ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਰਤ ਨੂੰ ਸੁਤੰਤਰ ਤੇ ਖੁਦਮੁਖਤਿਆਰ ਵਿਦੇਸ਼ ਨੀਤੀ ਦੀ ਲੋੜ

Ad Position 21
No active advertisement
ਅਜੀਤ ਡੈਸਕ 01-07-2026

ਪਿਛਲੇ ਸਮੇਂ ਵਿਚ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਭਾਰਤ ਦੇ ਦੌਰੇ 'ਤੇ ਆਏ ਸਨ, ਉਨ੍ਹਾਂ ਦੇ ਭਾਰਤ ਆਉਣ ਬਾਰੇ ਭਾਰਤ ਸਰਕਾਰ ਦੇ ਕਿਸੇ ਬਿਆਨ ਤੋਂ ਪਹਿਲਾਂ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਥੇ ਆ ਕੇ ਇਸ ਦਾ ਐਲਾਨ ਕਰ ਦਿੱਤਾ ਸੀ। ਹੁਣ ਇਹ ਆਮ ਹੋ ਗਿਆ ਹੈ ਕਿ ਭਾਰਤ ਭਵਿੱਖ 'ਚ ਕੀ ਕਰਨ ਵਾਲਾ ਹੈ, ਇਸ ਬਾਰੇ ਅਮਰੀਕਾ ਦੇ ਬਿਆਨ ਪਹਿਲਾਂ ਆ ਜਾਂਦੇ ਹਨ ਤੇ ਭਾਰਤ ਸਰਕਾਰ ਉਸ ਬਾਰੇ ਆਪਣਾ ਪੱਖ ਬਾਅਦ 'ਚ ਰੱਖਦੀ ਹੈ। ਅਮਰੀਕੀ ਫ਼ੌਜ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸ ਦੀ ਪਤਨੀ ਨੂੰ 3 ਜਨਵਰੀ 2026 ਨੂੰ ਰਾਤ ਸਮੇਂ ਗ੍ਰਿਫ਼ਤਾਰ ਕਰਕੇ ਅਮਰੀਕਾ ਲੈ ਗਈ ਤੇ ਜੇਲ੍ਹ 'ਚ ਬੰਦ ਕਰ ਦਿੱਤਾ ਸੀ। ਉਨ੍ਹਾਂ 'ਤੇ ਨਸ਼ਾ ਤਸਕਰੀ ਤੇ ਅਮਰੀਕਾ 'ਚ ਨਸ਼ੇ ਫੈਲਾਉਣ ਦੇ ਲਗਾਏ ਗਏ ਦੋਸ਼ਾਂ ਦਾ ਨਾ ਕੋਈ ਸਬੂਤ ਪੇਸ਼ ਕੀਤਾ ਗਿਆ ਤੇ ਨਾ ਹੀ ਇਨ੍ਹਾਂ ਦੀ ਕੋਈ ਪੁਸ਼ਟੀ ਹੋਈ। ਪਰ ਰਾਸ਼ਟਰਪਤੀ ਟਰੰਪ ਵਲੋਂ ਲਗਾਏ ਦੋਸ਼ਾਂ ਦੇ ਆਧਾਰ 'ਤੇ ਦੁਨੀਆ ਭਰ ਦੇ ਅਖ਼ਬਾਰਾਂ ਨੇ ਖ਼ਬਰਾਂ ਛਾਪ ਕੇ ਮਾਦੁਰੋ ਨੂੰ ਦੋਸ਼ੀ ਠਹਿਰਾ ਦਿੱਤਾ ਸੀ। ਇਸ ਤੋਂ ਪਹਿਲਾਂ 1989 'ਚ ਪਨਾਮਾ ਦੇ ਸ਼ਾਸਕ ਮੈਨੂਅਲ ਨੋਰੀਏਗਾ ਨੂੰ ਵੀ ਅਮਰੀਕਾ ਨੇ ਉਸ ਦੇ ਦੇਸ਼ 'ਚ ਜਾ ਕੇ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਹਿਰਾਸਤ 'ਚ ਲੈ ਲਿਆ ਸੀ। ਅਮਰੀਕਾ ਲੋਕਤੰਤਰ ਦੀ ਬਹਾਲੀ ਦੇ ਨਾਂਅ 'ਤੇ ਸੈਨਿਕ ਦਖ਼ਲ ਦੇ ਕੇ ਇਰਾਕ ਤੇ ਲੀਬੀਆ ਵਿਚ ਉੱਥੋਂ ਦੇ ਰਾਜ ਮੁਖੀਆਂ ਨੂੰ ਕਾਬੂ ਕਰਕੇ ਮਰਵਾ ਚੁੱਕਾ ਹੈ।
