾਹਮਣੇ ਨਹੀਂ ਸੀ ਆਇਆ। 28 ਫਰਵਰੀ ਨੂੰ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ ਸੀ ਅਤੇ ਉਸ ਦੇ ਪ੍ਰਮੁੱਖ ਆਗੂ ਆਇਤੁੱਲਾ ਅਲੀ ਖਾਮੇਨੇਈ ਦੇ ਨਾਲ ਉਸ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਅਤੇ ਜਰਨੈਲਾਂ ਨੂੰ ਮਾਰ ਦਿੱਤਾ ਸੀ, ਤਾਂ ਉਸ ਤੋਂ ਬਾਅਦ ਲੜਾਈ ਬੇਹੱਦ ਤੇਜ਼ ਹੋ ਗਈ ਸੀ।
ਈਰਾਨ ਨੇ ਹੋਰਮੁਜ਼ ਜਲ ਮਾਰਗ 'ਤੇ ਕਬਜ਼ਾ ਕਰ ਕੇ ਖਾੜੀ ਦੇਸ਼ਾਂ 'ਚੋਂ ਭੇਜੇ ਜਾਂਦੇ ਤੇਲ ਅਤੇ ਗੈਸ ਵਾਲੇ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਸੀ, ਤੇਲ ਦੀ ਭਾਰੀ ਕਮੀ ਹੋਣ ਨਾਲ ਇਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਸਨ, ਜਿਸ ਨਾਲ ਭਾਰਤ ਸਮੇਤ ਹਰ ਪਾਸੇ ਜ਼ਰੂਰੀ ਵਸਤਾਂ ਬੇਹੱਦ ਮਹਿੰਗੀਆਂ ਹੋ ਗਈਆਂ ਸਨ। ਇਸ ਜੰਗ ਦੀ ਸ਼ੁਰੂਆਤ ਤਾਂ ਕਾਫ਼ੀ ਪਹਿਲਾਂ ਉਸ ਸਮੇਂ ਹੀ ਹੋ ਗਈ ਸੀ, ਜਦੋਂ ਹਮਾਸ ਦੇ ਗੁਰਿੱਲਿਆਂ ਨੇ ਇਜ਼ਰਾਈਲ 'ਤੇ ਹਮਲਾ ਕਰਕੇ ਸੈਂਕੜੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਲੋਕਾਂ ਨੂੰ ਅਗਵਾ ਵੀ ਕਰ ਲਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ, ਜਿਸ 'ਤੇ ਹਮਾਸ ਦਾ ਕਬਜ਼ਾ ਸੀ, 'ਤੇ ਹਮਲਾ ਕਰਕੇ ਹਜ਼ਾਰਾਂ ਹੀ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਉਥੋਂ ਦੇ ਮੁਢਲੇ ਢਾਂਚੇ ਨੂੰ ਵੀ ਤਬਾਹ ਕਰ ਦਿੱਤਾ ਸੀ, ਜਿਸ ਕਾਰਨ ਲੱਖਾਂ ਹੀ ਲੋਕ ਸ਼ਰਨਾਰਥੀ ਬਣ ਗਏ ਸਨ। ਈਰਾਨ ਕਿਉਂਕਿ ਹਮਾਸ ਅਤੇ ਹਿਜ਼ਬੁੱਲਾ ਆਦਿ ਸੰਗਠਨਾਂ ਦੀ ਇਜ਼ਰਾਈਲ ਵਿਰੁੱਧ ਪੂਰੀ ਮਦਦ ਕਰਦਾ ਰਿਹਾ ਹੈ, ਇਸ ਲਈ ਪ੍ਰਤੀਕਰਮ ਵਜੋਂ ਉਸ 'ਤੇ ਕੀਤੇ ਅਮਰੀਕੀ-ਇਜ਼ਰਾਈਲੀ ਹਮਲੇ ਨੇ ਇਕ ਤਰ੍ਹਾਂ ਨਾਲ ਉਸ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀ। ਈਰਾਨ ਵਲੋਂ ਹੋਰਮੁਜ਼ ਜਲ ਮਾਰਗ 'ਤੇ ਕਬਜ਼ਾ ਕਰਨ ਤੋਂ ਬਾਅਦ ਅਮਰੀਕਾ ਨੇ ਉਸ ਦੀਆਂ ਸਾਰੀਆਂ ਬੰਦਰਗਾਹਾਂ ਦੀ ਨਾਕਾਬੰਦੀ ਕਰ ਦਿੱਤੀ ਸੀ ਅਤੇ ਦੁਨੀਆ ਭਰ ਵਿਚ ਉਸ ਦੇ ਅਰਬਾਂ ਰੁਪਏ ਦੇ ਅਸਾਸਿਆਂ ਨੂੰ ਵੀ ਜਾਮ ਕਰ ਦਿੱਤਾ ਸੀ। ਇਕ ਅੰਦਾਜ਼ੇ ਅਨੁਸਾਰ ਉਸ ਦੀਆਂ 25 ਅਰਬ ਡਾਲਰ ਦੀਆਂ ਜਾਇਦਾਦਾਂ ਅਤੇ ਈਰਾਨ ਤੋਂ ਬਾਹਰ ਬੈਂਕਾਂ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ। ਹੁਣ ਐਲਾਨੇ ਗਏ ਸਮਝੌਤੇ ਦੀਆਂ ਸ਼ਰਤਾਂ ਦਾ ਪੂਰਾ ਵੇਰਵਾ ਤਾਂ ਅਜੇ ਸਾਹਮਣੇ ਆਉਣਾ ਬਾਕੀ ਹੈ, ਪਰ ਅਮਰੀਕਾ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਵਾਉਣ ਲਈ ਦ੍ਰਿੜ੍ਹ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਈਰਾਨ ਇਸ ਲਈ ਤਿਆਰ ਵੀ ਹੋ ਗਿਆ ਹੈ ਅਤੇ ਇਸ ਦੇ ਬਦਲੇ ਅਮਰੀਕਾ ਈਰਾਨ ਵਲੋਂ ਹੋਰਮੁਜ਼ ਜਲ ਮਾਰਗ ਮੁੜ ਖੋਲ੍ਹਣ 'ਤੇ ਉਸ 'ਤੇ ਤੇਲ ਬਰਾਮਦ ਕਰਨ ਦੀਆਂ ਲਾਈਆਂ ਪਾਬੰਦੀਆਂ ਹਟਾ ਲਵੇਗਾ, ਪਰ ਦੂਸਰੇ ਪਾਸੇ ਇਜ਼ਰਾਈਲ ਨੇ ਲਿਬਨਾਨ ਦੇ ਵੱਡੇ ਇਲਾਕੇ ਅਤੇ ਗਾਜ਼ਾ ਵਿਚ ਕੀਤੇ ਕਬਜ਼ੇ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਲਿਬਨਾਨ ਅਤੇ ਸੀਰੀਆ ਵਿਚ ਮੌਜੂਦ ਹਿਜ਼ਬੁੱਲਾ ਅਤੇ ਹਮਾਸ ਬਾਰੇ ਵੀ ਸਪੱਸ਼ਟ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਇਜ਼ਰਾਈਲ ਵਿਰੁੱਧ ਕਾਰਵਾਈਆਂ ਨਾ ਰੋਕੀਆਂ ਤਾਂ ਉਹ ਆਪਣੇ ਹਮਲੇ ਜਾਰੀ ਰੱਖੇਗਾ।
