ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਨੂੰ ਲੈ ਕੇ ਅਗਾਮੀ ਤਿਆਰੀਆਂ ਤਾਂ ਪਹਿਲਾਂ ਹੀ ਚੱਲ ਰਹੀਆਂ ਹਨ, ਹੁਣ 25 ਜੂਨ ਤੋਂ ਬੂਥ ਲੈਵਲ ਅਧਿਕਾਰੀ (ਬੀ.ਐੱਲ.ਓਜ਼) ਵਲੋਂ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ | ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ | ਇਹ ਪ੍ਰਕਿਰਿਆ ਜਿੰਨੀ ਮਹੱਤਵਪੂਰਨ ਹੈ, ਓਨੀ ਹੀ ਇਸ ਨੂੰ ਲੈ ਕੇ ਦੁਬਿਧਾ ਹੈ | ਲੋਕ ਮਨਾਂ ਵਿਚ ਦੌੜ ਰਹੇ ਕਈ ਤਰ੍ਹਾਂ ਦੇ ਸਵਾਲ ਇਸ ਪ੍ਰਕਿਰਿਆ ਨੂੰ ਗੁੰਝਲਦਾਰ ਬਣਾ ਰਹੇ ਹਨ | ਜ਼ਿੰਮੇਵਾਰ ਨਾਗਰਿਕ ਹੋਣ ਨਾਤੇ ਸਾਨੂੰ ਐੱਸ.ਆਈ.ਆਰ ਨਾਲ ਜੁੜਿਆ ਹਰ ਪਹਿਲੂ ਜਾਨਣਾ ਜ਼ਰੂਰੀ ਹੈ |
ਐੱਸ.ਆਈ.ਆਰ. ਕੀ ਹੈ?
ਐੱਸ.ਆਈ.ਆਰ ਵਿਸ਼ੇਸ਼ ਮੁਹਿੰਮ ਹੈ, ਜਿਸ ਦੌਰਾਨ ਚੋਣ ਕਮਿਸ਼ਨ ਵੋਟਰ ਸੂਚੀਆਂ ਦੀ ਜਾਂਚ ਕਰਦਾ ਹੈ | ਇਸ ਪ੍ਰਕਿਰਿਆ ਤਹਿਤ ਵੋਟਰ ਸੂਚੀ ਵਿਚ ਨਵੇਂ ਵੋਟਰ ਜੋੜੇ ਜਾਂਦੇ ਹਨ, ਦੋਹਰੀਆਂ ਵੋਟਾਂ, ਗ਼ੈਰ-ਯੋਗ ਅਤੇ ਫੌਤ ਹੋ ਚੁੱਕੇ ਲੋਕਾਂ ਦੇ ਨਾਂਅ ਰੱਦ ਕੀਤੇ ਜਾਂਦੇ ਹਨ | ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀ ਵਿਚ ਸਿਰਫ਼ ਯੋਗ ਅਤੇ ਅਸਲੀ ਵੋਟਰਾਂ ਦੇ ਨਾਂ ਹੀ ਰਹਿਣ |
ਚਿੰਤਾਵਾਂ
ਪੰਜਾਬ ਵਿਚ ਐੱਸ.ਆਈ.