ਏਸ ਮਹੀਨੇ ਦੀ ਵੱਡੀ ਵਿੱਦਿਅਕ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੇ ਵਿੱਦਿਅਕ ਵਿਭਾਗ ਦਾ ਪੁਨਰਗਠਨ ਹੈ | ਡਾ. ਸਰਬਜੀਤ ਸਿੰਘ ਛੀਨਾ ਨੂੰ ਦੂਜੀ ਵਾਰ ਆਨਰੇਰੀ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਹ ਫ਼ੈਸਲਾ ਦੀਵਾਨ ਦੇ ਮੁਖੀਆਂ ਨੇ ਸਰਬਸੰਮਤੀ ਨਾਲ ਲਿਆ ਹੈ | 1902 ਵਿਚ ਸਥਾਪਤ ਹੋਇਆ ਚੀਫ਼ ਖ਼ਾਲਸਾ ਦੀਵਾਨ ਕਈ ਵਿੱਦਿਅਕ ਸੰਸਥਾਵਾਂ ਤੇ ਯਤੀਮਖਾਨਾ ਆਦਿ ਲੋਕ ਭਲਾਈ ਦੇ ਕੰਮਾਂ ਨੂੰ ਪ੍ਰਣਾਇਆ ਹੋਇਆ ਹੈ | ਸ਼ਹੀਦ ਊਧਮ ਸਿੰਘ 12 ਸਾਲ ਇੱਥੇ ਰਹਿ ਕੇ ਵਿੱਦਿਆ ਪ੍ਰਾਪਤ ਕਰਦਾ ਰਿਹਾ ਸੀ |
ਚੀਫ਼ ਖ਼ਾਲਸਾ ਦੀਵਾਨ ਯਤੀਮਖਾਨੇ ਤੋਂ ਬਿਨਾਂ ਕਈ ਹਸਪਤਾਲਾਂ, ਹੋਮਿਓਪੈਥਿਕ ਸੰਸਥਾਵਾਂ ਅਤੇ ਦੰਦ ਪੀੜਤਾਂ ਦੀ ਵੀ ਸਹਾਇਤਾ ਕਰਦਾ ਹੈ | ਗੁਰੂ ਅਮਰਦਾਸ ਬਿਰਧ ਆਸ਼ਰਮ ਤੇ ਸੂਰਮਾ ਸਿੰਘ ਆਸ਼ਰਮ ਵੀ ਇਸ ਦੀ ਸਹਾਇਤਾ ਨਾਲ ਹੀ ਚੱਲ ਰਹੇ ਹਨ | ਚੇਤੇ ਰਹੇ ਕਿ ਦੀਵਾਨ ਦੀ ਸਥਾਪਨਾ ਦੇ ਮੁੱਢਲੇ ਸਾਲਾਂ ਵਿਚ ਸੁੰਦਰ ਸਿੰਘ ਮਜੀਠੀਆ ਤੇ ਸੁਰਜੀਤ ਸਿੰਘ ਮਜੀਠੀਆ ਦਾ ਯੋਗਦਾਨ ਵੀ ਮਹੱਤਵਪੂਰਨ ਸੀ | ਬੀਤੇ ਕੁਝ ਸਾਲਾਂ ਵਿਚ ਭਾਗ ਸਿੰਘ ਅਣਖੀ, ਮਨਜੀਤ ਸਿੰਘ ਤਰਨਤਾਰਨੀ, ਡਾ. ਮਹਿੰਦਰ ਸਿੰਘ ਢਿੱਲੋਂ, ਡਾ. ਜਸਵਿੰਦਰ ਸਿੰਘ ਢਿੱਲੋਂ, ਡਾ. ਸਰਬਜੀਤ ਸਿੰਘ ਛੀਨਾ ਤੇ ਡਾ. ਅਮਰਜੀਤ ਸਿੰਘ ਦੂਆ ਇਸ ਦੀ ਵਿੱਦਿਅਕ ਕਮੇਟੀ ਦੇ ਆਨਰੇਰੀ ਸਕੱਤਰ ਰਹਿ ਚੁੱਕੇ ਹਨ | ਡਾ. ਛੀਨਾ ਇਕੋ-ਇਕ ਅਜਿਹਾ ਵਿਅਕਤੀ ਹੈ, ਜਿਹੜਾ ਦੂਜੀ ਵਾਰ ਆਨਰੇਰੀ ਸਕੱਤਰ ਚੁਣਿਆ ਗਿਆ ਹੈ |