ਮਾਦੁਰੋ ਨੂੰ ਹਟਾਉਣ ਤੋਂ ਬਾਅਦ ਅਮਰੀਕੀ ਦਬਾਅ ਹੇਠ ਜਦੋਂ ਵੈਨੇਜ਼ੁਏਲਾ ਦੀ ਸਰਕਾਰ ਨੇ ਆਪਣੀਆਂ ਨੀਤੀਆਂ 'ਚ ਤਬਦੀਲੀਆਂ ਕੀਤੀਆਂ ਤਾਂ ਚਰਚਾ ਹੋਣ ਲੱਗੀ ਕਿ ਅਮਰੀਕਾ ਨਾਲ ਚੰਗੇ ਸੰਬੰਧ ਬਣਾਉਣਾ ਹੀ ਦੇਸ਼ ਦੇ ਹਿਤ 'ਚ ਹੈ। ਮਾਦੁਰੋ ਤੋਂ ਪਹਿਲਾਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਹਿਊਗੋ ਚਾਵੇਜ਼ ਵਲੋਂ ਦੇਸ਼ ਦੇ ਤੇਲ ਸਰੋਤਾਂ 'ਤੇ ਅਮਰੀਕੀ ਕੰਪਨੀਆਂ ਦੇ ਕਬਜ਼ੇ ਨੂੰ ਖਤਮ ਕਰਨ ਕਰਕੇ ਉਹ ਵੀ ਅਮਰੀਕਾ ਦੀਆਂ ਅੱਖਾਂ 'ਚ ਚੁੱਭਦੇ ਸਨ। ਚਾਵੇਜ਼ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਮਾਦੁਰੋ ਨੇ ਵੀ ਉਨ੍ਹਾਂ ਦੀਆਂ ਨੀਤੀਆਂ ਨੂੰ ਜਾਰੀ ਰੱਖਿਆ ਸੀ। ਪਰ ਹੁਣ ਲੱਗਦਾ ਹੈ ਕਿ ਮੌਜੂਦਾ ਰਾਸ਼ਟਰਪਤੀ ਰੋਡਰੀਗਜ਼ ਨੇ ਅਮਰੀਕਾ ਨਾਲ ਸਮਝੌਤੇ ਦਾ ਰਸਤਾ ਅਪਣਾ ਲਿਆ ਹੈ। ਉਨ੍ਹਾਂ ਦੇ ਇਸ ਦੌਰੇ ਦੀ ਇਹੀ ਮਹੱਤਤਾ ਸੀ, ਕਿ ਹੁਣ ਭਾਰਤ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ, ਵੈਨੇਜ਼ੁਏਲਾ ਤੋਂ ਤੇਲ ਖਰੀਦਣ ਦਾ ਮਤਲਬ ਅਮਰੀਕੀ ਕੰਪਨੀਆਂ ਤੋਂ ਤੇਲ ਖਰੀਦਣਾ। ਸ਼ਾਇਦ ਇਸੇ ਲਈ ਵੈਨਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਨੂੰ ਅਮਰੀਕਾ ਵਲੋਂ ਭਾਰਤ ਭੇਜਿਆ ਗਿਆ ਸੀ। ਭਾਰਤ ਇਸ ਤੋਂ ਪਹਿਲਾਂ ਰੂਸ ਤੇ ਈਰਾਨ ਤੋਂ ਤੇਲ ਖਰੀਦਦਾ ਸੀ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਤਾਂ ਭਾਰਤ ਨੂੰ ਸਸਤਾ ਤੇਲ ਰੁਪਏ 'ਚ ਦੇਣ ਦੀ ਪੇਸ਼ਕਸ਼ ਤੱਕ ਕਰ ਚੁੱਕੇ ਸਨ।
ਟਰੰਪ ਵਲੋਂ ਭਾਰਤ 'ਤੇ ਕਈ ਵਾਰ ਰੂਸ ਤੇ ਈਰਾਨ ਤੋਂ ਤੇਲ ਨਾ ਖਰੀਦਣ ਲਈ ਪਾਬੰਦੀਆਂ ਲਾਈਆਂ ਗਈਆਂ ਹਨ ਤੇ ਅਮਰੀਕਾ ਭਾਰਤ ਨੂੰ ਅਮਰੀਕੀ ਸਰੋਤਾਂ ਤੋਂ ਤੇਲ ਖਰੀਦਣ ਲਈ ਵੀ ਕਹਿੰਦਾ ਰਿਹਾ ਹੈ। ਈਰਾਨ ਤੇ ਰੂਸ ਭੂਗੋਲਿਕ ਤੌਰ 'ਤੇ ਭਾਰਤ ਦੇ ਨੇੜੇ ਹੋਣ ਕਰਕੇ ਉਨ੍ਹਾਂ ਦਾ ਤੇਲ ਸਸਤਾ ਤੇ ਉਸ ਦੀ ਢੋਆ-ਢੁਆਈ ਦਾ ਖਰਚਾ ਤੇ ਸਮਾਂ ਵੀ ਘੱਟ ਲੱਗਦਾ ਹੈ। ਪਰ ਵੈਨੇਜ਼ੁਏਲਾ ਦੇ ਭਾਰਤ ਤੋਂ ਬਹੁਤ ਦੂਰ ਹੋਣ ਕਰਕੇ ਉਥੋਂ ਤੇਲ ਦੇ ਜਹਾਜ਼ਾਂ ਨੂੰ ਭਾਰਤ ਪਹੁੰਚਣ 'ਚ 40 ਦਿਨ ਤੱਕ ਲੱਗਦੇ ਹਨ, ਜਦਕਿ ਈਰਾਨ ਤੋਂ ਤੇਲ ਆਮ ਤੌਰ 'ਤੇ 10 ਤੋਂ 12 ਦਿਨਾਂ 'ਚ ਭਾਰਤ ਪਹੁੰਚ ਜਾਂਦਾ ਹੈ। ਵੈਨੇਜ਼ੁਏਲਾ ਦਾ ਤੇਲ ਮਹਿੰਗਾ ਪੈਣ ਤੋਂ ਇਲਾਵਾ ਇਸ ਦੀ ਖਰੀਦ ਵੀ ਅਮਰੀਕੀ ਡਾਲਰਾਂ 'ਚ ਕਰਨੀ ਪੈਂਦੀ ਹੈ।
ਭਾਰਤ ਸਰਕਾਰ ਲਗਾਤਾਰ ਅਮਰੀਕੀ ਨੀਤੀਆਂ ਤੇ ਰਾਸ਼ਟਰਪਤੀ ਟਰੰਪ ਦੇ ਦਬਾਅ ਅੱਗੇ ਝੁਕਦੀ ਨਜ਼ਰ ਆ ਰਹੀ ਹੈ, ਭਾਰਤ ਵਰਗੇ ਵੱਡੇ ਦੇਸ਼ ਲਈ ਇਹ ਚਿੰਤਾ ਦਾ ਵਿਸ਼ਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਪ੍ਰਤਿਭਾਸ਼ਾਲੀ ਤੇ ਬੁੱਧੀਮਾਨ ਨੌਜਵਾਨਾਂ ਦੀ ਕੋਈ ਘਾਟ ਨਹੀਂ। ਭਾਰਤੀ ਪੇਸ਼ੇਵਰ ਅਮਰੀਕਾ ਤੇ ਹੋਰ ਦੇਸ਼ਾਂ 'ਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੇ ਹਨ। ਪਰ ਭੂ-ਰਾਜਨੀਤੀ ਤੇ ਰਣਨੀਤਕ ਮਾਮਲਿਆਂ 'ਚ ਭਾਰਤ ਦਾ ਨਾਂਅ ਅੱਜ ਵੱਡੀਆਂ ਤਾਕਤਾਂ ਦੇ ਨਾਲ ਘੱਟ ਹੀ ਲਿਆ ਜਾਂਦਾ ਹੈ। ਹਰ ਵਾਰ ਰੂਸ, ਚੀਨ ਤੇ ਅਮਰੀਕਾ ਨੂੰ ਹੀ ਤਿੰਨ ਪ੍ਰਮੁੱਖ ਵਿਸ਼ਵ ਸ਼ਕਤੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਦਕਿ ਭਾਰਤ ਨੂੰ ਵਧੇਰੇ ਕਰਕੇ ਇਕ ਵੱਡੇ ਬਾਜ਼ਾਰ ਦੇ ਰੂਪ 'ਚ ਦੇਖਿਆ ਜਾਂਦਾ ਹੈ। ਬਦਲ ਰਹੀ ਦੁਨੀਆ 'ਚ ਰੂਸ ਤੇ ਚੀਨ ਕਈ ਮਸਲਿਆਂ 'ਤੇ ਮਿਲ ਕੇ ਕੰਮ ਕਰਦਿਆਂ ਭੂ-ਰਾਜਨੀਤਕ ਖੇਤਰ 'ਚ ਆਪਣਾ ਪ੍ਰਭਾਵ ਵਧਾ ਰਹੇ ਹਨ। ਸੰਯੁਕਤ ਅਰਬ ਅਮੀਰਾਤ ਦੇ ਇਜ਼ਰਾਈਲ ਤੇ ਅਮਰੀਕਾ ਦੋਹਾਂ ਨਾਲ ਨੇੜਲੇ ਸੰਬੰਧ ਹਨ, ਪਰ ਖਾੜੀ ਖੇਤਰ ਦੇ ਕਈ ਹੋਰ ਦੇਸ਼ ਅਮਰੀਕੀ ਪ੍ਰਭਾਵ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਭਾਰਤ ਨੂੰ 'ਵਿਸ਼ਵ ਗੁਰੂ' ਦੱਸਦੇ ਹਨ, ਉਹ ਅਜਿਹੇ ਮਨਘੜਤ ਦਾਅਵੇ ਕਰਨ ਤੋਂ ਬਿਲਕੁਲ ਨਹੀਂ ਝਿਜਕਦੇ। ਪਰ ਅੱਜ ਸਾਰੀ ਦੁਨੀਆ ਭਾਰਤ ਦੀ ਆਰਥਿਕ ਸਥਿਤੀ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਸਥਿਤੀ ਦੀ ਅਸਲ ਤਸਵੀਰ ਤੋਂ ਵੀ ਜਾਣੂ ਹੋ ਚੁੱਕੀ ਹੈ। ਆਰਥਿਕ ਤੌਰ 'ਤੇ ਕਮਜ਼ੋਰ ਵਰਗ ਅਜੇ ਵੀ ਮਿਆਰੀ ਸਕੂਲੀ ਤੇ ਉੱਚ ਸਿੱਖਿਆ ਤੋਂ ਵਾਂਝੇ ਹਨ। ਇਸ ਸਮੇਂ ਭਾਰਤ ਦੀ ਇਕ ਵੀ ਯੂਨੀਵਰਸਿਟੀ ਦੁਨੀਆ ਦੀਆਂ ਸਿਖਰਲੀਆਂ 100 ਯੂਨੀਵਰਸਿਟੀਆਂ 'ਚ ਸ਼ਾਮਿਲ ਨਹੀਂ ਹੈ। ਸਿਹਤ ਸੇਵਾਵਾਂ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ ਤੇ ਸਿਹਤ ਖੇਤਰ ਦਾ ਵੱਡਾ ਹਿੱਸਾ ਕਾਰਪੋਰੇਟ ਕੰਟਰੋਲ ਹੇਠ ਆ ਚੁੱਕਾ ਹੈ। 19 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਬੇਰੁਜ਼ਗਾਰੀ ਦੀ ਦਰ 15 ਤੋਂ 20 ਫ਼ੀਸਦੀ ਹੈ, ਜੋ ਕਿਸੇ ਵੀ ਦੇਸ਼ ਲਈ ਚਿੰਤਾਜਨਕ ਸਥਿਤੀ ਹੈ। ਦਲਿਤਾਂ, ਘੱਟ ਗਿਣਤੀਆਂ ਤੇ ਔਰਤਾਂ 'ਤੇ ਅੱਤਿਆਚਾਰ ਵਧ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਉਸ ਸਮੇਂ ਇਜ਼ਰਾਈਲ ਦਾ ਦੌਰਾ ਕੀਤਾ ਸੀ, ਜਦੋਂ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲੇ ਦੀਆਂ ਤਿਆਰੀਆਂ ਮੁਕੰਮਲ ਕਰਨ ਦੀਆਂ ਖ਼ਬਰਾਂ ਆ ਰਹੀਆਂ ਸਨ। ਮੋਦੀ ਨੇ ਇਜ਼ਰਾਈਲੀ ਸੰਸਦ 'ਚ ਹਮਾਸ ਦੇ ਹਮਲਿਆਂ ਦੀ ਨਿੰਦਾ ਕੀਤੀ, ਪਰ ਇਜ਼ਰਾਈਲੀ ਫ਼ੌਜੀ ਕਾਰਵਾਈਆਂ ਦੌਰਾਨ ਗਾਜ਼ਾ ਵਿਚ 20,000 ਬੱਚਿਆਂ ਸਮੇਤ ਮਾਰੇ ਗਏ 70,000 ਫ਼ਿਲਸਤੀਨੀਆਂ ਦਾ ਕੋਈ ਜ਼ਿਕਰ ਨਾ ਕੀਤਾ। ਉਨ੍ਹਾਂ ਭਾਰਤ ਦੇ ਇਜ਼ਰਾਈਲ ਦੇ ਨਾਲ ਹਮੇਸ਼ਾ ਤੇ ਹਰ ਹਾਲਤ 'ਚ ਖੜ੍ਹਾ ਰਹਿਣ ਦਾ ਵਾਅਦਾ ਕੀਤਾ। ਜਦੋਂ ਅਮਰੀਕਾ ਤੇ ਇਜ਼ਰਾਈਲ ਦੀ ਕਾਰਵਾਈ ਦੌਰਾਨ ਈਰਾਨ 'ਚ ਸਕੂਲੀ ਬੱਚੇ ਮਾਰੇ ਗਏ ਤਾਂ ਵੀ ਮੋਦੀ ਨੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਸੀ ਕੀਤੀ। ਆਰ.ਐੱਸ. ਐੱਸ ਦੇ ਮੁਖੀ ਮੋਹਨ ਭਾਗਵਤ ਅਨੁਸਾਰ ਭਾਰਤ 'ਵਿਸ਼ਵ ਗੁਰੂ' ਬਣਨ ਲਈ ਤਿਆਰ ਹੈ, ਪਰ ਇਸ ਲਈ ਲੋੜੀਂਦੀਆਂ ਅੰਦਰੂਨੀ ਤਿਆਰੀਆਂ ਅਜੇ ਅਧੂਰੀਆਂ ਹਨ। ਸਰਕਾਰ ਨੇ ਰਾਸ਼ਟਰੀ ਮਹੱਤਤਾ ਦੇ ਅਸਲ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਦੇਸ਼ ਦੇ ਲੋਕਾਂ ਨੂੰ ਗੈਰ ਜ਼ਰੂਰੀ ਫ਼ਿਰਕੂ ਵਿਵਾਦਾਂ ਵੱਲ ਮੋੜ ਦਿੱਤਾ ਹੈ। ਭਾਰਤ ਇਸ ਸਮੇਂ ਬ੍ਰਿਕਸ ਦਾ ਮੁਖੀ ਹੈ, ਪਰ ਦਿੱਲੀ 'ਚ ਹੋਈ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਬਿਨਾਂ ਕਿਸੇ ਮਹੱਤਵਪੂਰਨ ਨਤੀਜੇ ਦੇ ਖਤਮ ਹੋ ਗਈ ਸੀ। ਰਿਪੋਰਟਾਂ ਅਨੁਸਾਰ ਇਸ ਦੀ ਵਜ੍ਹਾ ਭਾਰਤ ਵਲੋਂ ਈਰਾਨ ਵਿਰੁੱਧ ਇਜ਼ਰਾਈਲ ਤੇ ਅਮਰੀਕੀ ਕਾਰਵਾਈਆਂ ਦੀ ਨਿੰਦਾ ਕਰਨ ਤੋਂ ਪਾਸਾ ਵੱਟਣਾ ਸੀ।
