ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਟੁੱਟਣਾ ਭਾਰਤੀ ਰਾਜਨੀਤੀ ਵਿਚ ਮਾੜੇ ਸ਼ਗਨ ਦਾ ਸੰਕੇਤ ਹੈ। ਭਾਵੇਂ ਕਹਿਣ ਲਈ ਤਾਂ ਇਹ ਇਕ ਪਾਰਟੀ ਤੇ ਇਕ ਨੇਤਾ ਦਾ ਪਤਨ ਹੈ, ਪਰ ਅਸਲੀਅਤ ਵਿਚ ਇਹ ਭਾਰਤ ਦੇ ਤੇਜ਼ੀ ਨਾਲ ਬਦਲਦੇ ਰਾਜਨੀਤਿਕ ਦ੍ਰਿਸ਼ ਦਾ ਸੰਕੇਤ ਹੈ। ਇਹ ਗੱਲ ਸੱਤਾ ਦੇ ਕਿਸੇ ਵੱਡੇ ਬਦਲਾਅ ਵੱਲ ਸੰਕੇਤ ਦੇ ਰਹੀ ਹੈ, ਜਦਕਿ ਲੋਕ ਇਸ ਨੂੰ ਸਿਰਫ਼ ਇਕ ਰਾਜਨੀਤਿਕ ਚਾਲ ਵਜੋਂ ਦੇਖ ਰਹੇ ਹਨ। ਇਹ ਬਦਲਾਅ ਭਾਰਤੀ ਰਾਜਨੀਤੀ ਵਿਚ ਕਾਇਰਾਂ ਦੀ ਵਧਦੀ ਫ਼ੌਜ ਦਾ ਸੰਕੇਤ ਹੈ, ਜੋ ਭਾਰਤੀ ਰਾਜਨੀਤੀ 'ਚੋਂ ਨੈਤਿਕਤਾ ਦੇ ਖ਼ਤਮ ਹੋਣ ਤੇ ਰਾਜਨੀਤੀ ਦੇ ਪੂਰੀ ਤਰ੍ਹਾਂ ਸੱਤਾ 'ਤੇ ਅਧਾਰਤ ਹੋਣ ਦਾ ਵੀ ਸੰਕੇਤ ਹੈ। ਭਾਰਤੀ ਰਾਜਨੀਤੀ 'ਚ ਪਹਿਲਾਂ ਵੀ ਬਦਲਾਅ ਹੋਏ ਹਨ ਅਤੇ ਲੋਕਤੰਤਰ 'ਤੇ ਪਹਿਲਾਂ ਵੀ ਖ਼ਤਰੇ ਦੇ ਬੱਦਲ ਛਾਏ ਸਨ, ਰਾਜਨੀਤੀ ਬੇਉਮੀਦ ਹੋਣ ਨਾਲ ਡਰ ਨੇ ਸਮਾਜ ਨੂੰ ਅਸਥਿਰ ਕੀਤਾ ਸੀ। ਪਰ ਸੱਤਾ ਕਦੇ ਵੀ ਇਸ ਕਦਰ ਸ਼ਕਤੀ-ਅਧਾਰਤ ਨਹੀਂ ਹੋਈ ਸੀ। ਐਮਰਜੈਂਸੀ ਵੀ ਲੱਗੀ, ਪਰ ਲੋਕਤੰਤਰ ਲਈ ਆਵਾਜ਼ਾਂ ਕਦੇ ਵੀ ਪੂਰੀ ਤਰ੍ਹਾਂ ਚੁੱਪ ਨਹੀਂ ਹੋਈਆਂ। ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਹਰਾਉਣ ਵਾਲਾ ਅਸਲੀ ਨਾਇਕ ਜੈਪ੍ਰਕਾਸ਼ ਨਾਰਾਇਣ ਜਦੋਂ ਇੰਦਰਾ ਗਾਂਧੀ ਨੂੰ ਮਿਲਿਆ ਤਾਂ ਰੋ ਪਿਆ ਸੀ। ਜੈਪ੍ਰਕਾਸ਼ ਆਪਣੀ 'ਇੰਦੂ ਨੂੰ' ਉਹ ਚਿੱਠੀਆਂ ਦੇਣ ਗਏ ਸਨ, ਜਿਸ ਬਾਰੇ ਉਸ ਨੂੰ ਡਰ ਸੀ ਕਿ ਸਰਕਾਰ ਦੇ ਹੱਥਾਂ ਵਿਚ ਜਾਣ ਨਾਲ ਇਨ੍ਹਾਂ ਦੀ ਦੁਰਵਰਤੋਂ ਹੋ ਸਕਦੀ ਹੈ। ਪਰ ਹੁਣ ਰਾਜਨੀਤੀ ਵਿਚ ਇਹ ਲੋਕਤੰਤਰਿਕ ਪਰੰਪਰਾ ਖ਼ਤਮ ਹੋ ਗਈ ਹੈ, ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਇਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਹਨ।
ਤ੍ਰਿਣਮੂਲ ਕਾਂਗਰਸ ਉਹੀ ਪਾਰਟੀ ਸੀ, ਜਿਸ ਦੀ ਅਗਵਾਈ 4 ਮਈ ਨੂੰ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਇਕ ਅਜਿਹੀ ਨੇਤਾ ਕਰ ਰਹੀ ਸੀ, ਜੋ ਸੰਘਰਸ਼ ਦਾ ਪ੍ਰਤੀਕ ਮੰਨੀ ਜਾਂਦੀ ਸੀ। ਜੋ ਸੂਬੇ 'ਚੋਂ ਖੱਬੇ ਮੋਰਚੇ ਦੇ 34 ਸਾਲਾਂ ਦੇ ਸ਼ਾਸਨ ਨੂੰ ਉਖਾੜ ਕੇ 15 ਸਾਲ ਤੱਕ ਮੁੱਖ ਮੰਤਰੀ ਰਹੀ ਸੀ ਅਤੇ ਉਸ ਨੂੰ ਕਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਵਜੋਂ ਵੀ ਦੇਖਿਆ ਜਾਂਦਾ ਸੀ। ਅੱਜ ਉਹੀ ਮਮਤਾ ਬੈਨਰਜੀ ਇਕ ਬੇਵੱਸ ਨੇਤਾ ਹੈ, ਕਿਉਂਕਿ ਉਸ ਦੀ ਪਿੱਠ 'ਚ ਉਸ ਦੇ ਆਪਣੇ ਸਹਿਯੋਗੀਆਂ ਨੇ ਛੁਰਾ ਮਾਰਿਆ ਹੈ। ਮਮਤਾ ਦੇ ਪਤਨ ਦਾ ਅਰਥ ਹੈ ਵਿਰੋਧੀ ਧਿਰ ਦੀ ਇਕ ਬਹੁਤ ਮਜ਼ਬੂਤ ਕੰਧ ਦਾ ਢਹਿ ਜਾਣਾ, ਜੇਕਰ ਉਸ ਦੀ ਪਾਰਟੀ ਖ਼ਤਮ ਹੋ ਜਾਂਦੀ ਹੈ ਤਾਂ ਕੋਈ ਵੀ ਖੇਤਰੀ ਪਾਰਟੀ ਨਹੀਂ ਬਚ ਨਹੀਂ ਸਕੇਗੀ। ਹੁਣ ਸਭ ਤੋਂ ਵੱਡਾ ਖ਼ਤਰਾ ਸਮਾਜਵਾਦੀ ਪਾਰਟੀ 'ਤੇ ਮੰਡਰਾ ਰਿਹਾ ਹੈ। ਅਗਲੇ ਕੁਝ ਮਹੀਨਿਆਂ ਦੌਰਾਨ ਉੱਤਰ ਪ੍ਰਦੇਸ਼ ਵਿਚ ਚੋਣਾਂ ਹੋਣ ਵਾਲੀਆਂ ਹਨ। ਇਹ ਉਹੀ ਸੂਬਾ ਹੈ, ਜਿੱਥੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਕਰਾਰੀ ਹਾਰ ਤੇ ਟੱਕਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਭਾਜਪਾ ਅਯੁੱਧਿਆ (ਫੈਜ਼ਾਬਾਦ) 'ਚ ਲੋਕ ਸਭਾ ਚੋਣ ਹਾਰ ਗਈ ਸੀ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਸਮਾਜਵਾਦੀ ਪਾਰਟੀ ਨੂੰ ਸਬਕ ਸਿਖਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸੇ ਲਈ ਅਖਿਲੇਸ਼ ਯਾਦਵ ਕਹਿ ਰਹੇ ਹਨ ਕਿ ਜੇਕਰ ਭਾਜਪਾ ਉੱਤਰ ਪ੍ਰਦੇਸ਼ ਵਿਚ ਜਿੱਤ ਜਾਂਦੀ ਹੈ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਹੋਰ ਚੋਣਾਂ ਨਹੀਂ ਹੋਣਗੀਆਂ। ਲੋਕਾਂ ਨੂੰ ਹੁਣ ਚੋਣ ਕਮਿਸ਼ਨ ਵਿਚ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਚੋਣਾਂ ਸਿਰਫ਼ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੋ ਰਹੀਆਂ ਹਨ। ਰਾਹੁਲ ਗਾਂਧੀ ਕਾਫ਼ੀ ਸਮੇਂ ਤੋਂ ਇਹੀ ਗੱਲ ਜ਼ੋਰਦਾਰ ਢੰਗ ਨਾਲ ਕਹਿ ਰਹੇ ਸਨ ਕਿ ਵੋਟ ਚੋਰੀ ਹੋ ਰਹੀ ਹੈ, ਚੋਣਾਂ ਲੁੱਟੀਆਂ ਜਾ ਰਹੀਆਂ ਹਨ ਤੇ ਪੂਰਾ ਸਿਸਟਮ ਹਾਈਜੈਕ ਹੋ ਚੁੱਕਾ ਹੈ। ਲੋਕਤੰਤਰ ਸਿਰਫ ਨਾਂਅ ਦਾ ਹੀ ਰਹਿ ਗਿਆ ਹੈ।
ਅਜਿਹੀ ਸਥਿਤੀ ਵਿਚ ਵੱਡਾ ਸਵਾਲ ਇਹ ਹੈ ਕਿ ਹੁਣ ਵਿਰੋਧੀ ਧਿਰ ਨੂੰ ਕੀ ਕਰਨਾ ਚਾਹੀਦਾ ਹੈ? ਕੀ ਉਹ ਆਪਣੀਆਂ ਪਾਰਟੀਆਂ ਬਚਾਏ, ਲੜੇ ਜਾਂ ਪੂਰੀ ਤਰ੍ਹਾਂ ਭਾਜਪਾ ਅੱਗੇ ਸਮਰਪਿਤ ਹੋ ਜਾਵੇ? ਕੀ ਖੇਤਰੀ ਪਾਰਟੀਆਂ ਦਾ ਕੋਈ ਭਵਿੱਖ ਹੈ, ਕੀ ਛੋਟੀਆਂ ਪਾਰਟੀਆਂ ਨੂੰ ਤੋੜਨਾ ਸਭ ਤੋਂ ਆਸਾਨ ਹੈ? ਪਹਿਲਾਂ ਸ਼ਿਵ ਸੈਨਾ, ਫਿਰ ਐਨ.ਸੀ.ਪੀ.ਅਤੇ ਹੁਣ ਤ੍ਰਿਣਮੂਲ ਕਾਂਗਰਸ ਦਾ ਸਵਾਲ ਉਠਾਉਂਦਾ ਹੈ। ਓਡੀਸ਼ਾ ਵਿਚ ਨਵੀਨ ਪਟਨਾਇਕ ਦਾ ਬੀਜੂ ਜਨਤਾ ਦਲ ਲੜਖੜਾ ਰਿਹਾ ਹੈ ਤਾਂ ਬਿਹਾਰ ਵਿਚ ਨਿਤਿਸ਼ ਕੁਮਾਰ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਵਿਚ ਬਸਪਾ ਦੀ ਹਾਲਤ ਖਸਤਾ ਹੈ, ਤਾਂ ਕਰਨਾਟਕ ਵਿਚ ਜਨਤਾ ਦਲ (ਸੈਕੂਲਰ) ਢਹਿਣ ਦੀ ਕਗਾਰ 'ਤੇ ਹੈ। ਅਕਾਲੀ ਦਲ ਦਾ ਭਵਿੱਖ ਅਨਿਸ਼ਚਿਤ ਹੈ ਅਤੇ ਦਿੱਲੀ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ। ਆਰ.