ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਦੁਨੀਆ ਭਰ ਲਈ ਰਾਹਤ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 20-06-2026

ਲਗਭਗ ਪਿਛਲੇ 4 ਮਹੀਨਿਆਂ ਤੋਂ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਨੇ ਨਾ ਸਿਰਫ਼ ਪੱਛਮੀ ਏਸ਼ੀਆ ਦੇ ਖਿੱਤੇ ਦਾ ਹੀ ਵੱਡਾ ਨੁਕਸਾਨ ਕੀਤਾ, ਸਗੋਂ ਇਸ ਦਾ ਦੁਨੀਆ ਭਰ ਦੇ ਦੇਸ਼ਾਂ 'ਤੇ ਵੀ ਨਾਂਹ-ਪੱਖੀ ਅਸਰ ਪਿਆ ਹੈ। ਖਾੜੀ ਦੇਸ਼ਾਂ ਦਾ ਤੇਲ ਅਤੇ ਗੈਸ ਦਾ ਉਤਪਾਦਨ ਬੇਹੱਦ ਘਟ ਗਿਆ। ਹੋਰਮੁਜ਼ ਜਲਮਾਰਗ 'ਤੇ ਈਰਾਨ ਦੀ ਨਾਕਾਬੰਦੀ ਕਾਰਨ ਆਵਾਜਾਈ ਵਾਲੇ ਜਹਾਜ਼ ਰੁਕ ਗਏ। ਇਸ ਰਸਤੇ ਤੋਂ 20 ਫ਼ੀਸਦੀ ਦੇ ਲਗਭਗ ਤੇਲ ਅਤੇ ਗੈਸ ਦਾ ਨਿਰਯਾਤ ਹੁੰਦਾ ਸੀ। ਫੈਲੀ ਇਸ ਗੜਬੜੀ ਨੇ ਜਿੱਥੇ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਇਕ ਤਰ੍ਹਾਂ ਦੀ ਅੱਗ ਲਗਾ ਦਿੱਤੀ, ਉਥੇ ਖਾਦਾਂ ਦੀ ਸਪਲਾਈ ਰੁਕ ਜਾਣ ਕਾਰਨ ਖੇਤੀ ਲਈ ਵੀ ਸੰਕਟ ਖੜ੍ਹਾ ਹੋ ਗਿਆ ਸੀ। ਭਾਰਤ ਵਲੋਂ ਬਰਾਮਦ ਕੀਤੇ ਜਾਂਦੇ ਬਾਸਮਤੀ ਦੇ ਚੌਲਾਂ ਅਤੇ ਹੋਰ ਸਾਮਾਨ ਦੀ ਸਪਲਾਈ ਵਿਚ ਵੀ ਵਿਘਨ ਪੈ ਜਾਣ ਕਾਰਨ ਤਿਜ਼ਾਰਤ ਬੇਹੱਦ ਖਸਾਰੇ ਵਿਚ ਚਲੀ ਗਈ ਸੀ। ਇਸ ਲਈ ਫਰਾਂਸ ਵਿਚ ਡੋਨਾਲਡ ਟਰੰਪ ਅਤੇ ਈਰਾਨ ਵਿਚ ਮਸੂਦ ਪੇਜ਼ੇਸ਼ਕੀਅਨ ਵਲੋਂ ਨਿਸਚਿਤ ਸਮੇਂ ਤੋਂ 2 ਦਿਨ ਪਹਿਲਾਂ ਹੀ ਸੰਧੀ 'ਤੇ ਡਿਜੀਟਲੀ ਦਸਤਖ਼ਤ ਕਰਨ ਤੋਂ ਬਾਅਦ ਦੁਨੀਆ ਭਰ ਨੇ ਸੁਖ ਦਾ ਸਾਹ ਲਿਆ ਹੈ। ਇਹ ਸੰਧੀ ਅੰਤਰਿਮ ਹੈ। ਆਉਂਦੇ 2 ਮਹੀਨਿਆਂ ਤੱਕ ਸਾਰੀਆਂ ਹੀ ਧਿਰਾਂ ਵਲੋਂ ਇਸ ਬਾਰੇ ਵਿਸਥਾਰਤ ਜ਼ਰੂਰੀ ਨੁਕਤਿਆਂ 'ਤੇ ਗੱਲਬਾਤ ਹੋਵੇਗੀ। ਪਰ ਤਾਜ਼ਾ ਜਾਣਕਾਰੀ ਅਨੁਸਾਰ ਸਮਝੌਤੇ ਦੀਆਂ ਕੁਝ ਮੱਦਾਂ ਨੂੰ ਲੈ ਕੇ ਅਮਰੀਕਾ ਤੇ ਈਰਾਨ ਵਿਚਕਾਰ ਮੁੜ ਕੁਝ ਮਤਭੇਦ ਪੈਦਾ ਹੋ ਗਏ ਹਨ।
