ਆਧੁਨਿਕ ਯੁੱਗ ਵਿਚ ਕੋਲਡ ਡਿ੍ੰਕਸ ਹਰ ਉਮਰ ਦੇ ਲੋਕਾਂ ਦੀ ਪਸੰਦ ਬਣ ਚੁੱਕੀਆਂ ਹਨ ਪਰ ਇਨ੍ਹਾਂ ਵਿਚ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸ਼ੂਗਰ, ਮੋਟਾਪਾ ਤੇ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੀ ਹੈ | ਇਸ ਵਿਚ ਮਿਲਾਏ ਜਾਣ ਵਾਲੇ ਰਸਾਇਣ ਜਿਵੇਂ ਕਿ ਫਾਸਫੋਰਿਕ ਐਸਿਡ, ਕਾਰਬਨ ਡਾਈਆਕਸਾਈਡ, ਕੈਫੀਨ, ਸੋਡੀਅਮ ਬੈਨਜ਼ੋਏਟ, ਐਸਪਾਰਟੇਮ ਅਤੇ ਆਰਟੀਫੀਸ਼ਲ ਫਲੇਵਰਜ਼ ਸਰੀਰ ਦੇ ਵੱਖ-ਵੱਖ ਅੰਗਾਂ 'ਤੇ ਮਾੜਾ ਅਸਰ ਪਾਉਂਦੇ ਹਨ | ਫਾਸਫੋਰਿਕ ਐਸਿਡ ਹੱਡੀਆਂ ਦੀ ਮਜ਼ਬੂਤੀ ਘਟਾਉਂਦਾ ਹੈ ਅਤੇ ਕੈਲਸ਼ੀਅਮ ਦੀ ਕਮੀ ਪੈਦਾ ਕਰਦਾ ਹੈ, ਦੰਦਾਂ ਦੀ ਬਾਹਰਲੀ ਪਰਤ (ਇਨੈਮਲ) ਨੂੰ ਖਰਾਬ ਅਤੇ ਦੰਦਾਂ ਨੂੰ ਪੀਲਾ ਕਰਦਾ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋਣ, ਦੰਦਾਂ ਦਾ ਘਿਸਣਾ ਅਤੇ ਜੋੜਾਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ | ਕਾਰਬਨ ਡਾਈਆਕਸਾਈਡ ਪੇਟ ਵਿਚ ਗੈਸ, ਅਲਸਰ ਤੇ ਐਸਿਡਿਟੀ ਵਧਾਉਂਦੀ ਹੈ | ਕੈਫੀਨ ਵਾਲੀਆਂ ਕੋਲਡ ਡਿ੍ੰਕਸ ਦਿਮਾਗ 'ਤੇ ਅਸਰ ਪਾਉਂਦੀਆਂ ਹਨ | ਉਹ ਇਕ ਤੁਰੰਤ ਉਤੇਜਨਾ ਤਾਂ ਦਿੰਦੀਆਂ ਹਨ, ਪਰ ਬਾਅਦ ਵਿਚ ਥਕਾਵਟ, ਚਿੜਚੜਾ ਅਤੇ ਨੀਂਦ ਦੀ ਕਮੀ ਪੈਦਾ ਕਰਦੀਆਂ ਹਨ | ਐਸਪਾਰਟੇਮ ਦਿਮਾਗੀ ਸੈੱਲਾਂ ਅਤੇ ਨਰਵ ਸਿਸਟਮ 'ਤੇ ਅਸਰ ਪਾਉਂਦਾ ਹੈ, ਸੋਡੀਅਮ ਬੈਨਜ਼ੋਏਟ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਕੈਰਾਮਲ ਕਲਰ ਜਿਗਰ ਤੇ ਦਿਲ ਦੇ ਰੋਗ ਪੈਦਾ ਕਰਦਾ ਹੈ | ਟਾਰਟਰਾਜ਼ੀਨ ਤੇ ਹੋਰ ਆਰਟੀਫਿਸ਼ੀਅਲ ਰੰਗ ਐਲਰਜੀ, ਚਮੜੀ ਤੇ ਦਿਮਾਗੀ ਬਿਮਾਰੀਆਂ ਦਾ ਕਾਰਨ ਬਣਦੇ ਹਨ |
ਕੋਲਡ ਡਿ੍ੰਕ ਕਈ ਪ੍ਰਕਾਰ ਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਵਿਚ ਕੋਈ ਵੀ ਕੁਦਰਤੀ ਪੋਸ਼ਣ ਨਹੀਂ ਹੁੰਦਾ | ਇਕ ਬੋਤਲ ਕੋਲਡ ਡਿ੍ੰਕ ਵਿਚ ਲਗਭਗ 40–45 ਗ੍ਰਾਮ ਸ਼ੱਕਰ ਹੁੰਦੀ ਹੈ | ਇਹ ਮਾਤਰਾ ਸਰੀਰ ਦੀ ਰੋਜ਼ਾਨਾ ਸ਼ੱਕਰ ਦੀ ਲੋੜ ਤੋਂ ਦੋ ਗੁਣਾ ਵੱਧ ਹੈ | ਸ਼ੱਕਰ ਇੰਸੂਲਿਨ ਦਾ ਸੰਤੁਲਨ ਖ਼ਰਾਬ ਕਰਦੀ ਹੈ ਤੇ ਸ਼ੂਗਰ ਦਾ ਖ਼ਤਰਾ ਵਧਾਉਂਦੀ ਹੈ | ਸ਼ੱਕਰ ਤੇ ਗੈਸ ਮਿਲ ਕੇ ਸਰੀਰ ਵਿਚ ਚਰਬੀ ਇਕੱਠੀ ਕਰਦੇ ਹਨ, ਜਿਸ ਨਾਲ ਮੋਟਾਪਾ ਤੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ | ਸ਼ੱਕਰ ਤੇ ਕੈਮੀਕਲ ਮਿਲ ਕੇ ਜਿਗਰ, ਗੁਰਦੇ, ਦਿਲ ਤੇ ਦਿਮਾਗ ਉੱਪਰ ਪ੍ਰਭਾਵ ਪਾਉਂਦੇ ਹਨ | ਕੋਲਡ ਡਿ੍ੰਕ ਪੀਣ ਨਾਲ ਪੇਟ ਦਾ ਤਾਪਮਾਨ ਘਟਦਾ ਹੈ, ਜਿਸ ਨਾਲ ਪਚਣਾ ਰੁਕ ਜਾਂਦਾ ਹੈ | ਖਾਣੇ ਨਾਲ ਤੁਰੰਤ ਕੋਲਡ ਡਿ੍ੰਕ ਪੀਣ ਨਾਲ ਪੋਸ਼ਕ ਤੱਤ ਸਰੀਰ ਵਿਚ ਜਜ਼ਬ ਨਹੀਂ ਹੁੰਦੇ | ਇਹ ਸਰੀਰ ਦੀ ਤਿ੍ਸ਼ਨਾ ਮਿਟਾਉਣ ਦੀ ਥਾਂ ਪਾਣੀ ਦੀ ਕਮੀ ਪੈਦਾ ਕਰਦੇ ਹਨ | ਕੋਲਡ ਡਿ੍ੰਕਸ ਵਿਚ ਖੰਡ ਦੀ ਵੱਧ ਮਾਤਰਾ ਜਿਗਰ ਵਿਚ ਚਰਬੀ ਜਮ੍ਹਾਂ ਕਰਦੀ ਹੈ, ਜਿਸ ਨਾਲ ਫੈਟੀ ਲਿਵਰ ਦੀ ਸਮੱਸਿਆ ਪੈਦਾ ਹੁੰਦੀ ਹੈ | ਇਸ ਨਾਲ ਗਰਭ ਅਵਸਥਾ ਤੇ ਮਾਸਿਕ ਧਰਮ ਦੀ ਸਥਿਤੀ 'ਚ ਰੁਕਾਵਟ ਪੈਦਾ ਹੁੰਦੀ ਹੈ | ਕੋਲਡ ਡਿ੍ੰਕਸ ਸਰੀਰ 'ਚ ਪਾਣੀ ਦੀ ਘਾਟ ਪੂਰੀ ਕਰਨ ਦੀ ਥਾਂ ਪਿਆਸ ਨੂੰ ਘਟਾਉਂਦੇ ਹਨ | ਸਰੀਰ ਅੰਦਰ ਪਾਣੀ ਘਟਣ ਨਾਲ ਖ਼ੂਨ ਗਾੜ੍ਹਾ ਹੋ ਜਾਂਦਾ ਹੈ, ਜਿਸ ਨਾਲ ਗੁਰਦਿਆਂ 'ਤੇ ਬੋਝ ਪੈਂਦਾ ਹੈ ਤੇ ਪਿਸ਼ਾਬ ਘੱਟ ਆਉਣ ਕਾਰਨ ਸਰੀਰ ਵਿਚਲੇ ਜ਼ਹਿਰੀਲੇ ਪਦਾਰਥਾਂ ਦੇ ਬਾਹਰ ਨਿਕਲਣ ਦੀ ਰਫ਼ਤਾਰ ਘਟ ਜਾਂਦੀ ਹੈ |
ਵਿਸ਼ਵ ਸਿਹਤ ਸੰਸਥਾ ਮੁਤਾਬਕ ਕੋਲਡ ਡਿ੍ੰਕ ਪੀਣ ਵਾਲਿਆਂ 'ਚ ਸ਼ਗਰ ਦਾ ਖ਼ਤਰਾ 25% ਵੱਧ ਹੁੰਦਾ ਹੈ | ਅਮਰੀਕਾ ਦੇ ਅਧਿਐਨ ਅਨੁਸਾਰ ਜੋ ਲੋਕ ਰੋਜ਼ਾਨਾ ਕੋਲਡ ਡਿ੍ੰਕ ਪੀਂਦੇ ਹਨ, ਉਨ੍ਹਾਂ 'ਚ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ 35% ਵਧ ਹੁੰਦੇ ਹਨ | ਭਾਰਤ ਵਿਚ ਹਰ ਸਾਲ ਲਗਭਗ 5 ਲੱਖ ਲੋਕ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ, ਜਿਨ੍ਹਾਂ 'ਚੋਂ ਕਈ ਮਾਮਲੇ ਸ਼ੱਕਰ ਵਾਲੇ ਡਿ੍ੰਕਸ ਨਾਲ ਜੋੜੇ ਜਾਂਦੇ ਹਨ | 2010 ਦੇ ਅਧਿਐਨ ਅਨੁਸਾਰ ਸ਼ੱਕਰ ਯੁਕਤ ਪੀਣ ਵਾਲੀਆਂ ਡਿ੍ੰਕਸ ਕਾਰਨ ਦੁਨੀਆ ਭਰ 'ਚ ਲਗਭਗ 1,84,000 ਬਾਲਗਾਂ ਦੀ ਮੌਤ ਹਰ ਸਾਲ ਹੁੰਦੀ ਹੈ | ਇਨ੍ਹਾਂ 'ਚੋਂ 1,33,000 ਮੌਤਾਂ ਸ਼ੂਗਰ ਕਾਰਨ, 45 ਹਜ਼ਾਰ ਦਿਲ ਦੀਆਂ ਬਿਮਾਰੀਆਂ ਕਾਰਨ, 6 ਹਜ਼ਾਰ ਤੋਂ ਵੱਧ ਮੌਤਾਂ ਕੈਂਸਰ ਨਾਲ ਸੰਬੰਧਿਤ ਹਨ | ਇਕ ਹੋਰ ਅਧਿਐਨ (2020) ਵਿਚ ਦਰਸਾਇਆ ਗਿਆ ਕਿ ਕੋਲਡ ਡਿ੍ੰਕਸ ਵਿਚ ਸ਼ੱਕਰ ਕਾਰਨ 22 ਲੱਖ ਨਵੇਂ ਟਾਈਪ-2 ਸ਼ੂਗਰ ਦੇ ਮਾਮਲੇ ਅਤੇ 12 ਲੱਖ ਨਵੇਂ ਕਾਰਡੀਓਵੈਸਕੁਲਰ ਰੋਗ ਦੇ ਮਾਮਲੇ ਸਾਹਮਣੇ ਆਏ ਸਨ | ਇਕ ਅਧਿਐਨ ਦਾ ਅੰਦਾਜ਼ਾ ਹੈ ਕਿ ਭਾਰਤ ਵਿਚ ਲਗਭਗ ਹਰ 200ਵੀਂ ਮੌਤ ਸ਼ੱਕਰ ਯੁਕਤ ਡਿ੍ੰਕਸ ਨਾਲ ਸੰਬੰਧਿਤ ਹੈ | 1,84,000 ਬਾਲਗਾਂ ਦੀਆਂ ਮੌਤਾਂ ਕੋਲਡ ਡਿ੍ੰਕਸ 'ਚ ਖੰਡ ਹੋਣ ਕਾਰਨ ਹੋਈਆਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਮੌਤ ਦਾ ਸਿੱਧਾ ਕਾਰਨ ਕੋਲਡ ਡਿ੍ੰਕ ਹੀ ਹੈ | ਜਿਹੜੇ ਲੋਕ ਰੋਜ਼ਾਨਾ ਕੋਲਡ ਡਿ੍ੰਕਸ ਪੀਂਦੇ ਹਨ, ਉਨ੍ਹਾਂ ਵਿਚ ਫੈਟੀ ਲਿਵਰ, ਕਿਡਨੀ ਫੇਲ੍ਹ, ਦਿਲ ਦੇ ਦੌਰੇ, ਦੰਦਾਂ ਦੀ ਸੜਨ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਸੰਕੇਤ ਕਈ ਗੁਣਾ ਵਧ ਜਾਂਦੇ ਹਨ | ਇਕ ਅਧਿਐਨ ਅਨੁਸਾਰ 1990 ਤੋਂ 2018 ਤੱਕ ਦੁਨੀਆ ਭਰ ਵਿਚ ਕੋਲਡ ਡਿ੍ੰਕਸ ਦੀ ਖ਼ਪਤ ਲਗਭਗ 16% ਵਧੀ ਹੈ ਅਤੇ ਭਾਰਤ ਵਿਚ 2019 ਤੋਂ 2023 ਵਿਚਾਲੇ ਖ਼ਪਤ 38% ਤੋਂ 47% ਵਧ ਚੁੱਕੀ ਹੈ | ਜਿਹੜੇ ਲੋਕ ਹਫ਼ਤੇ ਵਿਚ ਤਿੰਨ ਤੋਂ ਵੱਧ ਕੋਲਡ ਡਿ੍ੰਕ ਪੀਂਦੇ ਹਨ, ਉਨ੍ਹਾਂ 'ਚ ਸ਼ੂਗਰ, ਗੁਰਦੇ, ਦਿਲ ਦੀਆਂ ਬਿਮਾਰੀਆਂ ਤੇ ਬਲੱਡ ਪ੍ਰੈਸ਼ਰ ਦਾ ਖ਼ਤਰਾ 40% ਤੱਕ ਵਧ ਜਾਂਦਾ ਹੈ | ਇਸ ਤਰ੍ਹਾਂ ਕੋਲਡ ਡਿ੍ੰਕ ਸਿਰਫ਼ ਥੋੜ੍ਹੀ ਦੇਰ ਦੀ ਠੰਢਕ ਤੇ ਮਜ਼ੇ ਲਈ ਸਰੀਰ ਨੂੰ ਲੰਬੇ ਸਮੇਂ ਲਈ ਜ਼ਹਿਰੀਲੇ ਪ੍ਰਭਾਵਾਂ ਦੇ ਹਵਾਲੇ ਕਰ ਦਿੰਦੇ ਹਨ | ਇਸ ਲਈ ਕੋਲਡ ਡਿ੍ੰਕਸ ਬਹੁਤੇ ਰੋਗਾਂ ਦਾ ਕਾਰਨ ਬਣਦੇ ਹਨ | ਜੇ ਸਿਹਤਮੰਦ ਜੀਵਨ ਜਿਊਣਾ ਹੈ ਤਾਂ ਕੋਲਡ ਡਿ੍ੰਕ ਦੀ ਥਾਂ ਕੁਦਰਤੀ ਪੇਅ ਜਿਵੇਂ ਨਿੰਬੂ ਪਾਣੀ, ਲੱਸੀ, ਫਲਾਂ ਦਾ ਰਸ ਜਾਂ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ | ਇਹ ਸਰੀਰ ਨੂੰ ਠੰਢਕ ਦੇਣ ਦੇ ਨਾਲ-ਨਾਲ ਵਿਟਾਮਿਨ ਤੇ ਖਣਿਜ ਪਦਾਰਥ ਵੀ ਪ੍ਰਦਾਨ ਕਰਦੇ ਹਨ |
ਸੇਵਾਮੁਕਤ ਲੈਕਚਰਾਰ, ਨੇੜੇ ਹਿਮਾਂਸ਼ੂ ਐਜੂਕੈਸ਼ਨਲ ਹੱਬ,
ਵਾਰਡ-9, ਚੌੜੀ ਗਲੀ, ਬੁਢਲਾਡਾ (ਮਾਨਸਾ) |
ਮੋਬਾਈਲ : 62831-16797
ਈਮੇਲ : drkrishan3650gmail.com