ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿਚ ਅਕਸਰ ਕਾਂਗਰਸ ਦੀ ਤੂਤੀ ਬੋਲਦੀ ਰਹੀ ਹੈ। ਸਾਲ 1966 ਵਿਚ ਨਵੇਂ ਪੰਜਾਬ ਦੇ ਹੋਂਦ ਵਿਚ ਆਉਣ ਤੋਂ ਬਾਅਦ ਵੀ ਇਸ ਦੇ ਰਹੇ ਪ੍ਰਭਾਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਚਾਹੇ ਸਾਕਾ ਨੀਲਾ ਤਾਰਾ ਅਤੇ ਸਿੱਖ ਵਿਰੋਧੀ ਦੰਗਿਆਂ ਨੇ ਇਸ ਦੇ ਅਕਸ ਨੂੰ ਧੱਕਾ ਲਾਇਆ ਸੀ, ਪਰ ਇਸ ਦੇ ਬਾਵਜੂਦ ਸੂਬੇ ਵਿਚ ਇਹ ਅਕਾਲੀਆਂ ਦੇ ਬਰਾਬਰ ਦੀ ਪਾਰਟੀ ਬਣੀ ਰਹੀ ਅਤੇ ਇਹ ਅਕਸਰ ਆਪੋ-ਆਪਣੀਆਂ ਵਾਰੀਆਂ ਲੈਂਦੇ ਰਹੇ ਹਨ। ਸਿਰਫ਼ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਪਾਰਟੀ 18 ਸੀਟਾਂ 'ਤੇ ਸਿਮਟ ਗਈ ਸੀ, ਜਦੋਂ ਕਿ ਤੀਸਰੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਲੋਕਾਂ ਦੇ ਭਰਪੂਰ ਸਮਰਥਨ ਨਾਲ 92 ਸੀਟਾਂ 'ਤੇ ਕਾਬਜ਼ ਹੋ ਗਈ ਸੀ, ਪਰ ਇਸ ਤੋਂ ਪਹਿਲਾਂ ਸਾਲ 2017 ਦੀਆਂ ਚੋਣਾਂ ਵਿਚ ਇਸ ਨੇ ਵੱਡੀ ਮੱਲ ਮਾਰ ਕੇ ਪ੍ਰਸ਼ਾਸਨ 'ਤੇ ਕਬਜ਼ਾ ਕਰ ਲਿਆ ਸੀ।
ਸੂਬੇ ਵਿਚ ਹੁਣ ਵੀ ਇਹ ਪਾਰਟੀ ਸਰਗਰਮ ਜ਼ਰੂਰ ਦਿਖਾਈ ਦਿੰਦੀ ਹੈ ਪਰ ਇਸ ਦੇ ਮੁਕਾਬਲੇ ਵਿਚ ਪ੍ਰਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ ਅਤੇ ਤੀਸਰੀ ਧਿਰ ਵਜੋਂ ਉੱਭਰਨ ਲਈ ਭਾਰਤੀ ਜਨਤਾ ਪਾਰਟੀ ਵੀ ਮੈਦਾਨ ਵਿਚ ਨਿਤਰ ਚੁੱਕੀ ਹੈ, ਜਦੋਂ ਕਿ ਅਕਾਲੀਆਂ ਦੇ ਵੱਖ-ਵੱਖ ਦਲ ਆਪੋ-ਆਪਣੇ ਢੰਗ ਤਰੀਕੇ ਨਾਲ ਸੂਬੇ ਦੀ ਸਿਆਸਤ ਵਿਚ ਉੱਭਰਨ ਦਾ ਯਤਨ ਕਰਦੇ ਦਿਖਾਈ ਦੇ ਰਹੇ ਹਨ। ਪਰ ਕੋਈ ਵੀ ਅਕਾਲੀ ਦਲ ਅਜੇ ਪਹਿਲਾਂ ਵਾਲੀ ਸਥਿਤੀ ਵਿਚ ਨਹੀਂ ਹੈ। ਹੁਣ ਜਦੋਂ ਕਿ ਚੋਣਾਂ ਵਿਚ ਕੁਝ ਮਹੀਨਿਆਂ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਤਾਂ ਆਮ ਆਦਮੀ ਪਾਰਟੀ ਸਰਗਰਮੀ ਦੇ ਪੱਖੋਂ ਵਧੇਰੇ ਵਿਸ਼ਵਾਸ ਵਿਚ ਜਾਪਦੀ ਹੈ ਅਤੇ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਵੀ ਪੰਜਾਬ ਦੇ ਚੋਣ ਅਖਾੜੇ ਵਿਚ ਪੂਰੇ ਹੌਸਲੇ ਨਾਲ ਉੱਤਰਨ ਦਾ ਯਤਨ ਕਰ ਰਹੀ ਹੈ। ਹੁਣ ਕਾਂਗਰਸ ਹਾਈ ਕਮਾਨ ਵਲੋਂ ਰਾਜ ਦੇ ਸੀਨੀਅਰ ਲੀਡਰਾਂ ਨੂੰ ਵੱਖ-ਵੱਖ ਅਹੁਦੇ ਤੇ ਜ਼ਿੰਮੇਵਾਰੀਆਂ ਸੌਂਪਣ ਤੋਂ ਪਹਿਲਾਂ ਕਾਫ਼ੀ ਸਮੇਂ ਤੱਕ ਇਸ ਪਾਰਟੀ ਵਿਚ ਵੀ ਕਾਫ਼ੀ ਭੰਬਲਭੂਸਾ ਪਿਆ ਦਿਖਾਈ ਦਿੰਦਾ ਰਿਹਾ ਹੈ। ਇਹ ਵੀ ਪ੍ਰਭਾਵ ਬਣਿਆ ਰਿਹਾ ਹੈ ਕਿ ਸੂਬੇ ਵਿਚ ਪਾਰਟੀ ਇਕਜੁਟ ਨਹੀਂ ਹੈ, ਸਗੋਂ ਇਹ ਵੱਖੋ-ਵੱਖਰੇ ਧੜਿਆਂ ਵਿਚ ਵੰਡੀ ਹੋਈ ਹੈ। ਇਹ ਵੀ ਕਿ ਇਸ ਦੇ ਕਈ ਵੱਡੇ ਆਗੂ ਆਪਸੀ ਦੌੜ ਵਿਚ ਇਕ-ਦੂਸਰੇ ਤੋਂ ਅੱਗੇ ਨਿਕਲਣ ਦਾ ਯਤਨ ਕਰ ਰਹੇ ਹਨ। ਅਜਿਹੀ ਸਥਿਤੀ ਦੇ ਕਾਫ਼ੀ ਸਮਾਂ ਬਣੇ ਰਹਿਣ ਕਾਰਨ ਪਾਰਟੀ ਵਿਚ ਵਿਵਾਦ ਵਧਦੇ ਰਹੇ ਸਨ ਅਤੇ ਇਸ ਦੀ ਅੰਦਰੂਨੀ ਕਮਜ਼ੋਰੀ ਜੱਗ-ਜ਼ਾਹਿਰ ਹੋ ਗਈ ਸੀ। ਹੁਣ ਵੱਡੀ ਹਿਚਕਿਚਾਹਟ ਤੋਂ ਬਾਅਦ ਦਿੱਲੀ ਵਿਚ ਹਾਈ ਕਮਾਂਡ ਵਲੋਂ ਲੰਮੇ ਅਤੇ ਵਿਸਥਾਰਤ ਵਿਚਾਰ-ਵਟਾਂਦਰੇ ਪਿੱਛੋਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਣ ਲਈ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਨਾਲ ਪ੍ਰਗਟਾਏ ਜਾਂਦੇ ਸ਼ੰਕਿਆਂ ਅਤੇ ਲਗਾਏ ਜਾਂਦੇ ਅੰਦਾਜ਼ਿਆਂ ਨੂੰ ਇਕ ਵਾਰ ਤਾਂ ਵਿਰਾਮ ਲੱਗ ਗਿਆ ਹੈ।
ਆਉਂਦੇ ਦਿਨਾਂ ਵਿਚ ਚੋਣਾਂ ਦੀ ਤਿਆਰੀ ਲਈ ਪਾਰਟੀ ਨੂੰ ਕਮਰਕੱਸੇ ਕਰਨੇ ਹੋਣਗੇ। ਲੰਮੇ ਇੰਤਜ਼ਾਰ ਤੋਂ ਬਾਅਦ ਚਾਹੇ ਪਾਰਟੀ ਨੂੰ ਇਕਜੁੱਟ ਰੱਖਣ ਲਈ ਅਤੇ ਬਹੁਤੇ ਵਰਗਾਂ ਨੂੰ ਪ੍ਰਤੀਨਿਧਤਾ ਦੇਣ ਲਈ ਨਾਵਾਂ ਦੇ ਐਲਾਨ ਤਾਂ ਕਰ ਦਿੱਤੇ ਗਏ ਹਨ ਪਰ ਇਸ ਤੋਂ ਬਾਅਦ ਇਕਦਮ ਪਾਰਟੀ ਅੰਦਰ ਵੱਡਾ ਜੋਸ਼ ਅਤੇ ਉਤਸ਼ਾਹ ਪੈਦਾ ਹੋਇਆ ਦਿਖਾਈ ਨਹੀਂ ਦਿੱਤਾ। ਹੁਣ ਪਾਰਟੀ ਅੰਦਰ ਚੋਣਾਂ ਲਈ ਉਤਸ਼ਾਹ ਪੈਦਾ ਕਰਨ ਲਈ ਪਾਰਟੀ ਨੂੰ ਸਾਂਝੀ ਰਣਨੀਤੀ 'ਤੇ ਕੰਮ ਕਰਨਾ ਹੋਵੇਗਾ, ਤਾਂ ਜੋ ਇਹ ਦੂਸਰੀਆਂ ਪਾਰਟੀਆਂ ਦੇ ਮੇਚ ਦੀ ਹੋ ਕੇ ਚੋਣ ਦੰਗਲ ਵਿਚ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਰਨ ਦੇ ਸਮਰੱਥ ਹੋ ਸਕੇ।
-ਬਰਜਿੰਦਰ ਸਿੰਘ ਹਮਦਰਦ