ਮੈਡੀਸਨ ਦੇ ਲੰਬੇ ਇਤਿਹਾਸ 'ਚ ਪਹਿਲੀ ਵਾਰ ਇਕ ਮਨੁੱਖ ਨੂੰ ਇਕ ਪ੍ਰਯੋਗਾਤਮਕ ਥੈਰੇਪੀ ਦਿੱਤੀ ਗਈ ਹੈ ਜੋ ਸਿਰਫ਼ ਬਿਮਾਰੀ ਠੀਕ ਕਰਨ ਦੇ ਲਈ ਨਹੀਂ, ਸਗੋਂ ਬੁੱਢੇ ਹੋ ਰਹੇ ਸੈਲਾਂ ਨੂੰ ਜਵਾਨ ਸੈਲਾਂ ਵਾਂਗ ਕੰਮ ਕਰਨ ਦੇ ਸਮਰੱਥ ਬਣਾਉਣ ਲਈ ਹੈ। ਅਮਰੀਕਾ ਦੇ ਇਕ ਸ਼ਾਂਤ ਕਲੀਨਿਕਲ ਟ੍ਰਾਇਲ 'ਚ ਡਾਕਟਰਾਂ ਨੇ ਗਲੌਂਕੋਮਾ ਦੇ ਇਕ ਮਰੀਜ਼ ਦੀ ਅੱਖ 'ਚ ਇਕ ਜੈਨੇਟਿਕ ਤੌਰ 'ਤੇ ਤਿਆਰ ਕੀਤਾ ਵਾਇਰਸ ਟੀਕੇ ਰਾਹੀਂ ਪਾਇਆ, ਜੋ ਬੁੱਢੇ ਹੋ ਰਹੇ ਸੈਲਾਂ ਨੂੰ ਮੁੜ ਤੋਂ ਇਕ ਸਿਹਤਮੰਦ ਹਾਲਤ ਵਿਚ ਲਿਆਉਂਦਾ ਹੈ। ਈਆਰ-100 ਨਾਮਕ ਇਹ ਥੈਰੇਪੀ ਇਕ ਅਹਿਮ ਪਲ ਹੈ: ਇਸ ਇਲਾਜ ਪ੍ਰਣਾਲੀ ਵਿਚ ਬੁਢਾਪੇ ਨੂੰ ਇਕ ਜੈਵਿਕ ਨਿਸ਼ਾਨੇ ਵਜੋਂ ਦੇਖਿਆ ਜਾ ਰਿਹਾ ਹੈ, ਬਿਮਾਰੀ ਦੇ ਇਕ ਅਟੱਲ ਪਿਛੋਕੜ ਵਜੋਂ ਨਹੀਂ।
ਨੋਬਲ ਵਿਚਾਰ ਤੋਂ ਸੂਈ ਤੱਕ
ਈਆਰ-100 ਪਿੱਛੇ ਦਾ ਵਿਗਿਆਨ ਜਾਪਾਨੀ ਸਟੈਮ ਸੈੱਲ ਵਿਗਿਆਨੀ ਸ਼ਨਿਯਾ ਯਾਮਾਨਾਕਾ ਤੱਕ ਜਾਂਦਾ ਹੈ, ਜਿਸ ਨੂੰ ਇਹ ਖੋਜਣ ਲਈ ਨੋਬਲ ਪੁਰਸਕਾਰ ਮਿਲਿਆ ਸੀ, ਕਿ ਕੁਝ ਜੀਨਾਂ ਦਾ ਇਕ ਛੋਟਾ ਸਮੂਹ ਬਾਲਗ ਸੈੱਲਾਂ ਨੂੰ ਇਕ ਵੱਧ ਜਵਾਨ, ਸਟੈਮ-ਸੈੱਲ ਵਰਗੀ ਹਾਲਤ 'ਚ ਮੁੜ ਪ੍ਰੋਗਰਾਮ ਕਰ ਸਕਦਾ ਹੈ। ਇਹ ਖੋਜ ਉਦੋਂ ਅੱਗੇ ਵਧੀ ਜਦੋਂ ਹਾਰਵਰਡ ਦੇ ਡੇਵਿਡ ਸਿੰਕਲੇਅਰ ਦੀ ਅਗਵਾਈ ਵਾਲੀ ਟੀਮ ਨੇ ਬੋਸਟਨ-ਅਧਾਰਿਤ ਲਾਈਫ ਬਾਇਓਸਾਇੰਸਿਜ਼ ਨਾਲ ਇਸ ਨੂੰ ਵਿਕਸਿਤ ਕਰਦਿਆਂ 4 ਯਾਮਾਨਾਕਾ ਤੱਤਾਂ 'ਚੋਂ 3 ਦਾ ਇਸਤੇਮਾਲ ਕਰਕੇ ਇਕ ਆਮ ਐਂਟੀਬਾਇਓਟਿਕ ਨਾਲ ਉਨ੍ਹਾਂ ਨੂੰ ਕੰਟਰੋਲ ਕਰਕੇ ਗਤੀਸ਼ੀਲ ਕੀਤਾ। ਪਰ ਵਿਗਿਆਨੀ ਇਸ ਗੱਲ 'ਤੇ ਸਾਵਧਾਨ ਹਨ ਕਿ ਈਆਰ-100 ਕਿਸੇ 75 ਸਾਲ ਦੇ ਸੈੱਲ ਨੂੰ 25 ਸਾਲ ਦੇ ਸੈੱਲ 'ਚ ਨਹੀਂ ਬਦਲ ਸਕਦੀ, ਪਰ ਇਹ ਬੁੱਢੇ ਹੋ ਰਹੇ ਸੈੱਲ ਨੂੰ ਜਵਾਨ ਸੈੱਲ ਵਾਂਗ ਕੰਮ ਕਰਨ ਅਤੇ ਉਮਰ ਨਾਲ ਗੁਆਚੀ ਕੁਝ ਕੁਸ਼ਲਤਾ ਨੂੰ ਵਾਪਸ ਲਿਆਉਣ ਵਿਚ ਮਦਦ ਕਰ ਸਕਦੀ ਹੈ। ਜਦੋਂ ਸੈੱਲ ਬੁੱਢੇ ਹੁੰਦੇ ਹਨ, ਉਨ੍ਹਾਂ ਦੀ ਡੀ.ਐੱਨ.ਏ ਠੀਕ ਕਰਨ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਊਰਜਾ ਬਣਾਉਣ ਵਾਲੀ ਮਸ਼ੀਨਰੀ ਹੌਲੀ ਹੋ ਜਾਂਦੀ ਹੈ। ਇਹ ਤਿੰਨ ਬਦਲਾਅ-ਕਮਜ਼ੋਰ ਮੁਰੰਮਤ, ਘਟਦੀ ਊਰਜਾ, ਵਧਦੀ ਸੋਜਸ਼ - ਬੁਢਾਪੇ ਦੀਆਂ ਕਈ ਬਿਮਾਰੀਆਂ ਪਿੱਛੇ ਇਕ ਸਾਂਝਾ ਇੰਜਣ ਮੰਨੇ ਜਾਂਦੇ ਹਨ। ਮੁੜ-ਜੁਆਨੀ ਥੈਰੇਪੀਆਂ ਉਸ ਇੰਜਣ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਨਾ ਕਿ ਕਿਸੇ ਇਕ ਬਿਮਾਰੀ ਨੂੰ।
ਧਿਆਨ ਚੰਗੀ ਸਿਹਤ ਤੇ ਉਮਰ ਨੂੰ ਵਧਾਉਣ 'ਤੇ ਹੈ, ਚੰਗੀ ਸਿਹਤ 'ਚ ਬਿਤਾਏ ਸਾਲ ਜਾਂ ਸੱਚਮੁੱਚ ਉਮਰ ਨੂੰ ਉਲਟਾਉਣ ਦਾ ਵਾਅਦਾ ਨਹੀਂ। ਜ਼ਿਕਰਯੋਗ ਹੈ ਕਿ ਈਆਰ-100 ਕੋਈ ਚਿਹਰੇ ਦੀਆਂ ਝੁਰੜੀਆਂ ਮਿਟਾਉਣ ਵਾਲੀ ਕਰੀਮ ਜਾਂ ਕੋਈ ਜਾਦੂਈ ਗੋਲੀ ਨਹੀਂ ਹੈ। ਅਮਰੀਕੀ ਰੈਗੁਲੇਟਰ ਨੇ ਜਨਵਰੀ 2026 'ਚ ਮਨੁੱਖਾਂ 'ਤੇ ਇਸ ਦੀ ਟੈਸਟਿੰਗ ਦੀ ਇਜਾਜ਼ਤ ਦੇ ਦਿੱਤੀ ਸੀ। ਪਹਿਲਾ ਮਰੀਜ਼ ਗਲੌਕੋਮਾ ਅਤੇ ਐਨ.ਏ.ਆਈ.ਓ.ਐਨ. (ਅੱਖ ਦੀ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾਉਣ ਵਾਲੀ ਹਾਲਤ) ਨਾਮਕ ਆਪਟਿਕ ਨਰਵ ਤੋਂ ਪ੍ਰਭਾਵਿਤ ਹੈ, ਉਸ ਦੀ 5 ਸਾਲ ਤੱਕ ਨਿਗਰਾਨੀ ਕੀਤੀ ਜਾਵੇਗੀ। ਟ੍ਰਾਇਲ ਇਕ ਅੰਗ (ਅੱਖ) ਨੂੰ ਨਿਸ਼ਾਨਾ ਬਣਾਉਂਦਾ ਹੈ, ਕਿਉਂਕਿ ਨਾਕਾਮੀ ਨਾਲ ਨੁਕਸਾਨ ਸੀਮਤ ਹੁੰਦਾ ਹੈ ਅਤੇ ਕਾਮਯਾਬੀ ਨੂੰ ਮੁੜ ਪਾਈ ਨਜ਼ਰ ਰਾਹੀਂ ਮਾਪਣਾ ਸੌਖਾ ਹੁੰਦਾ ਹੈ।
ਇਹ ਕਿਉਂ ਮਹੱਤਵ ਰੱਖਦਾ ਹੈ
ਅਲਜ਼ਾਈਮਰ, ਦਿਲ ਦੀ ਅਸਫਲਤਾ, ਜੋੜਾਂ ਦਾ ਦਰਦ, ਸ਼ੂਗਰ ਅਤੇ ਹੋਰ ਡੀਜਨਰੇਟਿਵ ਹਾਲਤਾਂ 'ਚ ਸਰੀਰ ਕਈ ਸਿਹਤ ਸੰਬੰਧੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿਨ੍ਹਾਂ ਵਿਚ ਲੰਬੇ ਸਮੇਂ ਦੀ ਸੋਜਸ਼, ਸੈਲੂਲਰ ਤਣਾਅ ਤੇ ਘਟਦੀ ਮੁਰੰਮਤ ਪ੍ਰਣਾਲੀ ਸ਼ਾਮਿਲ ਹੁੰਦੀ ਹੈ। ਜੇ ਇਨ੍ਹਾਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਦਲਿਆ ਜਾ ਸਕੇ, ਤਾਂ ਇਸ ਦੇ ਫਾਇਦੇ ਸਿਰਫ਼ ਗਲੌਕੋਮਾ ਵਰਗੀ ਇਕ ਹਾਲਤ ਤੱਕ ਹੀ ਨਹੀਂ ਸਗੋਂ ਕਈ ਬਿਮਾਰੀਆਂ ਤੱਕ ਫੈਲ ਸਕਦੇ ਹਨ। ਪਰ ਇਹ ਅਜੇ ਇਕ ਵਿਗਿਆਨਕ ਆਸ ਹੈ, ਕੋਈ ਪੁਖਤਾ ਕਲੀਨਿਕਲ ਸਚਾਈ ਨਹੀਂ ਹੈ। ਇਹ ਅਜੇ ਮਨੁੱਖਾਂ 'ਚ ਕਿਸੇ ਵੀ ਉਮਰ-ਸੰਬੰਧੀ ਬਿਮਾਰੀ ਨੂੰ ਠੀਕ ਜਾਂ ਉਲਟਾ ਨਹੀਂ ਸਕਦੀ, ਇਸੇ ਕਰਕੇ ਵਿਗਿਆਨੀ ਹੁਣ 'ਸਿਹਤ-ਉਮਰ' ਦੀ ਨਰਮ ਭਾਸ਼ਾ ਨੂੰ ਪਹਿਲ ਦਿੰਦੇ ਹਨ -ਉਮਰ ਨੂੰ ਉਲਟਾਉਣ ਦੇ ਨਾਟਕੀ ਵਾਅਦਾ ਨਹੀਂ ਕਰਦੇ।
ਭਾਰਤ ਕਿੱਥੇ ਖੜ੍ਹਾ ਹੈ?
ਦੇਸ਼ ਦੀ 60 ਸਾਲ ਤੇ ਉਸ ਤੋਂ ਉੱਪਰ ਦੀ ਆਬਾਦੀ ਦਾ ਹਿੱਸਾ ਅੱਜ 10 ਫ਼ੀਸਦੀ ਹੈ ਜੋ ਵਧ ਕੇ 12 ਫ਼ੀਸਦੀ ਹੋਣ ਦਾ ਅਨੁਮਾਨ ਹੈ। ਅੰਦਾਜ਼ਨ 15.3 ਕਰੋੜ ਬੁਜ਼ੁਰਗਾਂ ਦੀ ਕੁੱਲ ਗਿਣਤੀ 2050 ਤੱਕ 34.7 ਕਰੋੜ ਨੂੰ ਪਾਰ ਕਰ ਜਾਵੇਗੀ ਅਤੇ ਇਹ ਬੁਢਾਪਾ ਇਕ ਅਜਿਹੀ ਸਿਹਤ ਪ੍ਰਣਾਲੀ ਵਿਚ ਆ ਰਿਹਾ ਹੈ ਜੋ ਅਜੇ ਵੀ ਨੌਜਵਾਨਾਂ ਦੇ ਆਲੇ-ਦੁਆਲੇ ਬਣੀ ਹੈ। ਭਾਰਤ ਲਈ ਬੁਢਾਪੇ ਨੂੰ ਉਲਟਾਉਣ ਦਾ ਵਿਚਾਰ ਇਕ ਵਿਗਿਆਨਕ ਦਿਲਚਸਪੀ ਤੋਂ ਕਿਤੇ ਵੱਧ ਹੈ। ਬੈਂਗਲੁਰੂ ਦੇ ਇੰਡੀਅਨ ਇੰਸਟੀਟਿਊਟ ਆਫ ਸਾਇੰਸ (ਆਈ.ਆਈ.ਐੱਸ.