ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭਾਰਤ-ਪਾਕਿਸਤਾਨ ਸੰਬੰਧ, ਸੰਘ ਤੇ ਭਾਜਪਾ ਦੀ ਰਣਨੀਤੀ

Ad Position 21
No active advertisement
ਅਜੀਤ ਡੈਸਕ 03-07-2026

ਜਜ਼ਬਾਤ ਭੀ ਹਿੰਦੂ ਹੋਤੇ ਹੈਂ,
ਚਾਹਤ ਭੀ ਮੁਸਲਮਾਂ ਹੋਤੀ ਹੈ।
ਦੁਨੀਆ ਕਾ ਇਸ਼ਾਰਾ ਥਾ ਲੇਕਿਨ,
ਸਮਝਾ ਨਾ ਇਸ਼ਾਰਾ, ਦਿਲ ਹੀ ਤੋ ਹੈ।
(ਸਾਹਿਰ ਲੁਧਿਆਣਵੀ)

ਇਹ ਅਸਲੀਅਤ ਹੈ ਕਿ ਭਾਜਪਾ ਤੇ ਆਰ.ਐਸ.ਐਸ. ਦੀ ਰਾਜਨੀਤੀ ਤੇ ਰਣਨੀਤੀ ਦੀ ਬੁਨਿਆਦ ਹੀ ਹਿੰਦੂ-ਰਾਸ਼ਟਰ ਅਤੇ ਮੁਸਲਮਾਨ ਵਿਰੋਧ 'ਤੇ ਟਿਕੀ ਹੋਈ ਹੈ। ਆਰ.ਐਸ.ਐਸ. ਦੇ ਨੇਤਾ ਲੱਖ ਵਾਰ ਕਹੀ ਜਾਣ ਕਿ ਉਨ੍ਹਾਂ ਦਾ ਸੁਪਨਾ 'ਅਖੰਡ ਭਾਰਤ' ਹੈ, ਪਰ ਇਹ ਸਿਰਫ਼ ਹਾਥੀ ਦੇ ਵਿਖਾਉਣ ਵਾਲੇ ਦੰਦਾਂ ਵਰਗੀ ਹੀ ਗੱਲ ਹੈ। ਕਿਉਂਕਿ ਜੇ ਕਦੇ ਭਾਰਤ, ਬੰਗਲਾਦੇਸ਼ ਤੇ ਪਾਕਿਸਤਾਨ ਮੁੜ ਕੇ ਇਕ ਇਕਾਈ ਜਾਂ ਦੇਸ਼ ਭਾਵ 'ਅਖੰਡ ਭਾਰਤ' ਬਣ ਜਾਣ ਤਾਂ ਹੁਣ ਭਾਰਤ ਵਿਚ ਹਿੰਦੂ ਆਬਾਦੀ ਜੋ 79-80 ਫ਼ੀਸਦੀ ਦੇ ਕਰੀਬ ਹੈ, ਘਟ ਕੇ 60 ਫ਼ੀਸਦੀ 'ਤੇ ਆ ਜਾਵੇਗੀ। ਜੋ ਭਾਜਪਾ ਦੀ ਰਾਜਨੀਤੀ ਨੂੰ ਬਿਲਕੁਲ ਹੀ ਸੂਤ ਨਹੀਂ ਬੈਠਦੀ। ਇਸ ਲਈ ਜ਼ੁਬਾਨੀ ਜਮ੍ਹਾਂ-ਖਰਚ ਵੱਖਰੀ ਗੱਲ ਹੈ, ਪਰ ਅਸਲੀਅਤ ਵਿਚ ਭਾਜਪਾ ਜਾਂ ਆਰ.ਐਸ.ਐਸ. ਵਾਲੇ ਕਦੇ ਵੀ ਇਸ ਦੇ ਹੱਕ ਵਿਚ ਨਹੀਂ ਹੋਣਗੇ। ਫਿਰ ਅਜਿਹਾ ਕੀ ਹੈ ਕਿ ਆਰ.ਐਸ.