ਬਰਸੀ 'ਤੇ ਵਿਸ਼ੇਸ਼
ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਲੋਕ ਸੇਵਾ ਰਾਹੀਂ ਤੇ ਆਪਣੇ ਫ਼ਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਮੁਸ਼ੱਕਤ ਭਰੀ ਜ਼ਿੰਦਗੀ ਰਾਹੀਂ ਬੁਲੰਦੀਆਂ ਨੂੰ ਛੂਹਿਆ ਹੋਵੇ, ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਲੋਕ ਅਜਿਹੀਆਂ ਵਿਲੱਖਣ ਸ਼ਖ਼ਸੀਅਤਾਂ ਦੀਆਂ ਉਦਾਹਰਨਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ। ਅਜਿਹੀ ਹੀ ਇਕ ਸਿਰਮੌਰ ਸ਼ਖ਼ਸੀਅਤ ਸਨ ਪੰਜਾਬ ਦੇ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਸੁਨਾਮ ਊਧਮ ਸਿੰਘ ਵਾਲਾ, ਜਿਨ੍ਹਾਂ ਨੇ ਆਪਣੇ ਵਿਅਕਤੀਤਵ ਦੇ ਵੱਖ-ਵੱਖ ਪਹਿਲੂਆਂ ਰਾਹੀਂ ਸਮਾਜ ਦੇ ਹਰ ਵਰਗ ਭਾਵੇਂ ਉਹ ਉਨ੍ਹਾਂ ਦੇ ਸਿਆਸੀ ਵਿਰੋਧੀ ਹੀ ਕਿਉਂ ਨਾ ਹੋਣ, ਦੇ ਦਿਲਾਂ ਵਿਚ ਇਕ ਅਲੱਗ ਸਥਾਨ ਬਣਾਇਆ ਸੀ। ਉਨ੍ਹਾਂ ਨੂੰ ਸੁਨਾਮ ਦੇ ਵਿਕਾਸ ਪੁਰਸ਼ ਵਜੋਂ ਵੀ ਜਾਣਿਆ ਜਾਂਦਾ ਸੀ।
ਸੁੱਘੜ ਤੇ ਦੂਰਅੰਦੇਸ਼ੀ ਸੁਭਾਅ ਦੀ ਰੱਬੀ ਬਖਸ਼ਿਸ਼ ਦੇ ਮਾਲਕ ਬਾਬੂ ਭਗਵਾਨ ਦਾਸ ਅਰੋੜਾ ਨੇ 12 ਦਸੰਬਰ 1942 ਨੂੰ ਮਾਤਾ ਮੁੰਨੀ ਦੇਵੀ ਤੇ ਪਿਤਾ ਬੁੱਧ ਰਾਮ ਦੇ ਘਰ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਜਨਮ ਲਿਆ। ਮੁਢਲੀ ਤੇ ਅਗਲੀ ਸਿੱਖਿਆ ਮਸਤੂਆਣਾ ਸਾਹਿਬ ਅਤੇ ਸੰਗਰੂਰ ਤੋਂ ਹਾਸਿਲ ਕੀਤੀ। ਬਚਪਨ ਤੋਂ ਬਾਅਦ ਸੰਭਲੀ ਹੋਈ ਉਮਰ ਵਿਚ ਉਨ੍ਹਾਂ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿੰਦਗੀ ਦੀ ਗਤੀ ਨੂੰ ਹੋਰ ਤੇਜ਼ ਕੀਤਾ। ਸੰਨ 1981 ਤੋਂ ਉਹ ਟਰੱਕ ਯੂਨੀਅਨ ਸੁਨਾਮ ਦੇ ਕਈ ਸਾਲ ਪ੍ਰਧਾਨ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਮਲ ਬੱਸ ਤੇ ਅਮਨਦੀਪ ਬੱਸ ਦੀ ਸ਼ੁਰੂਆਤ ਵੀ ਕੀਤੀ। ਬਾਅਦ ਵਿਚ ਇਕ ਟਰਾਂਸਪੋਰਟ ਕੰਪਨੀ, ਫਾਇਨਾਂਸ ਕੰਪਨੀ, ਫਲੋਰ ਮਿੱਲ ਅਤੇ ਕੋਲਡ ਸਟੋਰ ਦੀ ਸ਼ੁਰੂਆਤ ਕੀਤੀ। ਸ੍ਰੀ ਅਰੋੜਾ ਲੈਂਡ ਮਾਰਟਗੇਜ ਬੈਂਕ ਸੰਗਰੂਰ ਦੇ ਡਾਇਰੈਕਟਰ ਵੀ ਰਹੇ।