ਦੱਖਣੀ ਏਸ਼ੀਆ 'ਚ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਤਣਾਅਪੂਰਨ ਬਣੇ ਹੋਏ ਹਨ। ਭਾਰਤ ਚੀਨ ਨਾਲ ਮੁਕਾਬਲਾ ਕਰਨਾ ਚਾਹੁੰਦਾ ਹੈ, ਪਰ ਉਸ ਕੋਲ ਚੀਨ ਦੇ ਬਰਾਬਰ ਦੀ ਆਰਥਿਕ, ਤਕਨੀਕੀ ਤੇ ਸੈਨਿਕ ਸਮਰੱਥਾ ਨਹੀਂ ਹੈ। ਚੀਨ ਨੇ ਵਾਅਦਾ ਕੀਤਾ ਹੈ ਕਿ ਉਹ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਕੋਈ ਖ਼ਤਰਾ ਪੈਦਾ ਨਹੀਂ ਹੋਣ ਦੇਵੇਗਾ, ਮਤਲਬ ਜੰਗ ਦੀ ਸਥਿਤੀ ਪੈਦਾ ਹੋਣ 'ਤੇ ਉਹ ਪਾਕਿਸਤਾਨ ਦਾ ਸਾਥ ਦੇਵੇਗਾ। ਅਜਿਹੇ ਹਾਲਾਤ 'ਚ ਫ਼ੌਜੀ ਕਾਰਵਾਈਆਂ ਦੀ ਵਾਰ-ਵਾਰ ਚਰਚਾ ਤੇ 'ਆਪ੍ਰੇਸ਼ਨ ਸੰਧੂਰ' ਦੇ ਹਵਾਲੇ ਦੇਣਾ ਟਕਰਾਅ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ। ਭਾਰਤ ਨੂੰ ਦੱਖਣੀ ਏਸ਼ੀਆ 'ਚ ਅਮਨ ਤੇ ਸਹਿਯੋਗ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਭਾਰਤ, ਪਾਕਿਸਤਾਨ ਤੇ ਚੀਨ ਆਪਸੀ ਸਹਿਯੋਗ ਨਾਲ ਇਸ ਖੇਤਰ ਦੇ ਵਿਕਾਸ ਨੂੰ ਗਤੀ ਦੇ ਸਕਦੇ ਹਨ।
ਅਮਰੀਕੀ ਕੂਟਨੀਤੀ ਦੇ ਇਕ ਰਣਨੀਤਕ ਚੌਕੀਦਾਰ ਜਾਂ ਅਗਲੇ ਮੋਰਚੇ ਵਜੋਂ ਕੰਮ ਕਰਨਾ ਭਾਰਤ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਹਾਲੀਆ ਘਟਨਾਕ੍ਰਮ ਨੇ ਇਹ ਵੀ ਦਰਸਾਇਆ ਹੈ ਕਿ ਈਰਾਨ ਵਰਗੇ ਦੇਸ਼ ਅਮਰੀਕੀ ਤਾਕਤ ਨੂੰ ਚੁਣੌਤੀ ਦੇਣ ਦੀ ਸਮਰੱਥਾ ਰੱਖਦੇ ਹਨ। ਭਾਰਤ ਨੂੰ ਅਮਰੀਕੀ ਰਣਨੀਤਕ ਉਦੇਸ਼ਾਂ ਲਈ ਕੰਮ ਕਰਨ ਦੀ ਬਜਾਏ ਆਪਣੇ ਰਾਸ਼ਟਰੀ ਹਿਤਾਂ ਅਨੁਸਾਰ ਇਕ ਸੁਤੰਤਰ ਤੇ ਖ਼ੁਦਮੁਖ਼ਤਿਆਰ ਵਿਦੇਸ਼ ਨੀਤੀ ਅਪਣਾਉਣੀ ਚਾਹੀਦੀ ਹੈ।

ਮੋਬਾਈਲ : 9417000360

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਕਰਦਿਆਂ ਅਗਲੀ ਖ਼ਬਰ ਸਰਕਾਰ ਅਤੇ ਪੰਥਕ ਘਟਨਾਕ੍ਰਮ
Ad Position 24
No active advertisement