ਸੰਧੀ ਬਾਰੇ ਉੱਠ ਰਹੇ ਅਨੇਕਾਂ ਤਰ੍ਹਾਂ ਦੇ ਕਿੰਤੂ-ਪ੍ਰੰਤੂਆਂ ਕਰਕੇ ਖਿੱਤੇ ਵਿਚ ਸ਼ਾਂਤੀ ਹੋਣ ਬਾਰੇ ਅਜੇ ਵੀ ਯਕੀਨਨ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਜ਼ਰਾਈਲ ਨੇ ਲਿਬਨਾਨ 'ਤੇ ਹਮਲੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਸ ਨੇ ਲਿਬਨਾਨ ਦੇ 20 ਫ਼ੀਸਦੀ ਰਕਬੇ 'ਤੇ ਕਬਜ਼ਾ ਕਰ ਲਿਆ ਹੈ। ਉਸ ਦਾ ਤਰਕ ਹੈ ਕਿ ਉੱਥੇ ਸਰਗਰਮ ਹਿਜ਼ਬੁੱਲਾ ਸੰਬੰਧੀ ਇਸ ਸਮਝੌਤੇ ਵਿਚ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਜੇਕਰ ਯਮਨ ਦੇ ਹੂਤੀ, ਹਿਜ਼ਬੁੱਲਾ ਅਤੇ ਹਮਾਸ ਇਜ਼ਰਾਈਲ ਵਿਰੁੱਧ ਆਪਣੀ ਲੜਾਈ ਜਾਰੀ ਰੱਖਦੇ ਹਨ ਤਾਂ ਇਹ ਸਮਝੌਤਾ ਪੂਰੀ ਤਰ੍ਹਾਂ ਸਿਰੇ ਚੜ੍ਹਨਾ ਮੁਸ਼ਕਿਲ ਹੋ ਜਾਏਗਾ। ਅਮਰੀਕਾ ਵਲੋਂ ਈਰਾਨ ਵਿਰੁੱਧ ਇਹ ਹਮਲਾ ਸ਼ੁਰੂ ਕੀਤਾ ਗਿਆ ਸੀ, ਜਿਸ ਸੰਬੰਧੀ ਹੁਣ ਉਸ ਨੂੰ ਨਮੋਸ਼ੀ 'ਚੋਂ ਗੁਜ਼ਰਨਾ ਪੈ ਰਿਹਾ ਹੈ। ਸਾਲ 1979 ਵਿਚ 47 ਸਾਲ ਪਹਿਲਾਂ ਈਰਾਨ ਦੇ ਸ਼ਾਹ ਦਾ ਤਖ਼ਤਾ ਉਲਟਾ ਕੇ ਇੱਥੇ ਇਸਲਾਮਿਕ ਰਾਜ ਕਾਇਮ ਕੀਤਾ ਗਿਆ ਸੀ। ਉਸ ਤੋਂ ਬਾਅਦ ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਵਲੋਂ ਉਸ 'ਤੇ ਤੇਲ ਅਤੇ ਹੋਰ ਹੋਰ ਵਸਤਾਂ ਦੀ ਬਰਾਮਦ 'ਤੇ ਵੱਡੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ, ਜਿਨ੍ਹਾਂ ਕਰਕੇ ਈਰਾਨ ਨੂੰ ਸਖ਼ਤ ਮੁਸ਼ਕਿਲਾਂ 'ਚੋਂ ਗੁਜ਼ਰਨਾ ਪਿਆ। ਦੇਸ਼ ਅੰਦਰ ਇਸਲਾਮੀ ਸਰਕਾਰ ਵਲੋਂ ਅਨੇਕਾਂ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਕਰਕੇ ਉੱਥੇ ਬਹੁਤੇ ਲੋਕ, ਖ਼ਾਸ ਤੌਰ 'ਤੇ ਔਰਤਾਂ ਕਈ ਵਾਰ ਬਗ਼ਾਵਤ 'ਤੇ ਉਤਰੀਆਂ ਪਰ ਇਨ੍ਹਾਂ ਬਗ਼ਾਵਤਾਂ ਨੂੰ ਸਖ਼ਤੀ ਨਾਲ ਦਬਾਅ ਦਿੱਤਾ ਜਾਂਦਾ ਰਿਹਾ। ਖਾੜੀ ਦੇਸ਼ਾਂ ਨੂੰ ਵੀ ਲਗਾਤਾਰ ਈਰਾਨ ਤੋਂ ਖ਼ਤਰਾ ਭਾਸਦਾ ਰਿਹਾ, ਜਿਸ ਲਈ ਅਮਰੀਕਾ ਨੇ ਇਨ੍ਹਾਂ ਦੇਸ਼ਾਂ ਵਿਚ ਆਪਣੇ ਫ਼ੌਜੀ ਟਿਕਾਣੇ ਕਾਇਮ ਕੀਤੇ ਹੋਏ ਸਨ। ਇਜ਼ਰਾਈਲ ਲਈ ਵੀ ਉਹ ਇਸ ਕਰਕੇ ਖ਼ਤਰਾ ਬਣਿਆ ਰਿਹਾ, ਕਿਉਂਕਿ ਹਮਾਸ, ਹਿਜ਼ਬੁੱਲਾ ਅਤੇ ਹੂਤੀ ਗੁਰੀਲਿਆਂ ਦੀ ਉਹ ਇਜ਼ਰਾਈਲ ਵਿਰੁੱਧ ਲਗਾਤਾਰ ਮਦਦ ਕਰਦਾ ਆਇਆ ਹੈ। ਇਸ ਲੜਾਈ ਵਿਚ ਈਰਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ, ਇਸ ਦਾ ਬਹੁਤਾ ਬੁਨਿਆਦੀ ਢਾਂਚਾ ਤਬਾਹ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੇ ਸੁਪਰੀਮ ਆਗੂ ਆਇਤੁੱਲਾ ਅਲੀ ਖਾਮੇਨੇਈ ਅਤੇ 40 ਦੇ ਲਗਭਗ ਵੱਡੇ ਕਮਾਂਡਰਾਂ ਨੂੰ ਵੀ ਮਾਰ ਦਿੱਤਾ ਗਿਆ ਸੀ। ਉਸ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲੇ ਕੀਤੇ ਗਏ ਅਤੇ ਇਨ੍ਹਾਂ ਹਮਲਿਆਂ ਵਿਚ ਹਜ਼ਾਰਾਂ ਹੀ ਲੋਕਾਂ ਦੇ ਨਾਲ ਵੱਡੀ ਗਿਣਤੀ ਵਿਚ ਬੱਚੇ ਵੀ ਮਾਰੇ ਗਏ।
ਟਰੰਪ ਨੇ ਇਸ ਲੜਾਈ ਤੋਂ ਪਹਿਲਾਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਹਮਲਾ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉੱਥੇ ਆਪਣੀ ਮਰਜ਼ੀ ਦੀ ਹਕੂਮਤ ਕਾਇਮ ਕਰਵਾ ਦਿੱਤੀ ਸੀ। ਸ਼ਾਇਦ ਇਸ ਭੁਲੇਖੇ ਵਿਚ ਹੀ ਇਜ਼ਰਾਈਲ ਦੇ ਉਕਸਾਉਣ 'ਤੇ ਟਰੰਪ ਨੇ ਈਰਾਨ 'ਤੇ ਹਮਲਾ ਕੀਤਾ ਸੀ, ਜੋ ਅਮਰੀਕਾ ਵਰਗੀ ਵੱਡੀ ਸ਼ਕਤੀ ਲਈ ਬੇਹੱਦ ਨੁਕਸਾਨਦੇਹ ਸਾਬਤ ਹੋਇਆ। 4 ਮਹੀਨੇ ਤੱਕ ਇਹ ਲੜਾਈ ਹਵਾਈ ਹਥਿਆਰਾਂ ਨਾਲ ਹੀ ਲੜੀ ਗਈ ਪਰ ਆਪਣੇ ਵੱਡੇ ਨੁਕਸਾਨ ਦੇ ਬਾਵਜੂਦ ਈਰਾਨ ਨੇ ਅਮਰੀਕਾ ਦੇ ਅੱਡਿਆਂ ਵਾਲੇ 6 ਖਾੜੀ ਦੇਸ਼ਾਂ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕਰ ਕੇ ਉਨ੍ਹਾਂ ਦਾ ਵੱਡਾ ਨੁਕਸਾਨ ਕੀਤਾ ਅਤੇ ਖਾੜੀ ਦੇਸ਼ਾਂ ਵਿਚ ਤੇਲ ਸੈਕਟਰ ਦੇ ਮੂਲ ਢਾਂਚੇ ਨੂੰ ਵੀ ਕਾਫ਼ੀ ਹੱਦ ਤੱਕ ਨਸ਼ਟ ਕਰ ਦਿੱਤਾ। ਇਜ਼ਰਾਈਲ ਦਾ ਵੀ ਇਸ ਜੰਗ ਦੌਰਾਨ ਵੱਡਾ ਨੁਕਸਾਨ ਹੋਇਆ। ਪਰ ਉਸ ਦਾ ਇਸ ਵਿਚ ਹਾਸਿਲ ਇਹ ਰਿਹਾ ਕਿ ਉਸ ਨੇ ਹਿਜ਼ਬੁੱਲਾ, ਹੂਤੀਆਂ ਅਤੇ ਹਮਾਸ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਆਉਂਦੇ ਸਮੇਂ ਵਿਚ ਈਰਾਨ ਇਨ੍ਹਾਂ ਗੁਰੀਲਾ ਸੰਗਠਨਾਂ ਦੀ ਕਿੰਨੀ ਕੁ ਮਦਦ ਕਰਨ ਦੇ ਸਮਰੱਥ ਹੋ ਸਕੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ, ਪਰ ਇਸ ਸਭ ਕੁਝ ਦੇ ਹੁੰਦਿਆਂ ਅਮਰੀਕਾ ਨੂੰ ਇਸ ਲਈ ਨਮੋਸ਼ੀ ਸਹਿਣੀ ਪਈ ਹੈ ਕਿ ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ ਉਸ ਨੇ ਇਹ ਲੜਾਈ ਸ਼ੁਰੂ ਕੀਤੀ ਸੀ ਉਹ ਅਧੂਰੇ ਹੀ ਰਹਿ ਗਏ ਹਨ। ਦੂਜੇ ਪਾਸੇ ਈਰਾਨ ਇਸ 'ਚੋਂ ਮਜ਼ਬੂਤ ਹੋ ਕੇ ਨਿਕਲਿਆ ਹੈ। ਇਸ ਸਮਝੌਤੇ ਵਿਚ ਈਰਾਨ ਨੇ ਹੋਰਮੁਜ਼ ਜਲਮਾਰਗ ਬਿਨਾਂ ਸ਼ਰਤ ਖੋਲ੍ਹਣ 'ਤੇ ਸਹਿਮਤੀ ਦਿੱਤੀ ਹੈ ਪਰ ਉਸ ਵਲੋਂ ਪ੍ਰਮਾਣੂ ਬੰਬ ਬਣਾਉਣ ਜਾਂ ਯੂਰੇਨੀਅਮ ਨੂੰ ਭਰਪੂਰ ਬਣਾਉਣ ਦੀ ਸੀਮਾ ਨਿਸਚਿਤ ਕਰਨ ਸੰਬੰਧੀ ਹਾਲੇ ਫ਼ੈਸਲਾ ਨਹੀਂ ਲਿਆ ਗਿਆ। ਟਰੰਪ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕਰ ਸਕਦਾ ਹੈ ਕਿ ਉਸ ਨੇ ਹੋਰਮੁਜ਼ ਜਲਮਾਰਗ ਖੋਲ੍ਹਣ ਲਈ ਈਰਾਨ ਨੂੰ ਸਹਿਮਤ ਕਰ ਲਿਆ ਹੈ ਅਤੇ ਈਰਾਨ ਨੂੰ ਪ੍ਰਮਾਣੂ ਬੰਬ ਨਾ ਬਣਾਉਣ ਲਈ ਵੀ ਰਾਜ਼ੀ ਕਰ ਲਿਆ ਹੈ। ਟਰੰਪ ਨੇ ਸਮਝੌਤੇ ਲਈ ਇਸ ਕਰਕੇ ਵੀ ਕਾਹਲੀ ਕੀਤੀ ਹੈ ਕਿ ਆਉਂਦੇ ਨਵੰਬਰ ਮਹੀਨੇ ਵਿਚ ਉੱਥੇ ਅਮਰੀਕਾ ਵਿਚ ਮੱਧਕਾਲੀਚੋਣਾਂ ਹੋਣ ਜਾ ਰਹੀਆਂ ਹਨ। ਇਸ ਸਮਝੌਤੇ ਨੂੰ ਉਹ ਆਪਣੇ ਪੱਖ ਵਿਚ ਵਰਤ ਸਕਦਾ ਹੈ। ਈਰਾਨ ਨੂੰ ਹੁਣ ਇਹ ਲਾਭ ਵੀ ਮਿਲ ਗਿਆ ਹੈ ਕਿ ਉਸ 'ਤੇ 47 ਸਾਲ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਖ਼ਤਮ ਹੋ ਗਈਆਂ ਹਨ। ਉਹ ਆਪਣੀ ਮਰਜ਼ੀ ਨਾਲ ਤੇਲ ਦੀ ਬਰਾਮਦ ਕਰ ਸਕੇਗਾ ਅਤੇ ਉਸ ਦੀਆਂ ਵਿਦੇਸ਼ਾਂ ਵਿਚ ਪਾਬੰਦੀਸ਼ੁਦਾ ਜਾਇਦਾਦਾਂ ਸੰਬੰਧੀ ਵੀ ਰਿਆਇਤਾਂ ਮਿਲ ਜਾਣਗੀਆਂ।
