ਪੰਜਾਬ 'ਚ ਝੋਨੇ ਦੀ ਲੁਆਈ ਸ਼ੁਰੂ ਗਈ ਹੈ, ਪਰ ਕਾਫ਼ੀ ਘੱਟ ਰਫ਼ਤਾਰ ਨਾਲ ਇਹ ਕੰਮ ਚਲ ਰਿਹਾ ਹੈ। ਪੰਜਾਬ ਸਰਕਾਰ ਨੇ ਪਰਿਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਹੇਠ ਕਿਸਾਨਾਂ ਨੂੰ 15 ਜੂਨ ਤੋਂ ਝੋਨਾ ਲਗਾਉਣਾ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ, ਜਿਸ 'ਚ ਥੋੜ੍ਹੀ-ਬਹੁਤ ਤਬਦੀਲੀ ਕਰਕੇ ਹਰ ਸਾਲ ਝੋਨਾ ਲਗਦਾ ਰਿਹਾ। ਇਸ ਸਾਲ ਪਹਿਲੀ ਜੂਨ ਤੋਂ ਤਿੰਨ ਪੜਾਵਾਂ ਵਿਚ ਝੋਨਾ ਲਾਉਣ ਦੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ। ਇਹ ਮਿਤੀ ਇਸ ਲਈ ਨੀਯਤ ਕੀਤੀ ਜਾਂਦੀ ਰਹੀ ਹੈ ਕਿ ਕਿਸਾਨ ਅਗੇਤਾ ਝੋਨਾ ਲਾਉਣਾ ਸ਼ੁਰੂ ਨਾ ਕਰਨ ਤੇ ਪਾਣੀ ਦੀ ਬੱਚਤ ਹੋ ਸਕੇ। ਪੂਸਾ-44 ਕਿਸਮ ਨੂੁੰ ਅਗੇਤਾ ਝੋਨਾ ਲਾਉਣ ਦਾ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਇਹ ਪੱਕਣ ਨੂੰ ਹੋਰ ਕਿਸਮਾਂ ਨਾਲੋਂ ਹਫ਼ਤਾ ਦਸ ਦਿਨ ਵੱਧ ਲੈਂਦੀ ਸੀ। ਰਾਜ ਪੁਰਸਕਾਰੀ ਪੀ.ਏ.ਯੂ. ਤੋਂ ਸਨਮਾਨਿਤ ਬਿਸ਼ਨਪੁਰ ਛੰਨਾ (ਪਟਿਆਲਾ) ਦਾ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ 1993 ਤੋਂ ਲਗਾਤਾਰ ਆਪਣੀ 18 ਏਕੜ ਜ਼ਮੀਨ 'ਤੇ ਪੂਸਾ-44 ਕਿਸਮ ਬੀਜਦਾ ਆ ਰਿਹਾ ਹੈ, ਜਿਸ ਨੇ ਪੂਸਾ-44 ਬੀਜ ਕੇ ਔਸਤਨ 40 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕਰਕੇ 2017 18 'ਚ ਪੂਸਾ-44 ਕਿਸਮ ਦਾ ਰਾਜ ਭਰ 'ਚ ਸਭ ਤੋਂ ਵੱਧ ਝਾੜ ਪ੍ਰਾਪਤ ਕਰਨ ਵਜੋਂ ਕੇਂਦਰ ਤੋਂ ਪੰਜਾਬ ਸਰਕਾਰ ਦੇ ਨਾਲ 'ਕ੍ਰਿਸ਼ੀ ਕਰਮਨ ਪੁਰਸਕਾਰ' ਪ੍ਰਾਪਤ ਕੀਤਾ। ਉਸ ਨੂੰ ਇਸ ਪ੍ਰਾਪਤੀ ਵਜੋਂ ਆਈ.ਸੀ.ਏ.ਆਰ. ਇੰਡੀਅਨ ਐਗਰੀਕਚਲਰਲ ਰਿਸਰਚ ਇੰਸਟੀਚਿਊਟ ਨੇ 'ਫੈਲੋ ਫਾਰਮਰ' ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ।