ਐਸ. ਦੇ ਕਈ ਵੱਡੇ ਨੇਤਾ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਦੀਆਂ ਗੱਲਾਂ ਕਰ ਰਹੇ ਹਨ? ਇਕ ਪਾਸੇ ਪਾਕਿਸਤਾਨ ਨਾਲ ਟਰੈਕ-2 ਦੀ ਗ਼ੈਰ-ਅਧਿਕਾਰਤ ਗੱਲਬਾਤ ਕਰਨ ਦੀਆਂ ਖ਼ਬਰਾਂ ਹਨ ਤੇ ਦੂਜੇ ਪਾਸੇ ਇਸ ਤੋਂ ਇਨਕਾਰ ਤੇ ਇਸ ਦਾ ਵਿਰੋਧ, ਇਹ ਦੂਹਰੀ ਰਣਨੀਤੀ ਦੇ ਅਰਥ ਸਮਝਣੇ ਔਖੇ ਨਹੀਂ ਹਨ। 'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਹੈ ਕਿ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਘੱਟੋ-ਘੱਟ 4 ਵਾਰ ਬੈਕ ਚੈਨਲ ਜਾਂ ਪਿਛਲੇ ਦਰਵਾਜ਼ੇ ਰਾਹੀਂ ਭਾਰਤੀ ਪਾਕਿਸਤਾਨੀ ਰਣਨੀਤਕ ਮਾਹਿਰਾਂ, ਸਾਬਕਾ ਡਿਪਲੋਮੇਟਾਂ, ਸਾਬਕ ਸੰਸਦ ਮੈਂਬਰਾਂ ਤੇ ਹੋਰ ਮਹੱਤਵਪੂਰਨ ਹਸਤੀਆਂ ਵਲੋਂ ਆਪਸੀ ਗੱਲਬਾਤ ਕੀਤੀ ਗਈ ਹੈ। ਤਾਜ਼ਾ ਗੱਲਬਾਤ ਜੋ ਸੰਭਾਵਿਤ ਰੂਪ ਵਿਚ 5ਵੀਂ ਗੱਲਬਾਤ ਹੈ, ਇਹ ਸ੍ਰੀਲੰਕਾ ਵਿਚ 'ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਟਰੈਟਜਿਕ ਸਟੱਡੀਜ਼' ਵਲੋਂ ਕਰਵਾਏ ਗਏ ਸੰਮੇਲਨ ਦੇ ਦਰਮਿਆਨ ਹੋਈ। ਇਸ ਵਿਚ ਭਾਜਪਾ ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਤਾਕਤਵਰ ਆਰ.ਐਸ.ਐਸ. ਨੇਤਾ ਰਾਮ ਮਾਧਵ, ਸਾਬਕਾ ਭਾਰਤੀ ਜਨਰਲ ਐਮ.ਐਮ. ਨਰਵਾਣੇ ਤੇ ਯੂ.ਕੇ. ਤੇ ਪਾਕਿਸਤਾਨ ਵਿਚ ਭਾਰਤੀ ਰਾਜਦੂਤ ਰਹੀ ਰੁਚੀ ਘਨਸ਼ਿਆਮ ਭਾਰਤ ਵਲੋਂ ਅਤੇ ਪਾਕਿਸਤਾਨ ਵਲੋਂ ਪਾਕਿਸਤਾਨ ਦੇ ਸਾਊਥ ਏਸ਼ੀਆ ਮਾਮਲਿਆਂ ਦੇ ਮੁਖੀ ਸਜਾਦ ਹੈਦਰ, ਸਾਬਕਾ ਮੰਤਰੀ ਤੇ ਸਾਬਕ ਰਾਜਦੂਤ ਸ਼ੈਰੀ ਰਹਿਮਾਨ ਅਤੇ ਸੇਵਾਮੁਕਤ ਫ਼ੌਜੀ ਅਧਿਕਾਰੀ ਤੇ ਭਾਰਤੀ ਐਕਟਰ ਸੈਫ਼ ਅਲੀ ਖ਼ਾਨ ਦੇ ਚਾਚਾ ਇਸਫੰਦਿਆਰ ਅਲੀ ਪਟੌਦੀ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਿਲ ਸਨ, ਇਸ ਵਿਚ ਇਕ ਖਾਣੇ ਸਮੇਂ ਅਮਰੀਕੀ ਸਟੇਟ ਡਿਪਾਰਟਮੈਂਟ ਦੇ ਇਕ ਸਹਾਇਕ ਸਕੱਤਰ ਐਸ. ਪੌਲ ਕਪੂਰ ਵੀ ਸ਼ਾਮਿਲ ਹੋਏ। ਇਨ੍ਹਾਂ ਵਿਚ ਕਰੀਬ ਡੇਢ ਦਿਨ ਵਿਚ ਕਈ ਵਾਰਤਾਵਾਂ ਹੋਈਆਂ। ਇਸੇ ਦਰਮਿਆਨ ਆਰ.ਐਸ.ਐਸ. ਦੇ ਦੂਜੇ ਸਭ ਤੋਂ ਵੱਡੇ ਨੇਤਾ ਦੱਤਾਤ੍ਰੇਯ ਹੋਸਬੋਲੇ ਦਾ ਬਿਆਨ ਵੀ ਆਇਆ ਸੀ ਕਿ ਭਾਰਤ ਅੱਤਵਾਦ 'ਤੇ ਕੋਈ ਸਮਝੌਤਾ ਨਹੀਂ ਕਰ ਸਕਦਾ ਪਰ ਪਾਕਿਸਤਾਨ ਨਾਲ ਵਪਾਰਕ ਤੇ ਲੋਕਾਂ ਦੇ ਸੰਬੰਧਾਂ ਨੂੰ ਖੋਲ੍ਹਣ ਬਾਰੇ ਸੋਚਣਾ ਚਾਹੀਦਾ ਹੈ। ਬਾਅਦ ਵਿਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਵੀ ਇਸ ਬਿਆਨ ਦਾ ਸਮਰਥਨ ਕੀਤਾ ਸੀ।
ਹੁਣ ਪਾਕਿਸਤਾਨ ਤੇ ਭਾਰਤ ਦੀਆਂ ਕਰੀਬ 117 ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਹਾਲ ਕਰਨ ਦੀ ਅਪੀਲ ਕੀਤੀ ਹੈ। ਜਿਸ ਵਿਚ ਅਟਾਰੀ ਵਾਹਗਾ ਬਾਰਡਰ ਤੋਂ ਵਪਾਰ ਖੋਲ੍ਹਣ ਦੀ ਗੱਲ ਵੀ ਸ਼ਾਮਿਲ ਹੈ ਤੇ ਵੀਜ਼ਾ ਆਮ ਵਾਂਗ ਦੇਣ ਦੀ ਵੀ ਮੰਗ ਕੀਤੀ ਗਈ ਹੈ। ਅਸੀਂ ਸਮਝਦੇ ਹਾਂ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੀ ਹੋਵੇਗਾ।