ਸੀ) ਨੇ ਲੌਂਜੇਵਿਟੀ ਇੰਡੀਆ ਪਹਿਲਕਦਮੀ ਸ਼ੁਰੂ ਕੀਤੀ ਹੈ ਤਾਂ ਜੋ ਭਾਰਤੀ ਸਰੀਰਾਂ 'ਚ ਸਿਹਤਮੰਦ ਬੁਢਾਪੇ ਦਾ ਅਧਿਐਨ ਕੀਤਾ ਜਾ ਸਕੇ, ਨਾ ਕਿ ਪੱਛਮੀ ਮਾਡਲਾਂ ਨੂੰ ਪੂਰੀ ਤਰ੍ਹਾਂ ਨਕਲ ਕੀਤਾ ਜਾਵੇ। ਇਸ ਦਾ ਮੁੱਖ ਅਧਿਐਨ ਦੇਸ਼ ਦਾ ਪਹਿਲਾ ਵੱਡੇ-ਪੱਧਰ ਦਾ ਜੈਵਿਕ ਉਮਰ ਨਕਸ਼ਾ ਬਣਾ ਰਿਹਾ ਹੈ, ਜ਼ਿਆਦਾਤਰ ਮੌਜੂਦਾ ਬੁਢਾਪੇ ਦੇ ਬਾਇਓਮਾਰਕਰ ਪੱਛਮੀ ਆਬਾਦੀਆਂ 'ਚ ਵਿਕਸਿਤ ਕੀਤੇ ਗਏ ਹਨ, ਜੋ ਭਾਰਤੀ ਜੈਨੇਟਿਕਸ, ਖੁਰਾਕ ਤੇ ਬਿਮਾਰੀ ਦੇ ਬੋਝ 'ਤੇ ਫਿੱਟ ਨਹੀਂ ਆ ਸਕਦੇ। ਇਸ ਤੋਂ ਵੱਖਰੇ ਤੌਰ 'ਤੇ ਪੂਨੇ ਦੇ ਅਗਰਕਰ ਰਿਸਰਚ ਇੰਸਟੀਟਿਊਟ ਦੇ ਖੋਜਕਰਤਾਵਾਂ ਨੇ ਇਕ ਸ਼ਾਂਤ ਪਰ ਅਹਿਮ ਖੋਜ ਕੀਤੀ ਹੈ: ਬੁੱਢੇ ਹੋ ਰਹੇ ਟਿਸ਼ੂ ਵਿਚ ਜੋ ਪਹਿਲਾਂ ਨਾਕਾਮ ਹੁੰਦਾ ਹੈ, ਉਹ ਸਟੈਮ ਸੈੱਲ ਖੁਦ ਬਹਾਲ ਨਹੀਂ ਹੋ ਸਕਦੇ ਸਗੋਂ ਉਨ੍ਹਾਂ ਦੇ ਆਲੇ-ਦੁਆਲੇ ਦੇ ਨਾਜ਼ੁਕ ਸਹਾਰਾ ਦੇਣ ਵਾਲੇ ਸੈੱਲ ਹੋ ਸਕਦੇ ਹਨ - ਇਹ ਇਕ ਨਵਾਂ ਨਜ਼ਰੀਆ, ਜੋ ਨਵੇਂ ਇਲਾਜ ਦੇ ਰਾਹ ਖੋਲ੍ਹ ਸਕਦਾ ਹੈ। ਅਸਲ ਵਿਚ ਵਿਗਿਆਨ ਜੋ ਦੇ ਸਕਦਾ ਹੈ, ਉਸ ਤੋਂ ਜ਼ਿਆਦਾ ਦਿਖਾ ਸਕਦਾ ਹੈ ਤੇ ਅਸਲ ਮੰਤਵ ਸਿਹਤ-ਉਮਰ ਨੂੰ ਸੁਧਾਰਨ ਦਾ ਹੈ।
ਭਾਰਤ ਦਰਾਮਦ ਕੀਤੇ ਹੱਲਾਂ 'ਤੇ ਭਰੋਸਾ ਨਹੀਂ ਕਰ ਸਕਦਾ
ਇੱਥੇ ਡੂੰਘਾ ਸਵਾਲ ਸਮਾਜਿਕ ਹੈ, ਜੈਵਿਕ ਨਹੀਂ: ਜੇ ਸੈੱਲਾਂ ਨੂੰ ਬਹਾਲ ਕਰਨ ਦੀ ਤਕਨੀਕ ਕੰਮ ਕਰਦੀ ਹੈ, ਤਾਂ ਇਹ ਪਹਿਲਾਂ ਕਿਸ ਨੂੰ ਮਿਲੇਗੀ? ਇਨਸੁਲਿਨ, ਆਈ.ਵੀ.ਐੱਫ ਤੇ ਜੀਨ ਥੈਰੇਪੀ ਵਾਂਗ ਸਭ ਤੋਂ ਪਹਿਲਾਂ ਇਹ ਤਕਨਾਲੋਜੀ ਅਮੀਰਾਂ ਨੂੰ ਮਿਲੇਗੀ ਕਿਉਂਕਿ ਇਸ ਥੈਰੇਪੀ ਲਈ ਵਾਇਰਲ ਟੀਕਾ, ਐਂਟੀਬਾਇਓਟਿਕ ਬਦਲਾਅ ਤੇ 5 ਸਾਲ ਦੀ ਨਿਗਰਾਨੀ ਚਾਹੀਦੀ ਹੈ, ਇਸ ਦੇ ਮਹਿੰਗੇ ਹੋਣ ਕਰਕੇ ਪਹਿਲੇ ਲਾਭਪਾਤਰੀ ਸ਼ਾਇਦ ਵਿਦੇਸ਼ਾਂ ਦੇ ਅਮੀਰ ਮਰੀਜ਼ ਹੀ ਹੋਣਗੇ। ਭਾਰਤ ਦਾ ਕੰਮ ਹੈ ਕਿ ਉਹ ਲੌਂਜੇਵਿਟੀ ਇੰਡੀਆ ਤੇ ਭਾਰਤ (ਅਧਿਐਨ ਦਾ ਨਾਮ) ਵਰਗੀਆਂ ਸੰਸਥਾਵਾਂ ਦੀ ਵਰਤੋਂ ਕਰਕੇ ਦੇਸੀ ਸਮਰੱਥਾ ਬਣਾਏ ਤਾਂ ਜੋ ਦੇਸ਼ ਇਸ ਵਿਗਿਆਨ ਦਾ ਉਤਪਾਦਕ ਬਣੇ, ਸਿਰਫ਼ ਖਰੀਦਦਾਰ ਨਹੀਂ। ਭਾਰਤ ਦੀ ਚੁਣੌਤੀ ਸਿਰਫ਼ ਦਰਾਮਦ ਕੀਤੇ ਹੱਲਾਂ ਦਾ ਇੰਤਜ਼ਾਰ ਕਰਨਾ ਨਹੀਂ, ਸਗੋਂ ਦੇਸੀ ਖੋਜ, ਕਲੀਨਿਕਲ ਸਮਰੱਥਾ ਤੇ ਰੈਗੁਲੇਟਰੀ ਤਿਆਰੀ 'ਚ ਨਿਵੇਸ਼ ਕਰਨਾ ਹੋਵੇ। ਆਈ.ਆਈ.ਐੱਸ.ਸੀ. ਦੀ ਲੌਂਜੇਵਿਟੀ ਇੰਡੀਆ ਪਹਿਲਕਦਮੀ ਤੇ ਭਾਰਤ ਸਮੂਹ ਵਰਗੀਆਂ ਸੰਸਥਾਵਾਂ ਦੇਸੀ ਸਮਰੱਥਾ ਦਿੰਦੀਆਂ ਹਨ, ਤਾਂ ਜੋ ਜਦੋਂ ਮੁੜ-ਜੁਆਨੀ ਦੀ ਮੈਡੀਸਨ ਪੂਰੀ ਤਰ੍ਹਾਂ ਪੱਕ ਜਾਵੇ, ਦੇਸ਼ ਸਿਹਤਮੰਦ ਬੁਢਾਪੇ ਦੇ ਵਿਗਿਆਨ ਵਿਚ ਇਕ ਹਿੱਸੇਦਾਰ ਬਣੇ, ਸਿਰਫ਼ ਇਕ ਖਪਤਕਾਰ ਨਹੀਂ।
ਅੱਗੇ ਦਾ ਰਾਹ
ਬੁਢਾਪੇ ਨੂੰ ਮਨੁੱਖਤਾ ਦੀ ਸਭ ਤੋਂ ਪੁਰਾਣੀ ਬਿਮਾਰੀ ਕਿਹਾ ਗਿਆ ਹੈ; ਜੋ ਸਭ ਨੂੰ ਬਰਾਬਰ ਆਉਂਦੀ ਰਹੀ ਹੈ। ਪਰ ਜਿਸ ਅੱਖ ਨੂੰ ਇਸ ਸਾਲ ਈਆਰ-100 ਮਿਲੀ, ਉਸ ਨੇ ਪਹਿਲਾਂ ਹੀ ਵਿਗਿਆਨਕ ਗੱਲਬਾਤ ਬਦਲ ਦਿੱਤੀ ਹੈ। ਇਹ ਦਰਸਾਉਂਦੀ ਹੈ ਕਿ ਬੁਢਾਪੇ ਨੂੰ ਹੁਣ ਸਿਰਫ਼ ਕਿਸਮਤ ਵਜੋਂ ਨਹੀਂ, ਸਗੋਂ ਇਕ ਜੈਵਿਕ ਪ੍ਰਕਿਰਿਆ ਵਜੋਂ ਵੀ ਦੇਖਿਆ ਜਾ ਸਕਦਾ ਹੈ ਜਿਸ ਨੂੰ ਸਮਝਿਆ, ਮਾਪਿਆਂ ਤੇ ਸ਼ਾਇਦ ਇਕ ਦਿਨ ਅਰਥਪੂਰਨ ਤਰੀਕੇ ਨਾਲ ਬਦਲਿਆ ਵੀ ਜਾ ਸਕਦਾ ਹੈ। ਹੁਣ ਲਈ ਸਾਵਧਾਨੀ ਉਤਸ਼ਾਹ ਜਿੰਨੀ ਹੀ ਜ਼ਰੂਰੀ ਹੈ ਕਿਉਂਕਿ ਇਸ ਕਹਾਣੀ ਦੇ ਦੋਵੇਂ ਪਾਸੇ ਦੇ ਡਾਕਟਰ ਇਕ ਗੱਲ 'ਤੇ ਸਹਿਮਤ ਹਨ: ਅਜੇ ਵੀ ਕੋਈ ਮਨਜ਼ੂਰਸ਼ੁਦਾ ਥੈਰੇਪੀ ਨਹੀਂ ਹੈ, ਜੋ ਮਨੁੱਖੀ ਬੁਢਾਪੇ ਨੂੰ ਉਲਟਾਉਣ ਲਈ ਸਾਬਤ ਹੋਈ ਹੋਵੇ। ਲੋਕਾਂ ਨੂੰ ਅਪੁਸ਼ਟ ਐਂਟੀ-ਏਜਿੰਗ ਦਾਅਵਿਆਂ ਨੂੰ ਸ਼ੱਕ ਨਾਲ ਦੇਖਣ ਦੀ ਬਜਾਏ ਪਹਿਲਾਂ ਵਾਂਗ ਕਸਰਤ, ਸੰਤੁਲਿਤ ਖੁਰਾਕ, ਪੂਰੀ ਨੀਂਦ, ਰੋਕਥਾਮ ਵਾਲੀ ਸਿਹਤ ਸੇਵਾ - ਚੰਗੇ ਬੁਢਾਪੇ ਤੇ ਲੰਬੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਭ ਤੋਂ ਭਰੋਸੇਮੰਦ ਨੁਸਖਿਆਂ 'ਤੇ ਭਰੋਸਾ ਕਰਨਾ ਚਾਹੀਦਾ ਹੈ।
-(ਲੇਖਕ ਕੈਬਿਨੇਟ ਮੰਤਰੀ ਦਰਜੇ ਨਾਲ ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ।)
ਈਮੇਲ : vc@sonalika.com