ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮਰਦਮਸ਼ੁਮਾਰੀ ਕਰਦਿਆਂ

Ad Position 21
No active advertisement
ਅਜੀਤ ਡੈਸਕ 01-07-2026

ਜਦੋਂ ਮੈਨੂੰ ਆਪਣੇ ਸਕੂਲ ਵਿਚ ਇਹ ਪਤਾ ਲੱਗਾ ਕਿ ਮੇਰਾ ਨਾਂਅ ਮਰਦਮਸ਼ੁਮਾਰੀ ਦੀ ਡਿਊਟੀ 'ਚ ਦਿੱਤਾ ਗਿਆ ਹੈ ਤਾਂ ਮੇਰੇ ਦਿਮਾਗ ਵਿਚ ਇਕ ਗੱਲ ਵਾਰ-ਵਾਰ ਆ ਰਹੀ ਸੀ ਕਿ ਮੈਂ ਤਾਂ ਕਦੇ ਵੀ ਇਸ ਤਰ੍ਹਾਂ ਵੀ ਡਿਊਟੀ ਨਹੀਂ ਕੀਤੀ, ਮੇਰੇ ਲਈ ਇਹ ਕੰਮ ਬਹੁਤ ਔਖਾ ਹੈ। ਮੈਂ ਕਿਸ ਤਰ੍ਹਾਂ ਘਰ-ਘਰ ਜਾ ਕੇ ਲੋਕਾਂ ਤੋਂ ਪੁੱਛਗਿੱਛ ਕਰਾਂਗੀ, ਘਰ ਵੀ ਸੰਭਾਲਣਾ ਹੈ, ਬੱਚੇ ਵੀ ਛੋਟੇ ਹਨ। ਮੈਂ ਇਸ ਡਿਊਟੀ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਨਕਸ਼ਾ ਬਣਾਉਣਾ ਤਾਂ ਕੀ, ਮੈਨੂੰ ਦੇਖਣਾ ਤੱਕ ਨਹੀਂ ਆਉਂਦਾ ਪਰ ਪ੍ਰਾਈਵੇਟ ਅਧਿਆਪਕਾ ਹੋਣ ਦੇ ਨਾਤੇ ਮੈਂ ਮਨ੍ਹਾਂ ਨਹੀਂ ਕਰ ਸਕੀ। ਫਿਰ ਸੋਚਿਆ ਜੇ ਢੋਲ ਗਲ 'ਚ ਪੈ ਹੀ ਗਿਆ ਤਾਂ ਵਜਾਉਣਾ ਹੀ ਪੈਣਾ ਹੈ। ਔਖੇ ਸੌਖੇ ਹੋ ਕੇ ਮੈਂ ਇਹ ਢੋਲ ਵਜਾ ਹੀ ਲਿਆ। ਸੋ ਜਨਗਣਨਾ ਦੇ ਪਹਿਲੇ ਦਿਨ ਕਿਸੇ ਜਾਣ-ਪਛਾਣ ਦੀ ਮਦਦ ਨਾਲ ਮੈਂ ਸਿਖ਼ਰ ਦੁਪਹਿਰੇ ਆਪਣਾ ਖੇਤਰ ਦੇਖਿਆ।
ਅਸੀਂ ਸਕੂਲੋਂ ਬਾਅਦ ਆਪਣੇ ਖੇਤਰ ਵੱਲ ਚੱਲ ਪਏ। ਫਿਰ ਅਗਲੇ ਦਿਨ ਮੈਂ ਆਪਣੇ ਪਤੀ ਦੀ ਮਦਦ ਨਾਲ ਇਹ ਪਹਾੜ ਜਿੱਡਾ ਕੰਮ ਸ਼ੁਰੂ ਕੀਤਾ। ਮੇਰੇ ਪਤੀ ਨੇ ਇਸ ਕੰਮ ਵਿਚ ਮੇਰੀ ਕਾਫ਼ੀ ਸਹਾਇਤਾ ਕੀਤੀ। ਜਿਵੇਂ-ਜਿਵੇਂ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਪੁੱਛਦੇ ਤਾਂ ਮੇਰੇ ਸਾਹਮਣੇ ਕਈ ਤਰ੍ਹਾਂ ਦੇ ਲੋਕ ਆਏ। ਕਈ ਤਾਂ ਆਸਾਨੀ ਨਾਲ ਸਾਰੇ ਪ੍ਰਸ਼ਨਾਂ ਦੇ ਜਵਾਬ ਦੇ ਦਿੰਦੇ ਸਨ, ਕੁੱਝ ਡਰ ਕਾਰਨ ਦਰਵਾਜ਼ਾ ਨਹੀਂ ਖੋਲ੍ਹਦੇ ਸਨ ਤੇ ਕੁੱਝ ਆਪਣੇ ਬਾਰੇ ਦੱਸਣਾ ਨਹੀਂ ਚਾਹੁੰਦੇ ਸਨ। ਕਈ ਲੋਕ ਅਜਿਹੇ ਵੀ ਸਨ, ਜੋ ਬਹੁਤ ਆਰਾਮ ਵਾਲੀ ਜ਼ਿੰਦਗੀ ਬਤੀਤ ਕਰਦੇ ਹਨ, ਜਿਨ੍ਹਾਂ ਦੇ ਘਰਾਂ 'ਚ ਨੌਕਰ-ਚਾਕਰ ਸਭ ਕੁੱਝ ਹੈ ਅਤੇ ਦੂਜੇ ਪਾਸੇ ਕੁੱਝ ਅਜਿਹੇ ਵੀ ਸਨ ਜੋ ਇਕ ਕਮਰੇ ਵਿਚ ਛੇ-ਛੇ ਜਣੇ ਰਹਿ ਰਹੇ ਹਨ। ਇਹ ਸਭ ਦੇਖ ਕੇ ਮੈਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਅੱਜ ਮੇਰੇ ਕੋਲ ਫਿਰ ਵੀ ਬਹੁਤ ਕੁੱਝ ਹੈ ਪਰ ਫਿਰ ਵੀ ਅਸੀਂ ਲੋਕ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ। ਇਕ ਘਰ ਵਿਚ ਜਦੋਂ ਮੈਂ ਗਈ ਤਾਂ ਦੇਖ ਕੇ ਅੰਦਾਜ਼ਾ ਲਾਇਆ ਕਿ ਉਹ ਬਿਹਾਰ ਤੋਂ ਹਨ ਤੇ ਉਹ ਹਿੰਦੀ 'ਚ ਗੱਲ ਕਰਨਗੇ ਪਰ ਜਦ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਸਾਰੇ ਜਵਾਬ ਪੰਜਾਬੀ ਵਿਚ ਹੀ ਦੇ ਰਹੇ ਸਨ। ਇਸ ਤਰ੍ਹਾਂ ਲੱਗਿਆ ਕਿ ਉਹ ਪੰਜਾਬ ਵਿਚ ਬਹੁਤੇ ਸਮੇਂ ਤੋਂ ਰਹਿ ਰਹੇ ਹਨ। ਉੱਥੇ ਇਕ ਔਰਤ ਵੀ ਸੀ, ਜੋ ਦੇਖਣ 'ਚ ਬਿਲਕੁਲ ਸਾਦੀ ਸੀ, ਪਰ ਉਸ ਦੇ ਗੱਲ ਕਰਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹ ਪੜ੍ਹੀ ਲਿਖੀ ਹੈ, ਜੋ ਹਰ ਸਵਾਲ ਨੂੰ ਧਿਆਨ ਨਾਲ ਸੁਣ ਕੇ ਜਵਾਬ ਦੇ ਰਹੀ ਸੀ। ਜਦ ਉਸ ਤੋਂ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਕਮਰੇ ਹਨ ਤਾਂ ਉਸ ਦਾ ਜਵਾਬ ਸੀ ਇਕ। ਜਦ ਮੈਂ ਸਰਸਰੀ ਜਿਹੇ ਪੁੱਛਿਆ ਕਿ ਤੁਸੀਂ ਨੌਕਰੀ ਕਰਦੇ ਹੋ? ਉਸ ਦਾ ਜਵਾਬ ਸੀ ਨੌਕਰੀ, ਨੌਕਰੀ ਕਿੱਥੇ? ਆਪਣਾ ਕੰਮ ਕਰਕੇ ਅਸੀਂ ਵਾਪਸ ਆ ਗਏ ਪਰ ਕਈ ਦਿਨ ਮੇਰੇ ਦਿਮਾਗ 'ਚ ਇਹ ਗੱਲ ਘੁੰਮਦੀ ਰਹੀ ਕਿ ਆਖਰ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਉਸ ਨੇ ਇੱਥੇ ਵਿਆਹ ਕਿਉਂ ਕਰਾਇਆ ਤੇ ਜਿਸ ਨਾਲ ਉਸ ਦਾ ਵਿਆਹ ਹੋਇਆ, ਉਹ ਤਾਂ ਪੜ੍ਹਿਆ-ਲਿਖਿਆ ਨਹੀਂ ਹੈ। ਫਿਰ ਸੋਚਿਆ ਕਿ ਉਸ ਦੀ ਕੋਈ ਮਜਬੂਰੀ ਹੋਵੇਗੀ। ਮਰਦਮਸ਼ੁਮਾਰੀ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਤਾਂ ਇਹ ਸਿੱਖਿਆ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ, ਜੇ ਨਾ ਆਉਂਦਾ ਹੋਵੇ ਤਾਂ ਸਿੱਖ ਕੇ ਕੀਤਾ ਜਾ ਸਕਦਾ ਹੈ। ਦੂਜੀ ਗੱਲ, ਲੋਕ ਕਿੰਨੇ ਛੋਟੇ ਘਰਾਂ 'ਚ ਰਹਿ ਕੇ ਵੀ ਜੀਵਨ ਬਸਰ ਕਰ ਰਹੇ ਹਨ ਤੇ ਖ਼ੁਸ਼ ਹਨ। ਤੀਜੀ ਗੱਲ, ਕਿ ਕਿੰਨੀਆਂ ਔਰਤਾਂ ਅਜਿਹੀਆਂ ਸਨ, ਜੋ ਇਕੱਲੀਆਂ ਹੋ ਕੇ ਔਖੇ ਹੋ ਕੇ ਬੱਚਿਆਂ ਨੂੰ ਪਾਲ ਰਹੀਆਂ ਸਨ ਤੇ ਉਨ੍ਹਾਂ ਨੂੰ ਕਿਸੇ ਦੀ ਖ਼ਾਸ ਸਹਾਇਤਾ ਵੀ ਨਹੀਂ ਮਿਲ ਰਹੀ। ਇਕ ਹੋਰ ਗੱਲ ਦੇਖਣ 'ਚ ਆਈ ਜੋ ਸਾਡੇ ਦੇਸ਼ ਦੀ ਬਹੁਤ ਵੱਡੀ ਸਮੱਸਿਆ ਵੀ ਹੈ ਕਿ ਕਈ ਘਰਾਂ 'ਚ ਇਕੱਲੇ ਬਜ਼ੁਰਗ ਰਹਿ ਰਹੇ ਸਨ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਹਨ ਜਾਂ ਜਿਨ੍ਹਾਂ ਦੀਆਂ ਧੀਆਂ ਹੀ ਸਨ, ਜੋ ਵਿਆਹੀਆਂ ਗਈਆਂ। ਕਈ ਘਰਾਂ 'ਚ ਇਕੱਲੀ ਬਜ਼ੁਰਗ ਔਰਤ ਹੀ ਸੀ ਜਾਂ ਇਕੱਲਾ ਮਰਦ ਹੀ ਸੀ, ਜਿਨ੍ਹਾਂ ਦੇ ਜੀਵਨ ਸਾਥੀ ਵਿਛੋੜਾ ਦੇ ਗਏ ਸਨ ਤੇ ਬੱਚੇ ਵਿਦੇਸ਼ਾਂ ਵਿਚ ਸਨ। ਸਾਡੇ ਦੇਸ਼ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਬਜ਼ੁਰਗ ਇਕੱਲੇ ਰਹਿ ਕੇ ਆਪਣੇ ਘਰ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦੀ ਉਮਰ ਘਰ ਦਾ ਕੰਮ ਕਰਨ ਦੀ ਜਾਂ ਹੋਰ ਕੰਮ ਕਰਨ ਦੀ ਨਹੀਂ, ਪਰ ਫਿਰ ਵੀ ਉਹ ਜਿਵੇਂ-ਕਿਵੇਂ ਆਪਣਾ ਗੁਜ਼ਾਰਾ ਕਰ ਰਹੇ ਹਨ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਘਟਨਾਵਾਂ ਮੇਰੇ ਸਾਹਮਣੇ ਆਈਆਂ, ਜਿਨ੍ਹਾਂ ਨੂੰ ਦੇਖ ਕੇ ਮਨ ਦਾ ਪ੍ਰੇਸ਼ਾਨ ਹੋ ਜਾਣਾ ਸੁਭਾਵਿਕ ਸੀ। ਮਰਦਮਸ਼ੁਮਾਰੀ ਦੌਰਾਨ ਕਈ ਘਰਾਂ ਦੀ ਤਸਵੀਰ ਸੱਚਮੁੱਚ ਭਾਵੁਕ ਕਰਨ ਵਾਲੀ ਸੀ, ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਮੇਰਾ ਇਹ ਕੰਮ ਲਗਭਗ ਖ਼ਤਮ ਹੋਣ 'ਤੇ ਹੈ ਅਤੇ ਮੈਂ ਇਸ ਦੌਰਾਨ ਬਹੁਤ ਕੁਝ ਸਿੱਖਿਆ। ਇੰਨੀ ਗਰਮੀ ਵਿਚ ਜਾਣਾ ਤਾਂ ਕੁੱਝ ਮੁਸ਼ਕਿਲ ਹੀ ਸੀ ਪਰ ਜਾ ਕੇ ਮੈਂ ਲੋਕਾਂ ਦੇ ਹਾਲਾਤ ਨੂੰ ਨੇੜੇ ਤੋਂ ਤੱਕਿਆ ਤੇ ਸੋਚਿਆ ਕਿ ਸਾਡੇ ਭਾਰਤ ਵਿਚ ਹੋਰ ਵੀ ਕਈ ਅਜਿਹੇ ਖੇਤਰ ਹੋਣਗੇ, ਜਿੱਥੇ ਅਜਿਹੀ ਸਥਿਤੀ ਜਾਂ ਇਸ ਤੋਂ ਵੀ ਹੇਠਲੀ ਸਥਿਤੀ 'ਚ ਲੋਕ ਆਪਣਾ ਜੀਵਨ ਬਤੀਤ ਕਰਦੇ ਹੋਣਗੇ।

-ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਕੀ ਬੁਢਾਪੇ 'ਤੇ ਕਾਬੂ ਪਾਇਆ ਜਾ ਸਕਦਾ ਹੈ? ਅਗਲੀ ਖ਼ਬਰ ਭਾਰਤ ਨੂੰ ਸੁਤੰਤਰ ਤੇ ਖੁਦਮੁਖਤਿਆਰ ਵਿਦੇਸ਼ ਨੀਤੀ ਦੀ ਲੋੜ
Ad Position 24
No active advertisement