ਪਰ ਇਸ ਦਰਮਿਆਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ 'ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ', ਭਾਰਤ ਦੀ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਅਸੀਂ ਸ੍ਰੀ ਚੁੱਘ ਦੇ ਬਿਆਨ ਦੇ ਇਸ ਹਿੱਸੇ ਨਾਲ ਤਾਂ ਸਹਿਮਤ ਹਾਂ ਪਰ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਚਿੱਠੀ ਲਿਖਣ ਵਾਲੇ ਲੋਕਾਂ ਨੇ ਬਲੀ ਦੇਣ ਵਾਲਿਆਂ ਅਤੇ ਅਪਰਾਧੀਆਂ ਨੂੰ ਨੈਤਿਕ ਪੱਧਰ 'ਤੇ ਬਰਾਬਰ ਖੜ੍ਹਾ ਕਰਨ ਦੀ ਕੋਸ਼ਿਸ ਕੀਤੀ ਹੈ। ਵਰਨਣਯੋਗ ਹੈ ਕਿ ਕਥਿਤ ਟਰੈਕ-2 ਦੀ ਗਲੱਬਾਤ ਵਿਚ ਸ਼ਾਮਿਲ ਰਹੇ ਰਾਮ ਮਾਧਵ ਨੇ ਟਰੈਕ-2 ਗੱਲਬਾਤ ਨੂੰ ਖਾਰਜ ਕੀਤਾ ਹੈ। ਰਾਜਨੀਤਕ ਤੌਰ 'ਤੇ ਇਹ ਭਾਜਪਾ ਦੀ ਦੂਹਰੀ ਰਣਨੀਤੀ ਜਾਪਦੀ ਹੈ। ਇਸ ਨਾਲ ਭਾਰਤ ਸਰਕਾਰ ਸ਼ਾਇਦ ਇਕ ਪਾਸੇ ਤਾਂ ਪਾਕਿਸਤਾਨ-ਭਾਰਤ ਵਿਚਲੇ ਤਣਾਅ ਵਿਚੋਂ ਅਮਰੀਕਾ ਤੇ ਚੀਨ ਨੂੰ ਫਾਇਦਾ ਉਠਾਉਣ ਤੋਂ ਰੋਕਣਾ ਚਾਹੁੰਦੀ ਹੈ ਜਦੋਂਕਿ ਭਾਰਤ ਦੀ ਅੰਦਰੂਨੀ ਰਾਜਨੀਤੀ ਵਿਚ ਭਾਜਪਾ ਦੀ ਸਾਰੀ ਟੇਕ ਮੁਸਲਮਾਨ ਤੇ ਪਾਕਿਸਤਾਨ ਵਿਰੋਧ 'ਤੇ ਟਿਕੀ ਹੋਣ ਕਾਰਨ ਉਹ ਇਸ ਚਿੱਠੀ ਅਤੇ ਟਰੈਕ-2 ਦੀ ਗੱਲਬਾਤ ਨੂੰ ਨਕਾਰ ਵੀ ਰਹੀ ਹੈ। ਸਪੱਸ਼ਟ ਹੈ ਕਿ ਭਾਜਪਾ ਨੇਤਾ ਇਸ ਕਥਿਤ ਟਰੈਕ-2 ਗੱਲਬਾਤ ਅਤੇ ਚਿੱਠੀ ਦਾ ਵਿਰੋਧ ਕਰਦੇ ਵੀ ਦਿਖਦੇ ਹਨ, ਜੋ ਘਰੇਲੂ ਰਾਜਨੀਤੀ ਲਈ ਜ਼ਰੂਰੀ ਹੈ ਅਤੇ ਪਾਕਿਸਤਾਨ ਨਾਲ ਪਿਛਲੇ ਦਰਵਾਜ਼ੇ ਦੀ ਗੱਲਬਾਤ ਸ਼ੁਰੂ ਕਰਕੇ ਅੰਤਰਰਾਸ਼ਟਰੀ ਰਾਜਨੀਤੀ ਵਿਚ ਰਣਨੀਤਕ ਲਾਭ ਵੀ ਹਾਸਿਲ ਕਰਨਾ ਚਾਹੁੰਦੇ ਹਨ।