ਆਰ ਨੂੰ ਲੈ ਕੇ ਕਈ ਵੱਡੀਆਂ ਚਿੰਤਾਵਾਂ ਹਨ | ਵਿਦੇਸਾਂ ਵਿਚ ਵਸਦੇ ਪੰਜਾਬੀ ਦੁਬਿਧਾ ਵਿਚ ਹਨ ਕਿ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਵੋਟ ਦਾ ਕੀ ਬਣੇਗਾ? ਪੰਜਾਬ ਵਿਚ ਪਰਵਾਸ ਹੋਣ ਕਾਰਨ ਦੋਹਰੀਆਂ ਵੋਟਾਂ ਬਣੇ ਹੋਣ ਦਾ ਵੱਡਾ ਸ਼ੱਕ ਵੀ ਹੈ | ਪੰਜਾਬ ਵਿਚ ਵੋਟ ਬਣਵਾਉਣ ਲਈ ਪਰਵਾਸੀ ਮਜ਼ਦੂਰਾਂ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ? ਸਿਆਸੀ ਦਖਲਅੰਦਾਜ਼ੀ ਵੀ ਐੱਸ.ਆਈ.ਆਰ ਨੂੰ ਗੰਭੀਰ ਬਣਾ ਰਹੀ ਹੈ | ਪ੍ਰਕਿਰਿਆ ਦੌਰਾਨ ਅਸਲੀ ਵੋਟਰਾਂ ਦੇ ਨਾਂ ਕੱਟੇ ਜਾਣ ਦਾ ਡਰ ਹੈ | ਪੁਰਾਣੀਆਂ ਸੂਚੀਆਂ ਦੇ ਆਧਾਰ 'ਤੇ ਭੇਦਭਾਵ ਹੋਣ ਬਾਰੇ ਚਿੰਤਾਵਾਂ ਹਨ |
ਵਿਦੇਸ਼ੀ ਪੰਜਾਬੀ
ਜੇਕਰ ਕਿਸੇ ਭਾਰਤੀ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਕਿਸੇ ਹੋਰ ਦੇਸ਼ ਦੀ ਪੱਕੀ ਨਾਗਰਿਕਤਾ ਲੈ ਲਈ ਹੈ, ਤਾਂ ਉਸ ਦੀ ਭਾਰਤੀ ਨਾਗਰਿਕਤਾ ਅਤੇ ਭਾਰਤ ਵਿਚ ਵੋਟ ਪਾਉਣ ਦਾ ਅਧਿਕਾਰ ਤੁਰੰਤ ਖ਼ਤਮ ਹੋ ਜਾਂਦਾ ਹੈ | ਭਾਰਤੀ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਇੱਕੋ ਸਮੇਂ ਦੋ ਦੇਸ਼ਾਂ ਦਾ ਨਾਗਰਿਕ ਨਹੀਂ ਹੋ ਸਕਦਾ | ਜਿਹੜੇ ਪੰਜਾਬੀ ਵਿਦੇਸ਼ਾਂ ਵਿਚ ਕੱਚੇ ਤੌਰ 'ਤੇ, ਪੀ.ਆਰ, ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ 'ਤੇ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ ਕਾਨੂੰਨੀ ਤੌਰ 'ਤੇ ਭਾਰਤ ਵਿਚ ਵੋਟ ਪਾ ਸਕਦੇ ਹਨ | ਉਨ੍ਹਾਂ ਨੂੰ ਐੱਨ. ਆਰ.ਆਈ ਵੋਟਰ ਜਾਂ ਓਵਰਸੀਜ਼ ਵੋਟਰ ਕਿਹਾ ਜਾਂਦਾ ਹੈ | ਫਿਲਹਾਲ ਐੱਨ.