1991 ਵਿਚ ਵਿਧਾਨ ਸਭਾ ਚੋਣ ਰਾਹੀਂ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਹਰ ਦਿਲ ਅਜ਼ੀਜ਼ ਹੋਣ ਦੇ ਕਾਰਨ ਲੋਕਾਂ ਦੇ ਦੁੱਖਾਂ-ਤਕਲੀਫ਼ਾਂ ਨੂੰ ਆਪਣੇ ਸਰੀਰ 'ਤੇ ਹੰਢਾਉਣ ਦੇ ਅਨੋਖੇ ਗੁਣ, ਗਰੀਬਾਂ ਤੇ ਮਜ਼ਦੂਰਾਂ ਪ੍ਰਤੀ ਹਾਅ ਦਾ ਨਾਅਰਾ ਮਾਰਨ ਦੀ ਆਦਤ ਹੋਣ ਕਾਰਨ ਇਨ੍ਹਾਂ ਚੋਣਾਂ 'ਚ ਉਨ੍ਹਾਂ ਨੇ ਆਪਣਾ ਜਨਤਕ ਆਧਾਰ ਨੂੰ ਕਾਫ਼ੀ ਹੱਦ ਤੱਕ ਮਜ਼ਬੂਤ ਬਣਾ ਲਿਆ ਸੀ, ਹਾਲਾਂਕਿ ਇਹ ਚੋਣਾਂ ਮੁਲਤਵੀ ਹੋ ਗਈਆ ਸਨ। 1992 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਤੇ ਪੰਜਾਬ ਸਰਕਾਰ 'ਚ ਫੂਡ ਅਤੇ ਸਪਲਾਈ, ਜੰਗਲਾਤ, ਜੇਲ੍ਹ ਤੇ ਨਿਆਂ, ਬਿਜਲੀ ਅਤੇ ਟਰਾਂਸਪੋਰਟ ਮੰਤਰੀ ਰਹੇ। ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਉਨ੍ਹਾਂ ਨੇ ਹਲਕਾ ਸੁਨਾਮ ਦੇ ਚਹੁੰਮੁਖੀ ਵਿਕਾਸ ਦਾ ਇਕ ਇਤਿਹਾਸ ਰਚ ਦਿੱਤਾ, ਜੋ ਅੱਜ ਵੀ ਲੋਕਾਂ ਦੇ ਮੂੰਹ ਚੜ੍ਹ ਕੇ ਬੋਲਦਾ ਹੈ। ਇਹੀ ਕਾਰਨ ਸੀ ਕਿ 1997 ਦੀਆਂ ਚੋਣਾਂ 'ਚ ਅਕਾਲੀ ਦਲ ਦੀ ਹਨੇਰੀ ਹੋਣ ਦੇ ਬਾਵਜੂਦ ਵੀ ਉਹ ਵਿਧਾਇਕ ਚੁਣੇ ਗਏ। ਉਨ੍ਹਾਂ ਨੇ ਆਪਣੇ ਹਲਕੇ ਸੁਨਾਮ ਵਿਚ ਗੁਰੂ ਨਾਨਕ ਦੇਵ ਡੈਂਟਲ ਕਾਲਜ ਤੇ ਰਿਸਰਚ ਇੰਸਟੀਚਿਊਟ ਖੋਲ੍ਹ ਕੇ ਇਸ ਨੂੰ ਸਿੱਖਿਆ ਦੇ ਅੰਤਰਰਾਸ਼ਟਰੀ ਨਕਸ਼ੇ 'ਤੇ ਲਿਆਂਦਾ। ਸੁਨਾਮ ਦੀ ਇਸ ਅਹਿਮ ਸ਼ਖ਼ਸੀਅਤ ਨੂੰ ਸੁਨਾਮ ਦੇ ਲੋਕਾਂ ਤੋਂ 3 ਜੁਲਾਈ 2000 ਦੀ ਰਾਤ ਨੇ ਸਦਾ ਲਈ ਖੋਹ ਲਿਆ। ਅੱਜ ਉਨ੍ਹਾਂ ਵਲੋਂ ਸ਼ੁਰੂ ਕੀਤੇ ਡੈਂਟਲ ਕਾਲਜ ਰਾਹੀਂ ਉਨ੍ਹਾਂ ਦੇ ਪੁੱਤਰ ਕੈਬਨਿਟ ਮੰਤਰੀ ਤੇ 'ਆਪ' ਦੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ। ਸ੍ਰੀ ਅਮਨ ਅਰੋੜਾ ਨੇ ਬਾਬੂ ਭਗਵਾਨ ਦਾਸ ਅਰੋੜਾ ਵਲੋਂ ਮਿਲੀ ਵਿਕਾਸ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਵਿਕਾਸ ਦੇ ਬੂਟੇ ਨੂੰ ਬੋਹੜ ਵਿਚ ਬਦਲ ਦਿੱਤਾ। ਸ਼ਹੀਦ ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਸਮਾਰਕ ਦੀ ਪੂਰਨ ਕਾਇਆ ਕਲਪ ਦਾ ਪ੍ਰੋਜੈਕਟ, ਜਿਸ ਵਿਚ ਮਿਊਜ਼ੀਅਮ, ਯਾਦਗਾਰੀ ਗੇਟ, 7-4 ਦਾ ਥੀਏਟਰ ਨਿਰਮਾਣ ਸ਼ਾਮਿਲ ਹੈ, ਉਨ੍ਹਾਂ ਨੇ ਲਿਆਂਦਾ। ਉਨ੍ਹਾਂ ਨੇ ਹਲਕੇ ਦੇ ਤਿੰਨੇ ਸ਼ਹਿਰਾਂ ਸੁਨਾਮ, ਲੌਂਗੋਵਾਲ ਤੇ ਚੀਮਾ ਵਿਚ ਅਤਿ ਆਧੁਨਿਕ ਹਸਪਤਾਲ ਬਣਵਾਏ (ਸੁਨਾਮ 'ਚ ਟਰੌਮਾ ਸੈਂਟਰ ਤੇ ਡਰੱਗ ਵੇਅਰ ਹਾਊਸ ਦੀ ਸੁਗਾਤ ਦਿੱਤੀ)। ਖੇਡਾਂ ਦੇ ਖੇਤਰ ਵਿਚ 31 ਪੇਂਡੂ ਸਟੇਡੀਅਮਾਂ ਦਾ ਨਿਰਮਾਣ, ਸੁਨਾਮ ਊਧਮ ਸਿੰਘ ਵਾਲਾ ਵਿਖੇ ਸਿੰਥੈਟਿਕ ਟਰੈਕ ਅਤੇ ਹਾਕੀ ਐਸਟ੍ਰੋਟਰਫ, ਇਸ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਆਧੁਨਿਕ ਰਿਹਾਇਸ਼ੀ ਸਪੋਰਟਸ ਕੰਪਲੈਕਸ ਉਨ੍ਹਾਂ ਦੀ ਵੱਡੀ ਦੇਣ ਹੈ। ਇਕ ਛੱਤ ਹੇਠਾਂ ਸਹੂਲਤਾਂ ਦੇਣ ਲਈ ਆਧੁਨਿਕ ਤਹਿਸੀਲ ਕੰਪਲੈਕਸ ਸੁਨਾਮ, ਨਵਾਂ ਬੱਸ ਸਟੈਂਡ, ਸ਼ਹੀਦ ਊਧਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੇ ਸਰਕਾਰੀ ਕਾਲਜ ਵਿਖੇ ਨਵੇਂ ਵਿੱਦਿਅਕ ਬਲਾਕ, ਖੇੜੀ ਵਿਖੇ ਨੌਜਵਾਨਾਂ ਨੂੰ ਫੌਜ ਦੀ ਸਿਖਲਾਈ ਲਈ ਸੀ-ਪਾਈਟ ਸੈਂਟਰ ਤੇ ਅੰਤਰਰਾਸ਼ਟਰੀ ਖੇਡ ਸਟੇਡੀਅਮ ਅਤੇ ਦਰਜਨਾਂ ਦੇ ਹਿਸਾਬ ਨਾਲ ਪੁਲਾਂ ਤੇ ਸੈਂਕੜੇ ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਾਇਆ। ਇਹ ਸਭ ਕੁਝ ਸ੍ਰੀ ਅਮਨ ਅਰੋੜਾ ਵਲੋਂ ਬਾਬੂ ਜੀ ਦੇ ਸੁਪਨਿਆਂ ਨੂੰ ਇੰਨ-ਬਿੰਨ ਸਾਕਾਰ ਕਰਨ ਲਈ ਦਿਨ-ਰਾਤ ਇਕ ਕਰਨ ਕਰਕੇ ਹੋਇਆ। ਇਸ ਤੋਂ ਇਲਾਵਾ ਬਾਬੂ ਭਗਵਾਨ ਦਾਸ ਅਰੋੜਾ ਹਸਪਤਾਲ ਸ਼ੁਰੂ ਕੀਤਾ ਗਿਆ ਅਤੇ ਡੈਂਟਲ ਕਾਲਜ ਵਿਚ ਇਲਾਕੇ ਦੇ ਮੱਧ ਤੇ ਗਰੀਬ ਵਰਗ ਦੇ ਬੱਚੇ ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਭਵਿੱਖ ਨੂੰ ਰੁਸ਼ਨਾ ਰਹੇ ਹਨ। ਅੱਜ 3 ਜੁਲਾਈ ਨੂੰ ਬਾਬੂ ਭਗਵਾਨ ਦਾਸ ਅਰੋੜਾ ਦੀ 26ਵੀਂ ਬਰਸੀ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਿਖੇ ਮਨਾਈ ਜਾ ਰਹੀ ਹੈ, ਜਿੱਥੇ ਦੰਦਾਂ ਅਤੇ ਹੋਰ ਬਿਮਾਰੀਆਂ ਦੇ ਮੈਡੀਕਲ ਕੈਂਪ ਵਿਚ ਹਜ਼ਾਰਾਂ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਗੇ ਅਤੇ ਉਸ ਮਹਾਨ ਸ਼ਖ਼ਸੀਅਤ, ਵਿਕਾਸ ਪੁਰਸ਼ ਸ੍ਰੀ ਭਗਵਾਨ ਦਾਸ ਅਰੋੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
-ਪੱਤਰਕਾਰ 'ਅਜੀਤ' ਸੁਨਾਮ।
ਮੋਬਾਈਲ : 94179-20753