ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਮਾਜਿਕ ਸਰੋਕਾਰਾਂ ਨੂੰ ਪ੍ਰਣਾਇਆ ਸਾਹਿਤ ਹੀ ਰੱਖਦਾ ਹੈ ਸਾਰਥਿਕਤਾ

Ad Position 21
No active advertisement
ਅਜੀਤ ਡੈਸਕ 28-06-2026

ਲਿਖਣਾ ਮਨੁੱਖੀ ਵਿਕਾਸ ਦਾ ਉਹ ਮਹੱਤਵਪੂਰਨ ਪੜਾਅ ਹੈ, ਜਿਸ ਦੀ ਸ਼ੁਰੂਆਤ ਲਗਭਗ 3200 ਈਸਾ ਪੂਰਵ ਮੈਸੋਪਟਾਮੀਆ 'ਚ ਹੋਈ ਮੰਨੀ ਜਾਂਦੀ ਹੈ | ਲਿਖਣ ਦਾ ਕਾਰਜ ਸਾਨੂੰ ਗਿਆਨ ਤੇ ਜਾਣਕਾਰੀ ਨੂੰ ਸੁਰੱਖਿਅਤ ਰੱਖਣ, ਇਤਿਹਾਸ, ਸੱਭਿਆਚਾਰ ਤੇ ਪ੍ਰੰਪਰਾਵਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ, ਵਿਚਾਰਾਂ, ਭਾਵਨਾਵਾਂ ਤੇ ਅਨੁਭਵਾਂ ਨੂੰ ਸਪੱਸ਼ਟ ਢੰਗ ਨਾਲ ਪ੍ਰਗਟਾਉਣ, ਸਿੱਖਣ ਸਿਖਾਉਣ ਤੇ ਰਿਕਾਰਡ ਸਾਂਭਣ 'ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ | ਇਹ ਮਨੁੱਖੀ ਵਿਕਾਸ ਦੀ ਮਹੱਤਵਪੂਰਨ ਉਪਲੱਬਧੀ ਹੈ, ਇਹ ਹੋਰ ਕਾਰਜਾਂ ਵਾਂਗ ਮਹੱਤਵਪੂਰਨ ਕਾਰਜ ਹੈ ਤੇ ਇਸ ਦੇ ਵੱਖ-ਵੱਖ ਮਕਸਦ ਹੋ ਸਕਦੇ ਹਨ | ਗ੍ਰਾਮਸਕੀ ਲਿਖਣ ਨੂੰ ਸਿਰਫ਼ ਜਾਣਕਾਰੀ ਦੇਣ ਦਾ ਸਾਧਨ ਨਹੀਂ, ਸਗੋਂ ਬੌਧਿਕ ਸੰਘਰਸ਼, ਸਮਾਜਿਕ ਬਦਲਾਅ ਤੇ ਨਵੀਂ ਚੇਤਨਾ ਤਿਆਰ ਕਰਨ ਦਾ ਇਕ ਇਨਕਲਾਬੀ ਹਥਿਆਰ ਸਮਝਦਾ ਹੈ | ਉਸ ਦੇ ਮੁਤਾਬਿਕ 'ਗਲਤ ਵਿਚਾਰਾਂ ਦਾ ਵਿਰੋਧ ਸਹੀ ਵਿਚਾਰ ਲਿਖ ਕੇ ਹੀ ਕੀਤਾ ਜਾ ਸਕਦਾ ਹੈ |' ਪਰ ਲਿਖਣ ਸਮੇਂ ਭਾਸ਼ਾ ਤੇ ਸੱਭਿਆਚਾਰ ਦੀ ਸਮਝ ਹੋਣੀ ਜ਼ਰੂਰੀ ਹੈ, ਕਿਉਂਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਮਾਜਿਕ ਤਾਕਤ ਦਾ ਢਾਂਚਾ ਹੈ, ਇਸ ਕਰਕੇ ਲੇਖਕ ਨੂੰ ਹਮੇਸ਼ਾ ਲੋਕਾਂ ਦੀ 'ਆਮ ਬੋਲੀ' ਤੇ ਅਨੁਭਵ ਨੂੰ ਸਮਝ ਕੇ ਹੀ ਲਿਖਣਾ ਚਾਹੀਦਾ ਹੈ | ਲਿਖਣ ਦਾ ਮੁੱਖ ਕੰਮ ਚੇਤਨਾ ਨਾਲ ਜੁੜਿਆ ਹੋਇਆ ਹੈ, ਜੋ ਪਾਠਕ ਨੂੰ ਸੋਚਣ, ਸਵਾਲ ਕਰਨ ਤੇ ਵਰਤਮਾਨ ਹਾਲਤ ਨੂੰ ਚੁਣੌਤੀ ਦੇਣ ਦੇ ਕਾਬਲ ਬਣਾ ਕੇ ਸਮਾਜਿਕ ਤਬਦੀਲੀ ਲਈ ਤਿਆਰ ਕਰਦਾ ਹੈ | ਲਿਖਣਾ ਤਾਕਤ ਦੇ ਢਾਂਚਿਆਂ ਨੂੰ ਚੁਣੌਤੀ ਦੇਣ ਵਾਲੀ ਕਿਰਿਆ ਹੈ ਜੋ ਸਪੱਸ਼ਟਤਾ, ਅਨੁਸ਼ਾਸਨ ਤੇ ਜ਼ਮੀਨੀ ਹਕੀਕਤ ਨਾਲ ਜੁੜੀ ਹੋਣੀ ਚਾਹੀਦੀ ਹੈ |
ਰਾਜਸੀ, ਵਿਚਾਰਧਾਰਕ ਤੇ ਸੱਭਿਆਚਾਰਕ ਮੁਕਾਬਲਿਆਂ ਤੇ ਟੱਕਰਾਂ ਭਰੇ ਪੜਾਅ 'ਤੇ ਹਰ ਲਿਖਤ ਕੋਈ ਨਾ ਕੋਈ ਮਾਇਨੇ ਰੱਖਦੀ ਹੋਈ, ਕੋਈ ਨਾ ਕੋਈ ਸਥਾਨ ਜ਼ਰੂਰ ਅਖਤਿਆਰ ਕਰਦੀ ਹੈ | ਇਹ ਉਹ ਸਮਾਂ ਹੈ ਜਦੋਂ ਸਥਾਪਿਤ ਕਾਬਜ਼ ਧਿਰਾਂ ਪਿਛਾਖੜੀ ਸੱਭਿਆਚਾਰਕ ਮਿਆਰਾਂ ਦੀ ਮੁੜ ਸੁਰਜੀਤੀ ਰਾਹੀਂ ਅਵਾਮ ਨੂੰ ਝੂਠੀ ਚੇਤੰਨਤਾ ਦੇ ਰਾਹੇ ਪਾ ਕੇ ਆਪਣੀ ਸਥਾਪਤੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲੱਗੀਆਂ ਹੋਈਆਂ ਹਨ | ਮਨੁੱਖ ਨੂੰ ਅਤੀਤ 'ਚੋਂ 'ਅੱਜ' ਨੂੰ ਘੜਨ ਲਈ ਕਿਹਾ ਜਾ ਰਿਹਾ ਹੈ | ਅੱਜ ਸਾਡੇ ਸਨਮੁੱਖ ਬਜ਼ਾਰੂ ਮਸਾਲੇਦਾਰ ਹਿੰਸਕ ਪ੍ਰਵਿਰਤੀਆਂ ਵਾਲੇ ਸਾਹਿਤ ਦੇ ਉਭਾਰ ਦੀ ਕੋਈ ਛੋਟੀ ਚੁਣੌਤੀ ਨਹੀਂ ਹੈ | ਗੈਰ ਪ੍ਰਸੰਗਿਕ ਮਸਲਿਆਂ ਨੂੰ ਅਹਿਮ ਤੇ ਪ੍ਰਸੰਗਿਕ ਬਣਾ ਕੇ ਸਥਾਪਤੀ ਦੇ ਸਾਧਨਾਂ ਰਾਹੀਂ ਬੜੀ ਹੀ ਚਾਲਾਕੀ ਨਾਲ ਪਰੋਸਿਆ ਜਾ ਰਿਹਾ ਹੈ | ਅਜੋਕੇ ਸਮਿਆਂ ਅੰਦਰ ਜਿੱਥੇ ਮਨੁੱਖ ਅੰਦਰੋਂ ਟੁੱਟ ਕੇ ਬੁਰੀ ਤਰ੍ਹਾਂ ਨਾਲ ਖਿੰਡ-ਪੁੰਡ ਰਿਹਾ ਹੈ, ਉੱਥੇ ਹੀ ਉਸ ਨੂੰ ਬਾਹਰੋਂ ਢਾਰਸ ਦੇਣ ਵਾਲੀਆਂ ਸੰਸਥਾਵਾਂ ਦਾ ਖਿੰਡਾਅ ਵੀ ਪ੍ਰੇਸ਼ਾਨ ਕਰ ਰਿਹਾ ਹੈ | ਸਰੋਤਾਂ 'ਤੇ ਕਬਜ਼ਾ ਕਰਨ ਲਈ ਧਾਰਮਿਕ ਖ਼ਤਰੇ ਦੇ ਹਊਏ ਹੇਠ ਨਜਾਇਜ਼ ਜੰਗਾਂ ਨੂੰ ਥੋਪਣ ਦੀ ਪ੍ਰਕਿਰਿਆ ਜਾਰੀ ਹੈ | ਵਾਤਾਵਰਨ ਸੰਭਾਲ ਤੇ ਮਨੁੱਖੀ ਅਧਿਕਾਰਾਂ ਜਿਹੇ ਮਸਲੇ ਕਿਤਾਬਾਂ ਤੇ ਗੋਸ਼ਟੀਆਂ ਤੱਕ ਸੀਮਿਤ ਹੋ ਰਹੇ ਹਨ | ਤਾਕਤ ਦੀ ਚੌਧਰ ਤੇ ਹੰਕਾਰ ਸਿਖਰਾਂ 'ਤੇ ਹੈ ਜਿਸ ਨੂੰ ਜਾਇਜ਼ ਠਹਿਰਾਉਣ ਲਈ ਲਿਸ਼ਕਾਉਣ ਦਾ ਕੰਮ ਵੀ ਸਿਖਰਾਂ 'ਤੇ ਹੈ |
ਦੂਜੇ ਪਾਸੇ ਜੇਕਰ ਆਪਣੇ ਪੰਜਾਬੀ ਸਾਹਿਤਕ ਖੇਤਰ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਦੀ ਹਾਲਤ ਮੌਜੂਦਾ ਪ੍ਰਸਥਿਤੀਆਂ ਦੀ ਟੱਕਰ ਦੇ ਬਿਲਕੁਲ ਵੀ ਹਾਣ ਦੀ ਨਹੀਂ ਹੈ | ਪੰਜਾਬੀ 'ਚ ਸਾਹਿਤ ਦਿਨ-ਰਾਤ ਧੜਾਧੜ ਲਿਖਿਆ ਤੇ ਛਾਪਿਆ ਜਾ ਰਿਹਾ ਹੈ, ਪਰ ਕੋਈ ਰਚਨਾਤਮਕ ਤੇ ਗੁਣਾਤਮਕ ਵਾਧਾ ਨਹੀਂ ਹੋ ਰਿਹਾ | ਇਸ ਖੇਤਰ ਵਿਚ ਲਿਖਣ ਨੂੰ ਵਿਅਕਤੀਗਤ ਪ੍ਰਾਪਤੀਆਂ ਦਾ ਜ਼ਰੀਆ ਬਣਾਉਣਾ ਕਤਈ ਵਾਜਿਬ ਨਹੀਂ ਹੈ ਤੇ ਇਕ ਗੱਲ ਨੋਟ ਕਰਨਯੋਗ ਹੈ ਕਿ ਜੋ ਲਿਖਿਆ ਜਾ ਚੁੱਕਾ ਹੈ ਉਸਦਾ ਬਹੁਤਾ ਹਿੱਸਾ ਕਦੇ ਵੀ ਸਿਰਜਣਾ ਨਹੀਂ ਅਖਵਾ ਸਕਦਾ | ਜ਼ਿਕਰਯੋਗ ਹੈ ਕਿ ਸਮਾਜ ਤੇ ਸਮਿਆਂ ਤੋਂ ਵਿੱਥ ਬਣਾ ਕੇ ਲਿਖਣਾ ਆਪਣੇ ਆਪ 'ਚ ਕੋਈ ਮੁੱਲਵਾਨ ਕਾਰਜ ਨਹੀਂ ਹੁੰਦਾ | ਸਥਾਪਤੀਆਂ ਦੇ ਕਰੂਰ ਚਿਹਰੇ ਨੂੰ ਨੰਗਾ ਕਰਦਿਆਂ ਇਨ੍ਹਾਂ ਦੀ ਵਿਸਥਾਪਨਾ ਲਈ ਲਿਖਣਾ ਅਤੇ ਸਮਾਜ ਤੇ ਸਮਿਆਂ ਦਾ ਹਾਣੀ ਹੋ ਕੇ ਉਸ ਤੋਂ ਪਾਰ ਜਾ ਕੇ ਲਿਖਣਾ ਬਹੁਤ ਹੀ ਚੁਣੌਤੀਪੂਰਨ ਕਾਰਜ ਹੁੰਦਾ ਹੈ | ਸੁਲੋਖੋਵ ਮੁਤਾਬਿਕ ਲਿਖ਼ਣ ਲਈ ਸਮਾਂ ਖਰਚ ਕਰਨਾ ਪੈਂਦਾ ਹੈ ਤੇ ਲਿਖਤ ਨੂੰ ਮਨੁੱਖੀ ਜ਼ਿੰਦਗੀ ਨਾਲ ਖਹਿ ਕੇ ਨਿਕਲਣਾ ਚਾਹੀਦਾ ਹੈ | ਇਸੇ ਨੂੰ ਹੀ ਸਿਰਜਣਾ ਕਿਹਾ ਜਾਂਦਾ ਹੈ, ਨਹੀਂ ਤਾਂ ਮਹਿਜ਼ ਲਿਖਣ ਲਈ ਹੀ ਲਿਖਿਆ ਜਾਂਦਾ ਹੈ |
ਜਿਥੋਂ ਤੱਕ ਅਜੋਕੀ ਪੰਜਾਬੀ ਕਵਿਤਾ ਦਾ ਸਬੰਧ ਹੈ, ਇਸ ਵਿਚ ਬਹੁ ਗਿਣਤੀ ਕਵਿਤਾ ਸਵੈ ਕੇਂਦਰਿਤ, ਅਤੀਤ ਨੂੰ ਗਲੋਰੀਫਾਈ ਕਰਦਿਆਂ, ਸੱਤਾ ਵਲੋਂ ਅੱਗੇ ਵਧਾਏ ਜਾ ਰਹੇ ਏਜੰਡਿਆਂ ਨੂੰ ਉਭਾਰਦੀ ਤੇ ਅਜੋਕੇ ਉਭਰ ਰਹੇ ਸੰਕਟਾਂ ਤੋਂ ਟਾਲ਼ਾ ਵੱਟਦੀ ਹੋਈ ਸਥਾਪਤੀ ਦੇ ਵੱਖ-ਵੱਖ ਰੂਪਾਂ ਨਾਲ਼ ਦਸਤਪੰਜਾ ਲੈਂਦੀ ਘੱਟ ਹੀ ਵੇਖੀ ਹੈ | ਸ਼ਾਇਦ ਇਸ ਦਾ ਮੁੱਖ ਕਾਰਨ ਸਾਹਿਤਕ ਕਾਰਜ ਵਿਚ ਸਰਗਰਮ ਕਾਰਕੁਨਾਂ ਦੀ ਵੱਖ-ਵੱਖ ਕਾਰਨਾਂ ਕਰਕੇ ਬਦਲ ਰਹੀ ਸਥਿਤੀ ਤੇ ਕਿਰਦਾਰ ਹੋਵੇ | ਦੂਸਰਾ, ਪਿਛਲੇ ਕੁੱਝ ਦਹਾਕਿਆਂ ਤੋਂ ਬਦਲਵੀਂ ਸੋਚ ਰੱਖਣ ਵਾਲੀਆਂ ਧਿਰਾਂ ਦਾ ਵਕਤ ਨਾਲ ਪ੍ਰਚੱਲਿਤ ਪ੍ਰਣਾਲੀ ਦੇ ਅਨੁਸਾਰੀ ਹੁੰਦੇ ਜਾਣਾ ਵੀ ਕਲਾ ਤੇ ਸਿਰਜਣਾ ਨੂੰ ਕਿਤੇ ਨਾ ਕਿਤੇ ਖੁੰਢਾ ਕਰਦਾ ਰਿਹਾ ਹੈ | ਪਰ ਪਿਛਲੇ 3-4 ਸਾਲਾਂ 'ਚ ਕੌਮਾਂਤਰੀ, ਕੌਮੀ ਤੇ ਖੇਤਰੀ ਪੱਧਰ 'ਤੇ ਉਭਰੀਆਂ ਸਫਬੰਦੀਆਂ ਤੇ ਟੱਕਰਾਂ ਨੇ ਸਾਹਿਤਕ ਕਾਰਜ ਨੂੰ ਹਲੂਣਾ ਜ਼ਰੂਰ ਦਿੱਤਾ ਹੈ | ਦਰਅਸਲ ਸਾਹਿਤ ਤੇ ਸਮਾਜ ਬਹੁਤ ਨੇੜਿਓਾ ਜੁੜੇ ਹੋਣ ਕਰਕੇ ਜੇਕਰ ਕਿਸੇ ਲਿਖਤ ਦਾ ਸਮਾਜਿਕ ਸੰਦਰਭ ਨਾ ਹੋਵੇ ਤਾਂ ਫਿਰ ਉਸ ਦੀ ਸਾਰਥਿਕਤਾ ਕੀ ਹੈ? ਅੱਜ ਕਲ੍ਹ ਦੀ ਬਹੁਤੀ ਕੂਲੀਨ ਕਵਿਤਾ ਕਾਵਿਕਤਾ ਤੇ ਕਾਵਿਕ ਮੁਹਾਵਰੇ ਤੋਂ ਸੱਖਣੀ, ਵਾਰਤਕ ਸ਼ਬਦਾਂ ਤੇ ਬਣਤਰਾਂ ਦੀ ਮਾਰ ਹੇਠ ਦਮ ਤੋੜਨ ਦੇ ਰਸਤੇ ਪਈ ਹੋਈ ਹੈ | ਇਸੇ ਲਈ ਮੈਂ 'ਵੱਡ ਕੱਦੇ ਬੌਧਿਕ ਕਾਰਜ' ਤੋਂ ਵਿੱਥ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦਿਆਂ ਕਦੇ ਵੀ ਉਹ ਨਹੀਂ ਲਿਖਦਾ ਜੋ ਹੋਰ ਲੇਖਕ ਲਿਖ ਰਹੇ ਹਨ |
ਕਲਾ ਮਹਿਜ਼ ਕਲਪਨਾ ਨਹੀਂ ਹੁੰਦੀ, ਸਗੋਂ ਯਥਾਰਥ ਦੇ ਨੇੜਿਓਾ ਹੋ ਕੇ ਵਿਚਰਦੀ ਹੈ | ਯਥਾਰਥ ਤੋਂ ਦੂਰ ਦੀ ਕਲਪਨਾ ਕੋਈ ਸਮਾਜਿਕ ਅਰਥ ਨਹੀਂ ਰੱਖਦੀ | ਲਿਓ ਟਾਲਸਟਾਏ ਅਨੁਸਾਰ ਕਲਾ ਤੇ ਲੇਖਨ ਦਾ ਮੰਤਵ ਮਨੁੱਖੀ ਭਾਵਨਾਵਾਂ ਨੂੰ ਇਕ ਤੋਂ ਦੂਜੇ ਤੱਕ ਪਹੁੰਚਾਉਣਾ ਹੈ ਅਤੇ ਲੇਖਕ ਨੂੰ ਸਮਾਜਿਕ ਤੇ ਨੈਤਿਕ ਜ਼ਿੰਮੇਵਾਰੀ ਨਾਲ ਲਿਖਣਾ ਚਾਹੀਦਾ ਹੈ ਜਿਸ 'ਚ ਜੀਵਨ ਦੀਆਂ ਸਚਾਈਆਂ, ਸਮਾਜਿਕ ਨਿਆਂ ਤੇ ਨੈਤਿਕ ਮੁੱਲ ਸ਼ਾਮਿਲ ਹੋਣ | ਇਹ ਸਭ ਕੁਝ ਗੰਧਲੇ ਮਨ ਨਾਲ਼ ਨਹੀਂ ਕੀਤਾ ਜਾ ਸਕਦਾ | ਸਾਡੀ ਲੇਖਣੀ ਮਹਿਜ਼ ਸਾਡੀ ਮਾਨਸਿਕ ਤਸੱਲੀ ਜਾਂ ਤਰੱਕੀ ਲਈ ਨਹੀਂ, ਸਗੋਂ ਉਸ ਹਰ ਪੀੜ ਦੀ ਆਵਾਜ਼ ਹੋਣੀ ਚਾਹੀਦੀ ਹੈ, ਜੋ ਸਾਨੂੰ ਧੁਰ ਤੱਕ ਨਪੀੜਦੀ ਹੈ ਤੇ ਮੈਂ ਬੇਖੌਫ਼ ਹੋ ਕੇ ਵਾਜਬ ਗੱਲ ਕਹਿਣ ਨੂੰ ਤਰਜੀਹ ਦੇਣੀ ਚਾਹੀਦੀ ਹੈ | ਜਾਤਾਂ, ਧਰਮਾਂ, ਗੋਤਾਂ, ਫਿਰਕਿਆਂ, ਦੇਸ਼ ਦੇਸ਼ਾਂਤਰਾਂ ਤੋਂ ਪਾਰ ਬੇਪਰਵਾਹ ਮਨੁੱਖਤਾ ਦੇ ਅਸੂਲਾਂ ਵਾਂਗ ਵਗਣ ਲਈ ਲਿਖਣਾ ਚਾਹੀਦਾ ਹੈ | ਹਰ ਮਨੁੱਖ ਦੀ ਸਮਾਜ ਪ੍ਰਤੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਇਹੀ ਜ਼ਿੰਮੇਵਾਰੀ ਲੇਖਕ ਨੂੰ ਸਾਰਥਿਕ ਸਿਰਜਣਾ ਦੇ ਰਾਹ ਤੋਰ ਉਸ ਨੂੰ ਸਮਾਜਿਕ ਨਿਘਾਰਾਂ ਦੇ ਖ਼ਿਲਾਫ ਮਨੁੱਖੀ ਚੇਤਨਾ 'ਤੇ ਚਰਚਾ ਕਰਨ ਲਈ ਪ੍ਰੇਰਦੀ ਹੈ |
ਇਸੇ ਸੰਦਰਭ 'ਚ ਹਰ ਸੂਝਵਾਨ ਕਲਮਕਾਰ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਬੇਬਾਕੀ ਨਾਲ ਆਪਣੀ ਸੱਚੀ ਸੁੱਚੀ ਸੂਝ ਮੁਤਾਬਿਕ ਆਪਣੀ ਗੱਲ ਕਹਿ ਸਕੇ | ਹਰ ਇਕ ਲੇਖ਼ਕ ਦੇ ਲਿਖਣ ਦੇ ਆਪਣੇ ਮਕਸਦ ਹੋ ਸਕਦੇ ਹਨ ਪਰ ਇਕ ਲੋਕਪੱਖੀ ਲੇਖਕ ਦੀ ਲਿਖਤ ਦਾ ਮਕਸਦ ਸਮੇਂ ਦੀਆਂ ਪੀੜਾਂ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਉਜਾਗਰ ਕਰਕੇ ਮਨੁੱਖੀ ਪੀੜਾਂ ਲਈ ਜ਼ਿੰਮੇਵਾਰ ਧਿਰਾਂ ਵੱਲ ਬੇਖੌਫ ਉਂਗਲ ਚੁੱਕਦਿਆਂ ਆਪਣੀ ਸੂਝ ਮੁਤਾਬਿਕ ਉਸ ਦੇ ਸੰਭਵ ਹੱਲ ਵੱਲ ਇਸ਼ਾਰਾ ਕਰਨਾ ਵੀ ਹੁੰਦਾ ਹੈ | ਫੈਲ ਰਹੇ ਧੰਧੂਕਾਰੇ 'ਚੋਂ ਉੱਠ ਰਹੇ ਵਿਸ਼ਾਲ ਜਨਤਕ ਅੰਦੋਲਨ ਕਿਸੇ ਵੀ ਸਮਾਜ ਦੇ ਵਿਕਾਸ ਲਈ ਨਵੇਂ ਰਸਤੇ ਖੋਲ੍ਹਦੇ ਹਨ, ਜਿਨ੍ਹਾਂ ਤੋਂ ਹਰ ਜ਼ਿੰਮੇਵਾਰ ਲੇਖਕ ਹਮੇਸ਼ਾ ਪ੍ਰਭਾਵਿਤ ਰਿਹਾ ਹੈ, ਕਿਉਂਕਿ ਲਹਿਰ ਰਹਿਤ ਜੀਵਨ ਦਾ ਕੋਈ ਅਰਥ ਨਹੀਂ ਹੁੰਦਾ | ਹਲਚਲਾਂ ਹੀ ਇਸ ਕਾਇਨਾਤ 'ਚ ਜੀਵਨ ਦਾ ਅਧਾਰ ਹਨ, ਬਸ ਇਨ੍ਹਾਂ ਹਲਚਲਾਂ ਨੂੰ ਉਸਾਰੂ ਰੂਪ ਦੇਣ ਦੀ ਜ਼ਰੂਰਤ ਹੁੰਦੀ ਹੈ | ਇਸ ਕਾਇਨਾਤ ਵਿਚ ਰੁਕਣ ਲਈ ਕੋਈ ਥਾਂ ਨਹੀਂ, ਕਲਮ ਨੇ ਕਦਮਾਂ 'ਚ ਰੰਗ ਭਰਨੇ ਹੁੰਦੇ ਹਨ | ਇਸ ਖੇਤਰ ਵਿਚ ਲੇਖਕ ਨੂੰ ਆਪਣੇ ਵਿਤ ਮੁਤਾਬਿਕ ਆਪਣੇ ਮਨੁੱਖੀ ਫਰਜ਼ ਤੇ ਜ਼ਿੰਮੇਵਾਰੀ ਸਮਝ ਕੇ ਲਿਖਣਾ ਚਾਹੀਦਾ ਹੈ ਅਤੇ ਵਕਤ ਦਾ ਹਾਣੀ ਬਣ ਕੇ ਭਵਿੱਖ ਵੱਲ ਤੁਰਨਾ ਹੀ ਸਾਡੀ ਲਿਖਤ ਦਾ ਅਧਾਰ ਹੋਵੇ | ਲਿਖਣਾ ਇਕ ਅਜਿਹੀ ਕਲਾ ਹੈ ਜਿਸ ਦੇ ਸ਼ਬਦਾਂ ਵਿਚਲੀ ਵਿਚਾਰਧਾਰਕ ਸ਼ਕਤੀ ਮਨੁੱਖੀ ਸਮਾਜਾਂ ਦਾ ਚਿਹਰਾ ਮੋਹਰਾ ਬਦਲ ਕੇ ਰੱਖ ਦਿੰਦੀ ਹੈ | ਨਵੇਂ ਲੇਖਕਾਂ ਨੂੰ ਵੱਖ-ਵੱਖ ਭਾਸ਼ਾਵਾਂ 'ਚ ਲਿਖਿਆ ਜਾ ਰਿਹਾ ਚੰਗਾ ਤੇ ਉਸਾਰੂ ਸਾਹਿਤ ਪੜ੍ਹਨਾ ਚਾਹੀਦਾ ਹੈ | ਇਸ ਤੋਂ ਇਲਾਵਾ ਲੇਖਕ ਨੂੰ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਸੂਝ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਹੀ ਇਸ ਖੇਤਰ ਵਿਚ ਸਾਬਤ ਕਦਮੀਂ ਤੁਰਿਆ ਜਾ ਸਕਦਾ ਹੈ | ਲੇਖਕਾਂ ਨੂੰ ਪ੍ਰਸਥਿਤੀਆਂ ਨੂੰ ਵੇਖ ਕੇ ਨਿਰਾਸ਼ ਹੋਣ ਦੀ ਥਾਂ ਇਸ ਨੂੰ ਇਕ ਚੁਣੌਤੀ ਦੇ ਰੂਪ ਵਿਚ ਲੈਂਦਿਆਂ ਜ਼ਿੰਮੇਵਾਰੀ ਤੇ ਸੰਜੀਦਗੀ ਨਾਲ਼ ਅੱਗੇ ਵਧਣਾ ਚਾਹੀਦਾ ਹੈ |

ਮੋਬਾਈਲ : 90411-13193

Ad Position 22
No active advertisement
ਪਿਛਲੀ ਖ਼ਬਰ ਰਾਮਬਾਗ ਰੋਡ ’ਤੇ ਬੰਦ ਪਏ ਜਨਤਕ ਪਖਾਨੇ ਕਾਰਨ ਦੁਕਾਨਦਾਰਾਂ ’ਚ ਰੋਸ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦਾ ਵਿੱਦਿਅਕ ਪੱਖ
Ad Position 24
No active advertisement