ਆਰ. ਆਈ ਵੋਟਰ ਨੂੰ ਵੋਟ ਪਾਉਣ ਲਈ ਆਪਣੇ ਹਲਕੇ ਵਿਚ ਖੁਦ ਹਾਜ਼ਰ ਹੋਣਾ ਪੈਂਦਾ ਹੈ | ਵਿਦੇਸ਼ ਤੋਂ ਭਾਰਤ ਵਿਚ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਨਹੀਂ ਹੈ | ਚੇਤੇ ਰਹੇ ਐੱਸ.ਆਈ.ਆਰ ਦੌਰਾਨ ਪੰਜਾਬੀਆਂ ਨੂੰ ਵਿਦੇਸ਼ ਤੋਂ ਭਾਰਤ ਆਉਣ ਦੀ ਲੋੜ ਨਹੀਂ ਹੈ | ਮੁਹਿੰਮ ਦੌਰਾਨ ਘਰ-ਘਰ ਜਾਣ ਵਾਲੇ ਬੀ.ਐਲ.ਓ. ਨੂੰ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਦੇ ਪਰਿਵਾਰ ਦਾ ਕੋਈ ਵੀ ਜੀਅ ਮਿਲ ਕੇ ਦੱਸ ਸਕਦਾ ਹੈ, ਕਿ ਸਬੰਧਤ ਵਿਅਕਤੀ ਅਸਥਾਈ ਤੌਰ 'ਤੇ ਵਿਦੇਸ਼ ਵਿਚ ਹੈ ਅਤੇ ਉਹ ਭਾਰਤੀ ਪਾਸਪੋਰਟ ਧਾਰਕ ਹੈ | ਜੇਕਰ ਜਾਣਕਾਰ ਵਿਅਕਤੀ ਬੀ.ਐੱਲ.ਓ ਨੂੰ ਮੌਕੇ 'ਤੇ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਦੇ ਭਾਰਤੀ ਪਾਸਪੋਰਟ ਦੀ ਕਾਪੀ ਜਾਂ ਕੋਈ ਹੋਰ ਪਛਾਣ ਪੱਤਰ ਦਿਖਾ ਦਿੰਦਾ ਹੈ, ਤਾਂ ਬੀ.ਐੱਲ.ਓ ਵੋਟਰ ਸੂਚੀ ਵਿਚੋਂ ਉਨ੍ਹਾਂ ਦਾ ਨਾਂਅ ਨਹੀਂ ਕੱਟੇਗਾ | ਲੰਮੇ ਸਮੇਂ ਤੋਂ ਵਿਦੇਸ਼ ਵਿਚ ਰਹਿ ਰਿਹਾ ਵਿਅਕਤੀ ਉੱਥੇ ਹੀ ਆਨਲਾਈਨ ਫ਼ਾਰਮ 6ਏ ਭਰ ਕੇ ਆਪਣੀ ਵੋਟ ਨੂੰ ਆਮ ਵੋਟਰ ਤੋਂ ਐੱਨ.ਆਰ.ਆਈ ਵੋਟ ਵਿਚ ਤਬਦੀਲ ਕਰਵਾ ਸਕਦਾ ਹੈ | ਚੇਤੇ ਰੱਖੋ ਜੇਕਰ ਪੰਜਾਬ ਵਾਲੇ ਘਰ ਨੂੰ ਤਾਲ਼ਾ ਲੱਗਿਆ ਹੈ ਅਤੇ ਗੁਆਂਢੀ ਬੀ.ਐੱਲ.ਓ ਨੂੰ ਕਹਿੰਦੇ ਹਨ ਕਿ “ਇਹ ਪਰਿਵਾਰ ਪੱਕੇ ਤੌਰ 'ਤੇ ਵਿਦੇਸ਼ ਚਲਾ ਗਿਆ ਹੈ' ਤਾਂ ਬੀ ਐੱਲ ਓ ਜਾਂਚ ਮਗਰੋਂ ਵੋਟਰ ਸੂਚੀ ਵਿਚੋਂ ਗ਼ੈਰ-ਯੋਗ ਵਿਅਕਤੀ ਦਾ ਨਾਂਅ ਕੱਟ ਸਕਦਾ ਹੈ | ਜੇਕਰ ਤੁਸੀਂ ਵਿਦੇਸ਼ ਵਿਚ ਹੋ ਅਤੇ ਚਾਹੁੰਦੇ ਹੋ ਕਿ ਪੰਜਾਬ ਵਿਚ ਤੁਹਾਡੀ ਵੋਟ ਸੁਰੱਖਿਅਤ ਰਹੇ, ਤਾਂ ਤੁਰੰਤ ਆਪਣੇ ਬੀ.