ਮੇਰੀ ਹਰ ਬਾਤ ਕਾ ਮਤਲਬ, ਸਮਝ ਜਾਓਗੇ ਤੁਮ ਕੈਸੇ,
ਮੇਰੀ ਇਕ ਬਾਤ ਕਾ ਮਤਲਬ, ਕਭੀ ਭੀ ਏਕ ਨਹੀਂ ਹੋਤਾ।
(ਲਾਲ ਫਿਰੋਜ਼ਪੁਰੀ)
ਕੇਜਰੀਵਾਲ ਦੀ ਰਣਨੀਤੀ

ਇਹ ਠੀਕ ਹੈ ਕਿ ਆਮ ਆਦਮੀ ਪਾਰਟੀ ਮੁਫ਼ਤ ਬਿਜਲੀ, ਹੋਰ ਸਹੂਲਤਾਂ ਅਤੇ ਹੁਣ ਔਰਤਾਂ ਦੇ ਖਾਤੇ ਵਿਚ ਪਾਏ 1000-1500 ਰੁਪਏ ਪ੍ਰਤੀ ਮਹੀਨਾ ਦੇ ਸਿਰ 'ਤੇ 2027 ਦੀਆਂ ਚੋਣਾਂ ਜਿੱਤਣ ਲਈ ਆਸਵੰਦ ਹੈ। ਪਰ ਇਹ ਵੀ ਸੱਚ ਹੈ ਕਿ ਪਿਛਲੀਆਂ 2022 ਦੀਆਂ ਚੋਣਾਂ ਵਿਚ ਸਿੱਖ ਭਾਈਚਾਰਾ ਅਤੇ ਪ੍ਰਵਾਸੀ ਪੰਜਾਬੀ ਕਾਫ਼ੀ ਹੱਦ ਤੱਕ 'ਆਪ' ਦੀ ਵੱਡੀ ਜਿੱਤ ਦਾ ਕਾਰਨ ਬਣੇ ਸਨ। ਪਰ ਇਸ ਵਾਰ ਇਸ ਤਰ੍ਹਾਂ ਦੇ ਸੰਕੇਤ ਹਨ ਕਿ ਸਿੱਖ ਭਾਈਚਾਰਾ ਤੇ ਪ੍ਰਵਾਸੀ ਪੰਜਾਬੀ ਉਸ ਸ਼ਿੱਦਤ ਨਾਲ 'ਆਪ' ਨਾਲ ਨਹੀਂ ਹਨ, ਜਿਸ ਸ਼ਿੱਦਤ ਨਾਲ ਉਹ 2017 ਤੇ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ 2022 ਵਿਚ 'ਆਪ' ਨਾਲ ਚੱਲੇ ਸਨ। ਸ਼ਾਇਦ ਇਹੀ ਕਾਰਨ ਹੈ ਕਿ 2027 ਦੀਆਂ ਚੋਣਾਂ ਤੋਂ ਐਨ ਪਹਿਲਾਂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਆਪਣੇ-ਆਪ ਨੂੰ ਭਾਜਪਾ ਤੋਂ ਵੀ ਵੱਡਾ ਸਨਾਤਨੀ ਹਿੰਦੂ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਦਿਖਾਈ ਦਿੰਦੇ ਹਨ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਪੰਜਾਬ ਦਾ ਹਿੰਦੂ ਭਾਜਪਾ ਨੂੰ ਸਿਰਫ਼ ਉਨ੍ਹਾਂ ਸੀਟਾਂ 'ਤੇ ਹੀ ਇਕ-ਮੁਸ਼ਤ ਵੋਟ ਪਾਉਂਦਾ ਹੈ, ਜਿਥੇ ਭਾਜਪਾ ਉਮੀਦਵਾਰ ਦੇ ਜਿੱਤਣ ਦੇ ਆਸਾਰ ਹੁੰਦੇ ਹਨ, ਨਹੀਂ ਤਾਂ ਉਹ ਕਾਂਗਰਸ ਵੱਲ ਝੁਕ ਜਾਂਦਾ ਹੈ। ਇਹੀ ਕਾਰਨ ਸਮਝਿਆ ਜਾ ਰਿਹਾ ਹੈ ਕਿ ਸ੍ਰੀ ਕੇਜਰੀਵਾਲ ਹਿੰਦੂ ਵੋਟਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਕਿਉਂਕਿ ਇਹ ਤਾਂ ਸਾਫ਼ ਹੈ ਕਿ ਮੁੱਖ ਮੰਤਰੀ ਅਤੇ ਸਰਕਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਤਣਾਅ ਦੀ ਸਥਿਤੀ ਅਤੇ ਹੋਰ ਕਾਰਨਾਂ ਕਰਕੇ ਇਸ ਵਾਰ ਸਿੱਖ ਤੇ ਪ੍ਰਵਾਸੀ ਪੰਜਾਬੀ ਵੋਟ 'ਆਪ' ਵੱਲ ਘਟੇਗਾ। ਇਹੀ ਕਾਰਨ ਹੈ ਕਿ ਕੇਜਰੀਵਾਲ ਇਹ ਘਾਟਾ ਹਿੰਦੂ ਵੋਟ ਤੋਂ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਜਾਪਦੇ ਹਨ। ਉਨ੍ਹਾਂ ਨੇ ਪਹਿਲੀ ਵਾਰ ਸ੍ਰੀ ਅੰਮ੍ਰਿਤਸਰ ਵਿਚ ਲਵ-ਕੁਸ਼ ਤੇ ਸੀਤਾ ਜੀ ਦਾ ਮੰਦਿਰ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ 22 ਸ਼ਹਿਰਾਂ ਵਿਚ 'ਇਕ ਸ਼ਾਮ ਭਗਵਾਨ ਸ਼ਿਵ ਦੇ ਨਾਲ' ਮਨਾਉਣ ਦੇ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ ਹੈ। 'ਹਮਾਰੇ ਰਾਮ' ਨਾਟਕ ਵੀ ਖਿਡਵਾਏ ਜਾ ਰਹੇ ਹਨ ਤੇ ਮੁੱਖ ਮੰਤਰੀ ਮੁਫ਼ਤ ਤੀਰਥ ਯਾਤਰਾ ਵਿਚ 3 ਨਵੇਂ ਰੂਟ ਵੀ ਜੋੜੇ ਗਏ ਹਨ, ਜੋ ਹਿੰਦੂ ਭਾਈਚਾਰੇ ਲਈ ਹਨ। ਇਨ੍ਹਾਂ ਵਿਚ ਸਾਲਾਸਰ-ਖਾਟੂ ਸ਼ਿਆਮ (ਰਾਜਸਥਾਨ), ਹਰਿਦੁਆਰ-ਰਿਸ਼ੀਕੇਸ਼ ਯਾਤਰਾ (ਉਤਰਾਖੰਡ) ਅਤੇ ਮਥੁਰਾ-ਵ੍ਰਿੰਦਾਵਨ ਯਾਤਰਾ (ਯੂ.