ਪੂਸਾ-44 ਲਗਾਤਾਰ ਕਈ ਸਾਲਾਂ ਤੱਕ ਝੋਨੇ ਦੀ ਕਾਸ਼ਤ ਹੇਠ ਕੁੱਲ ਰਕਬੇ 'ਚੋਂ 70% ਤੋਂ ਵੱਧ ਰਕਬੇ 'ਤੇ ਲਾਈ ਜਾਂਦੀ ਰਹੀ ਹੈ। ਇਹ ਹਨੇਰੀਆਂ, ਝੱਖੜਾਂ ਤੇ ਤੇਜ਼ ਹਵਾਵਾਂ 'ਚ ਡਿੱਗਦੀ ਵੀ ਨਹੀਂ। ਆੜ੍ਹਤੀਆ ਐਸੋਸੀਏਸ਼ਨ ਪਟਿਆਲਾ ਦਾ ਪ੍ਰਧਾਨ ਤੇ ਚੌਲ ਮਿੱਲਾਂ ਦਾ ਪ੍ਰਸਿੱਧ ਮਾਲਕ ਦੇਵੀ ਦਿਆਲ ਕਹਿੰਦਾ ਹੈ ਕਿ ਮਿੱਲਾਂ ਵਾਲੇ ਪੂਸਾ-44 ਖਰੀਦਣਾ ਇਸ ਲਈ ਪਸੰਦ ਕਰਦੇ ਹਨ, ਕਿਉਂਕਿ ਇਸ ਦਾ ਚੌਲ ਨਹੀਂ ਟੁੱਟਦਾ, ਟੋਟਾ ਦੂਜੀਆਂ ਕਿਸਮਾਂ ਨਾਲੋਂ ਬੜਾ ਘੱਟ ਹੁੰਦਾ ਹੈ ਤੇ ਚੌਲਾਂ ਦੀ ਵਸੂਲੀ ਜ਼ਿਆਦਾ 70% ਤੱਕ ਹੈ। ਸਰਕਾਰ ਨੇ ਪੂਸਾ-44 ਦੀ ਕਾਸ਼ਤ ਤੇ ਪੰਜਾਬ ਬੀਜ ਪ੍ਰਮਾਣਨ ਅਥਾਰਟੀ ਤੋਂ ਇਸ ਦੇ ਬੀਜ ਦੀ ਸਰਟੀਫਿਕੇਸ਼ਨ ਬੰਦ ਕਰਾ ਕੇ ਅਤੇ ਪੀ.ਏ.ਯੂ. ਦੀ ਸਿਫ਼ਾਰਸ਼ ਅਤੇ ਹੋਰ ਰੋਕਾਂ ਲਾ ਕੇ ਇਸ ਕਿਸਮ ਦੀ ਕਾਸ਼ਤ ਨੂੰ ਰੋਕਣ 'ਤੇ ਜ਼ੋਰ ਦਿੱਤਾ, ਜਿਸ ਉਪਰੰਤ ਇਸ ਦੀ ਕਾਸ਼ਤ ਘਟਦੀ ਗਈ। ਫੇਰ ਵੀ ਪਿਛਲੇ ਸਾਲਾਂ 'ਚ ਤਕਰੀਬਨ 20% ਰਕਬੇ 'ਤੇ ਇਸ ਦੀ ਕਾਸ਼ਤ ਕੀਤੀ ਜਾਂਦੀ ਰਹੀ। ਇਸ ਕਿਸਮ ਨੂੰ ਵਿਕਸਿਤ ਕਰਨ ਵਾਲੀ ਆਈ.ਏ.ਆਰ.ਆਈ. ਨੇ ਵੀ ਇਸ ਦਾ ਬੀਜ ਬਣਾਉਣਾ ਬੰਦ ਕਰ ਦਿੱਤਾ ਹੈ। ਹਾਲਾਂਕਿ ਇਹ ਕਿਸਮ ਕੇਂਦਰ ਦੀ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦੀ ਪ੍ਰਵਾਨਗੀ ਸੰਬੰਧੀ ਬਣਾਈ ਸਬ ਕਮੇਟੀ ਵਲੋਂ ਨੋਟੀਫਾਈਡ ਹੈ। ਦੂਜੀਆਂ ਅਪ੍ਰਮਾਣਿਤ ਹਾਈਬ੍ਰਿਡ ਕਿਸਮਾਂ, ਪੀਲੀ ਪੂਸਾ, ਡੋਗਰ ਪੂਸਾ ਆਦਿ ਜੋ ਨੋਟੀਫਾਇਡ ਵੀ ਨਹੀਂ, ਮੰਡੀ 'ਚ ਵੇਚੀਆਂ ਜਾ ਰਹੀਆਂ ਹਨ ਤੇ ਕਿਸਾਨ ਉਨ੍ਹਾਂ ਨੂੰ ਬੀਜ ਰਹੇ ਹਨ।