ਐੱਲ.ਓ ਨਾਲ ਸੰਪਰਕ ਕਰੋ | ਬੀ.ਐੱਲ. ਓ ਕੋਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਕੇ ਤੁਹਾਡਾ ਨਾਂਅ ਵੋਟਰ ਸੂਚੀ ਵਿਚੋਂ ਕਟਣ ਤੋਂ ਬਚ ਸਕਦਾ ਹੈ |
ਪੰਜਾਬ ਵਿਚ ਪ੍ਰਵਾਸੀ
ਪਿਛਲੇ ਕੁੱਝ ਦਹਾਕਿਆਂ ਦੌਰਾਨ ਪੰਜਾਬ ਵਿਚ ਹੋਰਨਾਂ ਸੂਬਿਆਂ ਤੋਂ ਆ ਕੇ ਕਾਫੀ ਲੋਕ ਵਸੇ ਹਨ | ਇਨ੍ਹਾਂ ਪ੍ਰਵਾਸੀਆਂ ਦੇ ਅਧਾਰ ਕਾਰਡ ਵੀ ਪੰਜਾਬ ਦੇ ਹਨ | ਕਿਸੇ ਪ੍ਰਵਾਸੀ ਦੀ ਭਾਵੇਂ ਕਿਸੇ ਹੋਰ ਸੂਬੇ ਦੀ ਵੋਟ ਪਹਿਲਾਂ ਤੋਂ ਬਣੀ ਹੋਵੇ ਪਰ ਜੇਕਰ ਉਹ ਪੰਜਾਬ ਵਿਚ ਇੱਕ ਆਮ ਨਿਵਾਸੀ ਹੈ ਤਾਂ ਉਹ ਇੱਥੇ ਦੀ ਵੋਟ ਬਣਵਾ ਸਕਦਾ ਹੈ | ਪਰ ਇਸ ਲਈ ਚੋਣ ਕਮਿਸ਼ਨ ਦੇ ਕੁੱਝ ਨਿਯਮ ਹਨ | ਪੰਜਾਬ ਵਿਚ ਲੰਮੇ ਸਮੇਂ ਤੋਂ ਰਹਿੰਦੇ ਪ੍ਰਵਾਸੀ ਨੂੰ ਆਪਣੀ ਵੋਟ ਪੰਜਾਬ ਵਿਚ ਤਬਦੀਲ ਕਰਵਾਉਣ ਲਈ ਫਾਰਮ 8 ਭਰਨਾ ਪਵੇਗਾ | ਇਸ ਨਾਲ ਉਸ ਦਾ ਵੋਟਰ ਕਾਰਡ ਨੰਬਰ ਪੁਰਾਣੇ ਵਾਲਾ ਹੀ ਰਹੇਗਾ ਪਰ ਪਤਾ ਬਦਲ ਜਾਵੇਗਾ | ਨਵੀਂ ਰਜਿਸਟਰੇਸ਼ਨ ਕਰਵਾਉਣ ਲਈ ਉਸ ਨੂੰ ਫਾਰਮ 6 ਭਰਨਾ ਪਵੇਗਾ, ਜਿਸ ਵਿਚ ਪੁਰਾਣੀ ਵੋਟ ਕੱਟਣ ਬਾਰੇ ਘੋਸ਼ਣਾ ਕਰਨੀ ਜ਼ਰੂਰੀ ਹੁੰਦੀ ਹੈ | ਪਰਵਾਸੀ ਨੂੰ ਪੰਜਾਬ ਵਿਚ ਵੋਟਰ ਕਾਰਡ ਬਣਵਾਉਣ ਲਈ ਇੱਥੋਂ ਦੇ ਮੌਜੂਦਾ ਪਤੇ ਦਾ ਸੂਬਤ ਦੇਣਾ ਪਵੇਗਾ, ਜਿਸ ਵਿਚ ਮਕਾਨ ਦਾ ਕਿਰਾਇਆ ਨਾਮਾ, ਬਿਜਲੀ ਜਾਂ ਪਾਣੀ ਦਾ ਬਿੱਲ, ਪੰਜਾਬ ਦੇ ਪਤੇ ਵਾਲੀ ਕਿਸੇ ਸਰਕਾਰੀ ਬੈਂਕ ਦੀ ਕਾਪੀ ਦਿੱਤੀ ਜਾ ਸਕਦੀ ਹੈ | ਜੇਕਰ ਕਿਸੇ ਦੀ ਇੱਕ ਤੋਂ ਵੱਧ ਜਗ੍ਹਾ 'ਤੇ ਵੋਟ ਹੈ ਤਾਂ ਇਹ ਗ਼ੈਰ-ਕਾਨੂੰਨੀ ਹੈ | ਐੱਸ.ਆਈ.ਆਰ ਦੌਰਾਨ ਅਜਿਹੀਆਂ ਦੋਹਰੀਆਂ ਵੋਟਾਂ ਦੀ ਪਛਾਣ ਕਰਕੇ ਇੱਕ ਵੋਟ ਰੱਦ ਕੀਤੀ ਜਾ ਸਕਦੀ ਹੈ |
2003 ਦੀ ਸੂਚੀ
ਵੋਟਰ ਸੂਚੀ 2003 ਵੋਟਰਾਂ ਦੀ ਅਧਿਕਾਰਤ ਸੂਚੀ ਹੈ, ਜੋ ਸਾਲ 2003 ਵਿਚ ਤਿਆਰ ਕੀਤੀ ਗਈ ਸੀ | ਇਸ ਵਿਚ ਉਨ੍ਹਾਂ ਸਾਰੇ ਯੋਗ ਨਾਗਰਿਕਾਂ ਦੇ ਨਾਂਅ, ਉਮਰ, ਪਤਾ ਅਤੇ ਵੋਟਰ ਆਈ ਡੀ ਕਾਰਡ ਨੰਬਰ ਦਰਜ ਹਨ, ਜੋ ਉਸ ਸਮੇਂ ਯੋਗ ਵੋਟਰ ਸਨ | ਕਈ ਕਾਨੂੰਨੀ ਤੇ ਸਰਕਾਰੀ ਕੰਮਾਂ ਵਿਚ 2003 ਜਾਂ ਉਸ ਤੋਂ ਪਹਿਲਾਂ ਦੀਆਂ ਸੂਚੀਆਂ ਨੂੰ ਮਹੱਤਵਪੂਰਨ ਦਸਤਾਵੇਜ਼ੀ ਸਬੂਤ ਵਜੋਂ ਵਰਤਿਆ ਜਾਂਦਾ ਹੈ | ਚੇਤੇ ਰੱਖੋ 2003 ਦੀ ਵੋਟਰ ਸੂਚੀ ਕੋਈ ਅੰਤਿਮ ਕਾਨੂੰਨੀ ਆਧਾਰ ਨਹੀਂ ਹੈ | ਇਸ ਸੂਚੀ ਵਿਚ ਨਾਂਅ ਨਾ ਹੋਣ ਕਾਰਨ ਵੋਟ ਰੱਦ ਨਹੀਂ ਕੀਤੀ ਜਾ ਸਕਦੀ | ਜੇਕਰ ਤੁਹਾਡੀ ਵੋਟ 2003 ਤੋਂ ਬਾਅਦ ਬਣੀ ਹੈ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਨਾਂਅ 2003 ਦੀ ਵੋਟਰ ਸੂਚੀ ਵਿਚ ਸ਼ਾਮਲ ਹੈ ਤਾਂ ਚੋਣ ਅਧਿਕਾਰੀ ਤੁਹਾਡੇ ਨਾਂਅ ਨੂੰ ਪੁਰਾਣੀਆਂ ਸੂਚੀਆਂ ਵਿਚ ਤੁਹਾਡੇ ਪਰਿਵਾਰ ਦੇ ਨਾਂਅ ਨਾਲ ਲਿੰਕ ਕਰ ਸਕਦੇ ਹਨ | ਇਸ ਨੂੰ ਵੋਟ ਮੈਪਿੰਗ ਕਿਹਾ ਜਾਂਦਾ ਹੈ |
ਐੱਸ.ਆਈ.ਆਰ 'ਤੇ ਇਤਰਾਜ਼
ਲੋਕਤੰਤਰ ਵਿਚ ਹਰ ਨਾਗਰਿਕ, ਸੰਸਥਾ ਜਾਂ ਸਿਆਸੀ ਪਾਰਟੀ ਨੂੰ ਵਿਰੋਧ ਕਰਨ ਦਾ ਹੱਕ ਹੈ | ਐੱਸ.ਆਈ.ਆਰ ਦੌਰਾਨ ਗ਼ੈਰ-ਕਾਨੂੰਨੀ ਤੌਰ 'ਤੇ ਵੋਟਾਂ ਕੱਟਣ ਜਾਂ ਸ਼ਾਮਲ ਕਰਨ 'ਤੇ ਇਤਰਾਜ਼ ਜਤਾਇਆ ਜਾ ਸਕਦਾ ਹੈ | ਤੁਸੀਂ ਆਪਣੇ ਵੋਟ ਦੇਣ ਦੇ ਹੱਕ ਲਈ ਆਪਣੀ ਮੰਗ ਰੱਖ ਸਕਦੇ ਹੋ | ਬੀ.ਐੱਲ. ਓ ਨੂੰ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹੋ, ਉਸ ਕੋਲੋਂ ਕੋਈ ਜਾਣਕਾਰੀ ਹਾਸਲ ਕਰ ਸਕਦੇ ਹੋ | ਇਸ ਤੋਂ ਪਹਿਲਾਂ ਹੋਰਨਾਂ ਸੂਬਿਆਂ ਵਿਚ ਐੱਸ.ਆਈ.ਆਰ ਸਿਆਸਤ ਦਾ ਵਿਸ਼ਾ ਬਣਿਆ ਰਿਹਾ ਹੈ | ਪੰਜਾਬ ਵਿਚ ਵੀ ਕਿਆਸਰਾਈਆਂ ਹਨ ਕਿ ਐੱਸ.ਆਈ.ਆਰ ਨੂੰ ਲੈ ਕੇ ਸਿਆਸਤ ਭਖ ਸਕਦੀ ਹੈ | ਪੰਜਾਬ ਸਰਕਾਰ ਦੇ ਬਿਆਨ ਅਨੁਸਾਰ ਸੂਬਾ ਸਰਕਾਰ ਇਸ ਪ੍ਰਕਿਰਿਆ ਵਿਚ ਚੋਣ ਕਮਿਸ਼ਨ ਦਾ ਪੂਰਾ ਸਹਿਯੋਗ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਕਿਸੇ ਵੀ ਨਾਗਰਿਕ ਦੀ ਗ਼ਲਤ ਤਰੀਕੇ ਨਾਲ ਵੋਟ ਨਾ ਕੱਟੀ ਜਾ ਸਕੇ | ਚੋਣ ਕਮਿਸ਼ਨ ਅਨੁਸਾਰ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਹੈ, ਜਿਸ ਨਾਲ ਵੋਟਰ ਸੂਚੀਆਂ ਵਿਚ ਪਾਰਦਰਸ਼ਤਾ ਵਧੇਗੀ |
ਗ਼ਲਤ ਕਟੌਤੀ
ਐੱਸ.ਆਈ.ਆਰ ਪੂਰੀ ਹੋਣ ਮਗਰੋਂ ਚੋਣ ਕਮਿਸ਼ਨ ਵਲੋਂ ਖਰੜਾ ਵੋਟਰ ਸੂਚੀ ਜਨਤਕ ਕੀਤੀ ਜਾਵੇਗੀ, ਜਿਸ ਵਿਚ ਤੁਸੀਂ ਆਪਣਾ ਨਾਂਅ ਦੇਖ ਸਕਦੇ ਹੋ | ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਵੋਟ ਗ਼ਲਤੀ ਨਾਲ ਕੱਟੀ ਗਈ ਹੈ, ਸੂਚੀ ਵਿਚ ਤੁਹਾਡਾ ਨਾਂਅ ਸ਼ਾਮਲ ਨਹੀਂ ਹੈ ਤਾਂ ਤੁਰੰਤ ਆਪਣੇ ਬੂਥ ਲੈਵਲ ਅਧਿਕਾਰੀ (ਬੀ.ਐੱਲ.