ਪੀ.) ਸ਼ਾਮਿਲ ਹਨ। ਸਾਨੂੰ ਕੀ ਕਿਸੇ ਨੂੰ ਵੀ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਪੰਜਾਬ ਵਿਚ ਹਿੰਦੂ ਸਿੱਖ ਰਿਸ਼ਤੇ ਬਹੁਤ ਗਹਿਰੇ ਹਨ। 1984 ਦਾ ਵੱਡਾ ਘਟਨਾਕ੍ਰਮ ਵੀ ਇਸ ਵਿਚ ਕੋਈ ਸਥਾਈ ਪਾੜ ਨਹੀਂ ਸੀ ਪਾ ਸਕਿਆ। ਪਰ ਸਾਨੂੰ ਇਸ ਨਵੀਂ ਰਾਜਨੀਤੀ ਤੋਂ ਡਰ ਲਗਦਾ ਹੈ, ਕਿ ਕਿਤੇ ਇਹ ਹਿੰਦੂ-ਸਿੱਖਾਂ ਦਰਮਿਆਨ ਭਾਈਚਾਰੇ ਨੂੰ ਕੋਈ ਨੁਕਸਾਨ ਨਾ ਕਰੇ। ਉਂਜ ਹੈਰਾਨੀ ਦੀ ਗੱਲ ਹੈ ਕਿ ਭਗਵਾਨ ਸ੍ਰੀ ਵਾਲਮੀਕਿ ਦਾ ਰਾਮ ਤੀਰਥ ਤਾਂ ਪਹਿਲਾਂ ਹੀ ਮਾਤਾ ਸੀਤਾ ਅਤੇ ਲਵ-ਕੁਸ਼ ਦਾ ਸਥਾਨ ਵੀ ਹੈ। ਅੱਜ ਤੱਕ ਕਿਸੇ ਵੀ ਪੰਜਾਬੀ ਹਿੰਦੂ ਸੰਸਥਾ ਨੇ ਜਾਂ ਪੰਜਾਬੀ ਹਿੰਦੂ ਨੇਤਾ ਨੇ ਸ੍ਰੀ ਅੰਮ੍ਰਿਤਸਰ ਵਿਚ ਇਸ ਤਰ੍ਹਾਂ ਦਾ ਮੰਦਰ ਬਣਾਉਣ ਦੀ ਮੰਗ ਨਹੀਂ ਕੀਤੀ। ਜਦੋਂਕਿ ਸ੍ਰੀ ਕੇਜਰੀਵਾਲ ਪੰਜਾਬੀ ਵੀ ਨਹੀਂ ਹਨ। ਪਰ ਨੋਟ ਕਰਨ ਵਾਲੀ ਗੱਲ ਹੈ ਕਿ ਰਾਜਨੀਤੀ ਵਿਚ 2 ਜਮ੍ਹਾਂ 2 ਦਾ ਨਤੀਜਾ 4 ਹੀ ਨਹੀਂ ਨਿਕਲਦਾ, ਕੁਝ ਹੋਰ ਵੀ ਹੋ ਸਕਦਾ ਹੈ। ਇਸ ਲਈ 'ਆਪ' ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ-ਆਪ ਨੂੰ ਭਾਜਪਾ ਤੋਂ ਵੱਡਾ ਸਨਾਤਨੀ ਸੌਖਿਆਂ ਹੀ ਸਥਾਪਤ ਨਹੀਂ ਕਰ ਸਕੇਗੀ ਤੇ ਜ਼ਰੂਰੀ ਵੀ ਨਹੀਂ ਕਿ ਉਹ ਹਿੰਦੂ ਵੋਟ ਬੈਂਕ ਨੂੰ ਤੇ ਸਿੱਖ ਵੋਟ ਬੈਂਕ ਦੋਵਾਂ ਨੂੰ ਹੀ ਪ੍ਰਾਪਤ ਕਰ ਸਕੇਗੀ।
ਦੋਨੋ ਜਹਾਂ ਪਾਨੇ ਕੀ ਚਾਹਤ ਕਰਤੇ ਤੋ ਹੋ ਫਿਰ ਭੀ ਤੁਮ,
ਸੋਚੋ ਕਿ ਦੋ ਕੀ ਚਾਹ ਮੇਂ ਏਕ ਭੀ ਨਾ ਖੋ ਜਾਏ ਕਹੀਂ।
ਕਾਂਗਰਸ 'ਚ ਫੁੱਟ ਦੇ ਅਸਾਰ?

ਹਾਲਾਂਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਸਭ ਧੜਿਆਂ ਤੇ ਪ੍ਰਮੁੱਖ ਨੇਤਾਵਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਸੂਚਨਾ ਹੈ ਕਿ ਇਨ੍ਹਾਂ ਨੇਤਾਵਾਂ ਨੂੰ 5-5 ਜਾਂ 6-6 ਹਲਕਿਆਂ ਦਾ ਸੁਤੰਤਰ ਭਾਰ ਤੇ ਜਿੱਤਣ ਦੀ ਜ਼ਿੰਮੇਵਾਰੀ ਵੀ ਸੌਂਪੀ ਜਾਵੇਗੀ। ਪਰ 'ਸਰਗੋਸ਼ੀਆਂ' ਹਨ ਕਿ ਪੰਜਾਬ ਕਾਂਗਰਸ ਦਾ ਇਕ ਮਜ਼ਬੂਤ ਧੜਾ ਦਿੱਲੀ ਤੋਂ ਪਰਤਣ ਉਪਰੰਤ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰਨ ਦੀ ਤਿਆਰੀ ਵਿਚ ਹੈ। ਇਕ ਪ੍ਰਮੁੱਖ ਨੇਤਾ ਨੇ ਤਾਂ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਨਵੇਂ ਅਹੁਦਿਆਂ ਤੋਂ ਅਸਤੀਫ਼ੇ ਦੇਣ ਬਾਰੇ ਸੋਚ ਸਕਦੇ ਹਨ। ਗੌਰਤਲਬ ਹੈ ਕਿ ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਵਿਜੈਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਸ਼ਰਤ 'ਤੇ ਖੁਦ ਚੋਣ ਮੁਹਿੰਮ ਕਮੇਟੀ ਦਾ ਮੁਖੀ ਬਣਨ ਲਈ ਹਾਂ ਕੀਤੀ ਸੀ, ਕਿਉਂਕਿ ਉਨ੍ਹਾਂ ਨੂੰ ਸਿੰਗਲਾ ਤੋਂ ਮੁੱਖ ਮੰਤਰੀ ਪਦ ਲਈ ਚੁਣੌਤੀ ਨਹੀਂ ਦਿਸਦੀ ਸੀ। ਇਹ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਖੁਦ ਸਿੰਗਲਾ ਦੀ ਪੈਰਵੀ ਕਰ ਰਹੇ ਸਨ। ਪਤਾ ਲਗਾ ਹੈ ਕਿ ਅਖ਼ੀਰਲੇ ਸਮੇਂ ਪੰਜਾਬ ਕਾਂਗਰਸ ਦੀਆਂ ਨਿਯੁਕਤੀਆਂ ਵਿਚ ਸਭ ਤੋਂ ਵੱਧ ਕੇ.ਸੀ. ਵੇਣੂਗੋਪਾਲ ਦੀ ਚੱਲੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਚੋਣ ਪ੍ਰਚਾਰ ਕਮੇਟੀ ਵਿਚ ਕੋ-ਚੇਅਰਮੈਨਾਂ ਵਜੋਂ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਦੀ ਨਿਯੁਕਤੀ ਇਕੱਠਿਆਂ ਕਰ ਕੇ ਕੀ ਸੰਕੇਤ ਦਿੱਤਾ ਗਿਆ ਹੈ, ਜਦੋਂ ਕਿ ਦੋਵਾਂ ਵਿਚ 36 ਦਾ ਅੰਕੜਾ ਕਿਸੇ ਤੋਂ ਲੁਕਿਆ ਹੋਇਆ ਨਹੀਂ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਦੋਵੇਂ ਕਿਸ ਤਰ੍ਹਾਂ ਤਾਲਮੇਲ ਨਾਲ ਚਲਦੇ ਹਨ।
ਇਬਤਦਾ-ਏ-ਇਸ਼ਕ ਹੈ ਰੋਤਾ ਹੈ ਕਿਆ,
ਆਗੇ ਆਗੇ ਦੇਖੀਏ ਹੋਤਾ ਹੈ ਕਿਆ। (ਮੀਰ ਤਕੀ ਮੀਰ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਬਾਬੂ ਭਗਵਾਨ ਦਾਸ ਅਰੋੜਾ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਪੰਜਾਬ ਕਾਂਗਰਸ ਦੀ ਇਕਜੁਟਤਾ
Ad Position 24
No active advertisement