ਪੰਜਾਬ ਸਰਕਾਰ ਨੇ ਜੋ ਇਸ ਸਾਲ ਤਿੰਨ ਪੜਾਵਾਂ 'ਚ ਝੋਨਾ ਲਾਉਣ ਦਾ ਹੁਕਮ ਜਾਰੀ ਕੀਤਾ, ਉਸ ਦਾ ਮੁੱਖ ਟੀਚਾ ਪਾਣੀ ਦੀ ਬੱਚਤ ਹੈ। ਪੂਸਾ-44 ਦੇ ਬੀਜ ਦੀ ਉਪਲੱਬਧਤਾ ਨਾ ਹੋਣ ਅਤੇ ਕਿਸਾਨਾਂ ਵਲੋਂ ਕੀਤੇ ਤਜਰਬਿਆਂ ਦੇ ਆਧਾਰ 'ਤੇ ਕਿ 20 ਜੂਨ ਦੇ ਨੇੜੇ ਲਾਈ ਫ਼ਸਲ ਕੀੜੇ ਮਕੌੜਿਆਂ ਤੋਂ ਸੁਰੱਖਿਅਤ ਰਹਿੰਦੀ ਹੈ, ਕਿਸਾਨ ਅਗੇਤਾ ਝੋਨਾ ਨਹੀਂ ਲਾ ਰਹੇ। ਅਮਲੋਹ ਨੇੜੇ ਧਰਮਗੜ੍ਹ ਪਿੰਡ ਦਾ ਪੀ.ਏ.ਯੂ. ਤੋਂ ਸਨਮਾਨਿਤ ਅਗਾਂਹਵਧੂ ਕਿਸਾਨ ਬਲਬੀਰ ਸਿੰਘ ਜੜ੍ਹੀਆ ਕਹਿੰਦਾ ਹੈ ਕਿ ਪੂਸਾ-44 ਪੱਕਣ ਨੂੰ 145 ਦਿਨ ਲੈਂਦੀ ਹੈ ਤੇ ਇਸ ਨਾਲ ਪਾਣੀ ਦੀ ਖ਼ਪਤ ਕੋਈ ਜ਼ਿਆਦਾ ਨਹੀਂ ਹੁੰਦੀ। ਕਾਲੇਕਾ ਤੇ ਜੜ੍ਹੀਆ ਅਨੁਸਾਰ ਹੁਣ ਜੋ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਦੇ ਆਉਣ ਨਾਲ ਕਿਸਾਨ ਆਲੂ, ਬਹਾਰ ਰੁੱਤ ਦੀ ਮੱਕੀ ਤੇ ਝੋਨੇ ਦਾ ਫ਼ਸਲੀ ਚੱਕਰ ਅਪਣਾ ਰਹੇ ਹਨ, ਉਸ ਨਾਲ ਪਾਣੀ ਦੀ ਖ਼ਪਤ ਪੂਸਾ-44 ਨਾਲੋਂ ਕਿਤੇ ਵੱਧ ਹੁੰਦੀ ਹੈ। ਭਾਵੇਂ ਆਈ.ਏ.ਆਰ.ਆਈ. ਨੇ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਪੂਸਾ-1824 ਤੇ ਪੂਸਾ-2090 ਕਿਸਮਾਂ ਵਿਕਸਿਤ ਕੀਤੀਆਂ ਪਰ ਕਾਲੇਕਾ ਕਹਿੰਦਾ ਹੈ ਕਿ ਪੂਸਾ-44 ਦੇ ਬੀਜ ਬਣਾਉਣਾ ਸਰਕਾਰ ਨੂੰ ਓਨਾ ਚਿਰ ਬੰਦ ਨਹੀਂ ਸੀ ਕਰਨਾ ਚਾਹੀਦਾ, ਜਿੰਨਾ ਚਿਰ ਨਵੀਆਂ ਕਿਸਮਾਂ ਨੂੰ ਪੂਰੀ ਤਰ੍ਹਾਂ ਅਪਣਾਇਆ ਨਹੀਂ ਜਾਂਦਾ।