ਓ) ਨਾਲ ਸੰਪਰਕ ਕਰੋ | ਤੁਹਾਡੀ ਵੋਟ ਦੇ ਸਬੰਧਤ ਬੂਥ ਤੋਂ ਤੁਹਾਡੇ ਬੀ ਐੱਲ ਓ ਦਾ ਸੰਪਰਕ ਮਿਲ ਜਾਵੇਗਾ | ਤਸੱਲੀ ਨਾ ਹੋਣ 'ਤੇ ਵੋਟਰ ਸੁਧਾਈ ਜਾਂ ਨਵੀਂ ਵੋਟ ਬਣਾਉਣ ਲਈ ਤੁਸੀਂ ਦੁਬਾਰਾ ਫਾਰਮ ਭਰ ਸਕਦੇ ਹੋ | ਧੋਖਾਧੜੀ ਹੋਣ 'ਤੇ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਜਾ ਸਕਦੀ ਹੈ | ਲੋੜ ਪੈਣ 'ਤੇ ਅਦਾਲਤ ਦਾ ਰੁਖ਼ ਵੀ ਕੀਤਾ ਜਾ ਸਕਦਾ ਹੈ | ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਤੁਸੀ ੰਆਪਣੀ ਵੋਟ ਬਣਵਾ ਸਕਦੇ ਹੋ |
ਲੋਕਤੰਤਰੀ ਭਰੋਸਾ
ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਕੇਵਲ ਪ੍ਰਸ਼ਾਸਕੀ ਕਾਰਵਾਈ ਨਹੀਂ ਹੈ | ਇਹ ਲੋਕਤੰਤਰ ਦੀ ਭਰੋਸੇਯੋਗਤਾ ਨਾਲ ਵੀ ਜੁੜੀ ਹੋਈ ਹੈ | ਜਿੱਥੇ ਦੋਹਰੀਆਂ, ਫ਼ਰਜ਼ੀ ਅਤੇ ਗ਼ੈਰ-ਕਾਨੂੰਨੀ ਵੋਟਾਂ ਹਟਾਉਣ ਦੀ ਲੋੜ ਹੈ, ਉੱਥੇ ਇਹ ਯਕੀਨੀ ਬਣਾਉਣਾ ਵਧੇਰੇ ਜ਼ਰੂਰੀ ਹੈ, ਕਿ ਕਿਸੇ ਅਸਲੀ ਵੋਟਰ ਦਾ ਨਾਂਅ ਕੱਟੇ ਜਾਣ 'ਤੇ ਉਸ ਦਾ ਮੌਲਿਕ ਹੱਕ ਨਾ ਮਰ ਜਾਵੇ | ਇਸ ਲਈ ਐੱਸ.ਆਈ.ਆਰ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ, ਕਾਨੂੰਨੀ ਅਤੇ ਨਿਰਪੱਖ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰ 'ਤੇ ਭਰੋਸਾ ਬਣਿਆ ਰਹੇ | ਅਸੀਂ ਆਪਣੇ ਫਰਜ਼ਾਂ ਨੂੰ ਵੀ ਖੂਬੀ ਨਾਲ ਨਿਭਾਈਏ ਤਾਂ ਜੋ ਇਹ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੇ |
ਸੀਨੀਅਰ ਨਾਮਾਨਿਗਾਰ, ਖੇਤਰੀ ਸਮਾਚਾਰ ਇਕਾਈ,
ਦੂਰਦਰਸ਼ਨ ਕੇਂਦਰ, ਜਲੰਧਰ |
ਸੰਪਰਕ : 99148-11835