ਈਰਾਨ ਨੇ ਇਸ ਸੰਧੀ ਰਾਹੀਂ ਇਸ ਗੱਲ 'ਤੇ ਵੀ ਸਫ਼ਲਤਾ ਹਾਸਿਲ ਕੀਤੀ ਹੈ ਕਿ ਉਸ ਦੇ ਮੁਢਲੇ ਢਾਂਚੇ ਦੇ ਹੋਏ ਵੱਡੇ ਨੁਕਸਾਨ ਦੇ ਪੁਨਰ ਨਿਰਮਾਣ ਲਈ ਉਸ ਨੂੰ 28 ਲੱਖ ਕਰੋੜ ਰੁਪਏ ਮਿਲਣਗੇ। ਇਹ ਰਕਮ ਵੀ ਖਾੜੀ ਦੇਸ਼ਾਂ ਨੂੰ ਭਰਨੀ ਪਏਗੀ, ਜਦੋਂ ਕਿ ਇਸ ਲੜਾਈ ਵਿਚ ਸੰਯੁਕਤ ਰਾਸ਼ਟਰ ਅਮੀਰਾਤ, ਕੁਵੈਤ, ਕਤਰ ਅਤੇ ਸਾਊਦੀ ਅਰਬ ਦਾ ਵੀ ਵੱਡਾ ਨੁਕਸਾਨ ਹੋਇਆ। ਭਾਰਤ ਲਈ ਇਹ ਖ਼ਬਰ ਕਈ ਤਰ੍ਹਾਂ ਨਾਲ ਰਾਹਤ ਵਾਲੀ ਹੈ। ਇਹ ਆਪਣੀਆਂ ਊਰਜਾ ਦੀਆਂ ਲੋੜਾਂ ਲਈ 85 ਫ਼ੀਸਦੀ ਦੇ ਲਗਭਗ ਤੇਲ ਦਰਾਮਦ ਕਰਦਾ ਹੈ। ਹੋਰਮੁਜ਼ ਜਲ ਮਾਰਗ ਦੇ ਖੁੱਲ੍ਹਣ ਨਾਲ ਉਸ ਨੂੰ ਲਾਭ ਹੋਵੇਗਾ। ਈਰਾਨ 'ਤੇ ਪਾਬੰਦੀਆਂ ਹਟਾਏ ਜਾਣ ਨਾਲ ਭਾਰਤ ਉਸ ਤੋਂ ਵੀ ਤੇਲ ਖਰੀਦ ਸਕੇਗਾ ਅਤੇ ਚਾਬਹਾਰ ਬੰਦਰਗਾਹ ਜਿਸ ਦੀ ਉਸਾਰੀ 'ਤੇ ਭਾਰਤ ਨੇ ਹੁਣ ਤੱਕ 1400 ਕਰੋੜ ਰੁਪਏ ਖ਼ਰਚ ਕੀਤੇ ਹਨ, ਉਸ ਦੇ ਵੀ ਮੁੜ ਖੁੱਲ੍ਹਣ ਨਾਲ ਭਾਰਤ ਈਰਾਨ ਰਾਹੀਂ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਆਪਣੇ ਤਿਜ਼ਾਰਤੀ ਸੰਬੰਧਾਂ ਨੂੰ ਵੱਡਾ ਹੁਲਾਰਾ ਦੇ ਸਕਦਾ ਹੈ। ਇਸੇ ਲਈ ਇਸ ਸਮਝੌਤੇ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਨੇ ਇਕ ਵੱਡੀ ਰਾਹਤ ਮਹਿਸੂਸ ਕੀਤੀ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਰਾਜਨੀਤਕ ਸਵਾਰਥਾਂ ਵਿਚੋਂ ਉਪਜਿਆ ਹੈ ਅਜੋਕਾ ਸੰਕਟ ਅਗਲੀ ਖ਼ਬਰ ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ
Ad Position 24
No active advertisement