ਜੇ.ਡੀ. ਦੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਹੈ, ਜਦਕਿ ਅਸਮ ਗਣ ਪ੍ਰੀਸ਼ਦ, ਲੋਕ ਜਨਸ਼ਕਤੀ ਪਾਰਟੀ, ਅਪਨਾ ਦਲ, ਐਨ.ਸੀ.ਪੀ. ਅਜੀਤ ਪਵਾਰ, ਸ਼ਿਵ ਸੈਨਾ ਏਕਨਾਥ ਸ਼ਿੰਦੇ ਜਿਹੀਆਂ ਪਾਰਟੀਆਂ ਭਾਜਪਾ ਦੇ ਰਹਿਮ 'ਤੇ ਨਿਰਭਰ ਹਨ। ਭਾਵੇਂ ਇਸ ਸਮੇਂ ਟੀ.ਡੀ.ਪੀ. ਦੀ ਸਰਕਾਰ ਆਂਧਰਾ ਪ੍ਰਦੇਸ਼ 'ਚ ਸੁਰੱਖਿਅਤ ਹੈ, ਪਰ ਕਿੰਨੇ ਸਮੇਂ ਲਈ ਪਤਾ ਨਹੀਂ? ਵਾਈ.ਐਸ.ਆਰ. ਕਾਂਗਰਸ ਤੇ ਬੀ.ਆਰ.ਐਸ. ਦਾ ਕੀ ਹੋਵੇਗਾ, ਇਹ ਸਵਾਲ ਹਵਾ 'ਚ ਤੈਰ ਰਿਹਾ ਹੈ। ਖੇਤਰੀ ਪਾਰਟੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਭਾਜਪਾ ਦੀ ਵਿਚਾਰਧਾਰਾ ਖੇਤਰੀ ਪਛਾਣ ਨੂੰ ਮਜ਼ਬੂਤ ਭਾਰਤ ਦੇ ਰਸਤੇ ਦੀ ਵੱਡੀ ਰੁਕਾਵਟ ਮੰਨਦੀ ਹੈ। ਇਸ ਦਾ ਮੰਨਣਾ ਹੈ ਕਿ ਖੇਤਰਵਾਦ ਦਾ ਉਭਾਰ ਭਾਰਤ ਨੂੰ ਕਮਜ਼ੋਰ ਕਰਦਾ ਹੈ, ਉਹ ਏਕੀਕ੍ਰਿਤ ਸ਼ਾਸਨ ਪ੍ਰਣਾਲੀ ਦੀ ਵਕਾਲਤ ਕਰਦੀ ਹੈ।
ਆਰ.ਐਸ.ਐਸ. ਦੇ ਦੂਜੇ ਮੁਖੀ ਐਮ.ਐਸ ਗੋਲਵਲਕਰ- ਇਕ ਨੇਤਾ, ਇਕ ਵਿਧਾਨ ਪਾਲਿਕਾ ਤੇ ਇਕ ਸਰਕਾਰ ਦੀ ਗੱਲ ਲਿਖ ਚੁੱਕੇ ਹਨ। ਦੀਨ ਦਿਆਲ ਉਪਾਧਿਆਏ ਨੇ ਆਪਣੀ 'ਇੰਟੈਗਰਲ ਹਿਊਮੈਨਿਜ਼ਮ' ਵਿਚ ਕਿਹਾ ਹੈ ਕਿ ਭਾਰਤੀ ਸੰਵਿਧਾਨ ਵਿਚ ਬੰਗ ਮਾਤਾ, ਤੇਲਗੂ ਮਾਤਾ, ਤਾਮਿਲ ਮਾਤਾ ਤੇ ਕੰਨੜ ਮਾਤਾ ਤਾਂ ਸ਼ਾਮਿਲ ਹਨ- ਪਰ ਭਾਰਤ ਮਾਤਾ ਕਿੱਥੇ ਹੈ? ਉਹ ਮਜਬੂਰੀਵੱਸ ਵਿਭਿੰਨਤਾ ਵਿਚ ਏਕਤਾ ਦੀ ਗੱਲ ਤਾਂ ਕਰਦੇ ਹਨ, ਪਰ ਵਿਭਿੰਨਤਾ ਦਾ ਸਤਿਕਾਰ ਨਹੀਂ ਕਰਦੇ। ਅਜਿਹੀ ਸਥਿਤੀ ਵਿਚ ਖੇਤਰੀ ਪਾਰਟੀਆਂ ਨੂੰ ਮਮਤਾ ਬੈਨਰਜੀ ਦੇ ਘਟਨਾਕ੍ਰਮ ਤੋਂ ਬਾਅਦ ਇਕ ਨਵੀਂ ਰਣਨੀਤੀ 'ਤੇ ਵਿਚਾਰ ਕਰਨਾ ਚਾਹੀਦਾ ਹੈ, ਇਹ ਹੋਂਦ ਬਚਾਉਣ ਦਾ ਸੰਕਟ ਹੈ। ਰਾਹੁਲ ਗਾਂਧੀ ਐਵੇਂ ਨਹੀਂ ਕਹਿ ਰਹੇ ਕਿ ਹੁਣ ਵਿਰੋਧ ਕਰਨਾ ਹੀ ਪਵੇਗਾ। ਅਜਿਹੀ ਸਥਿਤੀ ਵਿਚ ਦੋ ਹੀ ਬਦਲ ਹਨ- ਪਹਿਲਾ ਕਾਂਗਰਸ ਪਾਰਟੀ ਤੋਂ ਵੱਖ ਹੋਈਆਂ ਸਭ ਪਾਰਟੀਆਂ ਮੁੜ ਕਾਂਗਰਸ ਪਾਰਟੀ ਵਿਚ ਰਲ ਸਕਦੀਆਂ ਹਨ। ਮਤਲਬ ਤ੍ਰਿਣਮੂਲ ਕਾਂਗਰਸ, ਐਨ.ਸੀ.ਪੀ. ਸ਼ਰਦ ਪਵਾਰ ਅਤੇ ਜਗਨ ਮੋਹਨ ਰੈਡੀ ਦੀ ਵਾਈ.ਐਸ.ਆਰ. ਕਾਂਗਰਸ ਇਸ ਬਦਲ 'ਤੇ ਵਿਚਾਰ ਕਰ ਸਕਦੀਆਂ ਹਨ। ਦੂਜਾ, ਸਮਾਜਵਾਦੀ ਵਿਚਾਰਧਾਰਾ ਤੋਂ ਉੱਭਰੀਆਂ ਪਾਰਟੀਆਂ ਇਕ ਏਕੀਕ੍ਰਿਤ ਜਨਤਾ ਦਲ (ਜਨਤਾ ਦਲ) ਬਣਾਉਣ 'ਤੇ ਵਿਚਾਰ ਕਰਦੀਆਂ ਹਨ, ਤਾਂ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਤੇਜਸਵੀ ਯਾਦਵ ਦੀ ਆਰ.ਜੇ.ਡੀ., ਨਵੀਨ ਪਟਨਾਇਕ ਦੀ ਬੀ.ਜੇ.ਡੀ. ਅਤੇ ਨਿਤਿਸ਼ ਕੁਮਾਰ ਦੀ ਜਨਤਾ ਦਲ (ਯੂਨਾਈਟਿਡ) ਇਸ ਵਿਚ ਇਕਜੁੱਟ ਹੋ ਸਕਦੀਆਂ ਹਨ।
ਇਹ ਬਦਲ ਮੁਸ਼ਕਿਲ ਹੈ, ਪਰ ਅਸੰਭਵ ਨਹੀਂ ਹੈ। ਵਿਰੋਧੀ ਧਿਰ ਸੌੜੀ ਸੋਚ ਤੋਂ ਉੱਪਰ ਉੱਠ ਕੇ ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਕਰਨ ਦਾ ਸੰਕਲਪ ਲੈ ਸਕਦੀ ਹੈ। ਜੇ 1970 ਦੇ ਦਹਾਕੇ ਦੇ ਮੱਧ ਵਿਚ ਜਨ ਸੰਘ ਵਰਗੀ ਹਿੰਦੂਤਵੀ ਪਾਰਟੀ, ਸਮਾਜਵਾਦੀ ਤੇ ਕਾਂਗਰਸ ਤੋਂ ਵੱਖ ਹੋਏ ਧੜਿਆਂ ਨੇ ਆਪਣੀ ਹੋਂਦ ਖ਼ਤਮ ਕਰਕੇ ਜਨਤਾ ਪਾਰਟੀ ਵਿਚ ਰਲੇਂਵਾ ਕੀਤਾ ਸੀ ਤਾਂ ਕਾਂਗਰਸ ਤੇ ਜਨਤਾ ਦਲ ਤੋਂ ਵੱਖ ਹੋਈਆਂ ਪਾਰਟੀਆਂ ਅੱਜ ਅਜਿਹਾ ਕਿਉਂ ਨਹੀਂ ਕਰ ਸਕਦੀਆਂ? ਅਸਾਧਾਰਨ ਹਾਲਾਤ ਹੀ ਅਸਾਧਾਰਨ ਫ਼ੈਸਲੇ ਲੈਣ ਦੀ ਮੰਗ ਕਰਦੇ ਹਨ। ਕੀ ਅੱਜ ਵਿਰੋਧੀ ਧਿਰ ਅਸਾਧਾਰਨ ਫ਼ੈਸਲੇ ਲੈਣ ਲਈ ਤਿਆਰ ਹੈ?
ashutosh83b@gmail.com