ਸਾਰੀਆਂ ਕਿਸਮਾਂ ਨਾਲੋਂ ਪੂਸਾ-44 ਦਾ ਲਾਉਣਾ ਜੋ ਕਿਸਾਨਾਂ, ਸ਼ੈੱਲਰਾਂ ਤੇ ਆੜ੍ਹਤੀਆਂ ਦੀ ਪਸੰਦ ਸੀ, ਨੂੰ ਬੰਦ ਕਰਨਾ ਨਹੀਂ ਸੀ ਭਾਂਪਦਾ। ਸਰਕਾਰ ਵਲੋਂ ਜੋ 8 ਘੰਟੇ ਬਿਜਲੀ ਝੋਨੇ ਦੇ ਸੀਜ਼ਨ 'ਚ ਮੁਹੱਈਆ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਉਸ ਦੇ ਮੱਦੇਨਜ਼ਰ ਤਾਂ ਪੂਸਾ-44 ਜਿਹੀ ਕਿਸਮ ਜੋ ਲਗਾਤਾਰ 30 ਸਾਲਾਂ ਤੋਂ ਸਫ਼ਲਤਾ ਨਾਲ ਬੀਜੀ ਜਾ ਰਹੀ ਸੀ, ਦੀ ਕਾਸ਼ਤ ਤੇ ਬੀਜ ਬਣਾਉਣਾ ਬੰਦ ਕਰਨਾ ਕਿਸਾਨੀ ਦੇ ਹਿੱਤ 'ਚ ਨਹੀਂ ਹੈ।
ਨਵਾਂ ਫ਼ਸਲੀ ਚੱਕਰ ਜੋ ਹਾਈਬ੍ਰਿਡ ਝੋਨੇ ਦੀ ਵਧ ਰਹੀ ਕਾਸ਼ਤ ਨਾਲ ਸਾਹਮਣੇ ਆਇਆ ਹੈ, ਇਸ ਕਾਰਨ ਖੇਤੀ 'ਤੇ ਸੰਕਟ ਮੰਡਰਾ ਰਿਹਾ ਹੈ। ਹਾਈਬ੍ਰਿਡਜ਼ ਨਾਲ ਝੋਨੇ ਦੀ ਗੁਣਵੱਤਾ ਖਰਾਬ ਹੋਣ ਨਾਲ ਝੋਨੇ ਦੇ ਮੰਡੀਕਰਨ 'ਚ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਆਵੇਗੀ। ਇਸ ਸਾਲ ਬਾਸਮਤੀ ਦੀਆਂ ਕਿਸਮਾਂ ਹੇਠ ਰਕਬਾ ਵਧਣ ਦੀ ਸੰਭਾਵਨਾ ਨਹੀਂ, ਕਿਉਂਕਿ ਖਾੜੀ ਦੀ ਜੰਗ ਕਾਰਨ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਬਾਸਮਤੀ ਦੀ ਬਰਾਮਦ ਘਟੇਗੀ, ਜਿਸ ਕਾਰਨ ਬਾਸਮਤੀ ਦੇ ਭਾਅ ਡਿਗਣ ਦਾ ਅੰਦੇਸ਼ਾ ਹੈ। ਇਸ 'ਤੇ ਐਮ.ਐਸ.ਪੀ. ਵੀ ਨਹੀਂ ਹੈ। ਭਾਵੇਂ ਮੌਸਮ ਵਿਭਾਗ ਵਲੋਂ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ, ਪਰ ਝੋਨਾ ਖ਼ਰੀਫ਼ ਦੀ ਮੁੱਖ ਫ਼ਸਲ ਬਣੀ ਰਹੇਗੀ। ਪੀ.ਏ.ਯੂ. ਨੂੰ ਅਜਿਹੀਆਂ ਬਦਲਵੀਆਂ ਫ਼ਸਲਾਂ ਵਿਕਸਿਤ ਕਰਨ ਦੀ ਲੋੜ ਹੈ, ਜੋ ਕਿਸਾਨਾਂ ਨੂੰ ਝੋਨੇ ਜਿੰਨਾ ਮੁਨਾਫ਼ਾ ਦੇਣ।
ਈ-ਮੇਲ : bhagwandass226@gmail.com