ਡਾ. (ਪ੍ਰੋਫੈਸਰ) ਸਰਬਜੀਤ ਸਿੰਘ ਛੀਨਾ ਕੋਲ ਖੇਤੀ ਆਰਥਿਕਤਾ ਦੀ ਡਾਕਟਰੇਟ ਦੀ ਡਿਗਰੀ ਹੈ ਅਤੇ ਖ਼ਾਲਸਾ ਕਾਲਜ ਅੰਮਿ੍ਤਸਰ ਤੋਂ ਸੇਵਾਮੁਕਤ ਹੋਣ ਉਪਰੰਤ ਉਹ ਸਮਾਜ ਵਿਗਿਆਨ ਸੰਸਥਾ ਨਵੀਂ ਦਿੱਲੀ ਦੇ ਫੈਲੋ ਰਹੇ ਹਨ | ਉਹ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮਿ੍ਤਸਰ ਦੀ ਸਿੰਡੀਕੇਟ ਤੇ ਸੈਨੇਟ ਦਾ ਮੈਂਬਰ ਵੀ ਰਹਿ ਚੁੱਕਿਆ ਹੈ | ਚੀਫ਼ ਖ਼ਾਲਸਾ ਦੀਵਾਨ ਵਲੋਂ ਉਸ ਨੂੰ ਦੂਜੀ ਵਾਰ ਆਨਰੇਰੀ ਸਕੱਤਰ ਲਏ ਜਾਣ ਨਾਲ ਉਸ ਦਾ ਅਕਾਦਮਿਕ ਕੱਦ ਹੋਰ ਵੱਡਾ ਹੋਇਆ ਹੈ |
ਚੀਫ਼ ਖ਼ਾਲਸਾ ਦੀਵਾਨ ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਆਯੋਜਤ ਕਰਨ ਲਈ ਵੀ ਜਾਣਿਆ ਜਾਂਦਾ ਹੈ | ਇਨ੍ਹਾਂ ਕਾਨਫਰੰਸਾਂ ਵਿਚ ਭਾਰਤ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ, ਜ਼ਾਕਿਰ ਹੁਸੈਨ, ਫ਼ਖ਼ਰ ਉਲਦੀਨ ਅਲੀ ਅਹਿਮਦ, ਗਿਆਨੀ ਜ਼ੈਲ ਸਿੰਘ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਦੇ ਰਹੇ ਹਨ | ਇਨ੍ਹਾਂ ਤੋਂ ਬਿਨਾਂ ਦੇਸ਼-ਵਿਦੇਸ਼ ਦੇ ਹੋਰ ਪਤਵੰਤੇ ਵੀ ਹਾਜ਼ਰੀ ਭਰਦੇ ਰਹੇ ਹਨ | ਆਪਣੇ ਵਿਹੜੇ ਨੂੰ ਵੱਧ ਤੋਂ ਵੱਧ ਪ੍ਰਭਾਵੀ ਬਣਾਉਣ ਲਈ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਮੁੱਖ ਸੰਸਥਾ ਹੀ ਨਹੀਂ, ਇਸ ਦੀ ਵਿੱਦਿਅਕ ਸ਼ਾਖਾ ਵੀ ਆਪਣੀ ਕਾਰਜਕਾਰਨੀ ਵਿਚ ਸੋਧਾਂ ਕਰਦੀ ਰਹੀ ਹੈ | 1907 ਵਿਚ ਹਰਬੰਸ ਸਿੰਘ ਅਟਾਰੀ ਸਮੇਤ ਕਈ ਅਹੁਦੇਦਾਰ ਮੁਸਲਿਮ ਐਜੂਕੇਸ਼ਨ ਸੰਸਥਾ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਕਰਾਚੀ ਗਏ ਸਨ ਤੇ ਉੱਥੋਂ ਐਨੇ ਪ੍ਰਭਾਵਿਤ ਹੋਏ ਕਿ ਆਪਣੀ ਸੰਸਥਾ ਵਿਚ ਵੀ ਲੋੜੀਂਦੇ ਸੁਧਾਰ ਕੀਤੇ | ਵਰਤਮਾਨ ਵਿਚ ਡਾ. ਛੀਨਾ ਨੂੰ ਆਪਣੇ ਵਿੱਦਿਅਕ ਪੱਖ ਦੀ ਜ਼ਿੰਮੇਵਾਰੀ ਦੁਬਾਰਾ ਸੌਂਪਣਾ ਵੀ ਅਹਿਮ ਘਟਨਾਕ੍ਰਮ ਹੈ |
ਅੰਤਿਕਾ
ਮੈਂ ਅਕੇਲਾ ਹੀ ਚਲਾ ਥਾ
ਜਾਨਿਬ-ਏ-ਮੰਜ਼ਿਲ ਮਗਰ
ਲੋਗ ਸਾਥ ਆਤੇ ਗਏ
ਔਰ ਕਾਰਵਾਂ ਬਨਤਾ ਗਿਆ
ਈਮੇਲ : sandhugul੍ਰar0yahoo.com