ਇਕ ਪਾਸੇ ਸਮਝੌਤੇ ਦੀਆਂ ਖਬਰਾਂ ਨਾਲ ਦੁਨੀਆ ਭਰ ਦੇ ਦੇਸ਼ਾਂ ਨੂੰ ਸੁੱਖ ਦਾ ਸਾਹ ਆਇਆ ਹੈ, ਪਰ ਦੂਸਰੇ ਪਾਸੇ ਇਜ਼ਰਾਈਲ ਦੇ ਇਸ ਐਲਾਨ ਕਾਰਨ ਲੜਾਈ ਖ਼ਤਮ ਹੋਣ ਸੰਬੰਧੀ ਅਨਿਸਚਿਤਤਾ ਬਣੀ ਨਜ਼ਰ ਆਉਂਦੀ ਹੈ। ਭਾਰਤ ਨੇ ਵੀ ਸਮਝੌਤੇ ਦੇ ਐਲਾਨ ਦਾ ਸਵਾਗਤ ਕੀਤਾ ਹੈ, ਪਰ ਇਹ ਗੱਲ ਅਜੇ ਸਪੱਸ਼ਟ ਨਹੀਂ ਹੋਈ ਕਿ ਆਪਣੇ ਪਹਿਲੇ ਐਲਾਨਾਂ ਅਨੁਸਾਰ ਈਰਾਨ ਹੋਰਮੁਜ਼ ਜਲ ਮਾਰਗ ਰਾਹੀਂ ਲੰਘਣ ਵਾਲੇ ਤੇਲ ਦੇ ਜਹਾਜ਼ਾਂ 'ਤੇ ਕਰ ਲਗਾਏਗਾ ਜਾਂ ਨਹੀਂ? ਜੇ ਈਰਾਨ ਕਰ ਲਾਉਣ 'ਤੇ ਦ੍ਰਿੜ੍ਹ ਰਹਿੰਦਾ ਹੈ ਤਾਂ ਵੀ ਸਥਿਤੀ ਨਹੀਂ ਸੁਧਰੇਗੀ, ਕਿਉਂਕਿ ਅੱਜ ਚੀਨ ਅਤੇ ਭਾਰਤ ਸਮੇਤ ਦੁਨੀਆ ਦੇ ਬਹੁਤੇ ਦੇਸ਼ ਹਰ ਹੀਲੇ ਹੋਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਬੇਹੱਦ ਕਾਹਲੇ ਪਏ ਨਜ਼ਰ ਆਉਂਦੇ ਹਨ। ਇਹ ਗੱਲ ਵੀ ਯਕੀਨੀ ਹੈ ਕਿ ਜੇਕਰ ਈਰਾਨ ਅਜਿਹੀ ਨਾਕੇਬੰਦੀ ਨੂੰ ਹਟਾਉਣ ਪ੍ਰਤੀ ਆਪਣੀ ਹਿਚਕਿਚਾਹਟ ਦਿਖਾਉਂਦਾ ਹੈ, ਤਾਂ ਉਸ ਨੂੰ ਦੁਨੀਆ ਭਰ ਦੇ ਦੇਸ਼ਾਂ ਦੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪੈ ਸਕਦਾ ਹੈ। ਪਰ ਇਸ ਦੇ ਨਾਲ-ਨਾਲ ਅਮਰੀਕਾ ਨੂੰ ਵੀ ਇਜ਼ਰਾਈਲ ਨੂੰ ਹਰ ਸੂਰਤ ਵਿਚ ਆਪਣੇ ਵਿਸ਼ਵਾਸ ਵਿਚ ਲੈਣਾ ਪਵੇਗਾ। ਦੱਖਣੀ ਏਸ਼ੀਆ ਦੀ ਦਹਾਕਿਆਂ ਤੋਂ ਬਣੀ ਇਸ ਗੁੰਝਲਦਾਰ ਸਥਿਤੀ ਨੂੰ ਹਰ ਹੀਲੇ ਕੌਮਾਂਤਰੀ ਮੰਚ 'ਤੇ ਸੁਲਝਾਏ ਜਾਣ ਦੀ ਜ਼ਰੂਰਤ ਹੈ।
-ਬਰਜਿੰਦਰ ਸਿੰਘ ਹਮਦਰਦ